IsherSinghEng7ਅਸੀਂ ਪਰੰਪਰਾਵਾਦੀਆਂ ਵੱਲੋਂ ਕਾਫ਼ਰ ਗਰਦਾਨੇ ਜਾਣ ਦੇ ਡਰ ਤੋਂ ਬੇਖੌਫ਼ ਹੋ ਕੇ ...
(14 ਜਨਵਰੀ 2025)

 

ਪ੍ਰੋਫੈਸਰ ਮੋਹਨ ਸਿੰਘ ਦੀ ਇਸ ਸਿਰਲੇਖ ਵਾਲੀ ਪ੍ਰਸਿੱਧ ਕਵਿਤਾ, ਰੱਬ ਨੂੰ ਸਮਝਣ ਅਤੇ ਮਿਲਣ ਦੇ ਔਖੇ ਪਰ ਅਸਫਲ ਢੰਗਾਂ ਦਾ ਸੰਖੇਪ ਵਰਣਨ ਕਰਦੀ ਹੈਨੱਬੇ ਸਾਲ ਪਹਿਲਾਂ ਛਪੀ ਇਹ ਕਵਿਤਾ ਅੱਜ ਵੀ ਪੰਜਾਬੀ ਦੀਆਂ ਹਰਮਨ ਭਾਉਂਦੀਆਂ ਕਵਿਤਾਵਾਂ ਵਿੱਚ ਗਿਣੀ ਜਾਂਦੀ ਹੈ ਅਤੇ ਇਸਦੀਆਂ ਪਹਿਲੀਆਂ ਤੁਕਾਂ ਹਨ:

ਰੱਬ ਇੱਕ ਗੁੰਝਲ਼ਦਾਰ ਬੁਝਾਰਤ, ਰੱਬ ਇੱਕ ਗੋਰਖ-ਧੰਦਾ
ਖੋਲ੍ਹਣ ਲੱਗਿਆਂ ਭੇਦ ਇਸ ਦੇ
, ਕਾਫ਼ਰ ਹੋ ਜਾਏ ਬੰਦਾ

ਆਪਣੀ ਕਵਿਤਾ ਦਾ ਨਾਇਕ ‘ਰੱਬ’ ਨੂੰ ਬਣਾ ਕੇ ਉਨ੍ਹਾਂ ਨੇ ਆਪਣੀ ਧਾਰਮਿਕ ਸੂਝ-ਬੂਝ ਦਾ ਸਬੂਤ ਦਿੱਤਾ ਹੈ, ਕਿਉਂਕਿ ਉਸ ਦੇ ਅਣਗਿਣਤ ਨਾਂਵਾਂ ਵਿੱਚੋਂ ਇਹ ਹੀ ਇੱਕ ਅਜਿਹਾ ਨਾਉਂ ਹੈ ਜੋ ਅਜੇ ਤਕ ਕਿਸੇ ਧਰਮ ਜਾਂ ਸੰਪਰਦਾ ਵੱਲੋਂ ‘ਪੇਟੈਂਟ’ ਨਹੀਂ ਕਰਵਾਇਆ ਗਿਆਇਸੇ ਕਰਕੇ ਪਰੰਪਰਾਗਤ ਧਰਮਾਂ ਦੇ ਕਥਿਤ ਰਾਖੇ ਇਸ ਨਾਉਂ ਨੂੰ ਬਹੁਤੀ ਮਹੱਤਤਾ ਨਹੀਂ ਦਿੰਦੇ ਅਤੇ ਇਸ ਲਈ ਮਰ-ਮਿਟਣ ਦੇ ਦਾਅਵੇ ਨਹੀਂ ਕਰਦੇਚੰਗੀ ਗੱਲ ਇਹ ਹੈ ਕਿ ਅੱਜ ਵੀ ਇਹ ਨਾਉਂ ਸੰਪਰਦਾਇਕਤਾ ਤੋਂ ਨਿਰਲੇਪ ਅਤੇ ਇੱਕ ਗੈਰ-ਰਸਮੀ ਨਾਉਂ ਹੈ, ਜਿਸ ਨਾਲ ਅਸੀਂ ਕੁਛ ਖੁੱਲ੍ਹ-ਖੇਡ ਲੈ ਸਕਦੇ ਹਾਂਇਸ ਨਾਉਂ ਰਾਹੀਂ ਅਸੀਂ ਉਸ ਨੂੰ ਕਿਸੇ ਖੁਸ਼ਾਮਦੀ ਵਿਸ਼ੇਸ਼ਣ ਵਰਤਣ ਤੋਂ ਬਗੈਰ, ਬੇਝਿਜਕ ਹੋ ਕੇ ਮੁਖਾਤਿਬ ਕਰ ਸਕਦੇ ਹਾਂਇਸ ਨਾਉਂ ਨੂੰ ਕਿਸੇ ਵੀ ਭਾਵ ਨਾਲ ਵਰਤ ਸਕਦੇ ਹਾਂ, ਇੱਥੋਂ ਤਕ ਕਿ ਉਸ ਦੀ ਹੋਂਦ ਤੋਂ ਵੀ ਇਨਕਾਰੀ ਹੋ ਸਕਦੇ ਹਾਂਇਸ ਰਾਹੀਂ ਅਸੀਂ ਉਸ ਨੂੰ ਪਿਆਰ ਕਰ ਸਕਦੇ ਹਾਂ, ਉਸ ਨਾਲ ਰੋਸਾ ਕਰ ਸਕਦੇ ਹਾਂਉਸ ਨੂੰ ਚੰਗਾ ਕਹਿ ਸਕਦੇ ਹਾਂ, ਉਸ ਨੂੰ ਨਾ-ਚੰਗਾ ਕਹਿ ਸਕਦੇ ਹਾਂਉਸ ਤੋਂ ਕੁਛ ਮੰਗ ਸਕਦੇ ਹਾਂ ਅਤੇ ਨਾਂ ਦਿੱਤੇ ਜਾਣ ’ਤੇ ਉਸ ਨੂੰ ਉਲਾਂਭਾ ਦੇ ਸਕਦੇ ਹਾਂ ਅਤੇ ਵੱਧ-ਘੱਟ ਵੀ ਬੋਲ ਸਕਦੇ ਹਾਂਉਸ ਨੂੰ, ਇਸ ਸੰਸਾਰ ਦਾ ਪ੍ਰਬੰਧ ਸਹੀ ਤਰੀਕੇ ਨਾਲ ਨਾ ਕਰ ਸਕਣ ਲਈ ਪੱਖ-ਪਾਤੀ ਤੇ ਬੇ-ਦਰਦ ਕਹਿ ਸਕਦੇ ਹਾਂ ਇੱਥੋਂ ਤਕ ਕਹਿ ਸਕਦੇ ਹਾਂ ਕਿ ਉਹ ਮਨੁੱਖੀ ਹਾਲਾਤ ਅਤੇ ਭਾਵਨਾਵਾਂ ਪ੍ਰਤੀ ਉਦਾਸੀਨ ਅਤੇ ਬੇ-ਕਿਰਕ ਹੈ ਕਿਉਂਕਿ ਉਸ ਦੇ ਸਾਹਮਣੇ ਚੰਗਿਆਂ ਦਾ ਮੰਦਾ ਅਤੇ ਮੰਦਿਆਂ ਦਾ ਚੰਗਾ ਹੋਈ ਜਾਂਦਾ ਹੈਕਹਿ ਸਕਦੇ ਹਾਂ ਕਿ ਐਨੇ ਚਿਰ ਤੋਂ ਰੱਬ-ਪੁਣਾ ਕਰਦੇ ਹੋਣ ਦੇ ਬਾਵਜੂਦ ਉਸ ਨੇ ਆਪਣੇ ਤਜਰਬੇ ਤੋਂ ਬਹੁਤੇ ਸਬਕ ਨਹੀਂ ਸਿੱਖੇਇਹ ਸਭ ਕਹਿਣ ਲਈ ਸਾਨੂੰ ਕੋਈ ਕੁਛ ਨਹੀਂ ਕਹਿੰਦਾ ਜਦੋਂ ਕਿ ‘ਪੇਟੈਂਟ’ ਕੀਤੇ ਨਾਉਆਂ ਰਾਹੀਂ ਰੱਬ ਬਾਰੇ ਇੰਨਾ ਸੋਚ ਲੈਣ ਦੀ ਵੀ ਸਜ਼ਾ ਮਿਲ ਸਕਦੀ ਹੈਇਸ ਨਾਉਂ ਰਾਹੀਂ ਰੱਬ ਨਾਲ ਇਸ ਤਰ੍ਹਾਂ ਦੀ ਖੁੱਲ੍ਹ-ਖੇਡ ਸ਼ਿਵ ਕੁਮਾਰ ਬਟਾਲਵੀ ਅਤੇ ਇਨ੍ਹਾਂ ਤੋਂ ਪਹਿਲਾਂ ਸਾਈਂ ਬੁੱਲੇ ਸ਼ਾਹ ਵਰਗਿਆਂ ਨੇ ਵੀ ਲਈ ਹੈ

