“ਮੈਨੂੰ ਤਿੰਨਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਦੋ ਮੇਰੀਆਂ ਆਪਣੀਆਂ, ਘੱਟ ਸਰੀਰਕ ਸਮਰੱਥਾ ਅਤੇ ਮਾਨਸਿਕ ਡਰ ਅਤੇ ...”
(7 ਜੂਨ 2024)
ਇਸ ਸਮੇਂ ਪਾਠਕ: 350.
2017 ਵਿੱਚ 73 ਸਾਲ ਦੀ ਉਮਰ ਹੋਣ ਤਕ ਮੈਂ ਸਧਾਰਨ ਸੈਰ ਕਰਨ ਤੋਂ ਵੱਧ ਕੋਈ ਕਸਰਤ ਨਹੀਂ ਸੀ ਕੀਤੀ ਪਰ ਇਸ ਤੋਂ ਬਾਅਦ ਹਾਲਾਤ ਅਜਿਹੇ ਬਣੇ ਕਿ ਮੈਂ ਇਸ ਪਾਸੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਹੁਣ ਤਕ ਮੈਂ ਪੰਜ ਵਾਰ ਸੀ.ਐੱਨ. ਟਾਵਰ ਦੀਆਂ 1,776 ਪੌੜੀਆਂ ਚੜ੍ਹਨ ਦੇ ਸਮਾਗਮਾਂ ਵਿੱਚ ਹਿੱਸਾ ਲੈ ਚੁੱਕਾ ਹਾਂ। ਚਾਰ ਵਾਰ ਹਾਫ-ਮੈਰਾਥਨ ‘ਵਾਕ’ (21.1 ਕਿਲੋਮੀਟਰ) ਅਤੇ ਇੱਕ ਵਾਰ ਵਰਚੂਅਲ ਫੁੱਲ ਮੈਰਾਥਨ (42.2 ਕਿਲੋਮੀਟਰ) ਵਿੱਚ ਭਾਗ ਲੈ ਚੁੱਕਾ ਹਾਂ। ਇਸ ਤੋਂ ਇਲਾਵਾ ਬਰੈਂਪਟਨ ਸ਼ਹਿਰ ਵਿੱਚ ਹੋਣ ਵਾਲੇ ‘ਵਾਕ’ ਕਰਨ ਦੇ ਹੋਰ ‘ਚੈਰਿਟੀ’ ਸਮਾਗਮਾਂ ਵਿੱਚ ਭਾਗ ਲੈਂਦਾ ਹਾਂ ਅਤੇ ਹਫ਼ਤੇ ਵਿੱਚ ਪੰਜ ਵਾਰ ਦਸ ਹਜ਼ਾਰ ਕਦਮ ਤੁਰਨ ਦਾ ਅਭਿਆਸ ਕਰਦਾ ਹਾਂ। ਇਸ ਸਾਲ ਅਕਤੂਬਰ (2024) ਦੀ ਹਾਫ-ਮੈਰਾਥਨ ਇਵੈਂਟ ਵਾਸਤੇ ਤਿਆਰੀ ਕਰ ਰਿਹਾ ਹਾਂ। ਇੱਥੇ ਮੇਰਾ ਭਾਵ ਆਪਣੀ ਕਿਸੇ ਪ੍ਰਾਪਤੀ ਬਾਰੇ ਦੱਸਣਾ ਬਿਲਕੁਲ ਹੀ ਨਹੀਂ, ਬਲਕਿ ਨਿਮਰਤਾ ਸਹਿਤ ਆਪਣੇ ਦੋ ਤਜਰਬੇ ਸਾਂਝੇ ਕਰਨਾ ਹੈ। ਪਹਿਲਾ ਇਹ ਕਿ ਜੇ ਮੈਂ ਇਹ ਕਾਰਵਾਈਆਂ ਕਰ ਸਕਦਾ ਹਾਂ, ਤਾਂ ਹਰ ਕੋਈ ਕਰ ਸਕਦਾ ਹੈ। ਦੂਜਾ ਇਹ ਕਿ ਇਨ੍ਹਾਂ ਕਾਰਵਾਈਆਂ ਲਈ ਸਰੀਰਕ ਸਮਰੱਥਾ ਤੋਂ ਵੱਧ ਮਨ ਦੀ ਦ੍ਰਿੜ੍ਹਤਾ ਅਤੇ ਅਭਿਆਸ ਦੀ ਲੋੜ ਹੈ ਅਤੇ ਮੋੜਵੇਂ ਤੌਰ ’ਤੇ ਇਹ ਸਰੀਰ ਤੋਂ ਕਿਤੇ ਵੱਧ ਵਿਕਾਸ ਸਾਡੇ ਮਨ, ਦਿਮਾਗ ਅਤੇ ਸੁਭਾਅ ਦਾ ਕਰਦੀਆਂ ਹਨ।
ਵੱਡੀ ਉਮਰ ਵਿੱਚ ਪਹੁੰਚ ਕੇ ਵੈਸੇ ਤਾਂ ਸਾਰਿਆਂ ਨੂੰ ਸਿਹਤ ਦਾ ਫ਼ਿਕਰ ਹੋਣਾ ਕੁਦਰਤੀ ਹੈ ਪਰ ਮੇਰੇ ਵਾਸਤੇ ਵਾਧੂ ਸਮੱਸਿਆ ਇਹ ਸੀ ਕਿ ਮੇਰੀ ਪਤਨੀ ਲੰਬਾ ਸਮਾਂ ਕੈਂਸਰ ਦੀ ਬਿਮਾਰੀ ਨਾਲ ਜੂਝਣ ਤੋਂ ਬਾਅਦ ਥੋੜ੍ਹਾ ਚਿਰ ਪਹਿਲਾਂ ਹੀ ਚੜ੍ਹਾਈ ਕੀਤੀ ਸੀ। ਮੈਂ ਆਪਣਾ ਬਹੁਤਾ ਵਕਤ ਘਰ ਬੈਠ ਕੇ ਕਿਤਾਬਾਂ ਪੜ੍ਹ ਕੇ, ਟੀ.