“ਜਦ ਕੋਈ ਸਾਡੀ ਨੁਕਤਾਚੀਨੀ ਜਾਂ ਵਿਰੋਧਤਾ ਕਰਦਾ ਹੈ, ਅਸੀਂ ਫੌਰੀ ਅਤੇ ਬੇਲੋੜੀ ਪ੍ਰਤੀਕਿਰਿਆ ...”
(7 ਫਰਵਰੀ 2021)
(ਸ਼ਬਦ: 2060)
ਅੱਜ ਮਨੋ-ਵਿਗਿਆਨ ਅਤੇ ਸਮਾਜ-ਵਿਗਿਆਨ ਦੇ ਖੇਤਰਾਂ ਵਿੱਚ ਚਰਚਾ ਦਾ ਇੱਕ ਮੁੱਖ ਵਿਸ਼ਾ ਇਹ ਹੈ ਕਿ ਸੰਸਾਰ ਦੀ ਹਰ ਪੱਖ ਤੋਂ ਬੇ-ਥਾਹ ਤਰੱਕੀ ਦੇ ਬਾਵਜੂਦ ਮਨੁੱਖੀ ਪ੍ਰਸੰਨਤਾ (Happiness) ਵਿੱਚ ਸਿਰਫ ਨਿਗੂਣਾ ਵਾਧਾ ਹੀ ਕਿਉਂ ਹੋ ਸਕਿਆ ਹੈ? ਇਸ ਨੂੰ ਹੋਰ ਕਿਵੇਂ ਵਧਾਇਆ ਜਾ ਸਕਦਾ ਹੈ? ਵਿਸ਼ੇ ਦੇ ਮਾਹਰਾਂ ਦੀ ਵੱਡੀ ਗਿਣਤੀ ਇਸਦਾ ਮੁੱਖ ਕਾਰਨ ਅਧਿਆਤਮਵਾਦ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਣਗੌਲਿਆ ਕਰਕੇ ਸਾਇੰਸ ਨੂੰ ਜ਼ਰੂਰਤ ਤੋਂ ਵੱਧ ਦਿੱਤੀ ਮਹੱਤਤਾ ਨੂੰ ਮੰਨਦੀ ਹੈ। ਆਪਣੀ ਇਸ ਉਕਾਈ ਨੂੰ ਸਵੀਕਾਰ ਕਰਦਿਆਂ ਉਹ ਪਿਛਲੇ ਛੇ-ਸੱਤ ਦਹਾਕਿਆਂ ਤੋਂ “Finding Modern Truth in Ancient Wisdom“ਦੀ ਵਿਚਾਰਧਾਰਾ ਦੇ ਹਾਮੀ ਬਣੇ ਹਨ ਅਤੇ ਇਸ ਨੂੰ ਆਪਣੀਆਂ ਖੋਜਾਂ ਅਤੇ ਲੱਭਤਾਂ ਦਾ ਅਧਾਰ ਬਣਾ ਰਹੇ ਹਨ। ਉਹ ਸਮਝ ਚੁੱਕੇ ਹਨ ਕਿ ਇਕੱਲੀਆਂ ਬਾਹਰੀ ਪ੍ਰਾਪਤੀਆਂ ਸਾਨੂੰ ਪ੍ਰਸੰਨਤਾ ਨਹੀਂ ਦੇ ਸਕਦੀਆਂ ਕਿਉਂਕਿ ਇਹ ਐਸੀਆਂ ਪ੍ਰਾਪਤੀਆਂ ਨਾਲੋਂ ਕਿਤੇ ਵੱਧ ਸਾਡੇ ਨਿੱਜੀ ਦ੍ਰਿਸ਼ਟੀਕੋਣ ਅਤੇ ਸਾਡੇ ਮਨ ਦੀ ਅਵਸਥਾ ਉੱਤੇ ਨਿਰਭਰ ਹੈ। ਇਹ ਕੋਈ ਐਸੀ ਮੰਜ਼ਿਲ ਵੀ ਨਹੀਂ ਜਿੱਥੇ ਪਹੁੰਚ ਕੇ ਇਹ ਕਿਸੇ ਮੈਡਲ ਜਾਂ ਟਰਾਫੀ ਦੇ ਰੂਪ ਵਿੱਚ ਸਾਨੂੰ ਮਿਲ ਜਾਣੀ ਹੈ। ਇਸ ਨੂੰ ਤਾਂ ਮੰਜ਼ਿਲ ਵਲ ਪੁੱਟੇ ਹਰ ਕਦਮ ਵਿੱਚੋਂ ਲੱਭਣ ਦੀ ਕਲਾ ਸਿੱਖਣੀ ਪੈਂਦੀ ਹੈ ਅਤੇ ਨਿਰੰਤਰ ਅਭਿਆਸ ਰਾਹੀਂ ਇਸ ਕਲਾ ਨੂੰ ਸੰਵਾਰਦੇ ਰਹਿਣਾ ਪੈਂਦਾ ਹੈ। ਇਹ ਕਲਾ ਹੈ ਆਪਣੇ ਮਨ ਦਾ ਸਰਬ-ਪੱਖੀ ਵਿਕਾਸ। ਇਸ ਵਾਸਤੇ ਕਈ ਸੁਚੱਜੀਆਂ ਕਾਰਵਾਈਆਂ ਨਿੱਜੀ ਤੌਰ ’ਤੇ ਜੀਵਨ ਭਰ ਕਰਦੇ ਰਹਿਣਾ ਪੈਂਦਾ ਹੈ।
ਇਹ ਬਹੁਤ ਉਤਸ਼ਾਹਜਨਕ ਗੱਲ ਹੈ ਕਿ ਪੱਛਮੀ ਮਾਹਿਰਾਂ ਨੇ ਇਨ੍ਹਾਂ ਸਚਾਈਆਂ ਨੂੰ ਖੁੱਲ੍ਹ-ਦਿਲੀ ਨਾਲ ਗ੍ਰਹਿਣ ਕੀਤਾ ਹੈ ਅਤੇ ਸੁਹਿਰਦਤਾ ਨਾਲ ਪੁਰਾਤਨ ਪੂਰਬੀ ਸਿਆਣਪਾਂ ਦਾ ਵਰਤਮਾਨ ਪੱਛਮੀ ਖੋਜਾਂ ਨਾਲ ਇੱਕ ਐਸਾ ਵਿਹਾਰਿਕ ਅਤੇ ਅਸਰਦਾਰ ਸੁਮੇਲ ਬਣਾਇਆ ਹੈ ਜਿਸ ’ਤੇ ਸਾਡੇ ਮਨ ਦਾ ਭਰੋਸਾ ਵੀ ਬੱਝ ਜਾਂਦਾ ਹੈ ਅਤੇ ਜਿਸ ਨਾਲ ਸਾਡੇ ਦਿਮਾਗ ਦੀ ਤਸੱਲੀ ਵੀ ਹੋ ਜਾਂਦੀ ਹੈ। ਅੱਜ ਦੇ ਪ੍ਰਸਿੱਧ ਸਕਾਰਾਤਮਿਕ ਮਨੋਵਿਗਿਆਨੀ ਡਾ. ਮਾਰਟਿਨ ਸੈਲਿਗਮੈਨ ਦਾ ਕਥਨ ਹੈ, “ਪ੍ਰਸੰਨਤਾ ਵਾਸਤੇ ਆਪਾਂ ਨੂੰ ਮਾਡਰਨ ਸਾਇੰਸ ਅਤੇ ਪੁਰਾਤਨ ਸਿਆਣਪਾਂ ਵਿੱਚ, ਪੂਰਬ ਅਤੇ ਪੱਛਮ ਵਿੱਚ ਅਤੇ ਦਿਮਾਗ ਦੇ ਖੱਬੇ ਪਾਸੇ ਅਤੇ ਸੱਜੇ ਪਾਸੇ ਵਿੱਚ ਸਹੀ ਸੰਤੁਲਨ ਕਾਇਮ ਕਰਨਾ ਅਤੀ ਜ਼ਰੂਰੀ ਹੈ।”ਇਹ ਗੱਲ ਜਾਣਕਾਰੀ ਭਰਪੂਰ ਹੈ ਕਿUNO ਦੀਆਂGlobal Happiness & Well-Being Policy Reports 2018 & 2019 ਅਤੇWorld Happiness Reports 2019 & 2020 ਵਿੱਚ ਇਨ੍ਹਾਂ ਸਭ ਗੱਲਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਇਸ ਵਿਚਾਰਧਾਰਾ ਦੇ ਸਮਰਥਕ ਹੋਰ ਪ੍ਰਸਿੱਧ ਮਨੋ-ਵਿਗਿਆਨੀਆਂ ਅਤੇ ਸਮਾਜ-ਵਿਗਿਆਨੀਆਂ ਵੱਲੋਂ ਲਿਖੇ ਪੇਪਰ ਵੀ ਇਨ੍ਹਾਂ ਰਿਪੋਰਟਾਂ ਦਾ ਹਿੱਸਾ ਹਨ। ਇਸ ਤੱਥ ਨੂੰ ਖੁੱਲ੍ਹੇ ਤੌਰ ’ਤੇ ਸਵੀਕਾਰ ਕੀਤਾ ਗਿਆ ਹੈ ਕਿ ਅੱਜ ਦੀ ਤਰੱਕੀ ਦੇ ਕਈ ਹਾਨੀਕਾਰਕ ਪੱਖ ਵੀ ਹਨ ਅਤੇ ਇਸ ਵਿੱਚ ਬਹੁਤ ਊਣਤਾਈਆਂ ਵੀ ਹਨ ਜੋ ਮਨੁੱਖੀ ਪ੍ਰਸੰਨਤਾ ਨੂੰ ਘਟਾਉਂਦੀਆਂ ਹਨ। ਇਨ੍ਹਾਂ ਦੀ ਦਰੁਸਤੀ ਵਾਸਤੇUNO ਦੀਆਂ ਸਬੰਧਤ ਸੰਸਥਾਵਾਂ ਨੇ2030 ਤੱਕ ਦੇ ਟੀਚੇ ਵੀ ਮਿੱਥੇ ਹਨ ਪਰ ਇਨ੍ਹਾਂ ਦੀ ਪ੍ਰਾਪਤੀ ਦੀ ਸੰਭਾਵਨਾ ਘੱਟ ਹੈ। ਇਹ ਸਭ ਵਾਸਤੇ ਚਿੰਤਾ ਦਾ ਕਾਰਨ ਹੈ ਕਿਉਂਕਿ ਇਸਦਾ ਭਾਵ ਹੈ ਕਿ ਆਉਣ ਵਾਲੇ ਵਕਤ ਵਿੱਚ ਮਨੁੱਖੀ ਪ੍ਰਸੰਨਤਾ ਅੱਜ ਤੋਂ ਵੀ ਵੱਡੀ ਵੰਗਾਰ ਬਣ ਜਾਵੇਗੀ। ਭਾਵੇਂ UNO ਅਤੇ ਇਸਦੀਆਂ ਸਭ ਸੰਸਥਾਵਾਂ ਅਤੇ ਦੇਸ਼ਾਂ ਦੀਆਂ ਸਰਕਾਰਾਂ ਆਪਣਾ ਫਰਜ਼ ਪੂਰਾ ਕਰਨ ਵਾਸਤੇ ਦ੍ਰਿੜ੍ਹ ਹਨ ਪਰ ਪ੍ਰਸੰਨਤਾ ਵਧਾਉਣ ਵਾਸਤੇ ਨਿੱਜੀ ਕੋਸ਼ਿਸ਼ਾਂ ਅਤੇ ਕਾਰਵਾਈਆਂ ਦਾ ਵੱਧ ਮਹੱਤਵ ਹੈ। ਆਪਣੀਆਂ ਖੋਜਾਂ ਅਤੇ ਪੁਰਾਤਨ ਸਿਆਣਪਾਂ ਦੇ ਸੁਮੇਲ ਨੂੰ ਅਧਾਰ ਬਣਾ ਕੇ ਅੱਜ ਦੇ ਮਾਹਿਰ ਜਿਹੜੀਆਂ ਕਾਰਵਾਈਆਂ ’ਤੇ ਸਭ ਤੋਂ ਵੱਧ ਸਹਿਮਤ ਹੋਏ ਹਨ, ਉਨ੍ਹਾਂ ਵਿੱਚੋਂ ਮੁਢਲੀਆਂ ਕੁਛ ਇਹ ਹਨ: ਸਾਧਨਾ, ਸ਼ੁਕਰ-ਗੁਜ਼ਾਰੀ, ਸਵੀਕਾਰਤਾ, ਆਤਮ-ਸੰਜਮ, ਖਿਮਾ, ਨਰਮਾਈ, ਦਇਆ-ਭਾਵ, ਚੰਗੀ ਸਿਹਤ, ਚੰਗੀ ਸੰਗਤ ਆਦਿ।