ਇਹ ਨਾਉਂ ਦੋਨਾਂ ਪੰਜਾਬਾਂ ਦੀ ਆਮ ਜਨਤਾ ਵਿੱਚ ਹਰਮਨ-ਪਿਆਰਾ ਹੈ ਭਾਵੇਂ ਕਿ ‘ਪੰਜਾਬ’ ਸ਼ਬਦ ਦੀ ਤਰ੍ਹਾਂ ਇਹ ਵੀ ਪੰਜਾਬੀ ਭਾਸ਼ਾ ਦਾ ਸ਼ਬਦ ਨਹੀਂ। ਰੱਬ ਅਰਬੀ ਭਾਸ਼ਾ ਦਾ ਸ਼ਬਦ ਹੈ ਜਦੋਂ ਕਿ ਪੰਜਾਬ ਫਾਰਸੀ ਦਾਭਾਰਤੀ ਧਾਰਮਿਕ ਗ੍ਰੰਥਾਂ ਵਿੱਚ ਇਹ ਨਾਉਂ ਨਾਂਹ ਦੇ ਬਰਾਬਰ ਵਰਤਿਆ ਗਿਆ ਹੈ ਇਸਦਾ ਮਤਲਬ ਇਹ ਨਹੀਂ ਕਿ ਰੱਬ ਦੇ ਇਸ ਨਾਉਂ ਦੀ ਮਹੱਤਤਾ ਹੋਰਾਂ ਤੋਂ ਘੱਟ ਹੈਇਹ ਇਸਲਾਮ ਧਰਮ ਦੇ ਉਨ੍ਹਾਂ 99 ਮਿਆਰੀ ਨਾਉਆਂ ਵਿੱਚੋਂ ਇੱਕ ਹੈ, ਜਿਨ੍ਹਾਂ ਦਾ ਜ਼ਿਕਰ ਪਵਿੱਤਰ ਕੁਰਾਨ ਸ਼ਰੀਫ ਵਿੱਚ ਆਉਂਦਾ ਹੈ ਇਸਦਾ ਭਾਵ ਮਾਲਿਕ, ਰਾਖਾ ਜਾਂ ਪਾਲਣਹਾਰ ਹੈ, ਜਿਸ ਕਰ ਕੇ ਉਸ ਨੂੰ ‘ਰੱਬ-ਉਲ-ਆਲਮੀਨ’ ਯਾਣੀ ਕਿ ਸਾਰੇ ਸੰਸਾਰ ਦਾ ਰੱਬ ਕਿਹਾ ਗਿਆ ਹੈ, ਨਾ ਕਿ ਸਿਰਫ ਇਸਲਾਮ ਦੇ ਉਪਾਸ਼ਕਾਂ ਦਾਰੱਬ ਦੇ ਸਭ ਨਾਉਂ ਉਸ ਦੇ ਗੁਣ-ਵਾਚਕ ਨਾਉਂ ਹਨ, ਉਸ ਦੇ ਸਿਫਾਤੀ ਜਾਂ ‘ਕੁਆਲੀਟੇਟਿਵ’ ਨਾਉਂ ਹਨਇਹ ਸਭ ਉਸ ਦੇ ਉਪਾਸ਼ਕਾਂ ਨੇ ਆਪੋ-ਆਪਣੇ ਪਿਆਰ ਵਿੱਚ ਆ ਕੇ ਰੱਖੇ ਹੋਏ ਹਨ, ਕਿਉਂਕਿ ਉਸ ਦੇ ਅਸਲ ਨਾਉਂ ਦਾ ਕਿਸੇ ਨੂੰ ਪਤਾ ਨਹੀਂਅਸਲ ਨਾਉਂ ਉਹ ਹੁੰਦਾ ਹੈ ਜੋ ਕਿਸੇ ਦੇ ਮਾਤਾ-ਪਿਤਾ ਨੇ ਰੱਖਿਆ ਹੋਵੇ ਅਤੇ ਸਰਕਾਰੇ-ਦਰਬਾਰੇ ਪਰਵਾਨ ਹੋਵੇਰੱਬ ਦੇ ਸੰਦਰਭ ਵਿੱਚ ਇਹ ਸੰਭਵ ਨਹੀਂ ਕਿਉਂਕਿ ਉਸ ਦਾ ਕੋਈ ਮਾਤਾ-ਪਿਤਾ ਜਾਂ ਭੈਣ-ਭਰਾ ਨਹੀਂ ਅਤੇ ਉਹ ਆਪਣੇ-ਆਪ ਹੀ ਬਣਿਆ ਦੱਸੀਂਦਾ ਹੈਹਰ ਨਾਉਂ ਨਾਲ ਉਪਾਸ਼ਕਾਂ ਦੀਆਂ ਭਾਵਨਾਵਾਂ, ਸ਼ਰਧਾ ਅਤੇ ਪ੍ਰੇਮ ਜੁੜਿਆ ਹੋਇਆ ਹੁੰਦਾ ਹੈ ਅਤੇ ਇਸ ਤਰ੍ਹਾਂ ਦੇ ਨਾਉਂ ਅਸੀਂ ਆਪਣੇ ਮਹਾ-ਪੁਰਖਾਂ ਦੇ ਵੀ ਰੱਖੇ ਹੋਏ ਹਨਉਦਾਹਰਣ ਵਜੋਂ ਅਸੀਂ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਬੰਸਰੀ ਵਾਲਾ, ਸ਼ਿਆਮ-ਸੁੰਦਰ, ਮੁਰਲੀ ਮਨੋਹਰ, ਮੁਰਾਰੀ ਕਹਿੰਦੇ ਹਾਂਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਜਰੀ ਦਾ ਚੰਨ, ਬਾਜ਼ਾਂ ਵਾਲਾ, ਕਲਗੀਆਂ ਵਾਲਾ, ਅੰਮ੍ਰਿਤ ਦਾ ਦਾਤਾ, ਸਰਬੰਸ-ਦਾਨੀ ਕਹਿੰਦੇ ਹਾਂਇਸ ਤੋਂ ਸਪਸ਼ਟ ਹੈ ਕਿ ਰੱਬ ਦੇ ਸਾਰੇ ਨਾਉਂ ਸਤਿਕਾਰ-ਯੋਗ ਹਨ ਅਤੇ ਇਨ੍ਹਾਂ ਬਾਰੇ ਬਹਿਸਾਂ ਕਰਨਾ ਗਲਤ ਹੈ, ਕਿਉਂਕਿ ਇਹ ਉਸ ਨੂੰ ਗੁੰਝਲ਼ਦਾਰ ਬੁਝਾਰਤ ਜਾਂ ਗੋਰਖ-ਧੰਦਾ ਬਣਾਉਣ ਦਾ ਇੱਕ ਕਾਰਨ ਬਣਦਾ ਹੈ

