IsherSinghEng7ਇਹ ਸਿਆਣਪਾਂ ਗ੍ਰਹਿਣ ਕਰਨ ਤੋਂ ਵੱਧ ਜ਼ਰੂਰੀ ਇਨ੍ਹਾਂ ਉੱਤੇ ਅਮਲ ਕਰਨਾ ਹੈ ...
(6 ਫਰਵਰੀ 2025)

 

‘Finding Modern Truth in Ancient Wisdom’ (Courtesy Dr. Jonathan Haidt)

ਸੈਰ ਕਰਦੇ ਸਮੇਂ ਇੱਕ ਛੋਟਾ ਜਿਹਾ ਖ਼ਰਗੋਸ਼ ਤੁਰਤ ਸਾਡੇ ਧਿਆਨ ਵਿੱਚ ਆ ਜਾਂਦਾ ਹੈ ਜਦੋਂ ਕਿ ਨੇੜਲਾ ਕੋਈ ਵੱਡਾ ਦਰਖ਼ਤ ਜਾਂ ਖੰਭਾ ਨਹੀਂ ਆਉਂਦਾ ਇਸਦਾ ਕਾਰਨ ਇਹ ਹੈ ਕਿ ਸਾਡੀਆਂ ਅੱਖਾਂ ਕਿਸੇ ਹਿੱਲ ਰਹੀ ਚੀਜ਼ ਅਰਥਾਤ ਬਦਲਾਓ ਨੂੰ ਬਹੁਤ ਛੇਤੀ ਦੇਖ ਸਕਣ ਦੇ ਸਮਰੱਥ ਹਨਇਹ ਉਸ ਚੀਜ਼ ਨੂੰ ਵੀ ਦੇਖ ਸਕਦੀਆਂ ਹਨ ਜਿਸਦੀ ਝਲਕ ਇੱਕ ਸਕਿੰਟ ਦੇ 14ਵੇਂ ਹਿੱਸੇ ਦੇ ਸਮੇਂ ਤਕ ਵੀ ਇਨ੍ਹਾਂ ’ਤੇ ਪਈ ਹੋਵੇ ਅਤੇ ਅੱਖਾਂ ਦਾ ਇਹ ਖਾਸਾ ਹੀ ਸਿਨਮੇ ਦਾ ਅਧਾਰ ਹੈਇਹ ਇੱਕ ਲਾਭਦਾਇਕ ਕੁਦਰਤੀ ਗੁਣ ਹੈ ਜਿਸ ਕਰ ਕੇ ਮਨੁੱਖ ਫ਼ੌਰੀ ਖ਼ਤਰਿਆਂ ਤੋਂ ਬਚਾਓ ਕਰ ਸਕਦਾ ਹੈ ਅਤੇ ਹਜ਼ਾਰਾਂ ਸਾਲ ਪਹਿਲਾਂ ਸਾਡੇ ਪੁਰਖਿਆਂ ਨੂੰ ਇਸਦੀ ਬਹੁਤ ਲੋੜ ਪੈਂਦੀ ਸੀਅੱਜ ਭਾਵੇਂ ਉਸ ਤਰ੍ਹਾਂ ਦੇ ਖ਼ਤਰੇ ਨਾਂ-ਮਾਤਰ ਰਹਿ ਗਏ ਹਨ ਪਰ ਇਹ ਗੁਣ ਸਾਡੇ ਸੰਸਕਾਰਾਂ ਵਿੱਚ ਅੱਜ ਵੀ ਬਰਕਰਾਰ ਹੈਹਾਲਾਂਕਿ ਅੱਜ ਅਸੀਂ ਇਸਦੀ ਵਰਤੋਂ ਬਾਹਰਲੇ ਖ਼ਤਰਿਆਂ ਬਾਰੇ ਚੌਕੰਨਾ ਰਹਿਣ ਲਈ ਘੱਟ ਅਤੇ ਬਦਲ ਰਹੀਆਂ ਚੀਜ਼ਾਂ ਵਿੱਚੋਂ ਲੱਜ਼ਤ ਲੈਣ ਲਈ ਵੱਧ ਕਰ ਰਹੇ ਹਾਂਇਨ੍ਹਾਂ ਲੱਜ਼ਤਾਂ ਵਿੱਚ ਗ਼ਲਤਾਨ ਹੋਏ ਅਸੀਂ ਆਲ਼ੇ-ਦੁਆਲ਼ੇ ਦੀਆਂ ਸਥਾਈ ਅਤੇ ਵਿਆਪਕ ਪਰ ਲਾਭਦਾਇਕ ਚੀਜ਼ਾਂ ਨੂੰ ਦੇਖਣਾ ਅਤੇ ਮਹਿਸੂਸ ਕਰਨਾ ਭੁੱਲ ਰਹੇ ਹਾਂ ਅਤੇ ਉਨ੍ਹਾਂ ਤੋਂ ਲਾਭ ਉਠਾਉਣ ਦੀ ਸਾਡੀ ਯੋਗਤਾ ਬਹੁਤ ਘਟ ਰਹੀ ਹੈਆਪਣੇ ਆਲ਼ੇ-ਦੁਆਲ਼ੇ ਹਰ ਵਕਤ ਮੌਜੂਦ ਅਜਿਹੀਆਂ ਸਚਾਈਆਂ ਅਤੇ ਸਦੀਵੀ ਸਿਆਣਪਾਂ ਦੀ ਬਜਾਇ ਅਸੀਂ ਤਾਜ਼ੇ ਨਜ਼ਾਰਿਆਂ ਅਤੇ ਸੂਚਨਾਵਾਂ ਨੂੰ ਵੱਧ ਤਰਜੀਹ ਦੇ ਰਹੇ ਹਾਂਆਪਣੀਆਂ ਇਨ੍ਹਾਂ ਆਦਤਾਂ ਤੋਂ ਆਪਾਂ ਸਾਰੇ ਜਾਣੂ ਹਾਂ ਅਤੇ ਵੱਧ-ਘੱਟ ਦੇ ਫਰਕ ਨਾਲ ਸਾਰੇ ਹੀ ਇਨ੍ਹਾਂ ਦੇ ਗੁਲਾਮ ਹਾਂਇਸ ਵਿਗਾੜ ਕਰ ਕੇ ਵਿਆਪਕ, ਪ੍ਰਤੱਖ ਅਤੇ ਮਹੱਤਵਪੂਰਨ ਸਚਾਈਆਂ ਨੂੰ ਪਰਖਣਾ, ਇਨ੍ਹਾਂ ’ਤੇ ਵਿਚਾਰ ਕਰਨਾ ਅਤੇ ਇਨ੍ਹਾਂ ਤੋਂ ਫਾਇਦਾ ਉਠਾਉਣਾ ਸਾਡੇ ਲਈ ਔਖਾ ਹੋ ਗਿਆ ਹੈ

ਸਾਡੀ ਇਸ ਪਰਵਿਰਤੀ ਨੂੰ ਦਰਸਾਉਂਦਾ, ਅਮਰੀਕਨ ਚਿੰਤਕ ਡੇਵਿਡ ਵੈਲੇਸ ਫੌਸਟਰ ਦਾ ਇੱਕ ਸੁੰਦਰ ਦ੍ਰਿਸ਼ਟਾਂਤ ਹੈ: ਮੱਛੀਆਂ ਦੇ ਦੋ ਛੋਟੇ ਬੱਚੇ ਪਾਣੀ ਵਿੱਚ ਕਲੋਲਾਂ ਕਰ ਰਹੇ ਸਨ, ਤਾਂ ਕੋਲੋਂ ਲੰਘ ਰਹੀ ਇੱਕ ਵੱਡੀ ਮੱਛੀ ਨੇ ਪਿਆਰ ਨਾਲ ਪੁੱਛਿਆ, “ਹੈਲੋ ਬੱਚਿਓ! ਪਾਣੀ ਦਾ ਅਨੰਦ ਮਾਣ ਰਹੇ ਹੋਂ, ਕਿਵੇਂ ਲੱਗ ਰਿਹਾ ਹੈ?” ਜਦੋਂ ਵੱਡੀ ਮੱਛੀ ਥੋੜ੍ਹੀ ਦੂਰ ਚਲੀ ਗਈ ਤਾਂ ਇੱਕ ਬੱਚੇ ਨੇ ਦੂਸਰੇ ਨੂੰ ਪੁੱਛਿਆ, “ਇਹ ਪਾਣੀ ਕੀ ਬਲਾਅ ਹੁੰਦੀ ਹੈ”? ਤਾਂ ਦੂਸਰੇ ਨੇ ਮੋਢੇ ਹਿਲਾ ਕੇ ਕਿਹਾ, “ਕੀ ਪਤਾ ਐ” ਇਹ ਹੀ ਸਾਡਾ ਹਾਲ ਹੈ ਕਿ ਸਿਆਣਪਾਂ ਦੇ ਸਮੁੰਦਰ ਵਿੱਚ ਰਹਿ ਕੇ ਵੀ ਅਸੀਂ ਸਿਆਣਪਾਂ ਤੋਂ ਤਿਹਾਏ ਹਾਂਇਹ ਆਦਤ ਸਾਡੇ ਇਸ ਵੱਡੇ ਨੁਕਸ ਦੀ ਸੂਚਕ ਹੈ ਕਿ ਚਲੰਤ ਵਰਤਾਰਿਆਂ ਵਿੱਚ ਮਸਤ ਹੋਏ ਅਸੀਂ ਜੀਵਨ ਦੀਆਂ ਵੱਡੀਆਂ ਸਚਾਈਆਂ ਅਤੇ ਸਿਆਣਪਾਂ ਨੂੰ ਅਣਗੌਲ਼ਿਆ ਕਰ ਰਹੇ ਹਾਂਅਸੀਂ ਭੁੱਲ ਹੀ ਗਏ ਹਾਂ ਕਿ ਸਿਆਣਿਆਂ ਵੱਲੋਂ ਹਜ਼ਾਰਾਂ ਸਾਲਾਂ ਤੋਂ ਆਪਣੇ ਤਜਰਬਿਆਂ ਨੂੰ ਕਸ਼ੀਦ ਕਰ ਕੇ ਕੱਢੀਆਂ ਅਤੇ ਸਾਨੂੰ ਪਰੋਸੀਆਂ ਇਹ ਸਿਆਣਪਾਂ ਸਾਡੇ ਲਈ ਅਤਿਅੰਤ ਲਾਹੇਵੰਦ ਹਨਅਸੀਂ ਇਨ੍ਹਾਂ ਸਿਆਣਪਾਂ ਨੂੰ ਬੇਲੋੜੀਆਂ ਅਤੇ ਗੈਰ-ਪ੍ਰਸੰਗਕ ਸਮਝਣ ਲੱਗ ਗਏ ਹਾਂ ਅਤੇ ਹੋ ਰਹੇ ਬਦਲਾਓਆਂ (Changes) ਦੀਆਂ ਲੱਜ਼ਤਾਂ ਵਿੱਚ ਗ਼ਲਤਾਨ ਹੋਏ ਫਿਰਦੇ ਹਾਂਇੰਨੇ ਗ਼ਲਤਾਨ ਕਿ ਉਨ੍ਹਾਂ ਸਦੀਵੀ ਸਿਧਾਂਤਾਂ ਦੀ ਕਦਰ ਕਰਨਾ ਹੀ ਭੁੱਲ ਗਏ ਹਾਂ, ਜਿਨ੍ਹਾਂ ਦੇ ਅਧਾਰ ’ਤੇ ਇਹ ਬਦਲਾਓ ਹੋ ਰਹੇ ਹਨਆਪਣੀ ਇਸ ਪਰਵਿਰਤੀ ਦੇ ਪਰਿਣਾਮ ਆਪਣੇ ਸਾਹਮਣੇ ਹਨਆਪਣੇ ਪੁਰਖਿਆਂ ਤੋਂ ਹਰ ਪੱਖੋਂ ਵੱਧ ਖੁਸ਼ਹਾਲ, ਵੱਧ ਪੜ੍ਹੇ-ਲਿਖੇ, ਚਤੁਰ, ਸਾਧਨ-ਸੰਪੰਨ ਅਤੇ ਬੇ-ਥਾਹ ਸ਼ਕਤੀ ਅਤੇ ਸੂਚਨਾਵਾਂ ਦੇ ਮਾਲਿਕ (ਸਿਆਣਪਾਂ ਦੇ ਨਹੀਂ) ਹੋਣ ਦੇ ਬਾਵਜੂਦ ਸਾਨੂੰ ਮਨੁੱਖਤਾ ਦੀ ਹੋਂਦ ਨੂੰ ਬਚਾਉਣਾ ਲਗਭਗ ਅਸੰਭਵ ਲੱਗ ਰਿਹਾ ਹੈ

ਇਸਦਾ ਇਹ ਮਤਲਬ ਵੀ ਨਹੀਂ ਕਿ ਬਦਲਾਓ ਦੀ ਕੋਈ ਘੱਟ ਮਹੱਤਤਾ ਹੈ, ਇਹ ਵੀ ਕੁਦਰਤ ਦਾ ਇੱਕ ਸਿਧਾਂਤ ਹੈ ਅਤੇ ਸੰਸਾਰ ਤਾਂ ਕੀ ਬ੍ਰਹਿਮੰਡ ਵੀ ਹਰ ਵਕਤ ਬਦਲ ਰਿਹਾ ਹੈਪਰ ਪੱਛਮੀ ਜੀਵਨ-ਸ਼ੈਲੀ ਨੇ ‘ਬਦਲਾਓ’ ਉੱਤੇ ਲੋੜ ਤੋਂ ਵੱਧ ਜ਼ੋਰ ਦਿੱਤਾ ਹੈਆਮ ਪੜ੍ਹਦੇ ਹਾਂ ਕਿ Change is the only permanent thing in this world’. ਇਸ ਨਾਲ ਸੰਬੰਧਿਤ ਕੋਰਸ ਸੰਸਾਰ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਚੁਣਿੰਦਾ ਕੋਰਸ ਹਨ ਅਤੇ ਅੱਜ ਦੇ ਪ੍ਰਬੰਧ-ਸਿਸਟਮਾਂ ਦਾ ਮਹੱਤਵਪੂਰਨ ਹਿੱਸਾ ਹਨਸਾਡੇ ਚੁਗਿਰਦੇ ਵਿੱਚ ਬਦਲਾਓ ਸਾਡੇ ਜੀਵਨ ਦੇ ਹਰ ਪਲ ਦਾ ਵਰਤਾਰਾ ਹੈ ਅਤੇ ਇਸ ਨਾਲ ਬਦਲਦੇ ਰਹਿਣ ਤੋਂ ਬਗ਼ੈਰ ਅਸੀਂ ਇੱਕ ਪਲ ਵੀ ਇਸ ਸੰਸਾਰ ਵਿੱਚ ਨਹੀਂ ਰਹਿ ਸਕਦੇਦੋਹਾਂ ਵਰਤਾਰਿਆਂ ਦੀ ਆਪੋ-ਆਪਣੀ ਮਹੱਤਤਾ ਹੈ ਅਤੇ ਸਾਡੇ ਲਈ ਦੋਹਾਂ ਵਿੱਚ ਵਿਚਰਨਾ ਜ਼ਰੂਰੀ ਹੈਅਸੀਂ ਜੋ ਸੁਭਾਵਿਕ ਗਲਤੀ ਕਰ ਰਹੇ ਹਾਂ, ਉਹ ਇਨ੍ਹਾਂ ਦੋਹਾਂ ਵਿੱਚ ਸਹੀ ਸੰਤੁਲਨ ਨਾ ਰੱਖ ਪਾਉਣ ਦੀ ਕਰ ਰਹੇ ਹਾਂਵੈਸੇ ਤਾਂ ਇਸ ਜੀਵਨ ਵਿੱਚ ਸੰਤੁਲਨ ਦੀ ਹਰ ਖੇਤਰ, ਹਰ ਜਗ੍ਹਾ, ਹਰ ਘੜੀ, ਹਰ ਪਲ ਲੋੜ ਹੈ ਪਰ ਬਦਲਾਓ ਅਤੇ ਸਦੀਵਤਾ ਵਿੱਚ ਸੰਤੁਲਨ ਰੱਖਣਾ ਅੱਜ ਦੇ ਸਮੇਂ ਦੀ ਵੱਡੀ ਜ਼ਰੂਰਤ ਹੈਇਸ ਲੇਖ ਦੇ ਪਰਿਪੇਖ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਡੇ ਚੁਗਿਰਦੇ ਦੇ ਬਹੁਤੇ ਵਰਤਾਰੇ ਚਲੰਤ ਹਨ ਜਦੋਂ ਕਿ ਪੁਰਾਤਨ ਸਿਆਣਪਾਂ ਸਦੀਵੀ ਹਨਸਾਨੂੰ ਇਨ੍ਹਾਂ ਦੋਹਾਂ ਦੇ ਸੁਮੇਲ ਅਤੇ ਸੰਤੁਲਨ ਦੀ ਹਰ ਸਮੇਂ ਜ਼ਰੂਰਤ ਹੈ, ਜੋ ਅਸੀਂ ਨਹੀਂ ਕਰ ਪਾ ਰਹੇ

ਇਹ ਮਨੁੱਖ ਦਾ ਸੁਭਾਵਿਕ ਔਗੁਣ ਹੈ, ਸੋ ਇਸ ਤੋਂ ਪਸ਼ੇਮਾਨ ਹੋਣ ਦੀ ਵੀ ਲੋੜ ਨਹੀਂ ਕਿਉਂਕਿ ਜਮਾਂਦਰੂ ਜਾਂ ਸੁਭਾਵਿਕ ਨੁਕਸ ਸਾਡਾ ਕਸੂਰ ਨਹੀਂ ਹੁੰਦੇਇਨਸਾਨ ਵੈਸੇ ਵੀ ਗਲਤੀਆਂ ਦਾ ਪੁਤਲਾ ਹੈ ਅਤੇ ਵੱਧ-ਘੱਟ ਦੇ ਫਰਕ ਨਾਲ ਅਨੇਕਾਂ ਹੋਰ ਸੁਭਾਵਿਕ ਨੁਕਸ ਸੰਸਾਰ ਦੇ ਹਰ ਇਨਸਾਨ ਵਿੱਚ ਹਨਪਰ ਇਨ੍ਹਾਂ ਪ੍ਰਤੀ ਸੁਚੇਤ ਹੋਣਾ ਅਤੇ ਇਨ੍ਹਾਂ ਨੂੰ ਤਿਆਗਣ ਦੀਆਂ ਕੋਸ਼ਿਸ਼ਾਂ ਕਰਨਾ ਸਾਡਾ ਮੁਢਲਾ ਫਰਜ਼ ਹੈਇਸ ਤਰ੍ਹਾਂ ਨਾ ਕਰਨਾ ਸਾਡਾ ਕਸੂਰ ਹੈ, ਖਾਸ ਕਰ ਕੇ ਜਦੋਂ ਮਹਾਂ-ਪੁਰਖ ਸਾਨੂੰ ਇਨ੍ਹਾਂ ਬਾਰੇ ਜਾਗਰੂਕ ਅਤੇ ਖ਼ਬਰਦਾਰ ਕਰਦੇ ਰਹਿੰਦੇ ਹਨਭਾਗ-ਬੱਸ, ਸਾਨੂੰ ਉਨ੍ਹਾਂ ਦੀਆਂ ਸਿਆਣਪਾਂ ਸਣੇ ਉਹ ਸਭ ਵਸੀਲੇ ਹਾਸਲ ਹਨ, ਜਿਨ੍ਹਾਂ ਰਾਹੀਂ ਅਸੀਂ ਇਨ੍ਹਾਂ ਦਾ ਤਿਆਗ ਕਰ ਸਕਦੇ ਹਾਂਇਹ ਕੋਈ ਅਤਿਕਥਨੀ ਨਹੀਂ ਕਿ ਸਾਡੇ ਮਨੁੱਖਾ ਜੀਵਨ ਦਾ ਮੁੱਖ ਫਰਜ਼ ਹੀ ਉਮਰ ਭਰ ਆਪਣੇ ਨੁਕਸਾਂ ਨੂੰ ਲੱਭਣਾ ਅਤੇ ਇਨ੍ਹਾਂ ਨੂੰ ਤਿਆਗਣ ਦੇ ਭਰਪੂਰ ਅਤੇ ਸੁਹਿਰਦ ਉਪਰਾਲੇ ਕਰਦੇ ਰਹਿਣਾ ਹੈ

ਵਿਚਾਰ-ਅਧੀਨ ਔਗੁਣ ਤਿਆਗਣ ਲਈ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸਦਾ ਇੱਕ ਵੱਡਾ ਕਾਰਨ ਸਾਡੀ ਅੱਜ ਦੀ ਸਾਇੰਸ ਅਤੇ (ਇਸਦੀ ਉਪਜ) ਤਕਨੌਲੋਜੀ ਦੀ ਦੁਰਵਰਤੋਂ ਹੈਪੱਛਮ ਵਿੱਚ ਜੰਮੀ-ਪਲ਼ੀ, ਅਜੋਕੀ ਸਾਇੰਸ ਦੀ ਧਰਮ ਨਾਲ ਸ਼ੁਰੂ ਤੋਂ ਹੀ ਵਿਰੋਧਤਾ ਰਹੀ ਹੈ ਅਤੇ ਪੁਰਾਤਨ ਸਿਆਣਪਾਂ ਨੂੰ ਇਹ ਇਨ੍ਹਾਂ (ਧਰਮਾਂ) ਦਾ ਹਿੱਸਾ ਸਮਝਦੀ ਰਹੀ ਹੈਇਸ ਕਰ ਕੇ ਇਸ ਨੇ ਪੁਰਾਤਨ ਸਿਆਣਪਾਂ ਨੂੰ ਵੀ ਨਹੀਂ ਅਪਣਾਇਆਸਿਆਣਪਾਂ ਤੋਂ ਵਿਹੂਣੀ ਇਹ ਇਜਾਰੇਦਾਰਾਂ ਵੱਲੋਂ ਜਨ-ਸਧਾਰਨ ਦੇ ਸ਼ੋਸ਼ਣ ਦਾ ਮੁੱਖ ਸਾਧਨ ਬਣ ਗਈ ਹੈਇਸ ਨੇ ਮਨੁੱਖੀ ਭਲਾਈ ਅਤੇ ਸਮਾਜਿਕ ਨਿਆਂ ਨਾਲ ਜੁੜੇ ਕਿਸੇ ਹੋਰ ਖੇਤਰ - ਮਨੋਵਿਗਿਆਨਕ, ਖੇਤੀ-ਬਾੜੀ, ਜੀਵਨ ਦੀਆਂ ਮੂਲ ਲੋੜਾਂ, ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ, ਵਿੱਚ ਬਣਦਾ ਯੋਗਦਾਨ ਨਹੀਂ ਪਾਇਆਅੱਜ ਵੀ ਇਸਦੀ ਪ੍ਰਭੂਸੱਤਾ ਕਾਇਮ ਹੈ, ਜਿਸ ਕਰ ਕੇ ਇਹ ਸੰਤੁਲਿਤ ਤਰੱਕੀ ਦੀ ਬਜਾਇ ਆਪਣੇ ਚੋਣਵੇਂ ਖੇਤਰਾਂ, ਖਾਸ ਕਰ ਕੇ ਕੰਪਿਊਟਰ ਸਾਇੰਸ ਨਾਲ ਜੁੜੀਆਂ ਖੋਜਾਂ ਪ੍ਰਤੀ ਨਜਾਇਜ਼ ਹੱਦਾਂ ਤਕ ਉਲਾਰ ਹੈ ਇਸਦੀਆਂ ਨਿੱਤ ਨਵੀਂਆਂ, ਬੇਲੋੜੀਆਂ ਅਤੇ ਵਪਾਰਕ ਕਾਢਾਂ ਨੇ ਸਾਡੇ ਵਿੱਚ ਚਲੰਤ ਚੀਜ਼ਾਂ ਦੀ ਖਿੱਚ ਅਤੇ ਵਿਆਪਕ ਸਚਾਈਆਂ ਪ੍ਰਤੀ ਉਦਾਸੀਨਤਾ ਪੈਦਾ ਕੀਤੀ ਹੈ ਅਤੇ ਇਨ੍ਹਾਂ ਵਿਚਲੀ ਖਾਈ ਨੂੰ ਡੂੰਘਾ ਕੀਤਾ ਹੈ

ਨਿਰਸੰਦੇਹ ਇਹ (ਸਾਇੰਸ ਅਤੇ ਤਕਨੌਲੋਜੀ) ਅੱਜ ਦੀ ਬਹੁ-ਪੱਖੀ ਭੌਤਿਕ ਖੁਸ਼ਹਾਲੀ ਦਾ ਅਧਾਰ ਵੀ ਹੈਪਰ ਨਾਲ ਹੀ ਇਸ ਨੇ ਸੰਸਾਰ ਨੂੰ ਨੈਤਿਕ ਕਦਰਾਂ-ਕੀਮਤਾਂ ਅਤੇ ਉੱਚੇ ਮਨੁੱਖੀ ਗੁਣਾਂ ਤੋਂ ਸੱਖਣੇ ਰੱਖਣ, ਸਮਾਜ ਵਿੱਚ ਨਾ-ਬਰਾਬਰੀ ਵਧਾਉਣ ਅਤੇ ਇਸਦੇ ਸ਼ੋਸ਼ਣ ਦੇ ਰਾਹ ਖੋਲ੍ਹੇ ਹਨ ਇਸਦੇ ਇਨ੍ਹਾਂ ਕਾਰਨਾਮਿਆਂ ਬਾਰੇ, ‘ਪਾਵਰ ਐਂਡ ਪ੍ਰੋਗਰੈੱਸ’ ਨਾਉਂ ਦੀ ਇੱਕ ਮਹੱਤਵਪੂਰਨ ਕਿਤਾਬ 2023 ਵਿੱਚ ਹੀ ਛਪੀ ਹੈਇਸ ਕਿਤਾਬ ਦੀ ਪਾਇਦਾਰੀ ਦਾ ਸਬੂਤ ਇਹ ਹੈ ਕਿ ਇਸਦੇ ਦੋ ਲੇਖਕ 2024 ਦੇ ਇਕਨੌਮਿਕਸ ਦੇ ਨੋਬਲ ਪੁਰਸਕਾਰ ਨਾਲ ਸਨਮਾਨੇ ਗਏ ਹਨਉਨ੍ਹਾਂ ਨੇ ਬਹੁਤ ਦਲੇਰੀ ਅਤੇ ਵਿਸਤਾਰ ਨਾਲ ਸਾਇੰਸ ਅਤੇ ਤਕਨੌਲੋਜੀ ਦੀ ਦੁਰਵਰਤੋਂ ਦੇ ਹਰ ਪੱਖ ਦਾ ਜ਼ਿਕਰ ਕੀਤਾ ਹੈ ਅਤੇ ਇਸਦੇ ਇਜਾਰੇਦਾਰਾਂ ਨੂੰ ਡੇਢ-ਦੋ ਸੌ ਸਾਲ ਪਹਿਲਾਂ ਦੇ ‘ਰੌਬਰ-ਬੈਰਨਜ’ ਵਰਗੇ ਕਿਹਾ ਹੈਇਸ ਲੇਖ ਵਿਚਲੇ ਵਿਚਾਰ ਉਸ ਕਿਤਾਬ ਵਿੱਚੋਂ ਹੀ ਉਪਜੇ ਹਨ

ਸਾਇੰਸ ਅਤੇ ਤਕਨੌਲੋਜੀ ਦੀ ਦੁਰਵਰਤੋਂ ਦੇ ਨਤੀਜੇ ਵਜੋਂ ਅੱਜ ਸੰਸਾਰ ਨੂੰ ਵਧ ਰਹੀ ਆਰਥਿਕ ਅਤੇ ਸਮਾਜਿਕ ਨਾ-ਬਰਾਬਰੀ, ਸਮਾਜਿਕ ਅਨਿਆਂ ਅਤੇ ਕੁਦਰਤੀ ਸਾਧਨਾਂ ਦੀ ਬਰਬਾਦੀ ਸਣੇ, ਅਨੇਕਾਂ ਹੋਰ ਮਾਰੂ ਸਮੱਸਿਆਵਾਂ ਦਰਪੇਸ਼ ਹਨਇਸ ਨੇ ਸੰਸਾਰ ਨੂੰ ਸਮੱਸਿਆਵਾਂ ਦੇ ਇੱਕ ‘ਸੈੱਟ’ ਵਿੱਚੋਂ ਕੱਢ ਕੇ ਦੂਸਰੇ ਵਿੱਚ ਪਾ ਦਿੱਤਾ ਹੈਬਲਕਿ ਇਸ ਨੇ ਸੰਸਾਰ ਨੂੰ ਨਵੀਂਆਂ ਅਤੇ ਦੀਰਘ ਮਾਨਸਿਕ ਉਲਝਣਾਂ, ਪ੍ਰੇਸ਼ਾਨੀਆਂ ਅਤੇ ਬਿਮਾਰੀਆਂ ਦਿੱਤੀਆਂ ਹਨ, ਜਿਨ੍ਹਾਂ ਦੀ ਸੁਪਰ-ਵਿਕਸਿਤ ਪੱਛਮੀ ਸਮਾਜ ਵਿੱਚ ਹੋਰ ਵੀ ਭਰਮਾਰ ਹੈਇਸ ਕਰਕੇ ਹੀ, ਬੇਥਾਹ ਭੌਤਿਕ ਖੁਸ਼ਹਾਲੀ ਦੇ ਬਾਵਜੂਦ ਮਨੁੱਖ ਆਪਣੀ ਸਭ ਤੋਂ ਵੱਡੀ ਇੱਛਾ ਖੁਸ਼ੀ/ਪ੍ਰਸੰਨਤਾ (ਹੈਪੀਨੈੱਸ) ਤੋਂ ਬਾਂਝਾ ਹੈਮਨੁੱਖ ਅੱਜ ਵੀ ਇਸ ਤੋਂ ਓਨਾ ਹੀ ਮਹਿਰੂਮ ਹੈ ਜਿੰਨੇ ਸਾਡੇ ਪੁਰਖੇ ਸਨ, ਹਾਲਾਂਕਿ ਸਾਡੀਆਂ ਸਭ ਤਰੱਕੀਆਂ ਦਾ ਇਕਲੌਤਾ ਮੰਤਵ ਹੀ ਇਹ ਹੈਇਸ ਤਰ੍ਹਾਂ ਦਾ ਜੀਵਨ ਜਿੱਥੇ ਸਾਡੀ ਨਿੱਜੀ ਪਰਬਲ ਇੱਛਾ ਹੈ, ਉੱਥੇ ਇਹ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਮਾਜ ਅਤੇ ਧਰਮਾਂ ਪ੍ਰਤੀ ਇੱਕ ਵੱਡਾ ਫਰਜ਼ ਵੀ ਹੈਸਮੂਹਕ ਤੌਰ ’ਤੇ ਇਸ ਤਰ੍ਹਾਂ ਦੇ ਜੀਵਨ ਜਿਉਂ ਕੇ ਆਪਾਂ ਇਸ ਸੰਸਾਰ ਨੂੰ ਵੱਧ ਰਹਿਣ-ਯੋਗ ਬਣਾ ਸਕਦੇ ਹਾਂਪਰ ਇਹ ਸਭ ਤਾਂ ਕੀ ਹੋਣਾ ਸੀ, ਉਲਟਾ ਸਾਡੇ ਜੀਵਨ ਵਿੱਚ ਅਣ-ਕਿਆਸੀਆਂ ਅਤੇ ਲਾਇਲਾਜ ਸਮੱਸਿਆਵਾਂ ਦੀ ਬਹੁਤਾਤ ਹੋ ਗਈ ਹੈ

ਪੱਛਮੀ ਦੇਸ਼ਾਂ ਨੂੰ ਇਸ ਨਿਰਾਸ਼ਾਜਨਕ ਦਸ਼ਾ ਦਾ ਆਭਾਸ ਬਹੁਤ ਪਹਿਲਾਂ ਹੋ ਗਿਆ ਸੀ1950 ਤਕ ਦੀ ਪੱਛਮੀ ਮਨੋਵਿਗਿਆਨ (ਸਾਈਕੌਲੋਜੀ) ਸਿਰਫ ਹਜ਼ਾਰਾਂ ਕਿਸਮ ਦੇ ਮਨੋ-ਰੋਗਾਂ ਦੇ ਉਪਚਾਰ ਦਾ ਕੰਮ ਕਰਦੀ ਸੀਉਨ੍ਹਾਂ ਦਿਨਾਂ ਵਿੱਚ ਤਿਆਰ ਕੀਤਾ ‘DSM’ (Diagnostic and Statistical Manual of Mental Disorders) ਇਸਦਾ ਸਬੂਤ ਹੈਇਹ ਅੱਜ ਵੀ ਵਰਤੋਂ ਵਿੱਚ ਆ ਰਿਹਾ ਹੈ। ਇਸਦਾ 5ਵਾਂ ਐਡੀਸ਼ਨ ਚੱਲ ਰਿਹਾ ਹੈ ਅਤੇ ਧਾਰਨਾ ਬਣੀ ਹੋਈ ਹੈ ਕਿ ਇਸ ਨੂੰ ਪੜ੍ਹਨ ਵਾਲਾ ਵੀ ਪਾਗਲ ਹੋ ਜਾਂਦਾ ਹੈ ਅਜਿਹੀਆਂ ਸਥਿਤੀਆਂ ਤੋਂ ਪ੍ਰੇਸ਼ਾਨ ਹੋ ਕੇ ਕੁਛ ਰੋਸ਼ਨ-ਦਿਮਾਗ ਮਨੋਵਿਗਿਆਨੀਆਂ ਨੇ ਖੋਜਾਂ ਸ਼ੁਰੂ ਕੀਤੀਆਂ ਕਿ ਭੌਤਿਕ ਖੁਸ਼ਹਾਲੀ ਅਤੇ ਬੇ-ਥਾਹ ਤਰੱਕੀ ਉਨ੍ਹਾਂ ਨੂੰ ਖੁਸ਼ੀਆਂ (ਹੈਪੀਨੈੱਸ) ਕਿਉਂ ਨਹੀਂ ਦੇ ਪਾ ਰਹੀ? ਇਸ ਖੋਜ ਨੇ ਉਨ੍ਹਾਂ ਦਾ ਮੂੰਹ ਪੁਰਾਤਨ ਪੂਰਬੀ ਸਿਆਣਪਾਂ ਵਲ ਕੀਤਾ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਵਾਰ-ਵਾਰ ਸੁਖ, ਖੁਸ਼ੀਆਂ, ਸਹਿਜ, ਅਨੰਦ, ਪਰਮ-ਅਨੰਦ, ਅੰਮ੍ਰਿਤ, ਦੁੱਖਾਂ ਦਾ ਨਾਸ ਆਦਿ ਸੰਕਲਪਾਂ ਦਾ ਜ਼ਿਕਰ ਮਿਲਿਆਮਨੁੱਖੀ ਮਨ ਦੇ ਗੁਣਾਂ, ਉੱਚੇ ਵਿਚਾਰਾਂ ਅਤੇ ਮਨ ਨੂੰ ਪਰਫੁੱਲਤ ਅਤੇ ਵਿਕਾਸ ਕਰਨ ਦੇ ਅਨੇਕਾਂ ਢੰਗਾਂ ਦਾ ਜ਼ਿਕਰ ਮਿਲਿਆਜਿਹੜਾ ਪੱਛਮ ਕਦੇ ਕਹਿੰਦਾ ਸੀ ਕਿ “ਪੂਰਬ ਪੂਰਬ ਹੈ ਅਤੇ ਪੱਛਮ ਪੱਛਮ ਹੈ, ਦੋਨਾਂ ਦਾ ਕਦੇ ਮੇਲ ਨਹੀਂ ਹੋ ਸਕਦਾ”, ਓਹੀ ਪੱਛਮ ਅੱਜ ਇਹ ਕਹਿ ਰਿਹਾ ਹੈ ਕਿ ਪ੍ਰਸੰਨਤਾ ਦੀ ਖੋਜ ਲਈ ਸਾਨੂੰ ਮਾਡਰਨ ਸਾਇੰਸ ਅਤੇ ਪੁਰਾਤਨ ਸਿਆਣਪਾਂ ਅਤੇ ਪੂਰਬ ਅਤੇ ਪੱਛਮ ਵਿੱਚ ਸੰਤੁਲਨ ਅਤੇ ਸੁਮੇਲ ਦੀ ਲੋੜ ਹੈ