ਪਰ ਆਪਾਂ ਇਨ੍ਹਾਂ ਨੂੰ, ਖਾਸ ਕਰਕੇ ਸਾਧਨਾ (Meditation) ਨੂੰ, ਬਹੁਤਾ ਕਰਕੇ ਪਰਮਾਰਥ ਅਤੇ ਧਰਮ-ਕਰਮ ਦਾ ਹੀ ਹਿੱਸਾ ਮੰਨਦੇ ਹਾਂ ਅਤੇ ਸਮਝਦੇ ਹਾਂ ਕਿ ਇਨ੍ਹਾਂ ਦਾ ਸਾਡੇ ਇਸ ਜੀਵਨ ਨਾਲ ਬਹੁਤਾ ਸਬੰਧ ਨਹੀਂ। ਪਰ ਸਾਡੀ ਇਹ ਧਾਰਨਾ ਠੀਕ ਨਹੀਂ।ਇਹ ਗੁਣ-ਦਾਇਕ ਕਾਰਵਾਈਆਂ ਸਾਡੇ ਦ੍ਰਿਸ਼ਟੀਕੋਣ ਨੂੰ ਉਸਾਰੂ ਬਣਾਉਂਦੀਆਂ ਅਤੇ ਸਾਡੇ ਮਨ ਦਾ ਵਿਕਾਸ ਕਰਦੀਆਂ ਹਨ। ਸਾਧਨਾ ਇਨ੍ਹਾਂ ਵਿੱਚੋਂ ਮੁੱਖ ਹੈ, ਜਿਸਦਾ ਲਾਭ ਅਸੀਂ ਇਸ ਜੀਵਨ ਦੇ ਹਰ ਖੇਤਰ ਵਿੱਚ ਉਠਾ ਸਕਦੇ ਹਾਂ। ਇਹ ਠੀਕ ਹੈ ਕਿ ਇਹ ਪਰਮਾਰਥ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ, ਪਰ ਇਸ ਤੋਂ ਇਹ ਭਾਵ ਨਹੀਂ ਲਿਆ ਜਾਣਾ ਚਾਹੀਦਾ ਕਿ ਇਹ ਸਿਰਫ ਇਸ ਖੇਤਰ ਤਕ ਹੀ ਸੀਮਤ ਹੈ ਜਾਂ ਕਿਸੇ ਧਰਮ-ਵਿਸ਼ੇਸ਼ ਦਾ ਹੀ ਏਕਾਧਿਕਾਰ ਹੈ।
ਸਾਡੇ ਇਸ ਭੁਲੇਖੇ ਨੂੰ ਦੂਰ ਕਰਨ ਵਾਸਤੇ ਅੱਜ ਦੇ ਪ੍ਰਸਿੱਧ ਲੇਖਕ ਯੁਵਾਲ ਹਰਾਰੀ ਨੇ ਉਦਾਹਰਣ ਦਿੱਤੀ ਹੈ ਕਿ ਦੁਨੀਆਂ ਦੇ ਸਾਰੇ ਧਰਮਾਂ ਵਿੱਚ ਕਿਤਾਬਾਂ ਦੀ ਵਰਤੋਂ ਜ਼ਰੂਰੀ ਅਤੇ ਆਮ ਹੈ ਪਰ ਇਸਦਾ ਭਾਵ ਇਹ ਨਹੀਂ ਕਿ ਕਿਤਾਬਾਂ ਸਿਰਫ ਪਰਮਾਰਥ ਅਤੇ ਧਰਮ ਵਾਸਤੇ ਹੀ ਹੁੰਦੀਆਂ ਹਨ। ਜ਼ਿਕਰ-ਯੋਗ ਹੈ ਕਿ ਡਾ. ਹਰਾਰੀ ਇੱਕ ਫਿਲਾਸਫਰ-ਇਤਿਹਾਸਕਾਰ ਅਤੇ ਤਿੰਨ ਬਹੁਤ ਪ੍ਰਸਿੱਧ ਕਿਤਾਬਾਂ ਦੇ ਲੇਖਕ ਹਨ ਅਤੇ ਖੁਦ ਪਿਛਲੇ ਵੀਹ ਸਾਲ ਤੋਂ ਨੇਮ ਨਾਲ ਸਾਧਨਾ ਕਰ ਰਹੇ ਹਨ। ਇਸੇ ਤਰ੍ਹਾਂ ਪੱਛਮ ਵਿੱਚ ਵੱਡੀਆਂ ਮੰਨੀਆਂ ਜਾਂਦੀਆਂ ਹਸਤੀਆਂ ਜਿਵੇਂ ਕਿ ਓਪਰਾਹ ਵਿਨਫਰੇਅ, ਡਾ. ਦੀਪਕ ਚੋਪੜਾ ਅਤੇ ਬਿੱਲ ਗੇਟਸ ਖੁਦ ਵੀ ਸਾਧਨਾ ਕਰਦੇ ਹਨ ਅਤੇ ਹੋਰਾਂ ਨੂੰ ਵੀ ਪ੍ਰੇਰਦੇ ਹਨ। ਬਿੱਲ ਗੇਟਸ ਦਾ ਕਹਿਣਾ ਹੈ ਕਿ, “ਮੈਨੂੰ ਹੁਣ ਇਹ ਸਮਝ ਆਈ ਹੈ ਕਿ ਸਾਧਨਾ ਮਨ ਵਾਸਤੇ ਉਸੇ ਤਰ੍ਹਾਂ ਦੀ ਇੱਕ ਕਸਰਤ ਹੈ ਜਿਸ ਤਰ੍ਹਾਂ ਦੀ ਅਸੀਂ ਖੇਡਾਂ ਰਾਹੀਂ ਸਰੀਰ ਵਾਸਤੇ ਕਰਦੇ ਹਾਂ। ਮੈਂ ਸਮਝਦਾ ਹਾਂ ਕਿ ਇਸਦਾ ਇਕੱਲੇ ਧਰਮ ਨਾਲ ਹੀ ਸਬੰਧ ਨਹੀਂ। ਮੈਂ ਹਰ ਰੋਜ਼ ਕੁਛ ਵਕਤ ਕੱਢ ਕੇ ਆਪਣੇ ਮਨ ਵਿੱਚ ਉੱਠ ਰਹੀਆਂ ਨਕਾਰਾਤਮਿਕ ਸੋਚਾਂ ਬਾਰੇ ਵਿਚਾਰ ਕਰਕੇ ਉਨ੍ਹਾਂ ਤੋਂ ਦੂਰ ਹੋ ਰਿਹਾ ਹਾਂ।”