ਇਸ ਤਰ੍ਹਾਂ, ਸਰਲ ਸੁਭਾਅ ਦੇ ਮਾਲਿਕ ਰੱਬ ਦੇ ਦੋ ਪੱਖ ਹਨ ਜੋ ਸਾਨੂੰ ਆਪਾ-ਵਿਰੋਧੀ ਲਗਦੇ ਹਨ ਇਸਦਾ ਇੱਕੋ-ਇੱਕ ਸਪਸ਼ਟੀਕਰਨ ਇਹ ਹੈ ਕਿ ਜੇ ਉਸ ਨੂੰ ਸਹੀ ਢੰਗ ਨਾਲ ਸਮਝਿਆ ਜਾਵੇ ਤਾਂ ਉਹ ਸਰਲ ਹੈ ਜੇ ਸਹੀ ਨਾਲ ਨਾ ਸਮਝਿਆ ਜਾਵੇ ਤਾਂ ਉਹ ਗੁੰਝਲ਼ਦਾਰ ਹੈਕੀ ਅਸੀਂ ਗੁੰਝਲ਼ਦਾਰ ਬਣੇ ਰੱਬ ਨੂੰ ਸਰਲ ਬਣਾ ਸਕਦੇ ਹਾਂ? ਇਸ ਸਵਾਲ ਦਾ ਜਵਾਬ ਸਮਝਣ ਲਈ ਆਪਾਂ ਸਾਇੰਸ ਅਤੇ ਤਕਨੌਲੋਜੀ ਨੂੰ ਉਦਾਹਰਣ ਅਤੇ ਬਿੰਬ (ਮੈਟਾਫਰ) ਬਣਾਉਂਦੇ ਹਾਂ, ਕਿਉਂਕਿ ਔਖੀਆਂ ਗੱਲਾਂ ਨੂੰ ਸਮਝਣ ਲਈ ਆਪਾਂ ਆਪਣੀਆਂ ਜਾਣੀਆਂ-ਪਛਾਣੀਆਂ ਚੀਜ਼ਾਂ ਦੀਆਂ ਉਦਾਹਰਣਾਂ ਅਤੇ ਉਨ੍ਹਾਂ ਦੇ ਬਿੰਬਾਂ ਦਾ ਸਹਾਰਾ ਆਮ ਲੈਂਦੇ ਹਾਂਪਹਿਲੇ ਸਮਿਆਂ ਵਿੱਚ ਸਾਡਾ ਵਾਹ ਗੁੰਝਲ਼ਦਾਰ ਅਤੇ ਗੋਰਖਧੰਦਾ-ਨੁਮਾ ਚੀਜ਼ਾਂ ਨਾਲ ਬਹੁਤ ਘੱਟ ਪੈਂਦਾ ਸੀਪਰ ਅੱਜ ਸਾਇੰਸ ਅਤੇ ਤਕਨੌਲੋਜੀ ਕਰ ਕੇ ਬਣੇ ਇਸ ਤਰ੍ਹਾਂ ਦੇ ਅਨੇਕਾਂ ਜੰਤਰਾਂ, ਮਸ਼ੀਨਾਂ ਅਤੇ ਸਿਸਟਮਾਂ ਨਾਲ ਸਾਡਾ ਵਾਹ ਹਰ ਵਕਤ ਪੈਂਦਾ ਹੈਇਹ ਰੱਬ ਜਿੰਨੇ ਗੁੰਝਲ਼ਦਾਰ ਭਾਵੇਂ ਨਹੀਂ, ਫਿਰ ਵੀ ਇਨ੍ਹਾਂ ਵਿੱਚੋਂ ਕਿਸੇ ਦੀ ਵੀ ਥਿਉਰੀ ਜਾਂ ਬਣਤਰ ਦਾ ਸਾਨੂੰ ਪਤਾ ਨਹੀਂ, ਕਿਸੇ ਦੇ ਕੰਮ ਕਰਨ ਦੇ ਵਿਧੀ-ਵਿਧਾਨ ਦਾ ਕੋਈ ਪਤਾ ਨਹੀਂਇਹ ਸਭ ਸਾਡੇ ਲਈ ‘ਬਲੈਕ ਬੌਕਸ’ ਹਨ। ਫਿਰ ਵੀ ਅਸੀਂ ਇਨ੍ਹਾਂ ਦੀ ਪੂਰੇ ਭਰੋਸੇ ਅਤੇ ਸੁਰੱਖਿਅਤ ਢੰਗ ਨਾਲ ਵਰਤੋਂ ਕਰਦੇ ਹਾਂ ਅਤੇ ਇਨ੍ਹਾਂ ਤੋਂ ਪੂਰਾ ਲਾਭ ਉਠਾ ਰਹੇ ਹਾਂਨਤੀਜੇ ਵਜੋਂ ਅੱਜ ਸਾਰਾ ਸੰਸਾਰ ਅਭੂਤਪੂਰਵ ਵਿਕਾਸ ਕਰ ਚੁੱਕਿਆ ਹੈ ਅਤੇ ਬਹੁਤ ਖ਼ੁਸ਼ਹਾਲ ਹੈਇਨ੍ਹਾਂ ਵਿੱਚੋਂ ਕੁਛ ਜੰਤਰ ਆਪਾਂ ਨਿੱਜੀ ਤੌਰ ’ਤੇ ਵਰਤਦੇ ਹਾਂ ਅਤੇ ਬਹੁਤੇ ਸਮੂਹਕ ਤੌਰ ਉੱਤੇਜਿਵੇਂ ਕਿ ਕਾਰ ਅਤੇ ਮੋਬਾਇਲ ਆਦਿ ਨੂੰ ਨਿੱਜੀ ਤੌਰ ’ਤੇ ਵਰਤਦੇ ਹਾਂ ਅਤੇ ਹਵਾਈ ਜਹਾਜ਼, ਸ਼ਹਿਰਾਂ ਦੇ ਜਲ-ਸਪਲਾਈ, ਸੀਵਰੇਜ, ਬਿਜਲੀ ਦੇ ਪ੍ਰਬੰਧ ਜਾਂ ਡਾਕਟਰੀ ਦੀਆਂ ਮਸ਼ੀਨਾਂ ਆਦਿ ਨੂੰ ਸਮੂਹਕ ਤੌਰ ’ਤੇ ਵਰਤਦੇ ਹਾਂਉਦਾਹਰਣ ਵਜੋਂ ਅੱਜ ਦੀ ਕਾਰ ਵਿੱਚ ਕਰੀਬ ਚਾਲ਼ੀ ਹਜ਼ਾਰ ਪੁਰਜ਼ੇ ਹੁੰਦੇ ਹਨ ਅਤੇ ਕਰੀਬ ਇੱਕ ਦਰਜਨ ਇੰਜਨੀਅਰੀ ਬਰਾਂਚਾਂ ਦੇ ਸੁਮੇਲ ਨਾਲ ਇਸ ਨੂੰ ਤਿਆਰ ਕੀਤਾ ਜਾਂਦਾ ਹੈਇੰਨੀ ਗੁੰਝਲ਼ਦਾਰ ਮਸ਼ੀਨਰੀ ਹੋਣ ਦੇ ਬਾਵਜੂਦ ਸੰਸਾਰ ਭਰ ਵਿੱਚ ਲੋਕ ਅਸਾਨੀ ਨਾਲ ਇਨ੍ਹਾਂ ਨੂੰ ਚਲਾ ਰਹੇ ਅਤੇ ਇਨ੍ਹਾਂ ਦਾ ਲਾਭ ਉਠਾ ਰਹੇ ਹਨਇਨ੍ਹਾਂ ਦੀ ਵਰਤੋਂ ਲਈ ਸਾਨੂੰ ਸਿਰਫ ਸਟੇਰਿੰਗ, ਬਰੇਕ, ਐਕਸਲਰੇਟਰ, ਗੇਅਰ, ਗੈਸ ਦੀ ਟੈਂਕੀ ਆਦਿ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਜਾਂ ਫਿਰ ਇਨ੍ਹਾਂ ਨੂੰ ਚਲਾਉਣ ਦੇ ਲਸੰਸ ਲੈਣੇ ਅਤੇ ਟ੍ਰੈਫਿਕ ਦੇ ਨੇਮ ਸਿੱਖਣੇ ਪੈਂਦੇ ਹਨ

