SanjeevSaini8ਦੁੱਖ ਸੁਖ ਤਾਂ ਆਉਂਦੇ ਰਹਿੰਦੇ ਹਨ, ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦੇ ਰਹੋ। ਨਿਰਾਸ਼ ਲੋਕਾਂ ਦੀ ਸੰਗਤ ...
(16 ਅਪ੍ਰੈਲ 2023)
ਇਸ ਸਮੇਂ ਪਾਠਕ: 250.


ਜ਼ਿੰਦਗੀ ਦੇ ਸਫ਼ਰ ਦੌਰਾਨ ਸਾਡੇ ਰਾਹਾਂ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾ ਆਉਂਦੇ ਰਹਿੰਦੇ ਹਨ। ਸੰਘਰਸ਼ ਹਮੇਸ਼ਾ ਇਹੀ ਸਿਖਾਉਂਦਾ ਹੈ ਕਿ ਸਾਨੂੰ ਕਦੇ ਵੀ ਮੁਸ਼ਕਲਾਂ ਤੋਂ ਨਹੀਂ ਘਬਰਾਉਣਾ ਚਾਹੀਦਾ। ਚਾਹੇ ਕੋਈ ਵੀ ਇਨਸਾਨ ਹੋਵੇ, ਉਸ ਨੂੰ ਸੰਘਰਸ਼ ਕੀਤੇ ਬਿਨਾਂ ਟੀਚਾ ਹਾਸਿਲ ਨਹੀਂ ਹੋ ਸਕਦਾ। ਕਿਸੇ ਇਨਸਾਨ ਨੂੰ ਬਹੁਤ ਘੱਟ ਸੰਘਰਸ਼ ਕਰਕੇ ਮੰਜ਼ਿਲ ਮਿਲ ਜਾਂਦੀ ਹੈ ਤੇ ਕਿਸੇ ਇਨਸਾਨ ਨੂੰ ਸੰਘਰਸ਼ ਦੀ ਭੱਠੀ ਵਿੱਚ ਤਪਣਾ ਪੈਂਦਾ ਹੈ। ਸਕਾਰਾਤਮਕ ਨਜ਼ਰੀਏ ਨਾਲ ਹੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਨਾਂਹ ਪੱਖੀ ਸੋਚ ਰੱਖਣ ਵਾਲੇ ਕਦੇ ਵੀ ਮੰਜ਼ਿਲ ਨੂੰ ਸਰ ਨਹੀਂ ਕਰ ਸਕਦੇ। ਉਹ ਪਹਿਲਾਂ ਹੀ ਆਪਣੇ ਹੱਥ ਖੜ੍ਹੇ ਕਰ ਜਾਂਦੇ ਹਨ। ਅਜਿਹੇ ਲੋਕ ਬਿਲਕੁਲ ਵੀ ਮਿਹਨਤ ਨਹੀਂ ਕਰਦੇ। ਕਿਉਂਕਿ ਉਹਨਾਂ ਨੂੰ ਇਹ ਅਨੁਭਵ ਹੁੰਦਾ ਹੈ ਕਿ ਉਹ ਇਹ ਮੁਕਾਮ ਹਾਸਿਲ ਨਹੀਂ ਕਰ ਸਕਦੇ।

ਅੱਜ ਤਕ ਇਸ ਦੁਨੀਆਂ ਵਿੱਚ ਅਜਿਹਾ ਹੀ ਕੋਈ ਵਿਰਲਾ ਸ਼ਖਸ ਹੋਵੇਗਾ ਜਿਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਹਾਰ ਤੋਂ ਸਿੱਖ ਕੇ ਹੀ ਬੰਦਾ ਸਫ਼ਲਤਾ ਦੀ ਪੌੜੀ ਚੜ੍ਹਦਾ ਹੈ। ਕੋਈ ਵੀ ਮੰਜ਼ਿਲ ਨੂੰ ਸਰ ਕਰਨ ਲਈ ਜੋਸ਼, ਜਜ਼ਬਾ, ਜਨੂੰਨ ਹੋਣਾ ਚਾਹੀਦਾ ਹੈ। ਹਰ ਇੱਕ ਦਿਨ ਨਵੀਂ ਉਮੀਦ ਲੈ ਕੇ ਆਉਂਦਾ ਹੈ। ਹਰ ਇੱਕ ਦਿਨ ਨੂੰ ਵਧੀਆ ਜੀਓ। ਹਮੇਸ਼ਾ ਚੰਗੇ ਬੋਲ ਬੋਲੋ, ਜੋ ਦੂਜਿਆਂ ਦੇ ਦਿਲ ਨੂੰ ਠੰਢ ਪਹੁੰਚਾਉਣ। ਚੰਗੇ ਬੋਲਾਂ ਤੋਂ ਹੀ ਇਨਸਾਨ ਦੀ ਸ਼ਖਸੀਅਤ ਝਲਕਦੀ ਹੈ। ਜ਼ਿੰਦਗੀ ਵਿੱਚ ਬਹੁਤ ਵਾਰ ਅਸਫਲਤਾਵਾਂ ਮਿਲਦੀਆਂ ਹਨ। ਜੋ ਅੱਜ ਦੀ ਨੌਜਵਾਨ ਪੀੜ੍ਹੀ ਹੈ ਜੇ ਉਹਨਾਂ ਨੂੰ ਇੱਕ ਜਾਂ ਦੋ ਵਾਰ ਸਫ਼ਲਤਾ ਨਹੀਂ ਮਿਲਦੀ ਤਾਂ ਉਹ ਕਿਸਮਤ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਨ। ਸੋਚੋ ਕਿ ਸਫ਼ਲਤਾ ਸਾਨੂੰ ਕਿਉਂ ਨਹੀਂ ਮਿਲੀ। ਸਾਡੀ ਕਿਹੜੀ ਅਜਿਹੀ ਗਲਤੀ ਸੀ, ਜਿਹੜੀ ਸਾਨੂੰ ਆਪਣੇ ਟੀਚੇ ’ਤੇ ਨਹੀਂ ਪਹੁੰਚਾ ਸਕੀ। ਦੁਬਾਰਾ ਸੰਘਰਸ਼ ਕਰੋ। ਫਿਰ ਸਫ਼ਲਤਾ ਤੁਹਾਡੇ ਇੱਕ ਦਿਨ ਪੈਰ ਜ਼ਰੂਰ ਚੁੰਮੇਗੀ। ਮਿਹਨਤ ਕਰਦੇ ਰਹੋ, ਫ਼ਲ ਦੀ ਇੱਛਾ ਨਾ ਕਰੋ। ਜੇ ਹਰ ਇੱਕ ਕੰਮ ਵਿੱਚ ਅਸਫ਼ਲਤਾ ਮਿਲ ਰਹੀ ਹੈ ਤਾਂ ਕਦੇ ਵੀ ਨਾ ਘਬਰਾਓ। ਅਗਲੀ ਵਾਰ ਫਿਰ ਕੋਸ਼ਿਸ਼ ਜਾਰੀ ਰੱਖੋ। ਅਸਫ਼ਲਤਾ ਮਨੁੱਖ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ।

ਜ਼ਿੰਦਗੀ ਵਿੱਚ ਚਾਹੇ ਕੋਈ ਵੀ ਸੁਪਨਾ ਹੋਵੇ, ਸਿਵਲ ਅਧਿਕਾਰੀ ਬਣਨਾ, ਪਾਇਲਟ ਜਾਂ ਆਰਮੀ ਵਿੱਚ ਜਾਣਾ, ਪਹਿਲੀ ਵਾਰ ਬਹੁਤ ਘੱਟ ਮੌਕੇ ਹੁੰਦੇ ਹਨ ਕਿ ਚੋਣ ਹੋ ਜਾਵੇ। ਜੇ ਚੋਣ ਨਹੀਂ ਹੁੰਦੀ ਤਾਂ ਘਬਰਾਓ ਨਹੀਂ। ਗਲਤੀਆਂ ਨੂੰ ਸੁਧਾਰੋ, ਦੁਬਾਰਾ ਤਿਆਰੀ ਕਰੋ। ਜ਼ਿੰਦਗੀ ਇੱਥੇ ਹੀ ਖਤਮ ਨਹੀਂ ਹੁੰਦੀ। ਦਰਖ਼ਤਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪਤਝੜ ਵਿੱਚ ਉਨ੍ਹਾਂ ਦੇ ਪੱਤੇ ਝੜ ਜਾਂਦੇ ਹਨ। ਰੁੱਖ ਨਵੇਂ ਪੱਤੇ ਆਉਣ ਦੀ ਆਸ ਰੱਖਦੇ ਹਨ ਤਾਂ ਕਿ ਉਹ ਰਾਹਗੀਰਾਂ ਨੂੰ ਛਾਂ ਦੇ ਸਕਣ। ਕਿੰਨੀਆਂ ਹੀ ਮਿਸਾਲਾਂ ਸਾਨੂੰ ਮਿਲ ਜਾਂਦੀਆਂ ਹਨ। ਜਿਵੇਂ ਇਬ੍ਰਾਹਿਮ ਲਿੰਕਨ, ਐਡੀਸਨ ਜਿਨ੍ਹਾਂ ਨੇ ਗ਼ਰੀਬੀ ਦਾ ਸਾਹਮਣਾ ਕਰਕੇ ਸਫਲਤਾ ਪ੍ਰਾਪਤ ਕੀਤੀ ਤੇ ਆਪਣਾ ਨਾਮ ਰੌਸ਼ਨ ਕੀਤਾ। ਪਿਛਲੇ ਵਰ੍ਹੇ ਬਾਰਾਂ ਸਾਲ ਦੀ ਕਾਮਿਆ ਜਿਸ ਨੇ ਦੱਖਣੀ ਅਮਰੀਕਾ ਦੀ ਚੋਟੀ ਸਰ ਕੀਤੀ, ਦੁਨੀਆਂ ਵਿੱਚ ਉਸ ਨੇ ਆਪਣਾ ਨਾਮ ਕਮਾਇਆ। ਕੇਰਲਾ ਦੀ ਇੱਕ ਸੌ ਪੰਜ ਸਾਲਾਂ ਦੀ ਭਾਗੀਰਥੀ ਅੰਮਾ ਨੇ ਦਰਜਾ ਚਾਰ ਦਾ ਪੇਪਰ ਪਾਸ ਕਰਕੇ ਨੌਕਰੀ ਹਾਸਲ ਕੀਤੀ ਸੀ। ਭਾਗੀਰਥੀ ਅੰਮਾ ਦਾ ਜੀਵਨ ਬਹੁਤ ਹੀ ਗਰੀਬੀ ਵਿੱਚ ਬੀਤਿਆ ਸੀ। ਪਿਛਲੇ ਸਾਲ ਉਸ ਦੀ ਮੌਤ ਹੋ ਚੁੱਕੀ ਹੈ। ਉਸ ਨੇ ਮੁਸੀਬਤਾਂ ਦਾ ਡਟ ਕੇ ਸਾਹਮਣਾ ਕੀਤਾ। ਅਜਿਹੀਆਂ ਉਦਾਹਰਣਾਂ ਹੀ ਸਾਨੂੰ ਮੰਜ਼ਿਲ ਵੱਲ ਵਧਣ ਲਈ ਪ੍ਰੇਰਿਤ ਕਰਦੀਆਂ ਹਨ।

ਹਾਲ ਹੀ ਵਿੱਚ ਕੇਰਲ ਵਿੱਚ ਪੈਦਾ ਹੋਏ ਸੁਰੇਂਦਰਨ ਕੇ ਪਟੇਲ, ਜਿਸ ਨੇ ਗਰੀਬੀ ਕਰਕੇ ਸਕੂਲ ਛੱਡਿਆ ਸੀ। ਬੀੜੀਆਂ ਬਣਾਈਆਂ ਸਨ, ਅੱਜ ਅਮਰੀਕਾ ਵਿੱਚ ਜੱਜ ਬਣਿਆ। ਸਹੁੰ ਚੁੱਕ ਸਮਾਗਮ ਤੋਂ ਬਾਅਦ ਉਸ ਨੇ ਉੱਥੇ ਆਪਣੀ ਗਰੀਬੀ ਅਤੇ ਸੰਘਰਸ਼ ਦੀ ਗਾਥਾ ਸੁਣਾਈ। ਸਲਾਮ ਅਜਿਹੇ ਜਜ਼ਬੇ ਨੂੰ। ਹਾਲਾਤ ਦਾ ਸਾਹਮਣਾ ਕਰਦੇ ਕਰਦੇ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਹਾਊਸਕੀਪਰ ਵਜੋਂ ਵੀ ਇਸ ਸ਼ਖਸੀਅਤ ਨੇ ਕੰਮ ਕੀਤਾ।

ਲੋਕਾਂ ਦੀ ਕਦੇ ਵੀ ਪ੍ਰਵਾਹ ਨਾ ਕਰੋ। ਲੋਕਾਂ ਨੂੰ ਆਪਣਾ ਕੰਮ ਕਰਨ ਦੇਵੋ। ਤੁਸੀਂ ਆਪਣੀ ਮਿਹਨਤ ਕਰਦੇ ਰਹੋ। ਚੰਗੀਆਂ ਕਿਤਾਬਾਂ ਦਾ ਸੰਗ ਕਰੋ। ਸਫ਼ਲ ਹੋਏ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹੋ, ਇਹ ਜਾਨਣ ਲਈ ਕਿ ਉਨ੍ਹਾਂ ਨੇ ਸਫਲਤਾ ਕਿਵੇਂ ਹਾਸਲ ਕੀਤੀ। ਦੁੱਖ ਸੁਖ ਤਾਂ ਆਉਂਦੇ ਰਹਿੰਦੇ ਹਨ, ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦੇ ਰਹੋ। ਨਿਰਾਸ਼ ਲੋਕਾਂ ਦੀ ਸੰਗਤ ਨਾ ਕਰੋ। ਮੁਕਾਬਲੇ ਦੀ ਪ੍ਰੀਖਿਆਵਾਂ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰ ਕਰੋ। ਜਿੱਥੇ ਮੌਕਾ ਮਿਲੇ ਆਪਣੇ ਗੁਣਾਂ ਨੂੰ ਦੂਜਿਆਂ ਸਾਹਮਣੇ ਰੱਖੋ ਪਰ ਇਸ਼ਤਿਹਾਰਬਾਜ਼ੀ ਨਾ ਕਰੋ। ਆਪਣੀ ਕਾਬਲੀਅਤ ਨੂੰ ਪੇਸ਼ ਕਰੋ। ਜੋ ਲੋਕ ਸਮੁੰਦਰ ਵਿੱਚੋਂ ਹੀਰੇ ਮੋਤੀ ਚੁਣਦੇ ਹਨ, ਉਹ ਸਫ਼ਲਤਾ ਨੂੰ ਇੱਕ ਦਿਨ ਪ੍ਰਾਪਤ ਕਰਦੇ ਹਨ। ਜਦੋਂ ਤੁਸੀਂ ਟੀਚੇ ’ਤੇ ਪੁੱਜ ਜਾਂਦੇ ਹੋ, ਉਹੀ ਮਹੱਤਵਪੂਰਨ ਸਮਾਂ ਜ਼ਿੰਦਗੀ ਦਾ ਉਦੇਸ਼ ਹੁੰਦਾ ਹੈ।

ਕਦੇ ਵੀ ਝੂਠ ਦਾ ਸਹਾਰਾ ਨਾ ਲਵੋ। ਜੇ ਝੂਠ ਬੋਲਦੇ ਰਹਾਂਗੇ ਤਾਂ ਸਾਡਾ ਟੀਚਾ ਪੂਰਨ ਨਹੀਂ ਹੋਵੇਗਾ। ਆਪਣੇ ਮਨਚਾਹੇ ਟੀਚੇ ਤਕ ਮਿਹਨਤ ਨਾਲ ਪੁੱਜਣਾ ਹੀ ਤਰੱਕੀ ਹੈ। ਕਾਰਾਂ, ਕੋਠੀਆਂ, ਬੰਗਲੇ, ਇਹ ਕੋਈ ਤਰੱਕੀ ਨਹੀਂ ਹੈ। ਜੇ ਤੁਸੀਂ ਜ਼ਿੰਦਗੀ ਵਿੱਚ ਆਪਣਾ ਉਦੇਸ਼ ਹਾਸਿਲ ਕਰ ਲਿਆ, ਉਹੀ ਤਰੱਕੀ ਹੈ। ਜਦੋਂ ਵੀ ਮਾੜਾ ਸਮਾਂ ਆਵੇ, ਡੋਲੋ ਨਾ। ਸਮਾਂ ਸਾਡੀ ਗਵਾਹੀ ਦਿੰਦਾ ਹੈ। ਲੋਕਾਂ ਦਾ ਕੰਮ ਟਿੱਚਰਾਂ ਕਰਨਾ ਹੈ। ਆਪਣੇ ਮਨ ਦੀ ਸ਼ਕਤੀ (ਵਿੱਲ ਪਾਵਰ) ਨੂੰ ਮਜ਼ਬੂਤ ਕਰੋ। ਕੁਝ ਲੋਕਾਂ ਦਾ ਕੰਮ ‘ਕੰਮ ਵਿੱਚ ਘੜੰਮ’ ਪਾਉਣਾ ਹੁੰਦਾ ਹੈ, ਉਹਨਾਂ ਤੋਂ ਬਚੋ। ਆਪਣੇ ਕੰਮ ’ਤੇ ਡਟੇ ਰਹੋ, ਤਾਂ ਹੀ ਤੁਸੀਂ ਆਪਣਾ ਟੀਚਾ ਹਾਸਿਲ ਕਰ ਸਕੋਗੇ। ਇਹੀ ਜ਼ਿੰਦਗੀ ਦਾ ਨਿਚੋੜ ਹੈ, ਇੰਝ ਕੀਤਿਆਂ ਹੀ ਜ਼ਿੰਦਗੀ ਖ਼ੂਬਸੂਰਤ ਬਣ ਸਕਦੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3913)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author