ਇਸੇ ਕਰਕੇ ਅੱਜ ਸੰਸਾਰ ਵਿੱਚ ਧਰਮ-ਨਿਰਪੱਖ ਸਾਧਨਾ ਦੀ ਵੀ ਆਮ ਚਰਚਾ ਹੈ ਅਤੇ ਇਹ ਧਾਰਮਿਕ ਸਥਾਨਾਂ ਵਿੱਚੋਂ ਬਾਹਰ ਨਿਕਲ ਕੇ ਵੱਡੀਆਂ ਯੂਨੀਵਰਸਿਟੀਆਂ, ਕਾਰਪੋਰੇਸ਼ਨਾਂ, ਫੌਜਾਂ, ਹਸਪਤਾਲਾਂ, ਸੁਧਾਰ-ਘਰਾਂ ਅਤੇ ਖੇਡਾਂ ਦੇ ਖੇਤਰ ਵਿੱਚ ਆਪਣਾ ਪਸਾਰ ਕਰ ਚੁੱਕੀ ਹੈ। ਇਨ੍ਹਾਂ ਦੇ ਉੱਚ-ਅਧਿਕਾਰੀ ਖੁਦ ਇਸਦਾ ਅਭਿਆਸ ਕਰ ਰਹੇ ਹਨ ਅਤੇ ਮਾਤਹਿਤਾਂ ਤੋਂ ਕਰਵਾ ਰਹੇ ਹਨ।
ਸਾਧਨਾ ਦੀ ਮਹੱਤਤਾ ਸਮਝਣ ਵਾਸਤੇ ਪਹਿਲਾਂ ਆਪਣੇ ਮਨ ਦੀ ਅੱਜ ਦੀ ਅਵਸਥਾ ਉੱਤੇ ਵਿਚਾਰ ਕਰਨਾ ਅਤੇ ਇਸਦੇ ਸੁਭਾਅ, ਇਸਦੀਆਂ ਖਸਲਤਾਂ, ਕਮਜ਼ੋਰੀਆਂ ਅਤੇ ਪ੍ਰਤਿਭਾਵਾਂ ਬਾਰੇ ਜਾਣਨਾ ਜ਼ਰੂਰੀ ਹੈ। ਆਪਾਂ ਸਭ ਨੂੰ ਪਤਾ ਹੈ ਕਿ ਸਾਡੀਆਂ ਸਾਰੀਆਂ ਤਾਕਤਾਂ, ਕਮਜ਼ੋਰੀਆਂ, ਚੰਗੀਆਂ-ਮੰਦੀਆਂ ਆਦਤਾਂ, ਚਾਹਤਾਂ ਅਤੇ ਹਰ ਸੋਚ-ਵਿਚਾਰ ਦਾ ਸਰੋਤ ਸਾਡਾ ਮਨ ਹੈ। ਇਸਦਾ ਸੋਚਾਂ-ਵਿਚਾਰਾਂ ਦਾ ਵਹਿਣ ਕਦੇ ਰੁਕਦਾ ਨਹੀਂ। ਇਨ੍ਹਾਂ ਸੋਚਾਂ ਦੀ ਨਾ ਕੋਈ ਤਰਤੀਬ ਹੁੰਦੀ ਹੈ, ਨਾ ਕੋਈ ਤਰਕ। ਇਹ ਬੀਤ ਚੁੱਕੇ ਜੀਵਨ ਦੇ ਝੋਰੇ-ਪਛਤਾਵੇ, ਵਰਤਮਾਨ ਦੀਆਂ ਸਕੀਮਾਂ ਅਤੇ ਆਉਣ ਵਾਲੇ ਦੇ ਡਰ ਅਤੇ ਚਿੰਤਾਵਾਂ, ਖੁੰਧਕਾਂ, ਈਰਖਾ ਆਦਿਕ ਦਾ ਐਸਾ ਰਲ-ਗੱਡ ਹੁੰਦਾ ਹੈ ਜਿਹੜਾ ਕਿ ਵਾਰ-ਵਾਰ ਦੁਹਰਾਇਆ ਜਾਂਦਾ ਰਹਿੰਦਾ ਹੈ। ਮਾਹਰ ਦੱਸਦੇ ਹਨ ਕਿ ਸਾਡਾ ਮਨ ਇੱਕ ਦਿਨ ਵਿੱਚ ਹਜ਼ਾਰਾਂ ਵਿਚਾਰ, ਫੁਰਨੇ ਪੈਦਾ ਕਰ ਸਕਦਾ ਹੈ। ਮਨ ਦੀਆਂ ਇਹ ਅਲਾਮਤਾਂ ਤਾਂ ਸਿਰਫ ਇੱਕ ਨਮੂਨਾ ਹਨ, ਇਸਦੀਆਂ ਹੋਰ ਬਹੁਤ ਪਰੇਸ਼ਾਨੀਆਂ ਅਤੇ ਬੀਮਾਰੀਆਂ ਵਾਸਤੇ ਤਾਂ ਮਨੋਵਿਗਿਆਨੀਆਂ ਨੇ “Diagnostic and Statistical Manual of Mental Disorders” ਸਿਰਲੇਖ ਹੇਠ ਇੱਕ ਵੱਡਾ ਮੈਨੂਅਲ ਬਣਾਇਆ ਹੋਇਆ ਹੈ ਅਤੇ ਇਹ ਹਰ ਦਸ ਸਾਲ ਬਾਅਦ update ਵੀ ਕੀਤਾ ਜਾਂਦਾ ਹੈ। ਇਹ ਮੈਨੂਅਲ ਪੱਛਮੀ ਖੋਜੀਆਂ ਦਾ ਬਣਾਇਆ ਹੋਇਆ ਹੈ ਜਿਹੜੇ ਅਜੇ ਮਨ ਅਤੇ ਦਿਮਾਗ ਦੇ ਫਰਕ ਨੂੰ ਵੀ ਨਹੀਂ ਸਮਝ ਸਕੇ ਅਤੇ ਦਿਮਾਗ ਉੱਪਰ ਕੀਤੀਆਂ ਖੋਜਾਂ ਨੂੰ ਹੀ ਮਨ ’ਤੇ ਲਾਗੂ ਕਰ ਰਹੇ ਹਨ। ਜੇ ਮਨ ਬਾਰੇ ਕੋਈ ਖੋਜਾਂ ਕਰਦੇ ਵੀ ਹਨ ਤਾਂ ਹੋਰਾਂ ਤੋਂ ਉਨ੍ਹਾਂ ਦੇ ਮਨਾਂ ਦੀ ਅਵਸਥਾ ਬਾਰੇ ਪੁੱਛ-ਪੁਛਾ ਕੇ ਕਰਦੇ ਹਨ। ਪਰ ਪੂਰਬੀ ਅਧਿਆਤਮਵਾਦੀਆਂ ਨੇ ਇਹ ਸਭ ਖੋਜਾਂ ਸਿੱਧੀਆਂ ਆਪੋ ਆਪਣੇ ਮਨਾਂ ਉੱਪਰ ਕੀਤੀਆਂ ਹਨ ਅਤੇ ਇਨ੍ਹਾਂ ਖੋਜਾਂ ਦੇ ਅਧਾਰ ’ਤੇ ਹੀ ਮਨ ਦੀਆਂ ਕੁਦਰਤੀ ਆਦਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਉਹ ਮਨ ਅਤੇ ਇਸਦੀਆਂ ਆਦਤਾਂ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਗੁਰਬਾਣੀ ਵਿੱਚ ਤਾਂ ਮਨ ਨੂੰ ਨੀਚ, ਪਾਪੀ, ਹਿੰਸਕ, ਮੂਰਖ, ਕੁੱਤੇ ਦੀ ਪੂਛ ਵਰਗਾ ਅਤੇ ਜਨਮਾਂ-ਜਨਮਾਂ ਦੀਆਂ ਮੈਲਾਂ ਵਿੱਚ ਲਿੱਬੜ ਕੇ ਕਾਲਾ ਸਿਆਹ ਹੋਇਆ ਕਿਹਾ ਗਿਆ ਹੈ।
ਆਪਣੇ ਮਨ ਦੀ ਅੱਜ ਦੀ ਅਵਸਥਾ ਦਾ ਸਬੂਤ ਲੱਭਣ ਵਾਸਤੇ ਆਪਾਂ ਨੂੰ ਕਿਸੇ ਡਾਕਟਰ ਜਾਂ ਮਨੋ-ਵਿਗਿਆਨੀ ਕੋਲ ਜਾਣ ਦੀ ਲੋੜ ਨਹੀਂ। ਆਪਣੇ ਕਮਰੇ ਦੀ ਇਕਾਂਤ ਵਿੱਚ ਬੈਠ ਕੇ ਦਸ ਮਿੰਟ ਗੰਭੀਰਤਾ ਅਤੇ ਨਿਰਪੱਖਤਾ (objectively) ਨਾਲ ਆਪਣੀਆਂ ਸੋਚਾਂ ਅਤੇ ਆਪਣੇ ਵਿਚਾਰਾਂ-ਫੁਰਨਿਆਂ ਵਲ ਅੰਤਰ-ਧਿਆਨ ਹੋਣ ਦੀ ਲੋੜ ਹੈ। ਇਨ੍ਹਾਂ ਦੀ ਆਪਾਂ ਹੜ੍ਹ ਦੇ ਪਾਣੀ ਨਾਲ ਤੁਲਨਾ ਕਰ ਸਕਦੇ ਹਾਂ, ਜਿਸ ਵਿੱਚ ਸਾਡੀਆਂ ਸਭ ਸਿਆਣਪਾਂ, ਅਸੂਲ, ਸਹੁੰਆਂ ਅਤੇ ਦ੍ਰਿੜਤਾਵਾਂ ਰੁੜ੍ਹ ਜਾਂਦੀਆਂ ਹਨ। ਮਨ ਦੀਆਂ ਲਗਾਤਾਰ ਚੱਲਣ ਵਾਲੀਆਂ ਇਹ ਨਕਾਰਾਤਮਿਕ ਸੋਚਾਂ ਹੀ ਸਾਡੀਆਂ ਮਾਨਸਿਕ ਪਰੇਸ਼ਾਨੀਆਂ ਅਤੇ ਬੀਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਹਨ ਜੋ ਸਾਨੂੰ ਉਦਾਸੀ ਅਤੇ ਢਹਿੰਦੀਆਂ ਕਲਾਂ ਵਲ ਲਿਜਾਂਦੀਆਂ ਹਨ ਅਤੇ ਪ੍ਰਸੰਨਤਾ ਤੋਂ ਵਾਂਝਾ ਰੱਖਦੀਆਂ ਹਨ। ਪਰ ਇਸ ਸਥਿਤੀ ਵਾਸਤੇ ਆਪਣੇ-ਆਪ ਨੂੰ ਕਸੂਰਵਾਰ ਮੰਨਣ ਦੀ ਲੋੜ ਨਹੀਂ ਕਿਉਂਕਿ ਮਨ ਦੀਆਂ ਇਹ ਆਦਤਾਂ ਉਸੇ ਤਰ੍ਹਾਂ ਦਾ ਕੁਦਰਤੀ ਕਾਨੂੰਨ ਹੈ ਜਿਵੇਂ ਕਿ ਧਰਤੀ ਦੀ ਖਿੱਚ ਅਤੇ ਪਾਣੀ ਦੇ ਨਿਵਾਣ ਵਲ ਵਹਿਣ ਦੇ ਕਾਨੂੰਨ ਹਨ। ਪਰ ਜੇ ਅਸੀਂ ਕੁਦਰਤ ਦੇ ਹੋਰ ਕਾਨੂੰਨਾਂ ਨੂੰ ਸਮਝ ਕੇ ਉਨ੍ਹਾਂ ਨੂੰ ਆਪਣੇ ਲਾਭ ਵਾਸਤੇ ਵਰਤ ਰਹੇ ਹਾਂ ਤਾਂ ਮਨ ਦੇ ਸੁਭਾਅ ਨੂੰ ਸਮਝ ਕੇ ਮਨ ਦਾ ਪੂਰਾ ਵਿਕਾਸ ਕਿਉਂ ਨਹੀਂ ਕਰ ਰਹੇ? ਖਾਸ ਕਰਕੇ ਅੱਜ ਜਦੋਂ ਕਿ ਸਮੂਹਿਕ ਤੌਰ ’ਤੇ ਸਾਰੇ ਸੰਸਾਰ ਨੇ ਅਤੇ ਨਿੱਜੀ ਤੌਰ ’ਤੇ ਆਪਾਂ ਸਭ ਨੇ ਬਹੁਤ ਤਰੱਕੀ ਕਰ ਰੱਖੀ ਹੈ। ਆਪਾਂ ਆਪਣੇ ਪੂਰਵਜਾਂ ਨਾਲੋਂ ਕਿਤੇ ਵੱਧ ਆਤਮ-ਨਿਰਭਰ, ਵੱਧ ਪੜ੍ਹੇ ਲਿਖੇ ਅਤੇ ਵੱਧ ਖੁਸ਼ਹਾਲ ਹਾਂ। ਇਸ ਤਰ੍ਹਾਂ ਸਾਡੇ ਕੋਲ ਆਤਮ-ਸੁਧਾਰ ਅਤੇ ਮਨੋਵਿਕਾਸ ਦੇ ਮੌਕੇ ਅਤੇ ਸਹੂਲਤਾਂ ਉਨ੍ਹਾਂ ਨਾਲੋਂ ਕਿਤੇ ਵੱਧ ਹਨ। ਸੋ ਆਪਾਂ ਇਸ ਗੱਲ ਦੇ ਕਸੂਰਵਾਰ ਜ਼ਰੂਰ ਹਾਂ ਕਿ ਇਸ ਤਰ੍ਹਾਂ ਦੇ ਮਦਦਗਾਰ ਮਾਹੌਲ ਤੋਂ ਲਾਹਾ ਨਹੀਂ ਲੈ ਰਹੇ ਅਤੇ ਦਰਪੇਸ਼ ਵੰਗਾਰ ਦਾ ਟਾਕਰਾ ਨਹੀਂ ਕਰ ਰਹੇ।
ਮਨ ਦਾ ਸਿੱਧਾ ਤਜਰਬਾ ਪ੍ਰਾਪਤ ਕਰ ਚੁੱਕੇ ਪੂਰਬੀ ਮਹਾਂ-ਪੁਰਖ ਇਸਦੀਆਂ ਦੋ ਕੁਦਰਤੀ ਖਸਲਤਾਂ ਬਾਰੇ ਦੱਸਦੇ ਹਨ ਕਿ:
· ਮਨ ਦੀਆਂ ਸੋਚ-ਵਿਚਾਰ ਕਰਨ ਦੀਆਂ ਆਦਤਾਂ ਨੂੰ ਦਬਾਇਆ ਨਹੀਂ ਜਾ ਸਕਦਾ; ਇਨ੍ਹਾਂ ਦੀ ਦਸ਼ਾ ਸੁਧਾਰੀ ਅਤੇ ਦਿਸ਼ਾ ਬਦਲੀ ਜਾ ਸਕਦੀ ਹੈ।
· ਮਨ ਰਸਾਂ-ਕਸਾਂ ਦਾ ਸ਼ੌਕੀਨ ਹੈ ਪਰ ਕਿਸੇ ਇੱਕ ਰਸ ਉੱਤੇ ਟਿਕਿਆ ਨਹੀਂ ਰਹਿੰਦਾ। ਇੱਕ ਤੋਂ ਜਦੋਂ ਇਹ ਅੱਕ ਜਾਂਦਾ ਹੈ ਜਾਂ ਦੂਜਾ ਇਸ ਤੋਂ ਵਧੀਆ ਮਿਲ ਜਾਂਦਾ ਹੈ ਤਾਂ ਪਹਿਲੇ ਨੂੰ ਛੱਡ ਦਿੰਦਾ ਹੈ।
ਮਹਾਂ ਪੁਰਖਾਂ ਨੇ ਸਾਨੂੰ ਮਨ ਦੀਆਂ ਇਨ੍ਹਾਂ ਖਸਲਤਾਂ ਤੋਂ ਫਾਇਦਾ ਉਠਾ ਕੇ ਇਸ ਨੂੰ ਸੋਧਣ ਦੀਆਂ ਵਿਧੀਆਂ ਸਿਖਾਈਆਂ ਹਨ ਅਤੇ ਸਾਧਨਾ ਇਨ੍ਹਾਂ ਵਿੱਚੋਂ ਮੁੱਖ ਵਿਧੀ ਹੈ। ਇਹ ਮਨ ਦੇ ਅਮੋੜ ਵੇਗਾਂ ਨੂੰ ਸਕਾਰਾਤਮਿਕ ਪਾਸੇ ਮੋੜ ਕੇ ਇਸਦੇ ਸੁਧਾਰ ਅਤੇ ਵਿਕਾਸ ਕਰਨ ਦਾ ਬਹੁਤ ਕਾਰਗਰ ਢੰਗ ਹੈ। ਮਨੋਵਿਗਿਆਨੀ ਵੀ ਭਾਵੇਂ ਸਾਧਨਾ ਨੂੰ ਮਨੋ-ਵਿਕਾਸ ਦਾ ਸਭ ਤੋਂ ਸਰਲ ਅਤੇ ਕਾਰਗਰ ਢੰਗ ਮੰਨਦੇ ਹਨ ਪਰ ਉਹ ਨਾਲ ਹੋਰ ਡਾਕਟਰੀ ਢੰਗਾਂ ਦੀ ਵੀ ਸਿਫਾਰਸ਼ ਕਰਦੇ ਹਨ, ਜਿਵੇਂ ਕਿ:
1) Cognitive Behavioral Therapy
2) Acceptance and Commitment Therapy
3) ਪ੍ਰੋਜੈੱਕ (Prozac) Medicine