ਇਨ੍ਹਾਂ ਖੋਜਾਂ ਸਦਕਾ ਸੰਨ 2000 ਵਿੱਚ ਮਹਾਨ ਮਨੋਵਿਗਿਆਨੀ ਮਾਰਟਿਨ ਸੈਲਿਗਮੈਨ ਨੇ ਸਕਾਰਾਤਮਿਕ ਮਨੋਵਿਗਿਆਨ (ਪੌਜ਼ਿਟਿਵ ਸਾਈਕੌਲੋਜੀ) ਦਾ ਮੁੱਢ ਬੰਨ੍ਹਿਆ ਸੀ, ਜਿਸਦਾ ਅੱਜਕੱਲ੍ਹ ਪੱਛਮੀ ਮਨੋਵਿਗਿਆਨ ਵਿੱਚ ਬਹੁਤ ਬੋਲਬਾਲਾ ਹੈ ਇਸਦਾ ਮੰਤਵ ਮਨੁੱਖ ਨੂੰ ਪ੍ਰਸੰਨਤਾ ਪ੍ਰਾਪਤੀ ਅਤੇ ਮਨੁੱਖਾ ਜੀਵਨ ਦਾ ਉਦੇਸ਼ ਸਮਝਣ ਦੇ ਰਸਤੇ ’ਤੇ ਤੋਰਨਾ ਹੈ ਅਤੇ ਨਾਲ ਹੀ ਉਸ ਨੂੰ ਆਪਣੇ ਉੱਚ-ਗੁਣਾਂ ਦੀ ਪਛਾਣ ਅਤੇ ਇਨ੍ਹਾਂ ਦੇ ਵਿਕਾਸ ਲਈ ਪ੍ਰੇਰਣਾ ਹੈਇਸ ਵਿੱਚ ਡਾ. ਸੈਲਿਗਮੈਨ ਨੇ 24 ਉੱਚ ਮਨੁੱਖੀ-ਗੁਣਾਂ ਅਤੇ ਸਦਾਚਾਰਾਂ ਨੂੰ ਚੁਣਿਆ ਹੈ ਅਤੇ ਇਹ ਉਤਸ਼ਾਹਜਨਕ ਗੱਲ ਹੈ ਕਿ ਇਹ ਲਗਭਗ ਸਾਰੇ ਹੀ ਸਿੱਖ-ਮੱਤ ਦੇ ਅਸੂਲਾਂ ਦੀ ਤਰਜਮਾਨੀ ਕਰਦੇ ਹਨਇਸ ਤੋਂ ਬਾਅਦ 2004 ਵਿੱਚ ‘DSM’ ਦੇ ਉਲਟ ਮਨੁੱਖ ਦੇ ਸਦਾਚਾਰਕ ਗੁਣਾਂ ਦੀ ਇੱਕ ਹੈਂਡਬੁੱਕ ਤਿਆਰ ਕੀਤੀ ਜਿਸਦਾ ਨਾਉਂ ‘ਸਿਆਣਪਾਂ ਦਾ ਮੈਨੂਅਲ’ (Manual of Sanities) ਰੱਖਿਆ ਗਿਆ ਨਵੀਂਆਂ ਪਿਰਤਾਂ ਪਾਉਣ ਵਾਲਾ ਇਹ ਮੈਨੂਅਲ ਮਨੁੱਖੀ ਪ੍ਰਤਿਭਾਵਾਂ, ਮਨੁੱਖੀ ਚਰਿੱਤਰ ਦੇ ਉੱਚੇ ਗੁਣਾਂ, ਨੇਕੀਆਂ ਅਤੇ ਸਦਾਚਾਰ ਦੀ ਵਿਸਤ੍ਰਿਤ ਹੈਂਡਬੁੱਕ ਹੈਇਹ ਡਾ. ਸੈਲਿਗਮੈਨ ਅਤੇ ਡਾ. ਪੀਟਰਸਨ ਦੀ ਅਗਵਾਈ ਵਿੱਚ 55 ਹੋਰ ਪ੍ਰਸਿੱਧ ਮਨੋਵਿਗਿਆਨੀਆਂ ਦੀ ਤਿੰਨ ਸਾਲ ਦੀ ਸਖਤ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆਇਹ ਅਰਸਤੂ ਅਤੇ ਪਲੂਟੋ ਸਣੇ ਪਿਛਲੇ 2500 ਸਾਲਾਂ ਦੇ ਸੰਸਾਰ ਭਰ ਦੇ ਮੁੱਖ ਧਰਮਾਂ, ਮਹਾਨ ਚਿੰਤਕਾਂ ਅਤੇ ਫਿਲਾਸਫਰਾਂ ਦੀਆਂ ਸਿੱਖਿਆਵਾਂ ’ਤੇ ਆਧਾਰਿਤ ਹੈਇਹ ਮਨੁੱਖੀ ਗੁਣਾਂ ਅਤੇ ਉੱਚ-ਪਰਵਿਰਤੀਆਂ ਨੂੰ ਵਿਚਾਰਨ, ਖੋਜਣ, ਵਿਸ਼ਾ-ਬੱਧ ਕਰਨ ਅਤੇ ਸੰਪਾਦਿਤ ਕਰਨ ਦਾ ਇੱਕ ਇਤਿਹਾਸਕ ਉਪਰਾਲਾ ਹੈ ਇਸਦੀ ਪ੍ਰੇਰਣਾ ਭਾਵੇਂ ਪੂਰਬੀ ਗ੍ਰੰਥਾਂ ਤੋਂ ਲਈ ਗਈ ਪਰ ਇਸਦੀ ਤਿਆਰੀ ਵੇਲੇ ਸਾਰੇ ਸੰਸਾਰ ਦੇ ਮੁੱਖ ਧਰਮਾਂ ਦਾ ਅਧਿਐਨ ਕੀਤਾ ਗਿਆਪੁਰਾਤਨ ਸਿਆਣਪਾਂ ਅਤੇ ਮਾਡਰਨ ਖੋਜਾਂ (ਮਨੋਵਿਗਿਆਨਿਕ) ਦੇ ਸੁਮੇਲ ਲਈ ਕੀਤੀ ਖੋਜ ਦੀ ਇਹ ਵਿਲੱਖਣ ਅਤੇ ਭਰੋਸੇਯੋਗ ਹੈਂਡਬੁੱਕ ਹੈ

ਨੈਤਿਕ ਕਦਰਾਂ-ਕੀਮਤਾਂ ਦੇ ਮਾਹਿਰ ਇੱਕ ਹੋਰ ਸਮਾਜਿਕ ਮਨੋਵਿਗਿਆਨੀ, ਜੌਨਾਥਨ ਹਾਈਟ ਨੇ ਇਸ ਖੋਜ ਨੂੰ ਹੋਰ ਅੱਗੇ ਵਧਾਇਆਉਸ ਨੇ ਇੱਕ ਨਵੀਂ ਵਿਚਾਰਧਾਰਾ ਦੀ ਸਿਰਜਣਾ ਕੀਤੀ ਜਿਸ ਨੂੰ ਉਸ ਨੇ Finding Modern Truth in Ancient Wisdom” ਕਿਹਾਇਸ ਲਈ ਉਸ ਨੇ ਹਿੰਦੂ, ਬੁੱਧ, ਜੈਨ, ਇਸਲਾਮ, ਈਸਾਈ, ਕਨਫਿਊਜਿਇਜ਼ਮ, ਤਾਓਇਜ਼ਮ, ਯਹੂਦੀ, ਪਾਰਸੀ, ਯੂਨਾਨੀ ਅਤੇ ਰੋਮਨ ਧਰਮਾਂ ਅਤੇ ਸੱਭਿਆਤਾਵਾਂ ਦੇ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾਇਨ੍ਹਾਂ ਦੀਆਂ ਸਦੀਵੀ ਸਿਆਣਪਾਂ ਨੂੰ ਅਜੋਕੀਆਂ ਮਨੋਵਿਗਿਆਨਕ ਖੋਜਾਂ ਅਨੁਸਾਰ ਪੜਚੋਲ਼ਿਆਇਸ ਤਰ੍ਹਾਂ ‘ਕੌਮਨ ਮਿਨੀਮਮ ਪ੍ਰੋਗਰਾਮ’ ਦੀ ਤਰਜ਼ ’ਤੇ ਵਾਰ-ਵਾਰ ਦੁਹਰਾਈਆਂ ਜਾਣ ਵਾਲ਼ੀਆਂ ਅਤੇ ਸਰਵ-ਪ੍ਰਵਾਨਿਤ ਟੀਸੀ ਦੀਆਂ ਦਸ ਸਾਂਝੀਆਂ ਸਿਆਣਪਾਂ ਦੀ ਇੱਕ ‘ਲਿਸਟ’ ਬਣਾਈਉਸ ਦੀਆਂ ਖੋਜਾਂ ਵਿੱਚ ਭਾਵੇਂ ਸਿੱਖ ਧਰਮ ਦਾ ਸਿੱਧੇ ਤੌਰ ’ਤੇ ਕੋਈ ਉਲੇਖ ਨਹੀਂ ਪਰ ਉਸ ਦੀ ਲਿਸਟ ਵੀ ਸਿੱਖ ਧਰਮ ਦੇ ਸਿਧਾਂਤਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ ਇਸਦੇ ਦੋ ਕਾਰਨ ਹਨ: ਪਹਿਲਾ ਇਹ ਕਿ ਇਹ ਸਭ ਤੋਂ ਮਾਡਰਨ ਧਰਮ ਹੈ, ਜਿਸ ਕਰ ਕੇ ਇਹ ਮਾਡਰਨ ਮਨੋਵਿਗਿਆਨਕ ਖੋਜਾਂ ਦੇ ਵੱਧ ਨੇੜੇ ਹੈਦੂਜਾ ਇਹ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਇਸ ‘ਪੈਟਰਨ’ ਅਨੁਸਾਰ ਕੀਤੀ ਗਈ ਹੈਮਿ. ਹਾਈਟ ਦੀਆਂ ਚੁਣੀਆਂ ਦਸ ਸਿਆਣਪਾਂ ਦਾ ਖੁੱਲ੍ਹਾ ਖੁਲਾਸਾ ਹੇਠ ਦਿੱਤਾ ਗਿਆ ਹੈ:

1. ਮਨੁੱਖੀ ਮਨ ਗੁਣਾਂ ਅਤੇ ਔਗੁਣਾਂ ਦਾ ਮਿਸ਼ਰਣ ਹੈ

2. ਮਨ ਨੂੰ ਚੰਗੇ ਕਰਮ ਕਰਨ ਲਈ ਪ੍ਰੇਰਿਆ ਅਤੇ ਸਿਧਾਇਆ ਜਾ ਸਕਦਾ ਹੈ

3. ਹੋਰਾਂ ਪ੍ਰਤੀ ਸ਼ੁਭ ਵਿਚਾਰ ਰੱਖਣੇ ਅਤੇ ਖਿਮਾ ਅਤੇ ਦਯਾ ਵੱਡਾ ਫਰਜ਼ ਹੈ

4. ਹੋਰਾਂ ਦੇ ਔਗੁਣਾਂ ਦੀ ਬਜਾਇ ਆਪਣੇ ਔਗੁਣਾਂ ਦੀ ਪਰਖ-ਪੜਚੋਲ ਕਰਨੀ ਜ਼ਰੂਰੀ ਹੈ

5. ਭਾਣਾ ਮੰਨਣ ਦਾ ਸੰਕਲਪ ਜੀਵਨ ਵਿੱਚ ਖੁਸ਼ੀਆਂ ਪ੍ਰਾਪਤ ਕਰਨ ਦਾ ਵੱਡਾ ਸਾਧਨ ਹੈ

6. ਮੋਹ-ਮਮਤਾ ਦਾ ਸਦ-ਉਪਯੋਗ ਅਰਥਾਤ ਸਰਬੱਤ ਨਾਲ ਭਾਈਚਾਰਾ ਜ਼ਰੂਰੀ ਹੈ

7. ਸ਼ੁਕਰ-ਗੁਜ਼ਾਰੀ ਦੀ ਭਾਵਨਾ ਵੀ ਖੁਸ਼ੀਆਂ ਦਾ ਇੱਕ ਹੋਰ ਵੱਡਾ ਸ੍ਰੋਤ ਹੈ

8. ਪਾਕ-ਪਵਿੱਤਰ ਵਿਚਾਰ ਅਤੇ ਕਰਮ ਮਨੁੱਖ ਦਾ ਪਰਮ ਧਰਮ ਹੈ

9. ਪਰਮਾਤਮਾ ਦੀ ਧਰਮਾਂ ਤੋਂ ਨਿਰਲੇਪਤਾ ਦੇ ਸਿਧਾਂਤ ਨੂੰ ਦ੍ਰਿੜ੍ਹ ਕਰਨਾ ਚਾਹੀਦਾ ਹੈ

10. ਅਨੰਦ ਅਤੇ ਖੁਸ਼ੀ ਭਾਵੇਂ ਮਨੁੱਖ ਦੇ ਅੰਦਰ ਹੈ ਪਰ ਨਾਲ ਹੀ ਮਿਲਵਰਤਣ ਵੀ ਜ਼ਰੂਰੀ ਹੈ

ਇਹ ਸਿਆਣਪਾਂ ਗ੍ਰਹਿਣ ਕਰਨ ਤੋਂ ਵੱਧ ਜ਼ਰੂਰੀ ਇਨ੍ਹਾਂ ਉੱਤੇ ਅਮਲ ਕਰਨਾ ਹੈ

ਸਾਰ-ਤੱਤ ਇਹ ਹੈ ਕਿ ਡਾ. ਹਾਈਟ ਦੀ ਵਿਚਾਰਧਾਰਾ ਸਰਲ ਪਰ ਨਵੀਂਆਂ ਪਿਰਤਾਂ ਪਾਉਣ ਵਾਲੀ ਹੈ ਅਤੇ ਅੱਜ ਸੰਸਾਰ ਨੂੰ ਨਵੀਂ ਸੇਧ ਦੇ ਰਹੀ ਹੈਇਹ ਸਾਇੰਸ ਅਤੇ ਤਕਨੌਲੋਜੀ, ਖਾਸ ਕਰ ਕੇ ਕੰਪਿਊਟਰ ਸਾਇੰਸ ਨੂੰ ਨਿਯੰਤਰਣ ਕਰਨ ਦੀ ਮੰਗ ਅਤੇ ਕੋਸ਼ਿਸ਼ਾਂ ਨੂੰ ਬਲ ਦੇਣ ਵਾਲਾ ਇੱਕ ਵੱਡਾ ਉਪਰਾਲਾ ਹੈਪਰ ਇਹ ਵੀ ਵਿਚਾਰ ਦੀ ਗੱਲ ਹੈ ਕਿ ਪੱਛਮੀ ਖੋਜੀ ਮਾਡਰਨ ਖੋਜਾਂ ਦਾ ਪੁਰਾਤਨ ਸਿਆਣਪਾਂ ਨਾਲ ਸੁਮੇਲ ਕਰ ਰਹੇ ਹਨ ਜਦੋਂ ਕਿ ਸਾਨੂੰ ਪੁਰਾਤਨ ਸਿਆਣਪਾਂ ਦਾ ਮਾਡਰਨ ਖੋਜਾਂ ਨਾਲ ਸੁਮੇਲ ਕਰਨ ਦੀ ਲੋੜ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author