ਇਸ ਵਰਗੀ ਉਦਾਹਰਣ ਹੀ ਬਿਜਲੀ ਦੀ ਹੈਅਸੀਂ ਘਰ ਵਿੱਚ ਦਾਖਲ ਹੋ ਕੇ, ਉਂਗਲ਼ ਨਾਲ ਛੋਟੀ ਜਿਹੀ ਸੁੱਚ ਦਬਦੇ ਹਾਂ ਅਤੇ ਸਾਰਾ ਘਰ ਜਗ-ਮਗਾ ਉੱਠਦਾ ਹੈ ਅਤੇ ਉਸ ਤੋਂ ਬਾਅਦ ਹੋਰ ਜ਼ਰੂਰੀ ਕੰਮ ਵੀ ਸੁੱਚਾਂ ਦੱਬ-ਦੱਬ ਕੇ ਹੀ ਕਰੀਂ ਜਾਂਦੇ ਹਾਂਸਭ ਕੁਛ ਕਿਵੇਂ ਹੋਈ ਜਾਂਦਾ ਹੈ? ਕਦੇ ਸੋਚਿਆ-ਸਮਝਿਆ ਵੀ ਨਹੀਂ ਅਤੇ ਸੋਚਣ-ਸਮਝਣ ਦੀ ਕੋਈ ਲੋੜ ਵੀ ਨਹੀਂ ਪੈਂਦੀਇਨ੍ਹਾਂ ਜੰਤਰਾਂ, ਮਸ਼ੀਨਾਂ ਅਤੇ ਸਿਸਟਮਾਂ ਨੂੰ ਬਣਾਉਣ ਵਾਲਿਆਂ ਨੇ ਇਨ੍ਹਾਂ ਵਿੱਚ ਉਹ ਸਭ ਸਾਜ਼ੋ-ਸਮਾਨ ਲਾਇਆ ਹੋਇਆ ਹੈ ਜਿਸ ਕਰ ਕੇ ਇਨ੍ਹਾਂ ਦੀ ਵਰਤੋਂ ਅਸਾਨ ਵੀ ਹੈ ਅਤੇ ਇਨ੍ਹਾਂ ਤੋਂ ਇੱਛਿਤ ਲਾਭ ਵੀ ਉਠਾਏ ਜਾ ਰਹੇ ਹਨਭਾਵ ਕਿ ਸਾਨੂੰ ਕਿਸੇ ਜੰਤਰ, ਮਸ਼ੀਨ ਜਾਂ ਸਿਸਟਮ ਨੂੰ ਵਰਤਣ ਅਤੇ ਉਸ ਤੋਂ ਫਾਇਦਾ ਉਠਾਉਣ ਲਈ ਉਸ ਦੀ ਇੰਜਨੀਅਰੀ ਅਤੇ ਅੰਦਰੂਨੀ ਗੁੰਝਲਾਂ ਆਦਿ ਦੇ ਸਮਝਣ ਦੀ ਲੋੜ ਨਹੀਂਇਹ ਤਰਕੀਬ ਰੱਬ ’ਤੇ ਵੀ ਲਾਗੂ ਹੁੰਦੀ ਹੈ ਕਿ ਸਾਨੂੰ ਉਸ ਦੇ ਗੁੱਝੇ ਭੇਦਾਂ ਅਤੇ ਔਖੇ ਫਲਸਫਿਆਂ ਨੂੰ ਜਾਣਨ-ਸਮਝਣ ਦੀ ਬਹੁਤੀ ਲੋੜ ਨਹੀਂਅਸੀਂ ਉਸ ਦੇ ਸਟੇਰਿੰਗ/ਬਰੇਕ ਨੁਮਾ, ਕੁਛ ਗੁਣਾਂ ਅਤੇ ਲੱਛਣਾਂ ਦੀ ਖੋਜ ਕਰ ਕੇ ਅਤੇ ਸਮਝ ਕੇ ਹੀ ਉਸ ਦਾ ਪੂਰਾ ਲਾਹਾ ਲੈ ਸਕਦੇ ਹਾਂਪ੍ਰੋਫੈਸਰ ਸਾਹਿਬ ਵੀ ਇਸ ਖੋਜ ਲਈ ਸਾਨੂੰ ਉਤਸ਼ਾਹਿਤ ਕਰਦੇ ਹਨ ਕਿ ਸਾਨੂੰ ਇਸ ਤਰ੍ਹਾਂ ਦੀਆਂ ਖੋਜਾਂ ਕਰਨ ਤੋਂ ਇਸ ਕਰ ਕੇ ਨਹੀਂ ਡਰਨਾ ਨਹੀਂ ਚਾਹੀਦਾ ਕਿ ਅਸੀਂ ਕਿਤੇ ਕਾਫ਼ਰ ਨਾ ਗਰਦਾਨੇ ਜਾਈਏ

ਕਾਫ਼ਰ ਹੋਣੋਂ ਡਰ ਕੇ ਜੀਵੇਂ, ਖੋਜੋਂ ਮੂਲ ਨਾ ਖੁੰਝੀਂ
ਲਾਈ-ਲੱਗ ਮੋਮਨ ਦੇ ਕੋਲੋਂ ਖੋਜੀ ਕਾਫ਼ਰ ਚੰਗਾ