ਇਹ ਤਰੀਕੇ ਮਹਿੰਗੇ ਅਤੇ ਵਕਤੀ ਹਨ ਅਤੇ ਡਾਕਟਰੀ ਸੇਵਾਵਾਂ ਦੇ ਮੁਥਾਜ ਹਨ। ਸਾਧਨਾ ਇੱਕ ਵਿਆਪਕ ਕਾਰਵਾਈ ਹੈ ਜੋ ਸਾਡੇ ਹੱਥ-ਵੱਸ ਹੈ। ਹਰ ਛੋਟੇ ਵੱਡੇ ਨੇ ਆਪੋ ਆਪਣੀ ਕਰਨੀ ਹੈ, ਇਸ ਤਰ੍ਹਾਂ ਇਹ ਬਰਾਬਰੀ ਦਾ ਇਹਸਾਸ ਪੈਦਾ ਕਰਦੀ ਹੈ। ਆਪੋ ਆਪਣੇ ਪਵਿੱਤਰ ਧਾਰਮਿੱਕ ਗ੍ਰੰਥ ਦੀਆਂ ਸਿੱਖਿਆਵਾਂ ਦੇ ਪਰਿਪੇਖ ਵਿੱਚ ਆਪਣੀ ਨਿਰਪੱਖ ਸਵੈ ਪੜਚੋਲ ਦਾ ਸਭ ਤੋਂ ਵਧੀਆ ਢੰਗ ਹੈ। ਇਸਦੀਆਂ ਅਨੇਕਾਂ ਵਿਧੀਆਂ ਹਨ ਪਰ ਇਨ੍ਹਾਂ ਸਭ ਦਾ ਮੰਤਵ ਇੱਕੋ ਹੈ ਕਿ ਮਨ ਦੀਆਂ ਢਾਹੂ ਅਤੇ ਫਜ਼ੂਲ ਸੋਚਾਂ ਨੂੰ ਉਸਾਰੂ ਅਤੇ ਸਾਰਥਿਕ ਬਣਾਉਣਾ ਅਤੇ ਮਨ ਨੂੰ ਇਕਾਗਰ ਕਰਨਾ ਤਾਂ ਕਿ ਇਹ ਡਸਿਪਲਨ ਵਿੱਚ ਆ ਸਕੇ। ਸਮਝਣ ਵਾਸਤੇ ਇਹ ਵਿਧੀ ਬਹੁਤ ਸੌਖੀ ਲਗਦੀ ਹੈ: ਆਰਾਮ ਨਾਲ ਅਡੋਲ ਹੋ ਕੇ ਅੱਖਾਂ ਬੰਦ ਕਰਕੇ ਬੈਠ ਜਾਓ, ਆਪਣੇ ਸਾਹਾਂ ਉੱਪਰ ਜਾਂ ਕਿਸੇ ਸਰੂਪ ਉੱਪਰ ਧਿਆਨ ਲਾਉਣ ਦੀ ਕੋਸ਼ਿਸ਼ ਕਰੋ ਜਾਂ ਕਿਸੇ ਖਾਸ ਸ਼ਬਦ ਜਾਂ ਸ਼ਬਦਾਂ ਦੇ ਸਮੂਹ ਨੂੰ ਦੁਹਰਾਓ, ਅਤੇ ਮਨ ਨੂੰ ਇੱਧਰ ਉੱਧਰ ਜਾਣ ਤੋਂ ਰੋਕੋ। ਹਰ ਇਨਸਾਨ ਕਿਸੇ ਜਾਣਕਾਰ ਤੋਂ ਸਿਖਲਾਈ ਲੈ ਕੇ ਇਸਦਾ ਅਭਿਆਸ ਕਰ ਸਕਦਾ ਹੈ। ਸਾਧਨਾ ਜਾਂ ਮੈਡੀਟੇਸ਼ਨ ਵਾਸਤੇ ਕਿਸੇ ਧਰਮ ਵਿਸ਼ੇਸ਼ ਦੇ ਪੈਰੋਕਾਰ ਹੋਣਾ, ਕਿਸੇ ਖਾਸ ਕਿਸਮ ਦੇ ਕੱਪੜੇ ਪਾਉਣੇ ਜਾਂ ਭੇਖ ਧਾਰਨ ਕਰਨਾ ਕੋਈ ਜ਼ਰੂਰੀ ਨਹੀਂ। ਕਿਸੇ ਕਰਮਕਾਂਡ, ਪੂਜਾ ਆਰਤੀ ਜਾਂ ਮੱਥੇ ਟੇਕਣ ਦੀ ਲੋੜ ਨਹੀਂ। ਇਸ ਕਾਰਵਾਈ ਤੋਂ ਪੂਰਾ ਲਾਭ ਉਠਾਉਣ ਵਾਸਤੇ ਪਵਿੱਤਰ ਅਤੇ ਨੈਤਿਕ ਕਦਰਾਂ ਕੀਮਤਾਂ ਵਾਲਾ ਜੀਵਨ ਜਿਊਣਾ ਪਹਿਲੀ ਵੱਡੀ ਸ਼ਰਤ ਹੈ। ਇਹ ਹਰ ਰੋਜ਼ ਅਤੇ ਨਿਰੰਤਰ ਕਰਦੇ ਰਹਿਣ ਵਾਲਾ ਅਭਿਆਸ ਹੈ। ਇਸ ਤਰ੍ਹਾਂ ਦਾ ਜੀਵਨ ਜਿੱਥੇ ਸਾਧਨਾ ਦੇ ਅਭਿਆਸ ਵਾਸਤੇ ਮਦਦਗਾਰ ਹੁੰਦਾ ਹੈ ਉੱਥੇ ਸਾਧਨਾ ਇਸ ਤਰ੍ਹਾਂ ਦਾ ਜੀਵਨ ਜਿਊਣ ਵਾਸਤੇ ਸਾਨੂੰ ਦ੍ਰਿੜ੍ਹਤਾ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ ਇਹ ਇੱਕ ਦੁਵੱਲੀ ਕਾਰਵਾਈ ਹੈ। ਪਰ ਇਸਦਾ ਅਭਿਆਸ ਬਹੁਤ ਔਖਾ ਹੈ, ਆਪਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਸ ਤਰ੍ਹਾਂ ਕਰਨ ਵਿੱਚ ਅਸਫਲ ਰਹਿੰਦੇ ਹਾਂ। ਪਰ ਇਹ ਅਸਫਲਤਾ ਵੀ ਇੱਕ ਪ੍ਰਾਪਤੀ ਹੈ। ਇਸ ਨਾਲ ਸਾਡੇ ਹੰਕਾਰ ਦਾ ਜ਼ੋਰ ਘਟਦਾ ਹੈ ਅਤੇ ਸਾਡੇ ਮਨ ਵਿੱਚ ਨਿਮਰਤਾ ਦਾ ਭਾਵ ਪੈਦਾ ਹੁੰਦਾ ਹੈ। ਚੁਣੇ ਹੋਏ ਸ਼ਬਦਾਂ ਦੀ ਵਾਰ-ਵਾਰ ਦੁਹਰਾਈ ਨਾਲ ਅਤੇ ਧਿਆਨ ਇਕਾਗਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਸਾਡੀਆਂ ਪਹਿਲੀਆਂ ਸੋਚਾਂ ਦੀ ਕਾਟ ਹੁੰਦੀ ਜਾਵੇਗੀ। ਸਾਡੀਆਂ ਇਛਾਵਾਂ, ਚਾਹਤਾਂ ਅਤੇ ਫਜ਼ੂਲ ਬੰਧਨਾਂ ਦੀ ਪਕੜ ਵੀ ਢਿੱਲੀ ਹੋਣੀ ਸ਼ੁਰੂ ਹੋ ਜਾਵੇਗੀ। ਸ਼ੁਰੂ-ਸ਼ੁਰੂ ਵਿੱਚ ਮੈਡੀਟੇਸ਼ਨ ਦਾ ਮੰਤਵ ਆਪਣੀਆਂ ਸੋਚਾਂ ਨੂੰ ਕੰਟਰੋਲ ਕਰਨ ਦਾ ਨਹੀਂ ਹੁੰਦਾ ਬਲਕਿ ਆਪਣੇ ਆਪ ਨੂੰ ਸੋਚਾਂ ਦੇ ਕੰਟਰੋਲ ਵਿੱਚੋਂ ਬਾਹਰ ਕੱਢਣ ਤੋਂ ਹੁੰਦਾ ਹੈ। ਅਸੀਂ ਆਪਣੇ ਗੁਣਾਂ ਅਤੇ ਔਗੁਣਾਂ ਉੱਪਰ ਜਜ਼ਬਾਤ ਰਹਿਤ ਭਾਵਨਾ ਨਾਲ ਵਿਚਾਰ ਕਰਨਾ ਸਿੱਖ ਜਾਂਦੇ ਹਾਂ। ਸਾਡੀ ਆਪਣੇ ਆਪ ਨੂੰ ਨਿਰਪੱਖਤਾ ਨਾਲ ਪਰਖ ਪੜਚੋਲ ਕਰ ਸਕਣ ਦੀ ਸਮਰੱਥਾ ਵਧ ਜਾਂਦੀ ਹੈ। ਜਦ ਕੋਈ ਸਾਡੀ ਨੁਕਤਾਚੀਨੀ ਜਾਂ ਵਿਰੋਧਤਾ ਕਰਦਾ ਹੈ, ਅਸੀਂ ਫੌਰੀ ਅਤੇ ਬੇਲੋੜੀ ਪ੍ਰਤੀਕਿਰਿਆ ਕਰਨ ਦੀ ਆਦਤ ਤੋਂ ਛੁਟਕਾਰਾ ਪਾ ਲੈਂਦੇ ਹਾਂ। ਇਸ ਤਰ੍ਹਾਂ ਆਪਾਂ ਹਰ ਕੰਮ ਨੂੰ ਵੱਧ ਪ੍ਰਭਾਵਕਾਰੀ ਅਤੇ ਵੱਧ ਮਿਆਰੀ ਕਿਸਮ ਦਾ ਬਣਾ ਸਕਦੇ ਹਾਂ ਅਤੇ ਇਹ ਸਭ ਸਾਧਨਾ ਵਿੱਚੋਂ ਉਪਜਦਾ ਹੈ। ਸਾਧਨਾ (Meditation) ਨੂੰ ਪ੍ਰਮੁੱਖ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਇਸ ਨਾਲ ਜਾਂ ਸਾਧਕ ਵਿੱਚ ਹੋਰ ਸ਼ੁਭ ਗੁਣ ਪੈਦਾ ਹੋ ਜਾਂਦੇ ਹਨ ਜਾਂ ਇਸਦੇ ਅਭਿਆਸ ਵਾਸਤੇ ਹੋਰ ਸ਼ੁਭ ਗੁਣਾਂ ਦੀ ਜ਼ਰੂਰਤ ਪੈਂਦੀ ਹੈ। ਇਹ ਗੁਣ ਸਾਨੂੰ ਹਰ ਕੰਮ ਅਤੇ ਹਰ ਗੱਲ ਵਿੱਚੋਂ ਪ੍ਰਸੰਨਤਾ ਲੱਭਣ ਦੀ ਕਲਾ ਸਿਖਾਉਂਦੇ ਹਨ ਜਿਹੜੀ ਅੱਜ ਵੀ ਸਾਡੇ ਵਾਸਤੇ ਲਾਭਕਾਰੀ ਹੈ ਅਤੇ ਸਾਨੂੰ ਭਵਿੱਖ ਦੇ ਵੰਗਾਰਮਈ ਹਾਲਾਤ ਵਾਸਤੇ ਵੀ ਤਿਆਰ ਕਰੇਗੀ। ਸੋ ਲੇਖ ਦੇ ਅਰੰਭ ਵਿੱਚ ਉਠਾਏ ਪ੍ਰਸ਼ਨ ਕਿ ਪ੍ਰਸੰਨਤਾ ਕਿਵੇਂ ਵਧਾਈ ਜਾ ਸਕਦੀ ਹੈ, ਦਾ ਉੱਤਰ ਹੈ ਕਿ ਪੁਰਾਤਨ ਪੂਰਬੀ ਸਿਆਣਪਾਂ ਅਤੇ ਵਰਤਮਾਨ ਪੱਛਮੀ ਖੋਜਾਂ ਦੇ ਸੁਮੇਲ ਦੀਆਂ ਸਾਝੀਆਂ ਕਾਰਵਾਈਆਂ ਕਰਨਾ, ਜਿਨ੍ਹਾਂ ਵਿੱਚੋਂ ਮੁੱਖ ਹੈ ਸਾਧਨਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2571)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)