“ਸੰਸਾਰ ਪੱਧਰ ’ਤੇ ਪੂਰਬੀ ਅਤੇ ਪੱਛਮੀ ਧਰਮਾਂ ਦੀ ਏਕਤਾ ਅਤੇ ਸਾਂਝੀਵਾਲਤਾ ਅਤੇ ਇਨਸਾਨਾਂ ਦੀ ...”
(27 ਦਸੰਬਰ 2021)
ਭਾਰਤ ਦੇ ਜੰਮ-ਪਲ਼ ਅਤੇ ਨਿਊਯਾਰਕ ਨਿਵਾਸੀ ਸ੍ਰੀ ਚਿਨਮੁਆਇ ਨਾਉਂ ਦੇ ਇੱਕ ਮਹਾਨ ਪੁਰਖ ਨੇ ਅਕਤੂਬਰ 2007 ਵਿੱਚ ਇਸ ਸੰਸਾਰ ਨੂੰ ਛੱਡ ਕੇ, ਮਹਾਂ-ਸਮਾਧੀ ਧਾਰਨ ਕੀਤੀ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲ਼ਿਆਂ ਦੀ ਲੰਬੀ ਸੂਚੀ ਵਿੱਚ ਚੋਣਵੇਂ ਨਾਉਂ ਇਹ ਸਨ:
* ਰੂਸ ਦੇ ਪੂਰਬ ਰਾਸ਼ਟਰਪਤੀ ਮਿ. ਮਿਖਾਇਲ ਗੋਰਬਾਚੇਵ।
* ਦੱਖਣੀ ਅਮਰੀਕਾ ਦੇ ਪੂਰਬ ਰਾਸ਼ਟਰਪਤੀ ਮਿ. ਨੈਲਸਨ ਮੰਡੇਲਾ।
* ਅਮਰੀਕਾ ਦੇ ਪੂਰਬ ਰਾਸ਼ਟਰਪਤੀ ਮਿ. ਬਿਲ ਕਲਿੰਟਨ।
* ਆਰਕਬਿਸ਼ਪ ਡੈੱਸਮੰਡ ਟੁਟੁ - ਨੋਬਲ ਪੁਰਸਕਾਰ ਵਿਜੇਤਾ ਅਤੇ ਮਨੁੱਖੀ ਹੱਕਾਂ ਦੇ ਰਾਖੇ।
* ਮਿ. ਐੱਲ ਗੋਰ ਪੂਰਬ ਉਪ-ਰਾਸ਼ਟਰਪਤੀ, ਅਮਰੀਕਾ ਅਤੇ ਨੋਬਲ ਪੁਰਸਕਾਰ ਵਿਜੇਤਾ।
* ਮਿ. ਜੌਹਨ ਕੈਰੀ, ਪੂਰਬ ਸਟੇਟ-ਸਕੱਤਰ ਅਮਰੀਕਾ।
* ਸ੍ਰੀ ਰਵੀ ਸ਼ੰਕਰ ਪ੍ਰਸਿੱਧ ਸਿਤਾਰ-ਵਾਦਕ ਅਤੇ ਸੰਸਾਰ ਭਰ ਦੇ ਮੁੱਖ ਧਰਮਾਂ ਦੇ ਧਾਰਮਿਕ ਲੀਡਰਾਂ ਸਣੇ ਹੋਰ ਅਨੇਕਾਂ ਸੰਤ- ਮਹਾਂਪੁਰਖ।
* ਅਮਰੀਕਾ ਅਤੇ ਸੰਸਾਰ ਪੱਧਰ ਦੇ ਅਨੇਕਾਂ ਕਲਾਕਾਰ, ਸੰਗੀਤਕਾਰ, ਵਿਦਵਾਨ, ਅਥਲੀਟ ਅਤੇ ਖਿਲਾੜੀ।
* ਜੀਵਨ ਕਾਲ ਦੌਰਾਨ ਪੋਪ ਪਾਲ ਚੌਥੇ, ਪੋਪ ਜੌਹਨ ਪਾਲ ਦੂਜੇ, ਦਲਾਈ ਲਾਮਾ, ਰਾਜਕੁਮਾਰੀ ਡਾਇਨਾ, ਮਦਰ ਟੇਰੇਸਾ ਅਤੇ ਯੂ. ਥਾਂਤ (ਸਕੱਤਰ-ਜਨਰਲ, ਯੂ.ਐੱਨ) ਵਰਗੀਆਂ ਉੱਚ-ਹਸਤੀਆਂ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚੋਂ ਸਨ।
ਕੁਦਰਤੀ ਗੱਲ ਹੈ ਕਿ ਆਪਾਂ ਉਨ੍ਹਾਂ ਦੀ ਜੀਵਨੀ ਬਾਰੇ ਜਾਣ ਕੇ ਖੁਸ਼ੀ ਅਤੇ ਉਤਸ਼ਾਹ ਮਹਿਸੂਸ ਕਰਾਂਗੇ। ਵੈਸੇ ਤਾਂ ਉਨ੍ਹਾਂ ਦੀ ਜੀਵਨੀ ਬਾਰੇ ਜਾਣਕਾਰੀ ਦੇ ਅਨੇਕ ਪੁਖ਼ਤਾ ਸਾਧਨ ਹਨ ਪਰ ਇਸ ਲੇਖ ਦਾ ਅਧਾਰ ਮੁੱਖ ਤੌਰ ’ਤੇ ‘ਅਮਰੀਕਨ ਹਾਊਸ ਔਫ ਰਿਪਰੈਜੈਂਟੇਟਿਵਜ਼’ (ਭਾਰਤ ਦੀ ਲੋਕ ਸਭਾ ਦੇ ਬਰਾਬਰ) ਵਿੱਚ ਪੇਸ਼ ਕੀਤਾ ਇੱਕ ਮਤਾ ਹੈ। ਇਤਫ਼ਾਕ ਦੀ ਗੱਲ ਹੈ ਕਿ ਇਹ ਮਤਾ ਉਨ੍ਹਾਂ ਦੇ ਮਹਾਂ-ਸਮਾਧੀ ਧਾਰਨ ਕਰਨ ਤੋਂ ਕਰੀਬ ਇੱਕ ਸਾਲ ਪਹਿਲਾਂ ਨਿਊਯਾਰਕ ਦੇ ਮੈਂਬਰ ਮਿ. ਗੈਰੀ ਐਕਰਮੈਨ ਨੇ ਉਨ੍ਹਾਂ ਦੇ 75ਵੇਂ ਜਨਮ-ਦਿਨ ’ਤੇ ਪੇਸ਼ ਕੀਤਾ ਸੀ। ਵਿਸ਼ਵ-ਸ਼ਾਂਤੀ ਦੇ ਸੁਹਿਰਦ ਸਮਰਥਕ ਹੋਣ ਕਰ ਕੇ ਮਿ. ਐਕਰਮੈਨ ਖ਼ੁਦ ਵੀ ਸੰਸਾਰ ਪੱਧਰ ਦੀ ਸਤਿਕਾਰਤ ਹਸਤੀ ਹਨ ਅਤੇ 30 ਸਾਲ ਮੈਂਬਰ ਰਹਿਣ ਤੋਂ ਬਾਅਦ 2013 ਵਿੱਚ ਆਪਣੀ ਮਰਜ਼ੀ ਨਾਲ਼ ਸੇਵਾ-ਮੁਕਤ ਹੋਏ ਹਨ। ਵਿਸ਼ਵ-ਸ਼ਾਂਤੀ ਲਈ ਕੀਤੇ ਉਪਰਾਲਿਆਂ ਕਰ ਕੇ ਇਨ੍ਹਾਂ (ਮਿ. ਐਕਰਮੈਨ) ਨੂੰ ਭਾਰਤ ਸਰਕਾਰ ਵਲੋਂ ਪਦਮ ਭੂਸ਼ਣ ਦਾ ਖਿਤਾਬ ਮਿਲ ਚੁੱਕਿਆ ਹੈ। ਪੇਸ਼ ਕੀਤੇ ਮਤੇ ਵਿੱਚ ਸ੍ਰੀ ਚਿਨਮੁਆਇ ਦੀਆਂ ਪ੍ਰਾਪਤੀਆਂ ਅਤੇ ਮਨੁੱਖਤਾ ਵਾਸਤੇ ਕੀਤੀਆਂ ਬਹੁ-ਪੱਖੀ ਸੇਵਾਵਾਂ ਦਾ ਜ਼ਿਕਰ ਕੀਤਾ ਗਿਆ ਸੀ। ਵਰਣਨ-ਯੋਗ ਹੈ ਕਿ ਓਸੇ ਸਾਲ ਉਹ (ਸ੍ਰੀ ਚਿਨਮੁਆਇ) ਨੋਬਲ ਪੁਰਸਕਾਰ ਵਾਸਤੇ ਵੀ ਨਾਮਜ਼ਦ ਹੋਏ ਸਨ ਅਤੇ ਨਾਮਜ਼ਦਗੀ ਦੀ ਸਿਫ਼ਾਰਿਸ਼ ਆਰਕਬਿਸ਼ਪ ਡੈੱਸਮੰਡ ਟੁਟੁ ਨੇ ਕੀਤੀ ਸੀ ਅਤੇ ਤਾਈਦ ਸ੍ਰੀ ਗੋਰਬਾਚੇਵ ਨੇ।
ਸ੍ਰੀ ਚਿਨਮੁਆਇ ਕੁਮਾਰ ਘੋਸ਼ ਦਾ ਜਨਮ 1931 ਵਿੱਚ ਬੰਗਾਲ ਵਿੱਚ ਹੋਇਆ। ਜਦ ਉਨ੍ਹਾਂ ਦੇ ਮਾਤਾ-ਪਿਤਾ ਇੱਕ-ਦੂਜੇ ਤੋਂ ਥੋੜ੍ਹੇ ਜਿਹੇ ਫਰਕ ਨਾਲ਼ ਸੁਰਗ ਵਾਸ ਹੋਏ ਤਦ ਉਹ ਸਿਰਫ 11 ਸਾਲ ਦੇ ਸਨ। ਇਸ ਤੋਂ ਬਾਅਦ ਉਹ ਆਪਣੇ ਛੇ ਵੱਡੇ ਭੈਣਾਂ-ਭਰਾਵਾਂ ਨਾਲ਼ ਅਰਬਿੰਦੂ ਆਸ਼ਰਮ ਪੁਡੂਚੇਰੀ (ਪਾਂਡਿਚੇਰੀ) ਵਿੱਚ ਚਲੇ ਗਏ। ਇੱਥੇ ਆਪ ਨੇ 22 ਸਾਲ ਹਿੰਦੂ ਧਰਮ-ਗ੍ਰੰਥਾਂ ਦੇ ਨਾਲ਼−ਨਾਲ਼, ਸਿੱਖ ਧਰਮ ਸਣੇ ਸੰਸਾਰ ਦੇ ਮੁੱਖ ਧਰਮਾਂ ਦਾ ਅਧਿਐਨ ਕੀਤਾ ਅਤੇ ਇਨ੍ਹਾਂ ਦੀਆਂ ਬੁਨਿਆਦੀ ਸਮਾਨਤਾਵਾਂ ਤੋਂ ਬਹੁਤ ਪ੍ਰਭਾਵਿਤ ਹੋਏ। ਨਾਲ਼ ਹੀ ਉਹ ਇਨ੍ਹਾਂ (ਪੂਰਬੀ ਧਰਮਾਂ) ਦੀਆਂ ਸਿੱਖਿਆਵਾਂ ਦਾ ਪੱਛਮ ਦੀ ਕਰਮਸ਼ੀਲ ਅਤੇ ਪ੍ਰਗਤੀਸ਼ੀਲ ਸਭਿਅਤਾ ਨਾਲ਼ ਸੁਮੇਲ ਕਰਨ ਦੇ ਧਾਰਨੀ ਵੀ ਬਣ ਗਏ। ਇੰਨਾ ਹੀ ਨਹੀਂ ਆਪ ਨੇ ਅਮਲੀ ਤੌਰ ’ਤੇ ਪੂਰੇ ਸਿਰੜ ਨਾਲ਼ ਸਵੈ-ਸਾਧਨਾ ਕੀਤੀ ਅਤੇ ਆਸ਼ਰਮ ਦੀ ਹਰ ਛੋਟੀ-ਵੱਡੀ ਸੇਵਾ ਤਨ-ਮਨ ਨਾਲ਼ ਨਿਭਾਈ। ਯੋਗਤਾ ਅਤੇ ਮਿਹਨਤ ਦੇ ਅਧਾਰ ’ਤੇ ਆਪ ਨੂੰ ਆਸ਼ਰਮ ਦੇ ਮੁਖੀ ਦੇ ਸਕੱਤਰ ਦੇ ਅਹਿਮ ਅਹੁਦੇ ’ਤੇ ਨਿਯੁਕਤ ਕੀਤਾ ਗਿਆ। ਇਸ ਔਖੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ਼-ਨਾਲ਼ ਆਪ ਨੇ ਉਨ੍ਹਾਂ ਦੀਆਂ ਬੰਗਾਲੀ ਰਚਨਾਵਾਂ ਦਾ ਅੰਗਰੇਜੀ ਵਿੱਚ ਅਨੁਵਾਦ ਕੀਤਾ। ਇਸ ਤਰ੍ਹਾਂ ਆਪ ਨੂੰ ਪ੍ਰਬੰਧਕੀ ਨਿਪੁੰਨਤਾ ਪ੍ਰਾਪਤ ਕਰਨ ਅਤੇ ਸਾਹਿਤਕ ਗਤੀ-ਵਿਧੀਆਂ ਬਾਰੇ ਜਾਣਨ ਦਾ ਪੂਰਾ ਮੌਕਾ ਮਿਲਿਆ।
ਆਪ ਬਚਪਨ ਤੋਂ ਹੀ ਬਹੁਤ ਤੀਖਣ-ਬੁੱਧੀ ਅਤੇ ਸੁਡੌਲ ਸਰੀਰ ਵਾਲ਼ੇ ਸਨ; ਅੱਵਲ ਕਿਸਮ ਦੇ ਦੌੜਾਕ ਅਤੇ ਡੈਕਾਥਲਨ ਅਥਲੀਟ ਸਨ। ਹਰ ਤਰ੍ਹਾਂ ਦੀਆਂ ਖੇਡਾਂ ਵਿੱਚ ਹਿੱਸਾ ਲੈਂਦੇ ਸਨ ਅਤੇ ਲਗਾਤਾਰ 16 ਸਾਲ ਸਮੁੱਚੇ ਤੌਰ ’ਤੇ ਆਸ਼ਰਮ ਦੇ ਚੈਂਪੀਅਨ ਰਹੇ। ਪੁਡੂਚੇਰੀ ਵਿੱਚ ਪੜ੍ਹਾਈ ਵੇਲ਼ੇ ਉਨ੍ਹਾਂ ਵਲੋਂ ਬਣਾਏ ਖੇਡਾਂ ਦੇ ਰਿਕਾਰਡ ਅੱਜ ਤੱਕ ਵੀ ਕਾਇਮ ਹਨ। ਇਸ ਤਰ੍ਹਾਂ ਉਨ੍ਹਾਂ ਨੇ ਅਧਿਆਤਮਵਾਦ ਅਤੇ ਅਥਲੈਟਿਕਸ, ਦੋਹਾਂ ਖੇਤਰਾਂ ਵਿੱਚ ਬਹੁਤ ਮਿਹਨਤ ਕੀਤੀ। ਇਸ ਗੱਲ ਦਾ ਉਨ੍ਹਾਂ ਦੀ ਵਿਚਾਰਧਾਰਾ ’ਤੇ ਵਿਲੱਖਣ ਕਿਸਮ ਦਾ ਪ੍ਰਭਾਵ ਪਿਆ ਅਤੇ ਪੂਰੀ ਸੋਚ-ਵਿਚਾਰ ਤੋਂ ਬਾਅਦ ਆਪ ਨੇ ਜੀਵਨ ਦੇ ਦੋ ਮੰਤਵ ਬਣਾਏ:
*ਸੰਸਾਰ ਪੱਧਰ ’ਤੇ ਪੂਰਬੀ ਅਤੇ ਪੱਛਮੀ ਧਰਮਾਂ ਦੀ ਏਕਤਾ ਅਤੇ ਸਾਂਝੀਵਾਲਤਾ ਅਤੇ ਇਨਸਾਨਾਂ ਦੀ ਆਪਸੀ ਬਰਾਬਰੀ ਅਤੇ ਏਕਤਾ ਵਾਸਤੇ ਭਰਪੂਰ ਕੋਸ਼ਿਸ਼ਾਂ ਕਰਨੀਆਂ।
*ਨਿੱਜੀ ਪੱਧਰ ’ਤੇ ਅਧਿਆਤਮਵਾਦ ਅਤੇ ਸਰੀਰਕ ਸਮਰੱਥਾ, ਦੋਹਾਂ ਪੂਰਨ ਵਿਕਾਸ ਅਤੇ ਸੁਮੇਲ ਵਾਸਤੇ ਯਤਨਸ਼ੀਲ ਰਹਿਣਾ।
ਇਨ੍ਹਾਂ ਦੋਨਾਂ ਮੰਤਵਾਂ ਦੀ ਪ੍ਰਾਪਤੀ-ਹਿਤ ਆਪ 1964 ਵਿੱਚ ਅਮਰੀਕਾ ਦੇ ਮਹਾਂ-ਨਗਰ ਨਿਊਯਾਰਕ ਵਿੱਚ ਆ ਗਏ। ਮੁਢਲੀ ਜੱਦੋਜਹਿਦ ਤੋਂ ਬਾਅਦ ਆਪ ਨੇ ‘ਸ੍ਰੀ ਚਿਨਮੁਆਇ ਕੇਂਦਰ’ ਦੀ ਸਥਾਪਨਾ ਕੀਤੀ ਅਤੇ ਨਿਯੂ ਯਾਰਕ ਮਹਾਂ-ਨਗਰ ਵਿੱਚ ਆਪਣਾ ਆਸ਼ਰਮ ਖੋਲ੍ਹਿਆ। ਆਪ ਵੇਦਾਂ ਸਣੇ ਅਧਿਆਤਮਵਾਦ ਦੇ ਗਿਆਤਾ, ਕਲਾਕਾਰ, ਕਵੀ ਅਤੇ ਸੰਗੀਤਕਾਰ ਹੋਣ ਦੇ ਨਾਲ਼-ਨਾਲ਼ ਬਹੁਤ ਪ੍ਰਤਿਭਾਸ਼ਾਲੀ ਲੇਖਕ ਅਤੇ ਬੁਲਾਰੇ ਸਨ। ਉਨ੍ਹਾਂ ਨੇ ਅਮਰੀਕਾ ਦੇ ਪੰਜਾਹਾਂ ਰਾਜਾਂ ਦੀਆਂ 270 ਤੋਂ ਵੱਧ ਯੂਨੀਵਰਸਿਟੀਆਂ ਅਤੇ ਔਕਸਫੋਰਡ ਅਤੇ ਕੈਂਬਰਿਜ ਸਣੇ ਯੂ.