“ਬੈਂਜਾਮਿਨ ਫਰੈਂਕਲਿਨ ਦਾ ਕਹਿਣਾ ਹੈ: “ਤਿਆਰੀ ਕਰਨ ਵਿੱਚ ਅਸਫਲਤਾ ਦਰਅਸਲ ਅਸਫਲਤਾ ਦੀ ਤਿਆਰੀ ਕਰਨਾ ਹੈ। ...”
(3 ਦਸੰਬਰ 2021)
‘ਤਿਆਰੀ’ ਸ਼ਬਦ ਸਰਲ ਅਤੇ ਆਮ ਹੈ ਅਤੇ ‘ਤਿਆਰੀ’ ਕਰਨਾ ਸਫਲ ਜੀਵਨ ਲਈ ਇੱਕ ਵਿਆਪਕ ਅਤੇ ਨਿਰੰਤਰ ਪ੍ਰਕਿਰਿਆ। ਇੱਕ ਆਮ ਮੁਹਾਵਰੇ ਅਨੁਸਾਰ ਤੇਹ ਲੱਗੀ ਤੋਂ ਖੂਹ ਪੱਟਣ ਦੀ ਬਜਾਇ ਪਹਿਲਾਂ ਪੱਟ ਕੇ ਰੱਖਣ ਨੂੰ ‘ਤਿਆਰੀ’ ਕਿਹਾ ਜਾ ਸਕਦਾ ਹੈ। ਇਹ ਕਿਸੇ ਮੰਤਵ ਦੀ ਪ੍ਰਾਪਤੀ ਵਾਸਤੇ ਜ਼ਰੂਰੀ ਇੰਤਜ਼ਾਮ ਕਰਨ ਅਤੇ ਸਾਧਨ ਜੁਟਾਉਣ ਦੀਆਂ ਸਮੇਂ-ਸਿਰ ਕੀਤੀਆਂ ਕਾਰਵਾਈਆਂ ਦਾ ਨਾਉਂ ਹੈ। ਇਹ ਨਿਸ਼ਚਿਤ ਮੰਤਵ ਕਿਸੇ ਅਗਲੇ ਹੋਰ ਵੱਡੇ ਕੰਮ ਦੀ ਤਿਆਰੀ ਦੀਆਂ ਕਾਰਵਾਈਆਂ ਵਿੱਚੋਂ ਇੱਕ ਹੁੰਦਾ ਹੈ, ਅਤੇ ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਇਸ ਤਰ੍ਹਾਂ ਜੀਵਨ ਇੱਕ ਐਸੀ ਲੜੀ ਹੈ ਜਿਸ ਵਿੱਚ ਪਾਲਣ-ਪੋਸਣ, ਪੜ੍ਹਨ-ਲਿਖਣ, ਵਿਆਹ-ਸ਼ਾਦੀ, ਕਾਰੋਬਾਰੀ ਅਤੇ ਪਰਿਵਾਰਕ ਮੁੱਦਿਆਂ ਸਣੇ ਜੀਵਨ ਦੀਆਂ ਸਭ ਤਿਆਰੀਆਂ ਪਰੋਈਆਂ ਹੋਈਆਂ ਹਨ। ਦਰਅਸਲ ਤਿਆਰੀ ਦੀ ਪ੍ਰਕਿਰਿਆ ਸਾਡੇ ਜਨਮ ਤੋਂ ਪਹਿਲਾਂ ਹੀ ਸਾਡੇ ਨਾਲ਼ ਜੁੜ ਜਾਂਦੀ ਹੈ, ਸਾਰੀ ਉਮਰ ਜੁੜੀ ਰਹਿੰਦੀ ਹੈ ਅਤੇ ਮਰਨ ਤੋਂ ਬਾਅਦ ਵੀ ਜੁੜੀ ਰਹਿੰਦੀ ਹੈ।
ਤਿਆਰੀ ਕਿਸੇ ਕੰਮ ਨੂੰ ਕੁਸ਼ਲ ਢੰਗ ਨਾਲ਼ ਨੇਪਰੇ ਚਾੜ੍ਹ ਸਕਣ ਦਾ ਭਰੋਸਾ ਪੈਦਾ ਕਰਦੀ ਹੈ। ਇਹ ਇੱਕ ਸਾਰਥਕ ਪਹੁੰਚ ਅਤੇ ਵਧੀਆ ਆਦਤ ਹੈ ਜਿਹੜੀ ਸਾਡੇ ਵਿੱਚ ਅੱਗੇ ਹੋਰ ਚੰਗੀਆਂ ਆਦਤਾਂ ਦਾ ਰਾਹ ਖੋਲ੍ਹ ਦਿੰਦੀ ਹੈ। ਸਹੀ ਤਿਆਰੀ ਕਰਕੇ ਅਸੀਂ ਘੱਟ ਸਮੇਂ ਵਿੱਚ ਵੱਧ ਗੁਣਵਤਾ ਵਾਲ਼ਾ ਕੰਮ ਕਰ ਸਕਦੇ ਹਾਂ ਜੋ ਸਾਨੂੰ ਉਤਸ਼ਾਹ ਅਤੇ ਦਲੇਰੀ ਦਿੰਦਾ ਹੈ। ਇਸ ਤਰ੍ਹਾਂ ਹਾਸਲ ਦਲੇਰੀ ਅਤੇ ਕੁਸ਼ਲਤਾ ਅਤੇ ਬਚੇ ਵਕਤ ਨਾਲ਼ ਅਸੀਂ ਜੀਵਨ ਦੇ ਹੋਰ ਉਚੇਰੇ ਗੁਣਾਂ ਦੇ ਵਿਕਾਸ ਵਾਸਤੇ ਤਿਆਰੀ ਕਰ ਸਕਦੇ ਹਾਂ। ਨਿਸ਼ਚਿਤ ਕੰਮ ਨੂੰ ਪੂਰਾ ਕਰਨ ਦੀ ਚਿੰਤਾ ਸਭ ਨੂੰ ਹੁੰਦੀ ਹੈ ਪਰ ਤਿਆਰੀ ਸਾਨੂੰ ਇਸ ਚਿੰਤਾ ਤੋਂ ਛੁਟਕਾਰਾ ਦਿਵਾਉਂਦੀ ਹੈ। ਸੰਸਾਰ ਦੀਆਂ ਸਭ ਤੋਂ ਔਖੀਆਂ ਮਹਾਂ-ਦੌੜਾਂ ਵਿੱਚੋਂ ਇੱਕ ‘ਸਪਾਰਟੈਥਲਨ’ ਦੇ ਬਾਨੀ ਜੌਹਨ ਫੌਡਿਨ ਨੇ ਤਿਆਰੀ ਦੀ ਮਹੱਤਤਾ ਆਪਣੇ ਵਿਲੱਖਣ ਅੰਦਾਜ਼ ਵਿੱਚ ਸਮਝਾਈ ਹੈ। ਉਹ ਹਿੱਸਾ ਲੈਣ ਵਾਲ਼ੇ ਅਥਲੀਟਾਂ ਨੂੰ ਕਿਹਾ ਕਰਦੇ ਸਨ: “ਮੈਂ ਤੁਹਾਨੂੰ ਸ਼ੁਭ-ਇੱਛਾ ਨਹੀਂ ਕਹਾਂਗਾ ਕਿਉਂਕਿ ਜੇ ਤੁਸੀਂ ਪੂਰੀ ਤਿਆਰੀ ਕੀਤੀ ਹੈ ਤਾਂ ਤੁਹਾਨੂੰ ਇਸ ਦੀ ਜ਼ਰੂਰਤ ਨਹੀਂ, ਅਤੇ ਜੇ ਪੂਰੀ ਤਿਆਰੀ ਨਹੀਂ ਕੀਤੀ ਤਾਂ ਤੁਹਾਨੂੰ ਇਸ ਦਾ ਕੋਈ ਫਾਇਦਾ ਨਹੀਂ।”
ਸੁਚੇਤ ਅਤੇ ਯੋਜਨਾ-ਬੱਧ ਤਿਆਰੀ ਕਰ ਸਕਣ ਦੀ ਬੁੱਧ-ਵਿਵੇਕ ਸਿਰਫ ਮਨੁੱਖ ਵਿੱਚ ਹੀ ਹੈ। ਇਸ ਢੰਗ ਨਾਲ਼ ਤਿਆਰੀ ਕਰਨ ਦੀ ਚੰਗੀ ਆਦਤ ਪਾ ਕੇ ਅਸੀਂ ਔਖੇ ਅਤੇ ਅਸੰਭਵ ਲਗਦੇ ਕੰਮਾਂ ਨੂੰ ਵੀ ਸਿਰੇ ਚੜ੍ਹਾ ਸਕਣ ਦੀ ਸਮਰੱਥਾ ਪੈਦਾ ਕਰ ਸਕਦੇ ਹਾਂ। ਇੰਨਾ ਹੀ ਨਹੀਂ, ਓਪਰੀ ਨਜ਼ਰ ਨਾਲ਼ ਆਪਣੀ ਵਿਤੋਂ-ਬਾਹਰੇ ਲਗਦੇ ਕੰਮ ਕਰ ਕੇ ਬਹੁ-ਪੱਖੀ ਅਤੇ ਸੰਤੁਲਿਤ ਸਖਸ਼ੀਅਤ ਦੇ ਮਾਲਿਕ ਬਣ ਸਕਦੇ ਹਾਂ। ਇਸ ਤਰ੍ਹਾਂ ਹਰ ਸਮੱਸਿਆ ਨੂੰ ਹੱਲ ਕਰਨ ਦੇ ਸਰਬ-ਪ੍ਰਵਾਨਤ ਫੈਸਲੇ ਕਰਨ ਦੀ ਮੁਹਾਰਤ ਹਾਸਲ ਕਰ ਕੇ ਹਰ ਸਥਿਤੀ ਵਿੱਚ ਸਫਲ ਹੋਣਾ ਸਿੱਖ ਸਕਦੇ ਹਾਂ। ਅਤੇ ਸਾਡੀ ਸਭਿਅਤਾ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਤਿਆਰ-ਬਰ-ਤਿਆਰ ਰਹਿਣ ਦੇ ਆਦਰਸ਼, ਦੇ ਧਾਰਨੀ ਬਣ ਸਕਦੇ ਹਾਂ। ਇਸ ਤਰ੍ਹਾਂ ਆਪਣੇ ਮੰਤਵ ਅਤੇ ਇਸ ਦੀ ਪ੍ਰਾਪਤੀ ਵਾਸਤੇ ਵਰਤੇ ਜਾਣ ਵਾਲ਼ੇ ਢੰਗਾਂ-ਤਰੀਕਿਆਂ ਨੂੰ ਸਦਾਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਢਾਲ਼ ਸਕਦੇ ਹਾਂ। ਤਿਆਰੀ ਦੀ ਪ੍ਰਕਿਰਿਆ ਰਾਹੀਂ ਜਿੱਥੇ ਅਸੀਂ ਆਪਣੀਆਂ ਮੌਜੂਦਾ ਯੋਗਤਾਵਾਂ ਦਾ ਸਹੀ ਮੁਲਾਂਕਣ ਕਰ ਸਕਦੇ ਹਾਂ ਓਥੇ ਨਾਲ ਹੀ ਆਪਣੀਆਂ ਤਰੁੱਟੀਆਂ ਬਾਰੇ ਖ਼ਬਰਦਾਰ ਹੋ ਕੇ ਯਥਾਰਥਵਾਦੀ ਵੀ ਬਣ ਸਕਦੇ ਹਾਂ। ਇਹ ਸਾਡੇ ਮੰਤਵ ਅਤੇ ਇਸ ਦੀ ਪ੍ਰਾਪਤੀ ਲਈ ਅਪਣਾਏ ਢੰਗਾਂ-ਤਰੀਕਿਆਂ ਦੇ ਠੀਕ-ਗਲਤ ਹੋਣ ਦੀ ਅਗਾਉਂ ਸੂਚਨਾ ਦਿੰਦੀ ਹੈ ਜਿਸ ਨਾਲ਼ ਅਸੀਂ ਇਨ੍ਹਾਂ ’ਤੇ ਮੁੜ ਵਿਚਾਰ ਕਰ ਕੇ ਲੋੜੀਂਦੀਆਂ ਸੋਧਾਂ ਕਰ ਸਕਦੇ ਹਾਂ।
ਤਿਆਰੀ ਸਾਨੂੰ ਇਹ ਮੌਕਾ ਵੀ ਦਿੰਦੀ ਹੈ ਕਿ ਅਸੀਂ ਸਮੇਂ ਸਿਰ ਆਪਣੀ ਸਮਰੱਥਾ ਅਤੇ ਆਪਣੇ ਸਾਧਨਾਂ ਨੂੰ ਪਰਖ ਸਕੀਏ ਅਤੇ ਹਿਸਾਬ ਲਾ ਸਕੀਏ ਕਿ ਕਿਹੜਾ ਕੰਮ ਸਾਡੇ ਵੱਸ ਵਿੱਚ ਹੈ, ਕਿਹੜਾ ਨਹੀਂ। ਇਸ ਪਰਖ ਦੀ ਘਾਟ ਕਰ ਕੇ ਅਸੀਂ ਆਪਣੇ ਵੱਸ ਦੇ ਕੰਮਾਂ ਨੂੰ, ਆਪਣੀ ਹੈਸੀਅਤ ਤੋਂ ਛੋਟਾ ਸਮਝ ਕੇ ਜਾਂ ਇਨ੍ਹਾਂ ਨੂੰ ਆਪਣੇ ਡਿਊਟੀ-ਖੇਤਰ ਤੋਂ ਬਾਹਰ ਹੋਣ ਦਾ ਬਹਾਨਾ ਬਣਾ ਕੇ, ਨਹੀਂ ਕਰਦੇ। ਪਰ ਆਪਣੀਆਂ ਗਲਤ-ਫ਼ਹਿਮੀਆਂ ਕਰ ਕੇ ਵੱਸ ਤੋਂ ਬਾਹਰੇ ਕੰਮਾਂ ’ਤੇ ਵਿਅਰਥ ਸਮਾਂ ਅਤੇ ਸਾਧਨ ਖਰਚ ਕਰਦੇ ਰਹਿੰਦੇ ਹਾਂ। ਨਤੀਜੇ ਵਜੋਂ ਹੋਈਆਂ ਅਸਫਲਤਾਵਾਂ ਵਾਸਤੇ ਤਕਦੀਰ ਜਾਂ ਹੋਰਾਂ ਨੂੰ ਜ਼ਿੰਮੇਵਾਰ ਗਰਦਾਨ ਕੇ ਨਵੇਂ ਬਖੇੜੇ ਖੜ੍ਹੇ ਕਰਦੇ ਰਹਿੰਦੇ ਹਾਂ। ਤਿਆਰੀ ਦੀ ਘਾਟ ਕਰ ਕੇ ਹੋਈ ਅਸਫਲਤਾ ਨੂੰ ਆਪਣੀ ਯੋਗਤਾ, ਸਮਰੱਥਾ ਜਾਂ ਸਾਧਨਾਂ ਦੀ ਘਾਟ ਸਮਝ ਬੈਠਦੇ ਹਾਂ ਜਦ ਕਿ ਇਹ ਲਾ-ਪਰਵਾਹੀ, ਸੁਸਤੀ ਅਤੇ ਢਿੱਲੜ ਸੁਭਾਅ ਦਾ ਨਤੀਜਾ ਹੈ। ਸੁਹਿਰਦ ਤਿਆਰੀ ਸਾਨੂੰ ਸਾਡੀਆਂ ਸਮਰੱਥਾਵਾਂ ਅਤੇ ਸੀਮਾਂਵਾਂ ਬਾਰੇ ਸਹੀ ਗਿਆਨ ਕਰਵਾ ਦਿੰਦੀ ਹੈ।