ਉਨ੍ਹਾਂ ਨੇ ਖੁਦ ਇਹ ਖੋਜ ਕੀਤੀ ਕੀਤੀ ਲਗਦੀ ਹੈ ਜਿਸਦੇ ਸਦਕਾ ਉਹ ‘ਸਾਡੇ ਖੂਹ ’ਤੇ ਵਸਦਾ ਰੱਬ ਨੀ’ ਦਾ ਅਨੰਦ ਮਾਣ ਸਕੇਪਰਮਾਰਥ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਹੁੰਦਾ ਰਿਹਾ ਹੈਧੰਨੇ ਭਗਤ ਦੇ ਖੂਹ ’ਤੇ ਰਹਿਣ ਦੀ ਗੱਲ ਛੱਡੀਏ, ਰੱਬ ਤਾਂ ਉਸ ਦੇ ਖੇਤੀ-ਬਾੜੀ ਦੇ ਕੰਮ ਵੀ ਕਰਦਾ ਸੀ ਜਦੋਂ ਸਾਈਂ ਬੁੱਲੇ ਸ਼ਾਹ ਆਪਣੇ ਹੋਣ ਵਾਲੇ ਮੁਰਸ਼ਦ ਅਨਾਇਤ ਸ਼ਾਹ ਕੋਲ ਗਏ ਅਤੇ ਰੱਬ ਨੂੰ ਮਿਲਣ ਦਾ ਢੰਗ ਪੁੱਛਿਆ ਤਾਂ ਜਵਾਬ ਮਿਲਿਆ ਕਿ, “ਬੁੱਲਿਆ ਰੱਬ ਦਾ ਕੀ ਪਾਉਣਾ, ਐਧਰੋਂ ਪੁੱਟਣਾ, ਇੱਧਰ ਲਾਉਣਾ।” ਇਹ ਤੱਥ ਇਸ ਸਚਾਈ ਦਾ ਸਬੂਤ ਹਨ ਕਿ ਜੇ ਰੱਬ ਨੂੰ ਸਮਝਣ ਦੀ ਜੁਗਤ ਸਿੱਖ ਲਈ ਜਾਵੇ ਤਾਂ ਅਸੀਂ ਬਹੁਤ ਸੌਖੇ ਢੰਗ ਨਾਲ ਉਸ ਨੂੰ ਮਿਲ ਸਕਦੇ ਹਾਂਭਾਵੇਂ ਇਹ ਵਿਚਾਰਧਾਰਾ ਮੁੱਢ-ਕਦੀਮੀ ਹੈ ਪਰ ਇਸ ਨੂੰ ਜਨ-ਸਧਾਰਨ ਵਿੱਚ ਪਰਚੱਲਤ ਭਗਤੀ ਲਹਿਰ ਦੇ ਮੋਢੀ ਮਹਾਪੁਰਖਾਂ ਨੇ ਕੀਤਾ, ਜਿਨ੍ਹਾਂ ਵਿੱਚ ਸਿੱਖ ਗੁਰੂ ਸਾਹਿਬਾਨ ਸਿਰਮੌਰ ਸਨਉਨ੍ਹਾਂ ਨੇ ਆਪਣੀਆਂ ਬਾਣੀਆਂ ਰਾਹੀਂ ਖਲਕਤ ਨੂੰ ਰੱਬ ਨੂੰ ਮਿਲਣ ਦੀ ਲੋੜ, ਉਸ ਨੂੰ ਮਿਲ ਕੇ ਪ੍ਰਾਪਤ ਹੋਣ ਵਾਲੇ ਲਾਭ ਅਤੇ ਮਿਲਣ ਦੀਆਂ ਸਰਲ ਅਤੇ ਸਫਲ ਜੁਗਤਾਂ ਬਾਰੇ ਦੱਸਿਆਉਸ ਨੂੰ ਮਾਤਾ-ਪਿਤਾ, ਭਾਈ, ਮਿੱਤਰ, ਰਿਸ਼ਤੇਦਾਰ ਦੀ ਸੰਗਿਆ ਦਿੱਤੀ, ਜੋ ਹਰ ਵਕਤ ਸਾਡੇ ਕੋਲ ਰਹਿੰਦੇ ਹਨ ਇੱਥੋਂ ਤਕ ਸਮਝਾਇਆ ਕਿ ਜੇ ਰੱਬ ਨੂੰ ਮਿਲਣ ਦੀ ਜੁਗਤ ਸਿੱਖ ਲਈ ਜਾਵੇ ਤਾਂ ਅਸੀਂ ਦੁਨਿਆਵੀ ਫਰਜ਼ ਪੂਰੇ ਕਰਦੇ ਹੋਏ, ਹੱਸਦੇ, ਖੇਡਦੇ, ਖਾਂਦੇ ਅਤੇ ਪਹਿਨਦੇ ਉਸ ਨੂੰ ਮਿਲ ਸਕਦੇ ਹਾਂ

ਇਸ ਤਰ੍ਹਾਂ ਦੇ ਰੱਬ ਨੂੰ ਫਿਰ ਗੁੰਝਲ਼ਦਾਰ ਕਿਸ ਨੇ ਅਤੇ ਕਿਉਂ ਬਣਾਇਆ ਹੈ? ਅਸੀਂ ਉਸ ਦੀ ਸਾਦਗੀ ਨੂੰ ਕਿਵੇਂ ਮਾਣ ਸਕਦੇ ਹਾਂ? ਉੱਤਰ ਹੈ ਕਿ ਇਹ ਕੰਮ ਕਥਿਤ ਰਾਖਿਆਂ ਨੇ ਆਪਣੀ ਖੁਦਗਰਜ਼ੀ ਲਈ ਕੀਤਾ ਹੈਅਸੀਂ ਮੋਢੀ ਮਹਾਪੁਰਖਾਂ ਦੀਆਂ ਸਰਲ ਸਿੱਖਿਆਵਾਂ ਨੂੰ ਖ਼ੁਦ ਪੜ੍ਹ-ਸਮਝ ਕੇ ਅਤੇ ਇਨ੍ਹਾਂ ਉੱਤੇ ਅਮਲ ਕਰ ਕੇ ਰੱਬ ਦੀ ਸਾਦਗੀ ਦਾ ਅਨੰਦ ਮਾਣ ਸਕਦੇ ਹਾਂਪਰ ਜਦੋਂ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਜਾਂ ਬਾਣੀਆਂ ਦੀ ਆਪ ਖੋਜ ਕਰਨ ਦੀ ਕੋਸ਼ਿਸ਼ ਕਰਦੇ ਤਾਂ ਇਹ ਸਾਨੂੰ ਬਹੁਤ ਔਖੀਆਂ ਲੱਗਦੀਆਂ ਹਨ ਅਤੇ ਸਾਡੀ ਸਮਝ ਵਿੱਚ ਨਹੀਂ ਆਉਂਦੀਆਂ ਇਸਦਾ ਕਾਰਨ ਹੈ ਕਿ ਮਹਾ-ਪੁਰਖਾਂ ਨੇ ਆਪਣੀਆਂ ਸਿੱਖਿਆਵਾਂ ਉੱਚ-ਕੋਟੀ ਦੀ ਵਿਦਵਤਾ-ਭਰਪੂਰ ਔਖੀ ਸ਼ੈਲੀ ਵਿੱਚ ਵੀ ਰਚੀਆਂ ਹਨ ਤਾਂ ਕਿ ਦੁਨਿਆਵੀ ਸਿਆਣੇ ਉਨ੍ਹਾਂ ਨੂੰ ਐਵੇਂ ਨਾ ਸਮਝ ਲੈਣਪਰਉਪਕਾਰ ਵਜੋਂ ਉਨ੍ਹਾਂ ਨੇ ਓਹੀ ਸਿੱਖਿਆਵਾਂ ਨਾਲ-ਨਾਲ ਬਹੁਤ ਸਰਲ ਸ਼ੈਲੀ ਵਿੱਚ ਵੀ ਰਚੀਆਂ ਹਨ ਤਾਂ ਕਿ ਸਧਾਰਨ ਜਨਤਾ ਇਨ੍ਹਾਂ ਤੋਂ ਲਾਭ ਉਠਾ ਸਕੇਇਸ ਕਰਕੇ ਹੀ ਉਨ੍ਹਾਂ ਦੀਆਂ ਬਾਣੀਆਂ ਵਿੱਚ ਦੁਹਰਾਓ (ਰੈਪੀਟੀਸ਼ਨਜ) ਬਹੁਤ ਹਨਪਰ ਕਥਿਤ ਰਾਖੇ ਆਪਣੀ ਵਿਦਵਤਾ ਦੀ ਟੌਅਰ ਵਿੱਚ, ਆਪਣੇ ਪੇਟ ਅਤੇ ਆਪਣੀ ਮਾਣ-ਮਰਯਾਦਾ ਲਈ ਸਾਨੂੰ ਗੁੰਝਲ਼ਦਾਰ ਫਲਸਫਿਆਂ ਅਤੇ ਔਖੇ ਸ਼ਬਦਾਂ ਦੇ ਭੰਬਲ-ਭੂਸਿਆਂ ਵਿੱਚ ਪਾ ਦਿੰਦੇ ਹਨਮਜਬੂਰ ਹੋ ਕੇ ਸਾਨੂੰ ਇਹ ਕੰਮ ਉਨ੍ਹਾਂ ਨੂੰ ਹੀ ‘ਆਊਟ-ਸੋਰਸ’ ਕਰਨਾ ਪੈਂਦਾ ਹੈ ਅਤੇ ਦੇਖ ਰਹੇ ਹਾਂ ਕਿ ਰੱਬ ਦਾ ਵਿਸ਼ਾ ਅੱਜ ‘ਟੂਅ ਬਿੱਗ ਟੂ ਫੇਲ’ ਬਿਜ਼ਨਸ ਬਣਿਆ ਹੋਇਆ ਹੈਅਸੀਂ ਰੱਬ ਨੂੰ ਹੋਰ ਗੁੰਝਲ਼ਦਾਰ ਸਮਝ ਕੇ ਇੱਕ ਕੁ-ਚੱਕਰ (ਵਿਸ਼ਸ ਸਰਕਲ Vicious Circle) ਵਿੱਚ ਪੈ ਜਾਂਦੇ ਹਾਂ ਹਾਲਾਂ ਕਿ ਅਸੀਂ ਮਹਾ-ਪੁਰਖਾਂ ਦੀਆਂ ਸੌਖੀਆਂ ਅਤੇ ਸਾਡੇ ਸਮਝਣਯੋਗ ਸਿੱਖਿਆਵਾਂ ’ਤੇ ਅਮਲ ਕਰ ਕੇ ਵੀ ਪੂਰੇ ਲਾਭ ਉਠਾ ਸਕਦੇ ਹਾਂਅਮਰੀਕਾ ਦੇ ਪ੍ਰਸਿੱਧ ਹਾਸ-ਰਸ ਫਿਲਾਸਫਰ ਮਾਰਕ ਟਵੇਨ ਦੀ ਇੱਕ ਬਹੁਤ ਢੁਕਵੀਂ ਟੂਕ ਹੈ ਕਿ “ਲੋਕ ਬਾਈਬਲ ਦੀਆਂ ਉਨ੍ਹਾਂ ਗੱਲਾਂ ਦਾ ਫਿਕਰ ਕਰਦੇ ਹਨ ਜੋ ਉਨ੍ਹਾਂ ਨੂੰ ਸਮਝ ਨਹੀਂ ਆਉਂਦੀਆਂ ਪਰ ਮੈਂ ਉਨ੍ਹਾਂ ਦਾ ਫਿਕਰ ਕਰਦਾ ਹਾਂ ਜੋ ਮੈਂਨੂੰ ਸਮਝ ਆ ਚੁੱਕੀਆਂ ਹਨ” ਇਸ ਟੂਕ ਦੀ ਨਸੀਹਤ ਅਨੁਸਾਰ ਅਸੀਂ ਵੀ ਬਹੁਤੀਆਂ ਅਤੇ ਔਖੀਆਂ ਬਾਣੀਆਂ ਦੀ ਜਗ੍ਹਾ ਥੋੜ੍ਹੀਆਂ ਅਤੇ ਸਰਲ ਬਾਣੀਆਂ ਨੂੰ ਸਮਝੀਏ ਅਤੇ ਉਨ੍ਹਾਂ ’ਤੇ ਅਮਲ ਕਰੀਏਇਸ ਤਰ੍ਹਾਂ ਰੱਬ ਸਾਡੇ ਲਈ ਇੱਕ ਸਰਲ ਅਤੇ ਜਾਣੀ-ਪਛਾਣੀ ਹਸਤੀ ਬਣ ਸਕਦਾ ਹੈ ਅਤੇ ਅਸੀਂ ਉਸ ਨੂੰ ਮਿਲ ਕੇ ਅਤੇ ਸਮਝ ਕੇ ਉਸ ਦਾ ਪ੍ਰਤੱਖ ਲਾਹਾ ਲੈ ਸਕਦੇ ਹਾਂ