ਕੇ, ਆਇਰਲੈਂਡ, ਫਰਾਂਸ ਅਤੇ ਸਵਿਟਜ਼ਰਲੈਂਡ ਦੀਆਂ 115 ਤੋਂ ਵੱਧ ਯੂਨੀਵਰਸਿਟੀਆਂ ਵਿੱਚ ਲੈਕਚਰ ਦਿੱਤੇ। ਇਨ੍ਹਾਂ ਲੈਕਚਰਾਂ ਦੇ ਅਧਾਰ ’ਤੇ ‘ਪੂਰਬੀ ਦਿਲ ਅਤੇ ਪੱਛਮੀ ਮਨ ਦੀ ਏਕਤਾ’ ਦੇ ਨਾਉਂ ਦਾ ਸੰਗ੍ਰਹਿ ਛਪਵਾਇਆ ਗਿਆ ਜਿਸ ਰਾਹੀਂ ਉਨ੍ਹਾਂ ਨੇ ਨਵੀਂ ਪੀੜ੍ਹੀ ਨੂੰ ਮਨੁੱਖ ਦੀ ਅਸੀਮ ਆਤਮਿਕ ਪਹੁੰਚ ਅਤੇ ਅਣ-ਕਿਆਸੀ ਸਰੀਰਕ ਸਮਰੱਥਾ ਦਾ ਸੁਨੇਹਾ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਅਧਿਆਤਮਵਾਦ ਨੂੰ ਸਰਲ ਅਤੇ ਰੋਜ਼-ਮਰਾ ਜੀਵਨ ਵਿੱਚ ਵਿਹਾਰਕ ਅਤੇ ਅਮਲ-ਯੋਗ ਬਣਾਇਆ। ਉਨ੍ਹਾਂ ਦੀ ਵਡਿਆਈ ਇਸ ਗੱਲ ਵਿੱਚ ਹੈ ਕਿ ਇਸ ਵਾਸਤੇ ਉਨ੍ਹਾਂ ਨੇ ਸਿਰਫ ਪਰਚਾਰ ਹੀ ਨਹੀਂ ਕੀਤਾ ਬਲਕਿ ਖ਼ੁਦ ਅਮਲੀ ਤੌਰ ’ਤੇ ਆਪਣੇ ਅਨੁਯਾਈਆਂ ਦੇ ਰੋਲ-ਮਾਡਲ ਬਣੇ।
ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸ੍ਰੀ ਚਿਨਮੁਆਇ ਦਾ ਕਥਨ ਹੈ ਕਿ ਉਹ ਇੱਕ ਮਹਾਨ ਸਤਿਗੁਰੂ ਸਨ ਅਤੇ ਉਨ੍ਹਾਂ ਦੀ ਸਰਵੋਤਮ ਅਧਿਆਤਮਿਕ ਪ੍ਰਾਪਤੀ ਦੀ ਕਥਾ ਬਹੁਤ ਦਿਲ-ਟੁੰਬਵੀ ਹੈ। ਆਪ ਦੀਆਂ ਲਿਖਤਾਂ ਵਿੱਚ ਗੁਰੂ ਸਾਹਿਬ ਦੇ ਸੱਚੇ ਸੌਦੇ ਅਤੇ ਮੰਦੇ ਬੰਦਿਆਂ ਦੇ ਪਿੰਡ ਨੂੰ ਵਸਦੇ ਰਹਿਣ ਅਤੇ ਚੰਗਿਆਂ ਦੇ ਨੂੰ ਉੱਜੜ ਜਾਣ ਦੇ ਬਚਨਾਂ ਦਾ ਜਿਕਰ ਮਿਲਦਾ ਹੈ। ਉਹ ਗੁਰੂ ਸਾਹਿਬ ਦੇ ਬਚਨਾਂ ਦੀ ਰਮਜ਼ ਨੂੰ ਸਮਝਾਉਂਦੇ ਹਨ ਕਿ ਅਸੀਂ ਇਨ੍ਹਾਂ ਦੀ ਸਚਾਈ ਨੂੰ ਤਦ ਹੀ ਸਮਝ ਸਕਾਂਗੇ ਜਦ ਆਪਣੇ ਅੰਦਰ ਝਾਤੀ ਮਾਰਾਂਗੇ। ਉਨ੍ਹਾਂ ਦੀ ਸਿੱਖਿਆ ਹੈ ਕਿ ਮਨੁੱਖੀ ਕਾਇਆ-ਕਲਪ ਦੁਨਿਆਵੀ ਤਿਆਗ ਜਾਂ ਸੰਸਾਰ ਤੋਂ ਵਿਰਕਤ ਹੋ ਕੇ ਨਹੀਂ ਹੋ ਸਕਦਾ। ਇਹ ਸਹਿਜ ਅਵਸਥਾ ਅਤੇ ਭਰੋਸੇ ਰਾਹੀਂ ਇਸ ਸੰਸਾਰ ਵਿੱਚ ਵਿਚਰਦਿਆਂ ਸ਼ੁਭ ਅਤੇ ਨਿਸ਼ਕਾਮ ਕਰਮਾਂ ਦੀ ਪੂਰਤੀ ਨਾਲ਼ ਹੋ ਸਕੇਗਾ। ਇਹ ਅਵਸਥਾ ਪਰਮਾਤਮਾ ਦੇ ਭਾਣੇ (ਵਿੱਲ ਔਫ ਗੌਡ) ਵਿੱਚ ਰਹਿਣਾ ਸਿੱਖ ਕੇ ਹੀ ਪ੍ਰਾਪਤ ਹੋ ਸਕਦੀ ਹੈ। ਅਸਲ ਵਿੱਚ ਅਧਿਆਤਮਵਾਦੀ ਉਹ ਹੈ ਜਿਸ ਦੀ ਕਹਿਣੀ ਅਤੇ ਕਰਨੀ ਵਿੱਚ ਰੱਤੀ ਭਰ ਫਰਕ ਵੀ ਨਾ ਹੋਵੇ। ਪਰਮਾਤਮਾ ਨੂੰ ਮਿਲਣ ਦੀ ਸਹੀ ਥਾਂ ਸਾਡਾ ਮਨ ਹੈ ਅਤੇ ਉਸ ਦੀ ਸੇਵਾ ਮਨੁੱਖਤਾ ਦੀ ਸੇਵਾ ਰਾਹੀਂ ਹੀ ਹੋ ਸਕਦੀ ਹੈ। ਇਹ ਸਿੱਖਿਆਵਾਂ ਸਿੱਖ ਫ਼ਲਸਫ਼ੇ ਦੇ ਅਨੁਸਾਰ ਹਨ।
ਉਨ੍ਹਾਂ ਦੀ ਪ੍ਰਸਿੱਧੀ ਸੁਣ ਕੇ ਉਸ ਵਕਤ ਦੇ ਸਕੱਤਰ-ਜਨਰਲ ਯੂ. ਥਾਂਤ ਨੇ ਆਪ ਨੂੰ ਹਫ਼ਤੇ ਵਿੱਚ ਦੋ ਵਾਰ ਯੂ.ਐੱਨ ਦੇ ਡੈਲੀਗੇਟਾਂ, ਸਟਾਫ਼-ਮੈਂਬਰਾਂ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਧਰਮ-ਨਿਰਪੱਖ ਸ਼ਾਂਤੀ-ਸਾਧਨਾ ਬਾਰੇ ਲੈਕਚਰ ਦੇਣ ਦਾ ਸੱਦਾ ਦਿੱਤਾ। ਆਪ ਨੇ 1970 ਤੋਂ ਆਪਣੇ ਮਹਾਂ-ਸਮਾਧੀ ਧਾਰਨ ਕਰਨ ਤੱਕ ਅਰਥਾਤ 37 ਸਾਲ ਨੇਮ ਨਾਲ਼ ਇਸ ਦਾ ਆਯੋਜਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਯੂ.ਐੱਨ ਦਾ ਆਦਰਸ਼ ਵਿਸ਼ਵ-ਸ਼ਾਂਤੀ ਅਤੇ ਵਿਸ਼ਵ-ਭਾਈਚਾਰਾ ਹੈ ਅਤੇ ਇਸ ਦਾ ਮੰਤਵ ਸੰਸਾਰ ਇੱਕ ਪਰਿਵਾਰ ਅਤੇ ਸਰਬ-ਸਾਂਝੀਵਾਲਤਾ ਹੈ। ਉਹ ਕਿਹਾ ਕਰਦੇ ਸਨ ਕਿ ਸ਼ਾਂਤੀ ਦਾ ਮਤਲਬ ਇਕੱਲਾ ਜੰਗਾਂ-ਯੁੱਧਾਂ ਦੀ ਅਣਹੋਂਦ ਨਹੀਂ ਬਲਕਿ ਇਸ ਤੋਂ ਕਿਤੇ ਵੱਧ ਇੱਕ-ਸੁਰਤਾ, ਪ੍ਰੇਮ, ਸਬਰ-ਸੰਤੋਖ ਅਤੇ ਅਨੇਕਤਾ ਵਿੱਚ ਏਕਤਾ ਦਾ ਸੁਮੇਲ ਹੈ।
ਉਨ੍ਹਾਂ ਨੂੰ 1993 ਵਿੱਚ ਛਿਕਾਗੋ ਵਿੱਚ ਹੋਈ ਦੂਜੀ ‘ਵਿਸ਼ਵ-ਧਰਮ ਪਾਰਲੀਮੈਂਟ’ ਦੇ ਉਦਘਾਟਨ ਦੇ ਆਰੰਭ ਤੋਂ ਪਹਿਲਾਂ ਦੀ ‘ਮੌਨ-ਪ੍ਰਾਰਥਨਾ’ ਕਰਨ ਦਾ ਮਾਣ ਦਿੱਤਾ ਗਿਆ ਅਤੇ 2004 ਦੀ ਬਾਰਸਿਲੋਨਾ ਪਾਰਲੀਮੈਂਟ ਵਿੱਚ ਫਿਰ ਉਨ੍ਹਾਂ ਨੂੰ ਇਹ ਮਾਣ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ‘ਪਾਰਲੀਮੈਂਟ’ ਸੰਸਾਰ ਦੇ ਧਾਰਮਿਕ ਅਤੇ ਅਧਿਆਤਮਿਕ ਲੀਡਰਾਂ ਦਾ ਸਭ ਤੋਂ ਵੱਡਾ ‘ਇਕੱਠ’ ਹੈ ਜੋ ਪਹਿਲੀ ਵਾਰ 1893 ਵਿੱਚ ਛਿਕਾਗੋ ਵਿੱਚ ਹੋਇਆ ਸੀ। ਇਸ ਪਹਿਲੀ ਪਾਰਲੀਮੈਂਟ ਵਿੱਚ ਮਹਾਨ ਸਵਾਮੀ ਵਿਵੇਕਾਨੰਦ ਜੀ ਨੇ ਹਿੰਦੂ ਧਰਮ ਦੀ ਨੁਮਾਇੰਦਗੀ ਕੀਤੀ ਸੀ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਹੁਣ ਤੱਕ ਇਸ ਦੇ ਸਿਰਫ ਅੱਠ ‘ਇਕੱਠ’ ਹੋਏ ਹਨ ਅਤੇ ਆਖਰੀ 2021 ਵਿੱਚ ‘ਵਰਚੂਅਲ’ ਹੋਇਆ ਸੀ।
ਉਨ੍ਹਾਂ ਨੇ ‘ਯੂ. ਥਾਂਤ ਸ਼ਾਂਤੀ ਪੁਰਸਕਾਰ’ ਸਥਾਪਿਤ ਕੀਤਾ ਜੋ ਅਧਿਆਤਮਵਾਦ ਦੇ ਉੱਚ-ਆਦਰਸ਼ਾਂ ਅਨੁਸਾਰ ਵਿਸ਼ਵ-ਸ਼ਾਂਤੀ ਵਾਸਤੇ ਸ਼ਾਨਦਾਰ ਸੇਵਾਵਾਂ ਪਰਦਾਨ ਕਰਨ ਵਾਲ਼ੀ ਹਸਤੀ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਸਵੀਕਾਰ ਕਰ ਚੁੱਕੀਆਂ ਹਸਤੀਆਂ ਵਿੱਚ ਪੋਪ ਜੌਹਨ ਪਾਲ ਦੂਜੇ, ਮਿਖਾਇਲ ਗੋਰਬਾਚੋਵ, ਨੈਲਸਨ ਮੰਡੇਲਾ, ਮਦਰ ਟੇਰੇਸਾ, ਦਲਾਈ ਲਾਮਾ, ਡੈੱਸਮੰਡ ਟੁਟੁ ਅਤੇ ਯੂ.ਐੱਨ ਦੇ ਸਾਰੇ ਪੂਰਬ ਸਕੱਤਰ-ਜਨਰਲ ਸ਼ਾਮਿਲ ਹਨ।
ਆਪਣੇ ਸਫਰ ਦੇ ਸਮੇਂ ਦੌਰਾਨ ਉਹ ਚਿੱਤਰ ਬਣਾਉਂਦੇ ਜਾਂ ਕਵਿਤਾਵਾਂ ਲਿਖਦੇ ਰਹਿੰਦੇ ਸਨ ਖਾਸ ਕਰ ਕੇ ਉੱਡ ਰਹੇ ਅਜ਼ਾਦ ਪੰਛੀਆਂ ਦੇ। ਇਸ ਤਰ੍ਹਾਂ ਉਨ੍ਹਾਂ ਨੇ ਛੋਟੇ-ਵੱਡੇ ਲੱਖਾਂ ਚਿੱਤਰ ਬਣਾਏ। ਆਪ ਜੀ ਵਲੋਂ ਬਣਾਏ ਚਿੱਤਰ ਸੰਸਾਰ ਪ੍ਰਸਿੱਧ ਵਿਕਟੋਰੀਆ ਅਤੇ ਅਲਬਰਟ ਨੁਮਾਇਸ਼, ਯੂ ਐੱਨ ਦੇ ਮੁੱਖ ਦਫਤਰ, ਪੈਰਿਸ, ਔਟਵਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੁਕਰੇਨ ਦੇ ਨੁਮਾਇਸ਼-ਘਰਾਂ ਵਿੱਚ ਲੱਗੇ ਹੋਏ ਹਨ। ਆਪ ਨੇ ਬਚਪਨ ਵਿੱਚ ਹੀ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ। ਗੀਤਕਾਰ ਵਜੋਂ ਆਪ ਨੇ ਬੰਗਾਲੀ, ਅੰਗਰੇਜ਼ੀ, ਸੰਸਕ੍ਰਿਤ ਅਤੇ ਫਰਾਂਸੀਸੀ ਵਿੱਚ 23,000 ਹਜ਼ਾਰ ਗੀਤ ਲਿਖੇ। ਸੰਗੀਤਕਾਰ ਵਜੋਂ ਉਨ੍ਹਾਂ ਨੇ ਸੈਂਕੜੇ ਜਗ੍ਹਾ ’ਤੇ ਪ੍ਰੋਗਰਾਮ ਦਿੱਤੇ। ਸੰਗੀਤਕਾਰ ਹੋਣ ਦੇ ਨਾਤੇ ਆਪ ਪੱਛਮੀ ਸੰਗੀਤਕਾਰਾਂ ਨੂੰ ਨਸ਼ੇ ਅਤੇ ਸ਼ਰਾਬ ਰਹਿਤ ਅਤੇ ਨੈਤਿਕ ਕਦਰਾਂ-ਕੀਮਤਾਂ ਵਾਲ਼ਾ ਜੀਵਨ ਗ੍ਰਹਿਣ ਕਰਨ ’ਤੇ ਜ਼ੋਰ ਦਿੰਦੇ ਸਨ।
ਆਪ ਕਈ ਪ੍ਰਕਾਰ ਦੀਆਂ ਖੇਡਾਂ ਵਿੱਚ ਨਿਪੁੰਨ, ਸਰੀਰਕ ਪੱਖੋਂ ਬਹੁਤ ਤਕੜੇ, ਪ੍ਰਸਿੱਧ ਅਥਲੀਟ, ‘ਵੇਟ-ਲਿਫਟਰ’ ਅਤੇ ਲੰਬੀ-ਦੂਰੀ ਦੇ ਦੌੜਾਕ ਸਨ। ਆਪ ਨੇ 22 ਮੈਰਾਥਨਾਂ ਅਤੇ ਪੰਜ ਅਲਟਰਾ-ਮੈਰਾਥਨਾਂ ਪੂਰੀਆਂ ਕੀਤੀਆਂ। ਵੱਡੀ ਉਮਰ ਵਿੱਚ ਗੋਡੇ ਦੀ ਸੱਟ ਤੋਂ ਬਾਅਦ ਆਪ ਨੇ ਦੌੜਾਂ ਦੀ ਬਜਾਇ ਭਾਰ ਚੱਕਣ ਦੀ ਕਸਰਤ ਸ਼ੁਰੂ ਕਰ ਦਿੱਤੀ ਸੀ। ਆਪ ਨੇ ਅਨੇਕਾਂ ਕਿਸਮ ਦੀਆਂ ਸਰੀਰਕ ਗਤੀ-ਵਿਧੀਆਂ, ਦੌੜਾਂ, ਮਹਾਂ-ਦੌੜਾਂ ਅਤੇ ਹੋਰ ਖੇਡ-ਮੁਕਾਬਲਿਆਂ ਦੀ ਸਥਾਪਨਾ ਕੀਤੀ।
* ਉਨ੍ਹਾਂ ਵਲੋਂ 1987 ਵਿੱਚ ਸ਼ੁਰੂ ਕੀਤੀ ਵਿਸ਼ਵ-ਵਿਆਪੀ ‘ਰਿਲੇਅ’ ਸ਼ਾਂਤੀ-ਦੌੜ ਅੱਜ ਤੱਕ ਜਾਰੀ ਹੈ ਜੋ ਹੁਣ ਤੱਕ 155 ਦੇਸ਼ਾਂ ਵਿੱਚੋਂ ਲੰਘ ਚੁੱਕੀ ਹੈ ਅਤੇ ਜਿਸ ਵਿੱਚ 70 ਲੱਖ ਲੋਕ ਵਿੱਚ ਭਾਗ ਲੈ ਚੁੱਕੇ ਹਨ। ਅੱਜ ਕੱਲ (6 ਦਸੰਬਰ ਤੋਂ) ਇਹ ਪੁਰਤਗਾਲ ਵਿੱਚ ਦੌੜੀ ਜਾ ਰਹੀ ਹੈ।
* ਕਈ ਮਹਾਂ-ਦੌੜਾਂ (‘ਅਲਟਰਾ-ਮੈਰਾਥਨਜ’) ਅਤੇ ਬਹੁ-ਦਿਵਸੀ (‘ਮਲਟੀ-ਡੇ’) ਦੌੜਾਂ ਦੀ ਨੀਂਹ ਰੱਖੀ। ਇਨ੍ਹਾਂ ਵਿੱਚੋਂ ਸਭ ਤੋਂ ਪ੍ਰਸਿੱਧ ਅਤੇ ਸਭ ਤੋਂ ਵਿਲੱਖਣ 1997 ਵਿੱਚ ਸ਼ੁਰੂ ਕੀਤੀ ‘ਸ੍ਰੀ ਚਿਨਮੁਆਇ ਸਵੈ-ਸਾਧਨਾ ਮਹਾਂ-ਦੌੜ’ ਹੈ। ਨਿਊ ਯਾਰਕ ਟਾਈਮਜ ਵਲੋਂ ‘ਮਹਾਂ-ਦੌੜਾਂ ਦੀ ਐਵਰੈਸਟ’ ਗਰਦਾਨੀ ਗਈ ਇਹ ਮਹਾਂ-ਦੌੜ ਦੁਨੀਆਂ ਦੀ ਸਭ ਤੋਂ ਲੰਬੀ, ਪਰਮਾਣਿਤ ਅਤੇ ਔਖੀ ਮਹਾਂ-ਦੌੜ ਹੈ। 5,000 ਕਿਲੋਮੀਟਰ (3,100 ਮੀਲ) ਦੀ ਇਹ ਸਾਲਾਨਾ ਮਹਾਂ-ਦੌੜ ਹਰ ਸਾਲ ਸਤੰਬਰ-ਅਕਤੂਬਰ ਵਿੱਚ ਅਮਰੀਕਾ ਦੇ ਨਿਊ ਯਾਰਕ ਮਹਾਂ-ਨਗਰ ਵਿੱਚ ਦੌੜੀ ਜਾਂਦੀ ਹੈ। ਇਸ ਸਾਲ ਸਤੰਬਰ ਵਿੱਚ ਇਸ ਦੀ 25ਵੀਂ ਬਰਸੀ ਸੀ।
* ਮੰਨਿਆ ਜਾਂਦਾ ਹੈ ਕਿ 2003 ਵਿੱਚ ਰਾਈਟ-ਭਰਾਵਾਂ (ਹਵਾਈ ਜਹਾਜ਼ਾਂ ਦੇ ਆਵਿਸ਼ਕਾਰੀ) ਦੇ ਸ਼ਤਾਬਦੀ ਸਮਾਰੋਹ ’ਤੇ ਉਨ੍ਹਾਂ ਨੇ 123 ਪਾਇਲਟਾਂ ਨੂੰ ਇਕੱਠੇ ਚੁੱਕਣ ਦਾ ਅਨੂਠਾ ਕਾਰਨਾਮਾ ਕੀਤਾ।
* 1977 ਵਿੱਚ ‘ਸ੍ਰੀ ਚਿਨਮੁਆਇ ਮੈਰਾਥਨ ਟੀਮ’ ਦੀ ਸਥਾਪਨਾ ਕੀਤੀ ਜਿਹੜੀ ਅੱਜ ਤੱਕ ਸਾਰੇ ਸੰਸਾਰ ਵਿੱਚ ਦੌੜਾਂ, ਤੈਰਾਕੀ ਅਤੇ ਸਾਈਕਲ-ਰੇਸਾਂ ਕਰਵਾਉਂਦੀ ਹੈ। ਇਸ ਟੀਮ ਦੇ ਮੈਂਬਰ ਪਹਾੜਾਂ ਦੀ ਚੜ੍ਹਾਈ, ਲੰਬੀਆਂ ਸਾਈਕਲ-ਰੇਸਾਂ, ਇੰਗਲਿਸ਼ ਚੈਨਲ ਪਾਰ ਕਰਨਾ ਆਦਿ।
ਉਨ੍ਹਾਂ ਦਾ ਕਹਿਣਾ ਸੀ, “ਸਵੈ-ਸਾਧਨਾ ਹੀ ਸੱਚੇ ਅਨੰਦ ਦੀ ਪ੍ਰਾਪਤੀ ਦਾ ਇੱਕੋ-ਇੱਕ ਸਾਧਨ ਹੈ। ਇਸ ਵਾਸਤੇ ਲੰਬੀ ਦੂਰੀ ਦੀਆਂ ਦੌੜਾਂ ਸਾਧਕਾਂ ਦੀ ਬਹੁਤ ਸਹਾਇਤਾ ਕਰਦੀਆਂ ਹਨ ਭਾਵੇਂ ਇਸ ਵਿੱਚ ਉਨ੍ਹਾਂ ਨੂੰ ਕਿੰਨੀਆਂ ਵੀ ਔਕੜਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ। ਅੰਤ ਨੂੰ ਜਦੋਂ ਦੌੜ ਸਮਾਪਤ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਸ ਮਹਾਨ ਪ੍ਰਾਪਤੀ ਦਾ ਅਨੁਭਵ ਹੁੰਦਾ ਹੈ।” ਸ੍ਰੀ ਚਿਨਮੁਆਇ ਦਾ ਭਰੋਸਾ ਸੀ ਕਿ ਖੇਡਾਂ ਸੰਸਾਰ ਵਿੱਚ ਇੱਕ-ਸੁਰਤਾ ਦਾ ਇੱਕ ਬਹੁਤ ਸਫਲ ਸਾਧਨ ਹੈ। ਆਪ ‘ਤੰਦਰੁਸਤ ਸਰੀਰ ਅੰਦਰ ਤੰਦਰੁਸਤ ਮਨ’ ਦੇ ਆਦਰਸ਼ ਦੇ ਪੁਰ-ਜ਼ੋਰ ਹਾਮੀ ਸਨ।
ਉਹ ਇੱਕ ਐਸੇ ਸ਼ਾਂਤੀ-ਦੂਤ ਬਣੇ ਜਿਨ੍ਹਾਂ ਨੇ ਸਮੇਂ ਦੀ ਲੋੜ ਅਨੁਸਾਰ ਪੂਰਬੀ ਅਧਿਆਤਮਵਾਦ ਅਤੇ ਪੱਛਮੀ ਜੋਸ਼ ਅਤੇ ਉਤਸ਼ਾਹ ਦਾ ਸੰਤੁਲਿਤ ਸੁਮੇਲ ਬਣਾਇਆ। ਮਿ. ਗੈਰੀ ਐਕਰਮੈਨ ਅਨੁਸਾਰ “ਸ੍ਰੀ ਚਿਨਮੁਆਇ ਨੇ ਆਪਣੀ ਜਨਮ-ਭੂਮੀ ਭਾਰਤ ਦੀਆਂ ਅਧਿਆਤਮਿਕ ਰਹੁ-ਰੀਤਾਂ ਅਤੇ ਅਮਰੀਕਨ ਉੱਦਮ ਅਤੇ ਜੋਸ਼ ਦੇ ਸਹੀ ਸੁਮੇਲ ਰਾਹੀਂ ਮਨੁੱਖਤਾ ਦੀ ਭਰਪੂਰ ਸੇਵਾ ਕੀਤੀ ਹੈ।” ਇਸ ਮੰਤਵ ਨਾਲ਼ ਉਨ੍ਹਾਂ ਨੇ ਸਾਧਨਾ-ਕੇਂਦਰ ਖੋਲ੍ਹੇ ਅਤੇ ਅੱਜ ਅਮਰੀਕਾ ਸਣੇ ਸੰਸਾਰ ਦੇ 70 ਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਕੇਂਦਰ ਕੰਮ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਬਹੁ-ਪੱਖੀ ਅਤੇ ਉੱਚ-ਪੱਧਰੀ ਸੇਵਾਵਾਂ ਸਦਕਾ ਸ੍ਰੀ ਚਿਨਮੁਆਇ, ਉਨ੍ਹਾਂ ਨੂੰ ਮਿਲੇ ਮਾਨਾਂ-ਸਨਮਾਨਾਂ ਦੇ ਪੂਰੇ ਹੱਕਦਾਰ ਸਨ। ਅਧਿਆਤਮਵਾਦ ਦੇ ਇਤਿਹਾਸ ਵਿੱਚ ਇਹ ਇੱਕ ਵਿਲੱਖਣ ਉਦਾਹਰਣ ਹੈ ਕਿ ਅਧਿਆਤਮਿਕ ਗੁਰੂ ਮੰਨੇ ਜਾਣ ਦੇ ਨਾਲ਼-ਨਾਲ਼ ਉਹ ਇੱਕ ਪ੍ਰਸਿੱਧ ਐਥਲੀਟ ਸਨ। ਚੋਟੀ ਦੇ ਇਸ ਮਹਾਨ ਪੁਰਖ ਦੀ ਜੀਵਨੀ ਅਤੇ ਸਿੱਖਿਆਵਾਂ ਤੋਂ ਉਤਸ਼ਾਹ ਲੈ ਕੇ ਆਪੋ-ਆਪਣੇ ਜੀਵਨ ਦਾ ਸਮੁੱਚਾ ਅਤੇ ਸੰਤੁਲਿਤ ਵਿਕਾਸ ਕਰਨਾ ਸਭ ਦਾ ਹੱਕ ਅਤੇ ਫਰਜ਼ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3233)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)