ਵੀ ਦੇਖ ਕੇ ਅਤੇ ਸ਼ਬਦ-ਕੀਰਤਨ ਜਾਂ ਪੁਰਾਣੇ ਗਾਣੇ ਸੁਣ ਕੇ ਹੀ ਪੂਰਾ ਕਰਦਾ ਸੀ। ਜੀਵਨ ਵਿੱਚ ਕੀਤੀਆਂ ਗਲਤੀਆਂ, ਖੁੰਝਾਏ ਚੰਗੇ ਮੌਕੇ ਅਤੇ ਆਪਣੇ ਅਸੂਲਾਂ ਦੀਆਂ ਕੁਰਬਾਨੀਆਂ ਦੇ ਕੇ ਬੇ-ਕਦਰੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੇ ਕੀਤੇ ਕੰਮ ਯਾਦ ਕਰ-ਕਰ ਕੇ ਝੁਰਦੇ ਰਹੀਦਾ ਸੀ। ਸਿਹਤ ਅਤੇ ਸੁਭਾਅ, ਦੋਵੇਂ ਵਿਗੜ ਰਹੇ ਸਨ। ਭਵਿੱਖ ਦੀ ਚਿੰਤਾ ਵਧ ਰਹੀ ਸੀ ਅਤੇ ਬੱਚੇ ਵੀ ਫਿਕਰਮੰਦ ਹੋ ਰਹੇ ਸਨ।
ਰੱਬ-ਸਬੱਬੀਂ ਉਨ੍ਹਾਂ ਦਿਨਾਂ ਵਿੱਚ ਇੰਜਨੀਅਰ ਜਸਵੰਤ ਸਿੰਘ ਜ਼ਫਰ (ਹੁਣ ਸੇਵਾ-ਮੁਕਤ ਮੁੱਖ ਇੰਜਨੀਅਰ) ਦੀ ਇੱਕ ਦਿਲ-ਟੁੰਬਵੀ ਵੀਡੀਓ ਦੇਖਣ ਨੂੰ ਮਿਲੀ। 2015 ਵਿੱਚ ‘ਭਾਣਾ ਮੰਨਣ’ ਦੇ ਆਦਰਸ਼ ਦੀ ਜਿਉਂਦੀ ਮਿਸਾਲ ਬਣ ਕੇ ਉਨ੍ਹਾਂ ਨੇ ਵੈਨਕੂਵਰ ਵਿਖੇ ਆਪਣੇ ਜਵਾਨ ਪੁੱਤਰ ਦੇ ਭੋਗ-ਸਮਾਗਮ ’ਤੇ ਖ਼ੁਦ ਆਪ ਸ਼ਰਧਾਂਜਲੀ ਦਿੱਤੀ ਸੀ। ਇਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਵੱਡੀ ਮੁਸੀਬਤ ਸਮੇਂ ਇਨਸਾਨ ਕੋਲ ਦੋ ਵਿਕਲਪ ਹੁੰਦੇ ਹਨ: ਜਾਂ ਉਹ ‘ਲੋਕਾਂ ਦੇ ਤਰਸ ਦਾ ਪਾਤਰ ਬਣੇ ਜਾਂ ਇੱਕ ਆਦਰਸ਼ ਬਣੇ। ਤਰਸ ਦਾ ਪਾਤਰ ਬਣਨ ਵਾਸਤੇ ਕੁਛ ਕਰਨ ਦੀ ਲੋੜ ਨਹੀਂ, ਲੋਕ ਹੀ ਤੁਹਾਨੂੰ ਇਸਦਾ ਪਾਤਰ ਬਣਾ ਦਿੰਦੇ ਹਨ। ਪਰ ਆਦਰਸ਼ ਬਣਨ ਵਾਸਤੇ ਤੁਹਾਨੂੰ ਬਹੁਤ ਕੁਛ ਕਰਨ ਦੀ ਲੋੜ ਪੈਂਦੀ ਹੈ।’ ਇੰਜ ਜ਼ਫਰ ਦੀ ਮੁਸੀਬਤ ਸਾਹਮਣੇ ਮੇਰੀ ਮੁਸੀਬਤ ਤਾਂ ਕਿਸੇ ਗਿਣਤੀ ਵਿੱਚ ਨਹੀਂ ਸੀ। ਆਦਰਸ਼ ਬਣਨ ਦੀ ਸਮਰੱਥਾ ਨਹੀਂ ਸੀ, ਪਰ ਕਿਸੇ ਦੇ ਤਰਸ ਦੇ ਪਾਤਰ ਬਣਨਾ ਵੀ ਗਵਾਰਾ ਨਹੀਂ ਸੀ। ਸੋਚਿਆ ਕਿ ਕਿਸੇ ਹੋਰ ਵਾਸਤੇ ਕੁਛ ਕਰਨ ਤੋਂ ਪਹਿਲਾਂ ਘੱਟੋ-ਘੱਟ ਆਪਣੇ-ਆਪ ਨੂੰ ਸੰਭਾਲਣ ਜੋਗੇ ਤਾਂ ਬਣੀਏ। ਇਸਦੇ ਨਾਲ ਹੀ ਪ੍ਰਸਿੱਧ ਪੰਜਾਬੀ ‘ਸਪੋਰਟਸ-ਰਾਈਟਰ’ ਪ੍ਰਿੰਸੀਪਲ ਸਰਵਣ ਸਿੰਘ, ਜੋ ਸੰਸਾਰ ਭਰ ਦੇ ਪੰਜਾਬੀ ਪਾਠਕਾਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਚੰਗੀ ਸਿਹਤ ਅਤੇ ਉਸਾਰੂ ਸੋਚ ਬਾਰੇ ਜਾਗਰੂਕ ਕਰਦੇ ਆ ਰਹੇ ਹਨ, ਦੇ ਲੇਖ ਦੁਬਾਰਾ ਪੜ੍ਹਨੇ ਸ਼ੁਰੂ ਕੀਤੇ। ਭਾਵੇਂ ਪਹਿਲਾਂ ਵੀ ਇਨ੍ਹਾਂ ਲੇਖਾਂ ਨੂੰ ਪੜ੍ਹਦੇ ਰਹੀਦਾ ਸੀ ਪਰ ਕਹਾਣੀਆਂ ਸਮਝ ਕੇ ਅਤੇ ਇਹ ਸੋਚ ਕੇ ਕਿ ਇਹ ਅਥਲੀਟਾਂ ਦਾ ਕੰਮ ਹੈ, ਉਹ ਕਰਦੇ ਰਹਿਣ, ਸਾਡੇ ਕੋਲ ਇਨ੍ਹਾਂ ਗੱਲਾਂ ਵਾਸਤੇ ਵਕਤ ਕਿੱਥੇ? ਲੇਖਾਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਪੜ੍ਹਨਾ ਸ਼ੁਰੂ ਕੀਤਾ ਅਤੇ ਫੈਸਲਾ ਕੀਤਾ ਕਿ ਤੁਰਨ ਦੇ ਅਭਿਆਸ ਨੂੰ ਵਧਾਉਣਾ ਹੀ ਮੇਰੇ ਵਾਸਤੇ ਸਭ ਤੋਂ ਚੰਗਾ ਰਾਹ ਹੈ। ਇਸ ਵਾਸਤੇ ਕਿਸੇ ਖੇਡ-ਮੈਦਾਨ, ਮਹਿੰਗੇ ਸਮਾਨ, ਵਖਤ ਦੀ ਪਾਬੰਦੀ ਜਾਂ ਕਿਸੇ ਹੋਰ ਉੱਤੇ ਨਿਰਭਰਤਾ ਦੀ ਜ਼ਰੂਰਤ ਨਹੀਂ। ਸਿਰਫ ਇਸ ਫੈਸਲੇ ਨਾਲ ਹੀ ਮਨ ਨੂੰ ਬਹੁਤ ਧਰਵਾਸ ਮਿਲਿਆ। ਇਹ ਵੀ ਮਹਿਸੂਸ ਕੀਤਾ ਕਿ ਭਾਣਾ ਮੰਨਣਾ ਸਿਰਫ ਖ਼ਿਆਲੀ ਸੰਕਲਪ ਹੀ ਨਹੀਂ ਬਲਕਿ ਔਖੇ ਸਮਿਆਂ ਵਿੱਚ ਸੁਮੱਤ ਅਤੇ ਸਮਰੱਥਾ ਦੇਣ ਵਾਲਾ ਇੱਕ ਵਿਹਾਰਕ ਗੁਰ ਵੀ ਹੈ, ਜਿਹੜਾ ਸਾਡੀ ਕਾਇਆ-ਕਲਪ ਕਰ ਸਕਣ ਦੇ ਸਮਰੱਥ ਹੈ।
‘ਵਾਕ’ ਦੇ ਸਹੀ ਢੰਗ-ਤਰੀਕੇ ਸਿੱਖਣ ਲਈ ਮੈਂ ਸੰਧੂਰਾ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਚੱਲ ਰਹੇ ‘ਟਰਾਂਟੋ ਪੀਅਰਸਨ ਏਅਰ ਪੋਰਟ ਰਨਰਜ਼ ਕਲੱਬ’ ਨਾਲ ਜੁੜ ਗਿਆ। ਇਹ ਕਲੱਬ ਪਿਛਲੇ ਕਈ ਸਾਲਾਂ ਤੋਂ ਨਿਯਮਿਤ ਤੌਰ ’ਤੇ ਕਈ ਅਜਿਹੀਆਂ ਸਿਹਤ-ਸੰਭਾਲ ਗਤੀ-ਵਿਧੀਆਂ ਦਾ ਪ੍ਰਬੰਧ ਕਰ ਰਿਹਾ ਸੀ, ਜਿਹੜੀਆਂ ਸਿਰਫ ‘ਚੈਰੀਟੇਬਲ’ ਹੋਣ। ਮੈਂ ਇਸ ਕਲੱਬ ਦੇ ਉਦੇਸ਼ ਅਤੇ ਸਮਾਗਮਾਂ ਦੇ ਪ੍ਰਬੰਧ ਤੋਂ ਪ੍ਰਭਾਵਿਤ ਹੋਇਆ ਅਤੇ ਇਸਦਾ ਮੈਂਬਰ ਬਣ ਗਿਆ। ਕਲੱਬ ਦੇ ਬਹੁਤੇ ਮੈਂਬਰ ਜਵਾਨ ਉਮਰ ਦੇ ਹੋਣ ਕਰ ਕੇ ਮੈਨੂੰ ਪਹਿਲਾਂ ਇਹ ਤੌਖਲਾ ਰਿਹਾ ਕਿ ਮੈਂ ਉਨ੍ਹਾਂ ਨਾਲ ਨਿਭ ਸਕਾਂਗਾ ਕਿ ਨਹੀਂ। ਪਰ ਸਭ ਨੇ ਮੇਰੀ ਉਮਰ ਦੇ ਅਨੁਸਾਰ ਮੈਨੂੰ ਪੂਰਾ ਸਨਮਾਨ ਦਿੱਤਾ ਅਤੇ ਮੇਰਾ ਵੀ ਸਾਰਿਆਂ ਨਾਲ ਪਰਿਵਾਰ ਦੇ ਜੀਆਂ ਵਾਂਗ ਮੋਹ ਪੈ ਗਿਆ। ਸ੍ਰੀ ਬਰਾੜ ਅਤੇ ਉਸਦੇ ਸਾਥੀਆਂ ਨੇ ਮੈਨੂੰ ਤੁਰਨ ਦੀ ਸਹੀ ਸ਼ੈਲੀ, ਪੋਜ਼, ਪਹਿਰਾਵੇ ਅਤੇ ਵਾਕ ਕਰਨ ਦੇ ਢੁਕਵੇਂ ਤਰੀਕਿਆਂ ਬਾਰੇ ਸਮਝਾਇਆ। ਮੈਂ ਇਸ ਗੱਲ ਦਾ ਵਰਣਨ ਖਾਸ ਤੌਰ ’ਤੇ ਇਸ ਲਈ ਕਰ ਰਿਹਾ ਹਾਂ ਕਿਉਂਕਿ ਵੱਡੀ ਉਮਰ ਦੇ ਸੱਜਣ ਆਪਣੇ ਮਨ ਦੇ ਪਾਲ਼ੇ ਕਰ ਕੇ ਜਵਾਨ ਪੀੜ੍ਹੀ ਤੋਂ ਦੂਰ ਰਹਿੰਦੇ ਹਨ ਪਰ ਮੇਰੀ ਇਹ ਸੋਚਣੀ ਗਲਤ ਸਾਬਤ ਹੋਈ। ਹਰ ਉਮਰ-ਗਰੁੱਪ ਦੇ ਬੰਦਿਆਂ ਨਾਲ ਸਾਂਝ ਬਹੁਤ ਲਾਹੇਵੰਦ ਹੈ।
ਮੈਨੂੰ ਤਿੰਨਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਦੋ ਮੇਰੀਆਂ ਆਪਣੀਆਂ, ਘੱਟ ਸਰੀਰਕ ਸਮਰੱਥਾ ਅਤੇ ਮਾਨਸਿਕ ਡਰ ਅਤੇ ਸੰਗ। ਤੀਸਰੀ ਰੁਕਾਵਟ ਤਥਾ-ਕਥਿਤ ਸਲਾਹਕਾਰਾਂ ਅਤੇ ਜਾਣ-ਕਾਰਾਂ ਦੀਆਂ ਟਿੱਚਰਾਂ-ਟਕੋਰਾਂ, ਮਖੌਲ ਅਤੇ ਨਸੀਹਤਾਂ। ਠੇਠ ਪੰਜਾਬੀ ਵਿੱਚ, ਬਹੁਤਾ ਕਰ ਕੇ ਇਹ ਸੁਣਨ ਨੂੰ ਮਿਲਦਾ:
“ਐਸ ਉਮਰ ਵਿੱਚ ਇਹ ਕੀ ਪੰਗਾ ਲੈ ਰਹੇ ਓਂ? ਕੋਈ ਗਿੱਟਾ-ਗੋਡਾ ਤੁੜਵਾ ਲੋਂਗੇ, ਫਿਰ ਬੈਠੇ ਰਿਹੋ ਮੰਜੇ ’ਤੇ ਸਾਰੀ ਉਮਰ।”
ਇਨ੍ਹਾਂ ਗੱਲਾਂ ਨੂੰ ਜਰਿਆ ਵੀ ਅਤੇ ਇਨ੍ਹਾਂ ਵਿੱਚੋਂ ਇਹ ਤੱਤ ਵੀ ਕੱਢਿਆ ਕਿ ਜੇ ਮੈਂ ਕਿਤੇ ਆਪਣੀ ਅਣਗਹਿਲੀ ਕਰ ਕੇ ਕੋਈ ਸੱਟ-ਫੇਟ ਖਾ ਬੈਠਿਆ ਤਾਂ ਮੇਰੇ ਨਾਲ ਹਮਦਰਦੀ ਕਿਸੇ ਨੇ ਨਹੀਂ ਕਰਨੀ, ਉਲਟਾ ਸਭ ਇਹ ਹੀ ਕਹਿਣਗੇ:
“ਲੈ ਲਿਆ ਸੁਆਦ, ਸਮਝਾਇਆ ਸੀ ਨਾ? ਤੁਸੀਂ ਕਿਹੜਾ ਕਿਸੇ ਦੇ ਆਖੇ ਲੱਗੇ, ਸਾਰੀ ਉਮਰ ਈ ਅੜਬਾਈਆਂ ਵਿੱਚ ਕਢ’ਤੀ।” ਭਾਵ ਪਿਛਲੇ ਪੋਤੜੇ ਵੀ ਫਰੋਲ਼ੇ ਜਾਣਗੇ। ਮੈਂ ਸਵੈ-ਪੜਚੋਲ ਕੀਤੀ, ਤੱਤ-ਭੜੱਤੀ ਅਤੇ ਕਾਹਲ਼ੀ ਕਰਨ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਸ਼ੁਰੂ ਕੀਤਾ। ਸਹਿਜ ਨਾਲ ਤੁਰਨ, ਬੋਲਣ ਅਤੇ ਰਹਿਣ ਦੀ ਆਦਤ ਸਿੱਖਣੀ ਸ਼ੁਰੂ ਕਰ ਦਿੱਤੀ। ਟੀਚੇ ਮੁਕਰਰ ਕਰਨੇ ਛੱਡ ਦਿੱਤੇ ਅਤੇ ਹੋਰਾਂ ਨਾਲ ਮੁਕਾਬਲਾ ਕਰਨਾ ਬੰਦ ਕਰ ਦਿੱਤਾ, ਨਾ ਸਿਰਫ ‘ਵਾਕ’ ਕਰਨ ਸਮੇਂ ਹੀ, ਬਲਕਿ ਜੀਵਨ ਦੇ ਹੋਰ ਪੱਖਾਂ ਵਿੱਚ ਵੀ। ਹਰ ਸਰੀਰਕ ਕਾਰਵਾਈ ਵਿੱਚ ਫਾਡੀ ਰਹਿਣ ਕਰ ਕੇ ਸਾਰੀ ਉਮਰ ਲਾਡਾਂ ਪਰ ਗਲਤ-ਫ਼ਹਿਮੀ ਨਾਲ ਪਾਲ਼ੀ ਰੁਤਬੇ ਦੀ ਹੈਂਕੜ ਵੀ ਘਟਣ ਲੱਗੀ ਅਤੇ ਸੁਭਾਅ ਵੀ ਬਦਲਣ ਲੱਗ ਗਿਆ। ਸਮਝ ਆਈ ਕਿ ਹੈਂਕੜ ਤਿਆਗ ਕੇ ਨਿਮਰਤਾ ਨੂੰ ਗ੍ਰਹਿਣ ਕਰਨ ਨਾਲ ਅਸੀਂ ਜੀਵਨ ਵਿੱਚ ਵੱਧ ਤਰੱਕੀ ਕਰ ਸਕਦੇ ਹਾਂ। ਜੇ ਆਲੋਚਨਾ ਜਰਨੀ ਸਿੱਖ ਲਈਏ ਤਾਂ ਆਪਣੇ ਆਲੋਚਕਾਂ ਤੋਂ ਬਹੁਤ ਕੁਛ ਸਿੱਖ ਸਕਦੇ ਹਾਂ।
ਮੇਰਾ ਪਹਿਲਾ ਕੰਮ ਅਪਰੈਲ, 2017 ਵਿੱਚ ਸੀ ਐੱਨ ਟਾਵਰ ਉੱਤੇ ਚੜ੍ਹਨਾ ਸੀ। ਇਸ ਲਈ ਮੈਨੂੰ ਟੀਮ ਦੇ ਹੋਰ ਮੈਂਬਰਾਂ ਨਾਲ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਸਰਦੀਆਂ ਦੇ ਮੌਸਮ ਵਿੱਚ ਅਭਿਆਸ ਕਰਨਾ ਪਿਆ। ਹਾਲਾਂਕਿ ਮੈਂ ਪੂਰੀ ਤਿਆਰੀ ਨਹੀਂ ਸੀ ਕਰ ਸਕਿਆ ਫਿਰ ਵੀ ਸਾਥੀ ਮੈਂਬਰਾਂ ਦੀ ਹੱਲਾਸ਼ੇਰੀ ਕਰ ਕੇ ਮੈਂ ਇਸ ਚੜ੍ਹਾਈ ਵਿੱਚ ਹਿੱਸਾ ਲੈਣ ਦਾ ਫ਼ੈਸਲਾ ਕਰ ਲਿਆ। ਮਿਥੇ ਦਿਨ ਟਾਵਰ ’ਤੇ ਬਹੁਤ ਰੌਣਕਾਂ ਸਨ ਅਤੇ ਉਤਸ਼ਾਹਜਨਕ ਮਾਹੌਲ ਸੀ। ਹਾਲਾਂਕਿ 1,776 ਪੌੜੀਆਂ ਚੜ੍ਹਨਾ ਅਸੰਭਵ ਲਗਦਾ ਸੀ ਪਰ ਰੱਬ ਦਾ ਨਾਉਂ ਲੈ ਕੇ ਸ਼ੁਰੂਆਤ ਕਰ ਦਿੱਤੀ। ਅਭਿਆਸ ਕੀਤਾ ਹੋਣ ਕਰ ਕੇ ਤਿਹਾਈ ਹਿੱਸੇ ਤਕ ਬਹੁਤੀ ਦਿੱਕਤ ਨਹੀਂ ਆਈ ਪਰ ਅੱਧ ਵਿੱਚ ਜਾ ਕੇ ਸਰੀਰ ਜਵਾਬ ਦੇ ਗਿਆ ਅਤੇ ਗਲ਼ਾ ਖੁਸ਼ਕ ਹੋ ਗਿਆ। ਸੀ ਐੱਨ ਟਾਵਰ ਵਾਲੇ ਪਾਣੀ ਲਿਜਾਣ ਦੀ ਇਜਾਜ਼ਤ ਨਹੀਂ ਦਿੰਦੇ। ਰੱਬ ਨੂੰ ਯਾਦ ਕੀਤਾ, ਕੋਈ ਸੁਣਵਾਈ ਨਾ ਹੋਈ ਪਰ ਉਸ ਤੋਂ ਬਗੈਰ ਕੋਈ ਹੋਰ ਮਦਦ ਵੀ ਨਹੀਂ ਸੀ ਕਰ ਸਕਦਾ। ਨਾਲ ਦੇ ਸਾਥੀ ਛਾਲਾਂ ਮਾਰਦੇ ਚੜ੍ਹੀ ਜਾ ਰਹੇ ਸਨ। ਹਜ਼ਾਰ ਪੌੜੀਆਂ ਚੜ੍ਹਨ ਤਕ ਤਾਂ ਬੇਹੋਸ਼ੀ ਦੀ ਹਾਲਤ ਬਣ ਗਈ, ਛੱਡਣ ਨੂੰ ਜੀਅ ਕੀਤਾ। ਫਿਰ ਅਰਦਾਸ ਕੀਤੀ ਅਤੇ ਸਿਰੜ ਨਾਲ ਚੜ੍ਹਾਈ ਜਾਰੀ ਰੱਖੀ। ਮਹਿਸੂਸ ਹੋਇਆ ਕਿ ਰੁਕਾਵਟ ਸਰੀਰ ਦਾ ਥਕੇਵਾਂ ਨਹੀਂ ਬਲਕਿ ਮਨ ਦਾ ਅਕੇਵਾਂ ਹੈ। ਜੇ ਮਨ ਕਹਿਣੇ ਵਿੱਚ ਨਹੀਂ ਤਾਂ ਨਾ ਸਹੀ, ਸਰੀਰ ’ਤੇ ਤਾਂ ਮੇਰਾ ਕਬਜ਼ਾ ਹੈ, ਅਤੇ ਕਬਜ਼ੇ ਦੀ ਮਹੱਤਤਾ ਹਰ ਪੰਜਾਬੀ ਸਮਝਦਾ ਹੈ। ਇਸ ਸੋਚ ਨੇ ਅਸਰ ਦਿਖਾਇਆ ਅਤੇ ਇੱਕ-ਇੱਕ ਪੌੜੀ ਕਰ ਕੇ 42 ਮਿੰਟਾਂ ਵਿੱਚ ਚੜ੍ਹਾਈ ਪੂਰੀ ਹੋ ਗਈ। ਦਰਸ਼ਕਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਪਰਮਾਤਮਾ ਦੀ ਕਿਰਪਾ ਨਾਲ ਸਨਮਾਨ ਦੇ ਬਹੁਤ ਮੌਕੇ ਮਿਲੇ ਸਨ ਪਰ ਇਸ ਸਨਮਾਨ ਵਿੱਚ ਵੱਖਰੀ ਕਿਸਮ ਦਾ ਅਨੰਦ ਅਤੇ ਸੰਤੁਸ਼ਟੀ ਸੀ। ਇਸ ਤਰ੍ਹਾਂ ਅਗਲੀ ਸਿੱਖਿਆ ਮਿਲੀ ਕਿ ਰੱਬ ਬਹੁੜਦਾ ਹੈ ਪਰ ਜਦੋਂ ਬੰਦਾ ਆਪਣਾ ਪੂਰਾ ਜ਼ੋਰ ਲਾ ਬੈਠੇ, ਇਕੱਲੀਆਂ ਅਰਦਾਸਾਂ, ਬੇਨਤੀਆਂ ਨਾਲ ਨਹੀਂ। ਮੇਰੀ ਇਸ ਕਾਰਗੁਜ਼ਾਰੀ ਨੂੰ ਬਾਅਦ ਵਿੱਚ ਪ੍ਰਿੰਸੀਪਲ ਸਾਹਿਬ ਨੇ ‘ਸ਼ਾਨਦਾਰ ਪ੍ਰਾਪਤੀ’ ਕਰਾਰ ਦਿੱਤਾ ਜੋ ਮੇਰੇ ਲਈ ਕਾਫ਼ੀ ਉਤਸ਼ਾਹ-ਵਰਧਕ ਸੀ ਅਤੇ ਮੈਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਦਾ ਇਰਾਦਾ ਪੱਕਾ ਕਰ ਲਿਆ।
ਇਸ ਤੋਂ ਬਾਅਦ ਮਈ, 2017 ਵਿੱਚ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੁਆਰਾ ਆਯੋਜਿਤ ਗਏ ਸਮਾਗਮ ਵਿੱਚ ਹਿੱਸਾ ਲਿਆ ਅਤੇ 12 ਕਿਲੋਮੀਟਰ ਤੁਰਿਆ। ਸ. ਫੌਜਾ ਸਿੰਘ ਨੇ ਮੈਨੂੰ ਮੈਡਲ ਨਾਲ ਸਨਮਾਨਿਤ ਕੀਤਾ, ਜਿਸ ਨੇ ਮੇਰੇ ਉਤਸ਼ਾਹ ਵਿੱਚ ਹੋਰ ਵਾਧਾ ਕੀਤਾ। ਉਦੋਂ ਤਕ ਇਨ੍ਹਾਂ ਸਰੀਰਕ ਕਾਰਵਾਈਆਂ ਦੇ ਸਰੀਰ ਅਤੇ ਮਨ ਉੱਪਰ ਪੈ ਰਹੇ ਸਕਾਰਾਤਮਕ ਅਸਰਾਂ ਦਾ ਪ੍ਰਭਾਵ ਵੀ ਪ੍ਰਤੱਖ ਪਤਾ ਲੱਗਣ ਲੱਗ ਗਿਆ ਸੀ। ਸਰੀਰਕ ਚੁਸਤੀ-ਫੁਰਤੀ ਵਧ ਰਹੀ ਸੀ, ਮਨ ਦੀ ਉਦਾਸੀ ਬਹੁਤ ਘਟ ਗਈ ਸੀ, ਪਿਛਲੇ ਝੋਰੇ-ਪਛਤਾਵੇ ਮੁੱਕ ਰਹੇ ਸਨ ਅਤੇ ਹਰ ਕੰਮ ਨੂੰ ਹੱਥ ਪਾਉਣ ਨੂੰ ਜੀਅ ਕਰਦਾ ਸੀ। ਸਮਝ ਆਈ ਕਿ ਚੰਗੀ ਸਿਹਤ ਨਾਲ ਉਤਸ਼ਾਹ ਆਉਂਦਾ ਹੈ ਅਤੇ ਹਿੰਮਤ ਬੱਝਦੀ ਹੈ।
ਕਲੱਬ ਦੀ ਮੁੱਖ ਸਾਲਾਨਾ ‘ਇਵੈਂਟ’ ਅਕਤੂਬਰ ਵਿੱਚ ਹੋਣ ਵਾਲੀ ‘ਸਕੋਸ਼ੀਆ ਬੈਂਕ ਵਾਟਰਫਰੰਟ ਮੈਰਾਥਨ’ ਵਿੱਚ ਹਿੱਸਾ ਲੈਣਾ ਹੁੰਦੀ ਹੈ ਅਤੇ ਇਸ ਤੋਂ ਪਹਿਲਾਂ ਕੀਤੀਆਂ ਸਾਰੀਆਂ ਕਾਰਵਾਈਆਂ ਤਾਂ ਸਿਰਫ ਅਭਿਆਸ ਮਾਤਰ ਹੁੰਦੀਆਂ ਹਨ। ਮੈਂ ਇਸਦੀ ਹਾਫ-ਮੈਰਾਥਨ ਵਿੱਚ ਪਹਿਲੀ ਵਾਰ 2017 ਵਿੱਚ ਹਿੱਸਾ ਲੈਣਾ ਸੀ ਅਤੇ ਇਸ ਵਾਸਤੇ ਕਲੱਬ ਦੇ ਮੈਂਬਰਾਂ ਨਾਲ ਮਿਲ ਕੇ ਬਹੁਤ ਅਭਿਆਸ ਕੀਤਾ। ਦੌੜ ਵਾਲੇ ਦਿਨ ਟੀਮ ਦੇ ਸਾਰੇ ਮੈਂਬਰਾਂ ਨੇ ਕੇਸਰੀ ਪੱਗਾਂ ਸਜਾਈਆਂ ਅਤੇ ਗਰੇਅ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ, ਜਿਸ ਨਾਲ ਅਖੀਰ ਤਕ ਇਸਦੀ ਵਿਲੱਖਣ ਪਛਾਣ ਕਾਇਮ ਰਹੀ। ਅਰੰਭ ਕਰਨ ਤੋਂ ਪਹਿਲਾਂ ਸਮੂਹਕ ‘ਅਰਦਾਸ’ ਕੀਤੀ ਗਈ। ਤਕਰੀਬਨ 55 ਦੇਸ਼ਾਂ ਤੋਂ ਹਿੱਸਾ ਲੈਣ ਵਾਸਤੇ ਆਏ 35 ਹਜ਼ਾਰ ਅਥਲੀਟਾਂ ਦੇ ਇਕੱਠ ਨੇ ਸਭ ਨੂੰ ਖੁਸ਼ੀ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ। ਦੌੜ ਦੀ ਸ਼ੁਰੂਆਤ ਬਹੁਤ ਹੀ ਧੂਮਧਾਮ, ਖੁਸ਼ੀਆਂ ਭਰੀਆਂ ਤਾੜੀਆਂ ਅਤੇ ਕਿਲਕਾਰੀਆਂ ਨਾਲ ਹੋਈ। ਮੇਰੇ ਲਈ ਇਹ ਕਾਫ਼ੀ ਸਖ਼ਤ ਸੀ ਅਤੇ ਸੀ ਐੱਨ ਟਾਵਰ ਚੜ੍ਹਨ ਦਾ ਤਜਰਬਾ ਹੀ ਦੁਹਰਾਇਆ ਜਾ ਰਿਹਾ ਸੀ। ਮੈਨੂੰ ਵਾਰ-ਵਾਰ ਸੁਖਮਨੀ ਸਾਹਿਬ ਦੀ ਇਹ ਤੁਕ ਯਾਦ ਆਉਂਦੀ ਰਹੀ: ਜਿਹ ਮਾਰਗਿ ਇਹੁ ਜਾਤ ਇਕੇਲਾ ॥ ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ॥ ਇੱਥੇ ਵੀ ਅੱਧ ਤੋਂ ਬਾਅਦ ਛੱਡਣ ਦਾ ਵਿਚਾਰ ਮਨ ਵਿੱਚ ਆਇਆ ਪਰ ਪਹਿਲੇ ਤਜਰਬੇ ਅਤੇ ਅਭਿਆਸ ਦੇ ਅਧਾਰ ’ਤੇ ਇੱਕ-ਇੱਕ ਕਦਮ ਕਰ ਕੇ ਤੁਰਦਾ ਗਿਆ ਅਤੇ 3 ਘੰਟੇ 42 ਮਿੰਟ ਵਿੱਚ ‘ਫਿਨਿਸ਼ ਪੁਆਇੰਟ’ ’ਤੇ ਪਹੁੰਚ ਗਿਆ। ਪਰਮਾਤਮਾ ਦਾ ਸ਼ੁਕਰ ਕੀਤਾ। ਉੱਥੇ ਪਹੁੰਚ ਕੇ ਮਿਲਿਆ ਮਾਣ-ਸਤਿਕਾਰ ਕੀਤੀ ਗਈ ਮਿਹਨਤ ਦਾ ਪੂਰਾ ਮੁਆਵਜ਼ਾ ਸੀ। ਇਕੱਲੀ ਹਾਫ-ਮੈਰਾਥਨ ਦੌੜ ਦੇ ਗਿਆਰਾਂ ਹਜ਼ਾਰ ਤੋਂ ਵੱਧ ਹਿੱਸੇਦਾਰਾਂ ਵਿੱਚੋਂ ਮੇਰੀ ਉਮਰ (70-74) ਗਰੁੱਪ ਦੇ ਸਿਰਫ 29 ਸਨ ਅਤੇ ਮੈਂ ਇਸ ਗਰੁੱਪ ਵਿੱਚ ਅਖੀਰਲਾ ਸੀ। ਜਦੋਂ ਕਿਸੇ ਨੇ ਮੈਨੂੰ ਆਪਣੀ ਪੁਜ਼ੀਸ਼ਨ ਬਾਰੇ ਪੁੱਛਿਆ, ਤਾਂ ਮੈਂ ਜਵਾਬ ਦਿੱਤਾ, “ਜਿਹੜੇ ਭੱਜੇ ਉਨ੍ਹਾਂ ਵਿੱਚੋਂ ਫਾਡੀ ਅਤੇ ਜਿਹੜੇ ਨਹੀਂ ਭੱਜੇ ਉਨ੍ਹਾਂ ਵਿੱਚੋਂ ਮੀਤੀ।” ਇਸ ‘ਰਨ’ ਦੀ ਸਿੱਖਿਆ ਇਹ ਸੀ ਕਿ ਹਰ ਛੋਟਾ-ਵੱਡਾ ਕੰਮ ਕਰਨ ਤੋਂ ਪਹਿਲਾਂ ਪੂਰੀ ਤਿਆਰੀ ਦੀ ਜ਼ਰੂਰਤ ਹੈ। ਤਿਆਰੀ ਦੀ ਘਾਟ ਕਰ ਕੇ ਹੋਈ ਅਸਫਲਤਾ ਨੂੰ ਅਸੀਂ ਸਮਰੱਥਾ ਦੀ ਘਾਟ ਸਮਝ ਲੈਂਦੇ ਹਾਂ ਅਤੇ ਅਗਲੇ ਹੰਭਲੇ ਛੱਡ ਦਿੰਦੇ ਹਾਂ, ਜਦੋਂ ਕਿ ਇਹ ਸਿਰੜ ਦੀ ਘਾਟ ਹੈ, ਜਿਹੜੀ ਜ਼ਿੰਦਗੀ ਦੇ ਹੋਰ ਖੇਤਰਾਂ ਵਿੱਚ ਵੀ ਖਰਾਬ ਕਰਦੀ ਹੈ।
ਇਸ ਬਿਰਤਾਂਤ ਦੇ ਨਾਲ ਮੈਂ ਸਾਰੇ ਉਮਰ-ਸਮੂਹਾਂ ਦੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਪਰਿਵਾਰਾਂ, ਸਮਾਜ ਅਤੇ ਦੇਸ਼ ਦੀ ਖ਼ਾਤਰ ਤੁਰਨਾ ਸ਼ੁਰੂ ਕਰਨ, ਮੁਕਾਬਲਿਆਂ ਵਿੱਚ ਭਾਗ ਲੈਣ। ਇਸ ਤਰ੍ਹਾਂ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਸਾਡਾ ਪੈਸਾ ਵੀ ਚੈਰੀਟੇਬਲ ਸੰਸਥਾਵਾਂ ਨੂੰ ਜਾਂਦਾ ਹੈ। ਮੈਂ ਇਹ ਅਪੀਲ ਆਪਣੇ ਨਿੱਜੀ ਤਜਰਬੇ ਦੇ ਅਧਾਰ ’ਤੇ ਤਾਂ ਕਰ ਹੀ ਰਿਹਾ ਹਾਂ ਪਰ ਇਸ ਤੋਂ ਵੀ ਵੱਡਾ ਕਾਰਨ ਹੈ ਕਸਰਤ ਸੰਬੰਧੀ ਹੋ ਰਹੀਆਂ ਸਾਇੰਸੀ ਖੋਜਾਂ। ਪਹਿਲਾਂ ਮਨੋ-ਵਿਗਿਆਨਕ ਸਮਝਦੇ ਸਨ ਕਿ ਮਨੁੱਖ ਦੇ ਦਿਮਾਗ ਦੀ ਬਣਤਰ ਬਚਪਨ ਵਿੱਚ ਨਿਰਧਾਰਤ ਹੋ ਜਾਂਦੀ ਹੈ ਅਤੇ ਫਿਰ ਸਾਰੀ ਉਮਰ ਇਸ ਵਿੱਚ ਕੋਈ ਬਦਲਾਓ ਨਹੀਂ ਹੋ ਸਕਦਾ ਪਰ ਹੁਣ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਦਿਮਾਗ ਦਾ ਵਿਕਾਸ ਵੱਡੀ ਉਮਰ ਵਿੱਚ ਵੀ ਹੋ ਸਕਦਾ ਹੈ, ਜੋ ਦੋ ਗੱਲਾਂ ਨਾਲ ਸੰਭਵ ਹੈ, ਸਾਧਨਾ ਅਤੇ ਕਸਰਤ। ਦਿਮਾਗ ਨੂੰ ਸਾਰੇ ਸਰੀਰ ਨਾਲ ਜੋੜਨ ਵਾਲ਼ੀਆਂ 12 ਨਾੜਾਂ ਵਿੱਚੋਂ ਮੁੱਖ ਵੇਅਗਲ ਨਾੜੀ ਹੈ, ਜਿਸ ਉੱਤੇ ਤੁਰਨ-ਫਿਰਨ ਅਤੇ ਦੌੜਨ ਦਾ ਬਹੁਤ ਛੇਤੀ ਚੰਗਾ ਪ੍ਰਭਾਵ ਪੈਂਦਾ ਹੈ। ਸਪਸ਼ਟ ਹੈ ਕਿ ਲੰਬੀ ਸੈਰ ਕਰਨਾ ਅਤੇ ਦੌੜਨਾ ਸਭ ਤੋਂ ਸਰਲ, ਸਸਤੀਆਂ ਅਤੇ ਪ੍ਰਭਾਵਕਾਰੀ ਕਸਰਤਾਂ ਵਿੱਚੋਂ ਮੁੱਖ ਹੈ, ਖਾਸ ਕਰ ਕੇ ਵੱਡੀ ਉਮਰ ਵਾਲਿਆਂ ਵਾਸਤੇ ਕਿਉਂਕਿ ਇਸ ਸਮੇਂ ਉਹ ਪਰਮਾਰਥੀ ਲਾਹਾ ਵੀ ਲੈ ਸਕਦੇ ਹਨ। ਕਨੇਡਾ ਵਿੱਚ ਰਹਿ ਕੇ ਸੈਰ ਨਾ ਕਰਨਾ ਆਪਣੇ ਆਪ ਨੂੰ ਦੇਸ਼ ਕਨੇਡਾ ਦੀ ਇੱਕ ਵੱਡੀ ਨਿਹਮਤ ਤੋਂ ਬਾਂਝੇ ਰੱਖਣਾ ਹੈ। ਪ੍ਰਿੰਸੀਪਲ ਸਾਹਿਬ ਦੀ ਇੱਕ ਬਹੁਤ ਹੀ ਵਿਹਾਰਕ ਅਤੇ ਉਪਯੋਗੀ ਨਸੀਹਤ ਹੈ:
ਜੇ ਤੁਸੀਂ ਦੌੜ ਸਕਦੇ ਹੋ, ਤਾਂ ਦੌੜੋ; ਤੁਰੋ ਨਾ।
ਜੇ ਤੁਸੀਂ ਤੁਰ ਸਕਦੇ ਹੋ, ਤਾਂ ਤੁਰੋ; ਖੜ੍ਹੋ ਨਾ।
ਜੇ ਤੁਸੀਂ ਖੜ੍ਹ ਸਕਦੇ ਹੋ, ਤਾਂ ਖੜ੍ਹੋ; ਬੈਠੋ ਨਾ।
ਜੇ ਤੁਸੀਂ ਬੈਠ ਸਕਦੇ ਹੋ, ਤਾਂ ਬੈਠੋ; ਪਓ ਨਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5034)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)