ਇਹ ਸਮੱਸਿਆ ਪੱਛਮੀ ਦੇਸ਼ਾਂ ਨੂੰ ਵੀ ਹੈ ਅਤੇ ਉਹ ਵੀ ਇਸ ਸੰਬੰਧ ਵਿੱਚ ਪਿਛਲੇ ਸੱਤ-ਅੱਠ ਦਹਾਕਿਆਂ ਤੋਂ ਗੰਭੀਰ ਖੋਜਾਂ ਕਰਦੇ ਆ ਰਹੇ ਹਨਉਨ੍ਹਾਂ ਦੇ ਮਨੋ-ਵਿਗਿਆਨੀਆਂ, ਇਤਿਹਾਸਕਾਰਾਂ ਅਤੇ ਫਿਲਾਸਫਰਾਂ ਨੇ ਪੂਰਬੀ ਮਹਾ-ਪੁਰਖਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਕੇ ਸਾਧਨਾਂ, ਖਿਮਾ, ਪ੍ਰੇਮ, ਸ਼ੁਕਰ-ਗੁਜ਼ਾਰੀ ਅਤੇ ਭਾਣਾ ਮੰਨਣ ਵਰਗੇ ਅਧਿਆਤਮਵਾਦੀ ਵਿਸ਼ਿਆਂ ’ਤੇ ਖੋਜਾਂ ਕੀਤੀਆਂ ਉਹ ਇਸ ਨਤੀਜੇ ਉੱਤੇ ਪਹੁੰਚੇ ਕਿ ਇਹ ਸਭ ਗੁਣ ਸੁਚੱਜੇ, ਖੁਸ਼-ਮਈ ਅਤੇ ਸਫਲ ਜੀਵਨ ਲਈ ਜ਼ਰੂਰੀ ਹਨਇਨ੍ਹਾਂ ਖੋਜਾਂ ਨੇ ‘ਪੁਰਾਤਨ ਸਿਆਣਪਾਂ ਦੇ ਅਜੋਕੀਆਂ ਸਾਇੰਸੀ ਖੋਜਾਂ ਨਾਲ ਸੁਮੇਲ’ ਦੀ ਵਿਚਾਰਧਾਰਾ ਨੂੰ ਜਨਮ ਦਿੱਤਾ ਹੈਇਸ ਵਿਚਾਰਧਾਰਾ ਦੇ ਮੁੱਖ ਸੂਤਰਧਾਰ ਮਾਰਟਿਨ ਸੈਲਿਗਮੈਨ ਅਤੇ ਜੌਨਾਥਨ ਹਾਈਟ ਵਰਗੇ ਮਨੋ-ਵਿਗਿਆਨੀ ਹਨਇਸ ਅਨੁਸਾਰ ਅਸੀਂ ਸਭ ਲਈ ਇੱਕ ਸਾਂਝਾ ‘ਕੌਮਨ ਮਿਨੀਮਮ ਪ੍ਰੋਗਰਾਮ’ ਸਿਰਜ ਸਕਦੇ ਹਾਂ, ਜਿਸ ਨੂੰ ਅਧਾਰ ਬਣਾ ਕੇ ਅੱਗੇ ਆਪਣੇ ਤਰਕ ਅਤੇ ਸਮਰੱਥਾ ਨਾਲ ਵਿਅਕਤੀਗਤ ਢੰਗ ਉਲੀਕ ਸਕਦੇ ਹਾਂਇਸ ਪ੍ਰੋਗਰਾਮ ਵਿੱਚ ਹੇਠਲੇ ਮੂਲ ਰੱਬੀ ਸਿਧਾਂਤ ਰੱਖੇ ਜਾ ਸਕਦੇ ਹਨ:

* ਰੱਬ ਦੇ ਰਸਤੇ ਦੇ ਦੋ ਹਿੱਸੇ ਹਨ: ਪਹਿਲਾ ਇਹ ਜੀਵਨ ਅਰਥਾਤ ਜਨਮ ਤੋਂ ਮਰਨ ਤਕ ਦਾ ਹਿੱਸਾ ਅਤੇ ਦੂਸਰਾ ਮਰਨ ਤੋਂ ਬਾਅਦ ਦਾ ਹਿੱਸਾਪਹਿਲੇ ਹਿੱਸੇ ਵਿੱਚ ਸਾਰੇ ਇਨਸਾਨ ਵਿਸ਼ਵਾਸ ਕਰਦੇ ਹਨ ਜਦੋਂ ਕਿ ਦੂਸਰੇ ਹਿੱਸੇ ਵਿੱਚ ਬਹੁਤੇ ਵਿਸ਼ਵਾਸ ਨਹੀਂ ਕਰਦੇਦੂਸਰੇ ਹਿੱਸੇ ਵਿੱਚ ਵਿਸ਼ਵਾਸ ਕਰਨ ਜਾਂ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ, ਜਦੋਂ ਕਿ ਇਹ ਜਨਮ ਦੋਹਾਂ ਤਰ੍ਹਾਂ ਦੇ ਵਿਸ਼ਵਾਸਾਂ ਵਾਲੇ ਇਨਸਾਨਾਂ ਨੇ ਜਿਊਣਾ ਹੈ ਮਹਾਪੁਰਖ ਸਮਝਾਉਂਦੇ ਹਨ ਕਿ ਪਹਿਲੇ ਹਿੱਸੇ ਅਰਥਾਤ ਇਸ ਜੀਵਨ ਨੂੰ ਸਵੱਛ ਅਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਅਤੇ ਪਾਕ ਪਵਿੱਤਰ ਢੰਗ ਨਾਲ ਜਿਊਣਾ ਦੋਹਾਂ ਲਈ ਜ਼ਰੂਰੀ ਹੈਬਲਕਿ ਦੂਸਰੇ ਹਿੱਸੇ ਵਿੱਚ ਵਿਸ਼ਵਾਸ ਕਰਨ ਵਾਲਿਆਂ ਲਈ ਵੱਧ ਜ਼ਰੂਰੀ ਹੈ, ਕਿਉਂਕਿ ਇਸ ਜੀਵਨ ਨੇ ਹੀ ਅਗਲੇ ਜਨਮ ਦਾ ਅਧਾਰ ਬਣਨਾ ਹੈਜੋ ਇਸ ਜਨਮ ਵਿੱਚ ਮੰਦਾ ਹੈ ਉਸ ਨੂੰ ਅਗਲੇ ਜਨਮ ਵਿੱਚ ਕਿਸੇ ਨੇ ਚੰਗਾ ਨਹੀਂ ਬਣਾਉਣਾਨਿਬੇੜੇ ਇਸ ਜਨਮ ਦੇ ਅਮਲਾਂ ਉੱਤੇ ਹੋਣੇ ਹਨ, ਭਰੋਸਿਆਂ ਜਾਂ ਮਾਨਤਾਵਾਂ ਉੱਤੇ ਨਹੀਂ ਹੋਣੇਪਰ ਪਖੰਡੀ ਸਾਨੂੰ ਅਗਲੇ ਜਨਮ ਦੇ ਭੁਲੇਖਿਆਂ ਵਿੱਚ ਉਲ਼ਝਾ ਕੇ ਰੱਖਦੇ ਹਨ

* ਕਿਸਮਤ ਜਾਂ ‘ਡੈਸਟਿਨੀ’ ਨੂੰ ਕੋਈ ਨਹੀਂ ਬਦਲ ਸਕਦਾ ਅਤੇ ਨਾ ਹੀ ਕੋਈ ਅਗਲੇ ਜਨਮਾਂ ਨੂੰ ਚੰਗਾ ਬਣਾਉਣ ਦੀ ਗਰੰਟੀ ਦੇ ਸਕਦਾ ਹੈਕਿਸਮਤ ਨੂੰ ਬਦਲਣ ਦੇ ਫੋਕੇ ਲਾਰੇ ਅਤੇ ਅਗਲੇ ਜੀਵਨ ਨੂੰ ਵਧੀਆ ਬਣਾਉਣ ਦੀਆਂ ਗੈਰ-ਕਾਨੂੰਨੀ ਗਰੰਟੀਆਂ ਹੀ ਲੁੱਟ ਦੇ ਦੋ ਸਭ ਵੱਡੇ ਢੰਗ ਹਨ ਜਿਨ੍ਹਾਂ ਰਾਹੀਂ ਪਖੰਡੀ ਲੋਕ ਸਾਨੂੰ ਰੱਬ ਤੋਂ ਦੂਰ ਕਰਦੇ ਹਨਬਚਣਾ ਸਾਡਾ ਫਰਜ਼ ਹੈ।

* ਮਹਾ-ਪੁਰਖਾਂ ਦੀ ਕੋਰੀ ਅਤੇ ਸਪਸ਼ਟ ਨਸੀਹਤ ਹੈ ਕਿ ਅਸੀਂ ਚੰਗੇ ਅਤੇ ਵਧੀਆ ਇਨਸਾਨ ਬਣ ਕੇ ਅਤੇ ਖੁਸ਼-ਮਈ ਜੀਵਨ ਜਿਊਣਾ ਸਿੱਖ ਕੇ ਰੱਬ ਨੂੰ ਮਿਲ ਸਕਦੇ ਹਾਂਪਰ ਧਰਮਾਂ ਦੇ ਕਥਿਤ ਰਾਖੇ ਸਾਨੂੰ ਉਲਟਾ ਝਾਂਸਾ ਦਿੰਦੇ ਹਨ ਕਿ ਅਸੀਂ ਰੱਬ ਨੂੰ ਮਿਲ ਕੇ ਚੰਗੇ ਅਤੇ ਵਧੀਆ ਇਨਸਾਨ ਬਣ ਸਕਾਂਗੇ ਅਤੇ ਖੁਸ਼-ਮਈ ਜੀਵਨ ਪ੍ਰਾਪਤ ਕਰ ਸਕਾਂਗੇਸੋ ਸਾਡਾ ਕੰਮ ਰੱਬ ਨੂੰ ਮਿਲ ਕੇ ਚੰਗੇ ਬਣਨਾ ਨਹੀਂ ਬਲਕਿ ਚੰਗੇ ਬਣ ਕੇ ਰੱਬ ਨੂੰ ਮਿਲਣਾ ਹੈ

* ਮਹਾਪੁਰਖਾਂ ਨੇ ਸਮਝਾਇਆ ਹੈ ਰੱਬ ਦਾ ਧਰਮਾਂ ਨਾਲ ਬਹੁਤਾ ਤਅੱਲਕ ਨਹੀਂਸਾਢੇ ਕੁ ਪੰਜ ਹਜ਼ਾਰ ਸਾਲ ਪੁਰਾਣਾ ਸਾਡਾ ਲਿਖਤੀ ਇਤਿਹਾਸ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਹਰ ਧਰਮ ਦੀ ਸ਼ੁਰੂਆਤ ਦੀ ਕੋਈ ਨਾ ਕੋਈ ਮਿਤੀ ਹੈ, ਜਦੋਂ ਕਿ ਰੱਬ ਇਨ੍ਹਾਂ ਸਭ ਤੋਂ ਪਹਿਲਾਂ ਦਾ ਬਣਿਆ ਹੈਵੈਸੇ ਵੀ ਸਾਰੇ ਧਰਮਾਂ ਦਾ ਅਧਾਰ ਅਧਿਆਤਮਵਾਦ ਹੈ, ਜੋ ਇੱਕ ਹੈ, ਪਰ ਇਨ੍ਹਾਂ (ਧਰਮਾਂ) ਦੀ ਸ਼ੁਰੂਆਤ ਦੇ ਸਮੇਂ, ਸਥਾਨ, ਇਤਿਹਾਸਕ ਅਤੇ ਸੱਭਿਆਚਾਰਕ ਪਿੱਠ-ਭੂਮੀ ਅੱਡ-ਅੱਡ ਹੋਣ ਕਰ ਕੇ ਇਨ੍ਹਾਂ ਦੇ ਬਾਹਰੀ ਰਸਮੋ-ਰਿਵਾਜ਼ਾਂ ਦਾ ਅੱਡ-ਅੱਡ ਹੋਣਾ ਕੁਦਰਤੀ ਹੈਸਾਡੇ ਪਰਚਾਰਕਾਂ ਨੇ ਸਾਨੂੰ ਰਸਮੋ-ਰਿਵਾਜ਼ਾਂ ਵਿੱਚ ਉਲਝਾ ਕੇ ਰੱਬ ਨੂੰ ਬਹੁਤ ਗੁੰਝਲ਼ਦਾਰ ਬਣਾਇਆ ਹੈਸੋ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕਰਨਾ ਅਤੇ ਆਪੋ-ਆਪਣੇ ਧਰਮ ਦੇ ਮੋਢੀ ਮਹਾਪੁਰਖਾਂ ਦੀਆਂ ਸਰਲ ਸਿੱਖਿਆਵਾਂ ਨੂੰ ਖੁਦ ਸਮਝਣ ਅਤੇ ਮੰਨਣ ਨਾਲ ਹੀ ਅਸੀਂ ਧਰਮਾਂ ਦੀਆਂ ਬਲਗਣਾਂ ਤੋਂ ਬਾਹਰ ਨਿਕਲ਼ ਕੇ ਰੱਬ ਦੀ ਸਰਲਤਾ ਦਾ ਅਹਿਸਾਸ ਕਰ ਸਕਦੇ ਹਾਂ

ਸਾਰ ਤੱਤ ਇਹ ਹੈ ਕਿ ਅਸੀਂ ਪਰੰਪਰਾਵਾਦੀਆਂ ਵੱਲੋਂ ਕਾਫ਼ਰ ਗਰਦਾਨੇ ਜਾਣ ਦੇ ਡਰ ਤੋਂ ਬੇਖੌਫ਼ ਹੋ ਕੇ, ਆਪਣੇ ਤਰਕ ਅਤੇ ਵਿਵੇਕ ਦੀ ਸਦ-ਵਰਤੋਂ ਕਰੀਏਰੱਬ ਦੇ ਔਖੇ ਭੇਦ ਖੋਲ੍ਹਣ ਦੀਆਂ ਅਸਫਲ ਕੋਸ਼ਿਸ਼ਾਂ ਦੀ ਬਜਾਇ ਮੋਢੀ ਮਹਾ-ਪੁਰਖਾਂ ਦੀਆਂ ਸਦੀਵੀ ਅਤੇ ਸਰਲ ਸਿਆਣਪਾਂ ਦਾ ਅੱਜ ਦੀਆਂ ਵਿਗਿਆਨਕ ਖੋਜਾਂ ਨਾਲ ਸੁਮੇਲ ਕਰਨ ਦਾ ਹੀਆ ਕਰੀਏ, ਇਨ੍ਹਾਂ ’ਤੇ ਅਮਲ ਕਰੀਏ

*    *    *

ਇੱਕ ‘ਮਾਂਹ ਪੁਰਸ਼’ ਦੇ ਪ੍ਰਵਚਨ --- ਸਰੋਕਾਰ

ਇੱਕ ‘ਮਾਂਹ ਪੁਰਸ਼’ (ਮਹਾਂ ਪੁਰਸ਼ ਨਹੀਂ) ਆਪਣੇ ਸੇਵਕਾਂ, ਭਗਤਾਂ, ਸ਼ਰਧਾਲੂਆਂ ਨੂੰ ਸਵਰਗ ਬਾਰੇ ਪ੍ਰਵਚਨ ਕਰ ਰਹੇ ਸਨ। ਸਵਰਗ ਦਾ ਸਤਰੰਗਾ ਨਕਸ਼ਾ ਸਰੋਤਿਆਂ ਦੇ ਮਨਾਂ ਵਿਚ ਵਸਾਉਣ ਤੋਂ ਬਆਦ ਉਨ੍ਹਾਂ ਫਰਮਾਇਆ, “ਦੁਚਿੱਤੀ ਵਿੱਚ ਸਮਾਂ ਬਰਬਾਦ ਨਾ ਕਰਿਓ, ਜਿਹੜੇ ਤੁਹਾਡੇ ਵਿੱਚੋਂ ਜਿਹੜੇ ਸਵਰਗ ਵਿੱਚ ਜਾਣਾ ਚਾਹੁੰਦੇ ਹਨ, ਹੱਥ ਖੜ੍ਹੇ ਕਰ ਦਿਓ।”

ਪੂਰੇ ਇਕੱਠ ਵਿੱਚੋਂ ਇਕ ਵੀ ਹੱਥ ਖੜ੍ਹਾ ਨਾ ਹੋਇਆ ਤਾਂ ‘ਮਾਂਹ ਪੁਰਸ਼’ ਨੇ ਆਪਣਾ ਉਹ ਹੀ ਵਾਕ ਫਿਰ ਦੁਹਰਾਇਆਇਹ ਦੁਹਰਾਓ ਵੀ ਭਗਤਾਂ ਦੇ ਸਿਰਾਂ ਦੇ ਉੱਤੋਂ ਦੀ ਲੰਘ ਗਿਆ‘ਮਾਂਹ ਪੁਰਸ਼’ ਨੇ ਤੀਜੀ ਵਾਰ ਜ਼ਰਾ ਉੱਚੀ ਅਵਾਜ਼ ਵਿੱਚ ਉਚਾਰਿਆ, “ਭਗਤ ਜਨੋ, ਮੌਕਾ ਸਾਂਭ ਲਵੋ, ਅਸੀਂ ਇਹ ਆਖਰੀ ਮੌਕਾ ਦੇ ਰਹੇ ਹਾਂ ਕਿ ਤੁਹਾਡੇ ਵਿੱਚੋਂ ਜਿਹੜੇ ਸ਼ਰਧਾਵਾਨ ਆਪਣੀ ਮੌਤ ਤੋਂ ਬਾਅਦ ਸਵਰਗ ਵਿੱਚ ਜਾਣਾ ਚਾਹੁੰਦੇ ਹਨ, ਆਪਣੇ ਹੱਥ ਖੜ੍ਹੇ ਕਰ ਦਿਓ।”

ਇਸ ਵਾਰ ਸਾਰੇ ਭਗਤਾਂ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ।

‘ਮਾਂਹ ਪੁਰਸ਼’ ਪੁੱਛਣ ਲੱਗੇ, “ਭਗਤੋ, ਤੁਸੀਂ ਪਹਿਲਾਂ ਕਿਉਂ ਨਹੀਂ ਖੜ੍ਹੇ ਕੀਤੇ?”

ਸ਼ਰਧਾਲੂ ਬੋਲੇ, “ਅਸੀਂ ਸਮਝਿਆ, ਤੁਸੀਂ ਹੁਣੇ ਸਵਰਗ ਵਿੱਚ ਜਾਣ ਲਈ ਆਖ ਰਹੇ ਸੀ।”

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5617)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author