ਤਿਆਰੀ ਭਾਵੇਂ ਫ਼ੌਰੀ ਮੰਤਵ ਦੀ ਹੋਵੇ ਭਾਵੇਂ ਅਤੇ ਦੂਰ-ਗਾਮੀ ਦੀ, ਹਰ ਇੱਕ ਦੀ ਪ੍ਰਾਪਤੀ ਵਾਸਤੇ ਆਵੱਸ਼ਕ ਤਿਆਰੀ ਦੀ ਲੋੜ ਹੈ। ਇਹ ਭਾਵੇਂ ਬੱਚੇ ਨੂੰ ਹਰ-ਰੋਜ਼ ਸਕੂਲ ਭੇਜਣ ਦਾ ਫ਼ੌਰੀ ਜਾਂ ਛੋਟਾ ਕੰਮ ਹੋਵੇ ਭਾਵੇਂ ਉਸ ਨੂੰ ਪੜ੍ਹਾ-ਲਿਖਾ ਕੇ ਜੀਵਨ ਵਿੱਚ ਸੈੱਟ ਕਰਨ ਦਾ ਦੂਰ-ਗਾਮੀ ਜਾਂ ਵੱਡਾ ਕੰਮ ਹੋਵੇ। ਤਿਆਰੀ ਕਰਨ ਸਮੇਂ ਅਸੀਂ ਇਨ੍ਹਾਂ ਦੋਹਾਂ ਸਟੇਜਾਂ ਦੀ ਪਛਾਣ ਕਰ ਕੇ ਇਨ੍ਹਾਂ ਵਿੱਚ ਇੱਕ-ਸੁਰਤਾ ਬਣਾ ਸਕਦੇ ਹਾਂ। ਇਹ ਇੱਕ-ਸੁਰਤਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਸਭ ਕੁਛ ਸਮਾਜਿਕ ਸਦਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਕਰ ਸਕੀਏ ਅਤੇ ਬੱਚਿਆਂ ਨੂੰ ਵੀ ਇਹ ਸਭ ਸਿਖਾ ਸਕੀਏ। ਨਹੀਂ ਤਾਂ ਇਨ੍ਹਾਂ ਸਟੇਜਾਂ ਵਿੱਚ ਵਿਰੋਧਾ-ਭਾਸ ਪੈਦਾ ਹੋ ਸਕਦਾ ਹੈ ਜਿਵੇਂ ਕਿ ਤੁਰਤ ਸ਼ੋਹਰਤ ਅਤੇ ਧਨ-ਦੌਲਤ ਕਮਾਉਣ ਦੀਆਂ ਤਿਆਰੀਆਂ ਵਿੱਚ ਲੱਗਿਆ ਕੋਈ ਇਨਸਾਨ ਕਰ ਲੈਂਦਾ ਹੈ।
ਤਿਆਰੀ ਦਾ ਘੇਰਾ ਨਿਤ-ਪ੍ਰਤੀ ਕੀਤੇ ਜਾਣ ਵਾਲ਼ੇ, ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਵਾਲ਼ੇ ਜਾਂ ਕਾਰੋਬਾਰੀ ਕੰਮਾਂ ਤੱਕ ਸੀਮਤ ਨਹੀਂ। ਇਸ ਵਿੱਚ, ਬਦਲ ਰਹੀ ਤਕਨਾਲੋਜੀ ਕਰ ਕੇ ਹੋ ਰਹੀ ਉਥਲ਼-ਪੁਥਲ਼ ਦੀਆਂ ਉਨ੍ਹਾਂ ਸਮੱਸਿਆਵਾਂ ਨੂੰ ਨਜਿੱਠਣਾ ਵੀ ਹੈ ਜੋ ਸਾਡੇ ਪੂਰਵਜਾਂ ਨੂੰ ਦਰ-ਪੇਸ਼ ਨਹੀਂ ਸਨ। ਪ੍ਰਤੱਖ ਹੈ ਕਿ ਇਤਿਹਾਸ ਅਤੇ ਰਸਮੀ ਧਰਮ ਸਾਨੂੰ ਇਨ੍ਹਾਂ ਸਮੱਸਿਆਵਾਂ ਵਾਸਤੇ ਤਿਆਰ ਨਹੀਂ ਕਰ ਸਕਦੇ। ਇਨ੍ਹਾਂ ਦੋਵੇਂ ਖੇਤਰਾਂ ਵਿੱਚ ਨਵੀਂ ਅਤੇ ਭਵਿੱਖ-ਮੁਖੀ ਵਿਚਾਰਧਾਰਾ ਦੀ ਲੋੜ ਹੈ ਅਤੇ ਧਰਮ-ਗ੍ਰੰਥਾਂ ਦੇ ਓਨ੍ਹਾਂ ਫ਼ਲਸਫ਼ਿਆਂ ਨੂੰ ਆਧੁਨਿਕ ਸੋਚ-ਵਿਚਾਰ ਅਨੁਸਾਰ ਸਮਝਣ ਦੀ ਲੋੜ ਹੈ ਜੋ ਸਾਡੇ ਧਰਮਾਂ ਦੇ ਮੋਢੀ ਮਹਾਂਪੁਰਖਾਂ ਨੇ ਸਾਡੇ ਵਾਸਤੇ ਸਾਂਭੇ ਹਨ। ਇਹ ਤਾਂ ਹੀ ਸੰਭਵ ਹੈ ਜੇ ਅਸੀਂ ਸਹੀ ਤਿਆਰੀ ਕਰਨੀ ਸਿੱਖ ਕੇ, ਪਹਿਲੀ ਕਿਸਮ ਦੇ ਕੰਮਾਂ ਦੇ ਰੁਝੇਵਿਆਂ ਵਿੱਚੋਂ ਵਕਤ ਕੱਢ ਸਕਾਂਗੇ।
ਤਿਆਰੀ ਦੇ ਬਾਵਜੂਦ ਸਫਲਤਾ ਮਿਲੇ ਨਾ ਮਿਲੇ, ਕੋਈ ਪੱਕੀ ਗੱਲ ਨਹੀਂ ਪਰ ਤਿਆਰੀ ਤੋਂ ਬਗੈਰ ਅਸਫਲਤਾ ਪੱਕੀ ਹੈ। ਬੈਂਜਾਮਿਨ ਫਰੈਂਕਲਿਨ ਦਾ ਕਹਿਣਾ ਹੈ: “ਤਿਆਰੀ ਕਰਨ ਵਿੱਚ ਅਸਫਲਤਾ ਦਰਅਸਲ ਅਸਫਲਤਾ ਦੀ ਤਿਆਰੀ ਕਰਨਾ ਹੈ”। ਇਤਿਹਾਸ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ਼ ਭਰਿਆ ਪਿਆ ਹੈ ਜਦ ‘ਤਿਆਰੀ’ ਦੀ ਘਾਟ ਕਰ ਕੇ ਵੱਡੇ-ਵੱਡੇ ਨੁਕਸਾਨ ਹੋਏ ਹਨ। ਭਾਰਤ-ਪਾਕ ਵੰਡ ਵੇਲੇ ਉਸ ਵਕਤ ਦੇ ਚੋਟੀ ਦੇ ਚਾਰ-ਪੰਜ ਲੀਡਰਾਂ ਵਲੋਂ ਤਿਆਰੀ ਦੀ ਘਾਟ ਕਰ ਕੇ ਬਹੁਤ ਵੱਡਾ ਦੁਖਾਂਤ ਵਾਪਰਿਆ। ਤਿਆਰੀ ਦੀ ਅਹਿਮੀਅਤ ਦਰਸਾਉਂਦੀ, ਅਬਰਾਹਮ ਲਿੰਕਨ ਦੀ ਇੱਕ ਪ੍ਰਸਿੱਧ ਟੂਕ ਹੈ ਕਿ ਜੇ ਮੈਨੂੰ ਕਿਸੇ ਵੱਡੇ ਦਰਖ਼ਤ ਨੂੰ ਕੱਟਣ ਵਾਸਤੇ ਛੇ ਘੰਟੇ ਦਿੱਤੇ ਜਾਣ ਤਾਂ ਮੈਂ ਪਹਿਲੇ ਚਾਰ ਘੰਟੇ ਕੁਹਾੜਾ ਤਿੱਖਾ ਕਰਨ ’ਤੇ ਲਾਵਾਂਗਾ।
ਸਾਡੀਆਂ ਤਿਆਰੀਆਂ ਦੋ ਪ੍ਰਕਾਰ ਦੀਆਂ ਹਨ: ਪਹਿਲੀਆਂ ਨਿੱਜੀ ਕੰਮਾਂ ਨਾਲ਼ ਸਬੰਧਿਤ ਅਤੇ ਦੂਸਰੀਆਂ ਸੰਸਥਾਵੀ ਕੰਮਾਂ ਨਾਲ਼। ਸੰਸਥਾਵਾਂ ਵਿੱਚ ਅਸੀਂ ਕਾਇਦੇ-ਕਾਨੂੰਨਾਂ ਅਨੁਸਾਰ, ਅਨੁਸ਼ਾਸਨ ਵਿੱਚ ਰਹਿ ਕੇ ਅਤੇ ਯੋਜਨਾ-ਬੱਧ ਤਰੀਕੇ ਨਾਲ਼ ਤਿਆਰੀਆਂ ਕਰਨ ਲਈ ਪਾਬੰਦ ਹਾਂ। ਇਨ੍ਹਾਂ ਵਾਸਤੇ ਲਿਖਤੀ ਮੈਨੂਅਲ ਬਣੇ ਹੁੰਦੇ ਹਨ, ਜ਼ਿੰਮੇਵਾਰੀਆਂ ਨਿਯਤ ਕੀਤੀਆਂ ਹੁੰਦੀਆਂ ਹਨ ਅਤੇ ਕੁਤਾਹੀਆਂ ਲਈ ਸਜ਼ਾਵਾਂ ਦਾ ਇੰਤਜ਼ਾਮ ਹੁੰਦਾ ਹੈ। ਇਸ ਕਰ ਕੇ ਅਸੀਂ ਇਨ੍ਹਾਂ ਨੂੰ ਭੈਅ, ਧਿਆਨ ਅਤੇ ਗੰਭੀਰਤਾ ਨਾਲ਼ ਕਰਦੇ ਹਾਂ। ਪਰ ਨਿੱਜੀ ਅਤੇ ਪਰਿਵਾਰਕ ਜੀਵਨ ਵਿੱਚ ਅਣਗਹਿਲੀ ਕਰਦੇ ਹਾਂ ਕਿਉਂਕਿ ਪਰਿਵਾਰ ਰਸਮੀ ਸੰਸਥਾ ਨਹੀਂ ਹੁੰਦਾ ਅਤੇ ਇਸ ਵਿੱਚ ਰਸਮੀ ਅਸੂਲ-ਕਾਨੂੰਨ ਨਹੀਂ ਹੁੰਦੇ। ਭਾਵੇਂ ਪਰਿਵਾਰ ਵੀ ਇੱਕ ‘ਸੰਸਥਾ’ ਹੈ ਪਰ ਇਹ ਗੈਰ-ਰਸਮੀ ਸੰਸਥਾ ਹੁੰਦੀ ਹੈ ਜਿਸ ਵਿੱਚ ਲਿਖਤੀ ਕਾਨੂੰਨ, ਕੰਮ-ਵੰਡ ਜਾਂ ਸਜ਼ਾਵਾਂ ਆਦਿ ਦਾ ਸਿਸਟਮ ਨਹੀਂ ਬਣਾਇਆ ਜਾ ਸਕਦਾ। ਇਸੇ ਕਰਕੇ ਨਿੱਜੀ ਅਤੇ ਪਰਿਵਾਰਕ ਕੰਮਾਂ ਦੀਆਂ ਤਿਆਰੀਆਂ ਸਰਸਰੀ, ਬੇ-ਧਿਆਨੇ ਅਤੇ ਮਨ-ਚਾਹੇ ਢੰਗ ਨਾਲ਼ ਕੀਤੀਆਂ ਜਾਂਦੀਆਂ ਹਨ।
ਭਾਵੇਂ ਅਸੀਂ ਹਰ ਰੋਜ਼ ਨਿੱਜੀ ਅਤੇ ਪਰਿਵਾਰਕ ਕੰਮਾਂ ਦੀਆਂ ਤਿਆਰੀਆਂ ਕਰਦੇ ਹਾਂ ਪਰ ਇਨ੍ਹਾਂ ਵਿੱਚ ਭੁੱਲਣ ਜਾਂ ਕੁਤਾਹੀਆਂ ਕਾਰਨ ਖ਼ਰਾਬ ਹੁੰਦੇ ਕੰਮ ਆਮ ਦੇਖਦੇ ਹਾਂ। ਮਾਹਿਰ ਇਸ ਦਾ ਕਾਰਨ ਦੱਸਦੇ ਹਨ ਕਿ ਮਨੁੱਖੀ ਸੁਭਾਅ ਕਰ ਕੇ ਅਸੀਂ ਇੱਕੋ ਕੰਮ ਵਾਰ-ਵਾਰ ਕਰਨ ਨਾਲ਼ ਉਸ ਤੋਂ ਉਕਤਾ ਜਾਂਦੇ ਹਾਂ ਅਤੇ ਸੁਚੇਤ ਢੰਗ ਨਾਲ਼ ਉਸ ’ਤੇ ਸੋਚ-ਵਿਚਾਰ ਕਰਨੀ ਛੱਡ ਦਿੰਦੇ ਹਾਂ। ਇਸ ਨੂੰ ਅਚੇਤ ਅਤੇ ਸਰਸਰੀ ਢੰਗ ਨਾਲ਼ ਕਰਨ ਲੱਗ ਜਾਂਦੇ ਹਾਂ ਅਤੇ ਗਲ਼ ਪਿਆ ਢੋਲ ਸਮਝਣ ਲੱਗ ਜਾਂਦੇ ਹਾਂ। ਇਹ ਮਨੁੱਖੀ ਸੁਭਾਅ ਦਾ ਇੱਕ ਵਿਸ਼ੇਸ਼ ਲੱਛਣ ਹੈ ਕਿ ਅਸੀਂ ਰੋਜ਼-ਮਰਾ ਦੀਆਂ ਪ੍ਰਤੱਖ ਗੱਲਾਂ ਨੂੰ ਬਹੁਤ ਸਰਸਰੀ ਸਮਝਦੇ ਹਾਂ ਅਤੇ ਸਾਨੂੰ ਇਨ੍ਹਾਂ ’ਤੇ ਗੰਭੀਰਤਾ ਨਾਲ਼ ਵਿਚਾਰ-ਵਟਾਂਦਰਾ ਕਰਨਾ ਬਹੁਤ ਔਖਾ ਲਗਦਾ ਹੈ। ਇਹ ਸਚਾਈ ਆਧੁਨਿਕ ਸਮੇਂ ਦੇ ਉਦਾਰਵਾਦੀ ਅਮਰੀਕਨ ਬੁੱਧੀਜੀਵੀ ਡੇਵਿਡ ਵੈਲਿਸ ਨੇ ਇੱਕ ਵਿਲੱਖਣ ਦ੍ਰਿਸ਼ਟਾਂਤ ਰਾਹੀਂ ਬਿਆਨ ਕੀਤੀ ਹੈ। ਸਮੁੰਦਰ ਵਿੱਚ ਦੋ ਛੋਟੀਆਂ ਮੱਛੀਆਂ ਕਲੋਲਾਂ ਕਰ ਰਹੀਆਂ ਸਨ ਤਾਂ ਕੋਲ਼ਿਓਂ ਲੰਘ ਰਹੀ ਇੱਕ ਵੱਡੀ ਮੱਛੀ ਨੇ ਲਾਡ ਨਾਲ਼ ਕਿਹਾ, ”ਹੈਲੋ ਬੱਚਿਓ! ਪਾਣੀ ਵਿੱਚ ਖੇਡ ਰਹੇ ਹੋਂ?” ਦੋਹਾਂ ਛੋਟੀਆਂ ਮੱਛੀਆਂ ਨੇ ਇੱਕ-ਦੂਜੇ ਵਲ ਦੇਖਿਆ ਅਤੇ ਥੋੜ੍ਹੀ ਦੂਰ ਜਾ ਕੇ ਇੱਕ ਨੇ ਹੈਰਾਨੀ ਨਾਲ਼ ਦੂਸਰੀ ਨੂੰ ਪੁੱਛਿਆ, “ਇਹ ਪਾਣੀ ਕੀ ਬਲਾਅ ਹੁੰਦੀ ਹੈ?” ਆਪਣੀ ਇਸ ਸੁਭਾਵਿਕ ਪ੍ਰਵਿਰਤੀ ਕਰ ਕੇ ਅਸੀਂ ‘ਤਿਆਰੀ’ ਸਣੇ ਜੀਵਨ ਦੇ ਹੋਰ ਮਹੱਤਵ-ਪੂਰਨ ਵਿਸ਼ਿਆਂ ’ਤੇ ਕਦੇ ਵਿਗਿਆਨਕ ਢੰਗ ਅਤੇ ਗੰਭੀਰਤਾ ਨਾਲ਼ ਗੌਰ ਕਰਨ ਦੀ ਲੋੜ ਨਹੀਂ ਸਮਝੀ, ਜਿਵੇਂ ਕਿ ਸਹੀ ਢੰਗ ਨਾਲ਼ ਸਾਹ ਲੈਣਾ, ਖਾਣਾ ਚਿੱਥ ਕੇ ਖਾਣਾ ਜਾਂ ਕਿਸੇ ਦੀ ਗੱਲ ਧਿਆਨ ਨਾਲ਼ ਸੁਣਨਾ ਆਦਿ।
ਆਪਾਂ ਨਿੱਜੀ ਅਤੇ ਪਰਿਵਾਰਕ ਕੰਮਾਂ ਦੀ ਤਿਆਰੀ ਓਨੇ ਸੁਚੇਤ ਹੋ ਕੇ ਅਤੇ ਯੋਜਨਾ-ਬੱਧ ਢੰਗ ਨਾਲ਼ ਨਹੀਂ ਕਰਦੇ ਜਿੰਨੀ ਕਿ ਕਾਰੋਬਾਰੀ ਸੰਸਥਾਵਾਂ ਵਿੱਚ ਕਰਦੇ ਹਾਂ। ਅਸੀਂ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਕਾਗਜ਼-ਪੈਨਸਿਲ ਲੈ ਕੇ ਤਿਆਰੀ ਕਰਨ ਤੋਂ ਕਤਰਾਉਂਦੇ ਹਾਂ; ਨਕਸ਼ੇ ਦੇਖਣ, ਹਦਾਇਤਾਂ ਪੜ੍ਹਨ ਜਾਂ ਕਿਸੇ ਜਾਣਕਾਰ ਦੀ ਸਲਾਹ ਲੈਣ ਤੋਂ ਝਿਜਕਦੇ ਹਾਂ। ਜੇ ਕੋਈ ਹਮਦਰਦ ਸਲਾਹ ਦਿੰਦਾ ਵੀ ਹੈ ਤਾਂ ਧਿਆਨ ਨਾਲ਼ ਸੁਣਦੇ ਨਹੀਂ। ਵਿਸ਼ੇ ਦੇ ਮਾਹਿਰਾਂ ਦੀ ਨਸੀਹਤ ਹੈ ਕਿ ਅਸਰਦਾਰ ਤਿਆਰੀ ਵਾਸਤੇ ਹਰ-ਰੋਜ਼ ਦੇ ਕੰਮਾਂ ਦੀ ਪੂਰੀ ਲਿਸਟ ਆਪਣੇ ਹੱਥ ਨਾਲ਼ ਲਿਖ ਕੇ ਬਣਾਈਏ। ਮੂੰਹ-ਜ਼ਬਾਨੀ ਕੰਮ ਯਾਦ ਕਰਨ ਦੀ ਆਦਤ ਸਿਆਣਪ ਦੀ ਗੱਲ ਨਹੀਂ, ਭਾਵੇਂ ਕੋਈ ਕਿੰਨਾ ਵੀ ਤੀਖਣ- ਬੁੱਧੀ ਦਾ ਮਾਲਿਕ ਕਿਉਂ ਨਾ ਹੋਵੇ। ਮਿ. ਬਰਾਕ ਓਬਾਮਾ ਨੇ ਆਪਣੀ ਮਸ਼ਹੂਰ ਕਿਤਾਬ ‘ਏ ਪਰੌਮਿਸਡ ਲੈਂਡ’ ਦੇ ਮੁੱਖ-ਬੰਧ ਵਿੱਚ ਲਿਖਿਆ ਹੈ ਕਿ “ਮੈਂ ਹੁਣ ਵੀ ਗੱਲਾਂ ਨੂੰ ਕੰਪਿਊਟਰ ਦੀ ਬਜਾਇ ਹੱਥ ਨਾਲ਼ ਲਿਖਣਾ ਵੱਧ ਪਸੰਦ ਕਰਦਾ ਹਾਂ।” ਉਹ ਆਪਣੀ ਹਰ ਸਪੀਚ ਦੀ ਤਿਆਰੀ ਬਹੁਤ ਗੰਭੀਰਤਾ ਨਾਲ਼ ਕਰਿਆ ਕਰਦੇ ਸਨ। ਇਸ ਸਬੰਧ ਵਿੱਚ ਉਨ੍ਹਾਂ ਦੀ ਸਪੀਚ ਤਿਆਰੀ ਦੀ ਇੱਕ ਤਸਵੀਰ ਬਹੁਤ ਪ੍ਰਚੱਲਤ ਹੋਈ ਸੀ।
ਕਾਗਜ ’ਤੇ ਬਣਾਈ ਲਿਸਟ ਨਾਲ਼ ਦਿਮਾਗ ਵਿੱਚ ਕੰਮਾਂ ਦਾ ਨਕਸ਼ਾ ਬਣ ਜਾਂਦਾ ਹੈ ਅਤੇ ਇਨ੍ਹਾਂ ਨੂੰ ਸਮੇਂ ਅਤੇ ਸਥਾਨ ਅਨੁਸਾਰ ਤਰਤੀਬ ਦੇਣੀ ਸੌਖੀ ਹੋ ਜਾਂਦੀ ਹੈ, ਜਿਸ ਨਾਲ਼ ਦਿਮਾਗ ਉੱਤੋਂ ਭਾਰ ਘਟਦਾ ਹੈ। ਸਾਡਾ ਦਿਮਾਗ ਇੱਕ ਸਰੀਰਕ ਅੰਗ ਹੈ ਅਤੇ ਹੋਰ ਅੰਗਾਂ ਵਾਂਗੂੰ ਇਹ ਵੀ ਥੱਕ ਜਾਂਦਾ ਹੈ। ਅਸੀਂ ਇਸ ਤੋਂ ਭਾਵੇਂ ਛੋਟੇ ਕੰਮ ਕਰਵਾਈਏ ਭਾਵੇਂ ਵੱਡੇ, ਇਹ ਥਕੇਵਾਂ ਮੰਨਦਾ ਹੈ ਜਿਸ ਨੂੰ ‘ਡਸੀਜ਼ਨ ਫਟੀਗ’ ਕਿਹਾ ਜਾਂਦਾ ਹੈ। ਇਸ ਨੂੰ ਵੱਡੇ ਕੰਮਾਂ ਵਾਸਤੇ ਤਰੋ-ਤਾਜ਼ਾ ਰੱਖਣ ਵਾਸਤੇ ਬੇਲੋੜੇ ਕੰਮਾਂ ਦੀ ਚਿੰਤਾ ਤੋਂ ਮੁਕਤ ਰੱਖਣਾ ਜ਼ਰੂਰੀ ਹੈ ਅਤੇ ਇਹ ਚਿੰਤਾ ਹਰ ਕੰਮ ਦੀ ਸਹੀ ਤਿਆਰੀ ਕਰ ਕੇ ਘੱਟ ਕੀਤੀ ਜਾ ਸਕਦੀ ਹੈ। ਅੰਗਰੇਜ਼ੀ ਦੀ ਕਹਾਵਤ ਹੈ ਕਿ ‘ਸਹੀ ਤਿਆਰੀ ਕਰ ਕੇ ਸ਼ੁਰੂ ਕੀਤਾ ਕੰਮ ਅੱਧਾ ਹੋਇਆ ਸਮਝੋ’ ਵਿਹਾਰਕ ਪੱਖ ਤੋਂ ਬਹੁਤ ਉਪਯੋਗੀ ਹੈ। ਸਾਰ-ਤੱਤ ਇਹ ਕਿ ਅਸੀਂ ਹਰ ਛੋਟੇ-ਵੱਡੇ ਕੰਮ ਵਾਸਤੇ ਬਣਦੀ ਤਿਆਰੀ ਕਰਨ ਦੀ ਆਦਤ ਪਾਈਏ, ਫ਼ੌਰੀ ਤੇ ਦੂਰ-ਗਾਮੀ ਕੰਮਾਂ ਵਿੱਚ ਇੱਕ-ਸੁਰਤਾ ਬਣਾਈਏ ਅਤੇ ਜੀਵਨ ਦੀਆਂ ਛੋਟੀਆਂ ਸਮਝੀਆਂ ਜਾਂਦੀਆਂ ਗੱਲਾਂ ਵਲ ਗੰਭੀਰ ਧਿਆਨ ਦੇਈਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3181)
(ਸਰੋਕਾਰ ਨਾਲ ਸੰਪਰਕ ਲਈ: