“ਅੱਜ ਦੇਸ਼ ਵਿੱਚ ਕੁਪੋਸ਼ਣ ਦੀ ਸਮੱਸਿਆ ਵੀ ਇੱਕ ਗੰਭੀਰ ਮੁੱਦਾ ਹੈ। ਅਨਾਜ ਖੁੱਲ੍ਹੇ ਗੋਦਾਮਾਂ ਵਿੱਚ ਸੜ ...”
(19 ਅਗਸਤ 2021)
15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। ਆਜ਼ਾਦੀ ਦੇ ਇੰਨੇ ਲੰਮੇ ਅਰਸੇ ਤੋਂ ਬਾਅਦ ਵੀ ਅੱਜ ਅਸੀਂ ਅਨੇਕ ਸਮੱਸਿਆਵਾਂ ਨਾਲ ਜੂਝ ਰਹੇ ਹਨ। ਅੱਜ 2021 ਸਾਲ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ। ਕਰੋਨਾ ਵਾਇਰਸ ਨੇ ਭਾਰਤ ਵਿੱਚ ਦਸਤਕ ਦਿੱਤੀ, ਜਿਸ ਕਰਕੇ ਭਾਰਤ ਵਿੱਚ ਤਾਲਾਬੰਦੀ ਲਗਾ ਦਿੱਤੀ ਗਈ ਸੀ। ਜਿਵੇਂ ਜਿਵੇਂ ਤਾਲਾਬੰਦੀ ਵਿੱਚ ਛੋਟ ਦਿੱਤੀ ਗਈ, ਮਹਿੰਗਾਈ ਵਧਦੀ ਗਈ। ਭਾਰਤ ਦੀ ਅਰਥ ਵਿਵਸਥਾ ਡਾਵਾਂਡੋਲ ਹੋ ਚੁੱਕੀ ਹੈ। ਰੋਟੀ, ਕੱਪੜਾ ਅਤੇ ਮਕਾਨ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਹਨ। 2019 ਵਿੱਚ ਭਾਰਤ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਹੁਣ ਕਰੋਨਾ ਮਹਾਂਮਾਰੀ ਕਰਕੇ ਮਹਿੰਗਾਈ ਸਿਖ਼ਰਾਂ ’ਤੇ ਪੁੱਜ ਰਹੀ ਹੈ। ਮਾਰਕੀਟ ਵਿੱਚ ਤੁਸੀਂ ਚਲੇ ਜਾਓ, ਕਿਸੇ ਵੀ ਚੀਜ਼ ’ਤੇ ਹੱਥ ਨਹੀਂ ਟਿਕਦਾ। ਅਸੀਂ ਸਭ ਨੇ ਵੇਖਿਆ ਕਿ ਪਿਆਜ਼ ਦੀ ਕੀਮਤਾਂ ਨੇ ਆਸਮਾਨ ਛੂਹ ਦਿੱਤਾ ਸੀ। ਦਾਲਾਂ ਦੀ ਕੀਮਤਾਂ ਵੀ ਬਹੁਤ ਹਨ। ਇੰਨੀ ਮਹਿੰਗਾਈ ਵਿੱਚ 300 ਰੁਪਏ ਕਮਾਉਣ ਵਾਲਾ ਕਾਮਾ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰੇਗਾ? ਕਿਸ ਤਰ੍ਹਾਂ ਉਹ ਆਪਣੇ ਪਰਿਵਾਰ ਚਲਾਏਗਾ? ਫਿਰ ਉਸਨੇ ਆਪਣੇ ਬੱਚਿਆਂ ਦੀ ਸਿੱਖਿਆ ਵੀ ਦੇਖਣੀ ਹੈ। ਜੇ ਉਹ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਮੁਹਈਆ ਕਰਵਾਏਗਾ ਤਾਂ ਹੀ ਕੱਲ੍ਹ ਨੂੰ ਬੱਚਿਆਂ ਦਾ ਭਵਿੱਖ ਵਧੀਆ ਹੋਵੇਗਾ।
ਲਾਕਡਾਊਨ ਕਰਕੇ ਬੇਰੁਜ਼ਗਾਰੀ ਵਧ ਗਈ। ਬੇਰੁਜ਼ਗਾਰੀ ਦੇ ਮੁੱਖ ਕਾਰਨ ਆਰਥਿਕ ਵਿਕਾਸ, ਮੰਦੀ ਤਕਨੀਕੀ ਤੇ ਹੋਰ ਸਾਧਨਾਂ ਦੀ ਕਮੀ ਹੈ। ਇਹੀ ਕਾਰਨ ਹੈ ਕਿ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਜੇ ਦੁਨੀਆਂ ਦੀ ਗੱਲ ਕਰੀਏ ਤਾਂ ਮੰਦੀ ਦੇ ਦੌਰ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜਿਵੇਂ ਜਿਵੇਂ ਚੌਥੇ ਅਤੇ ਪੰਜਵੇਂ ਗੇੜ ਵਿੱਚ ਸਨਅਤ ਦਾ ਪਹੀਆ ਘੁੰਮਣਾ ਸ਼ੁਰੂ ਹੋਇਆ, ਗਿਣਵੇਂ ਚੁਣਵੇਂ ਲੋਕਾਂ ਨੂੰ ਰੋਜ਼ਗਾਰ ਮਿਲ ਪਾਇਆ। ਤੇਜ਼ੀ ਨਾਲ ਵਧ ਰਹੀ ਆਬਾਦੀ ਭਾਰਤ ਲਈ ਇਕ ਗੰਭੀਰ ਸਮੱਸਿਆ ਹੈ, ਜਿਸ ਦੇ ਕਈ ਤਰ੍ਹਾਂ ਦੇ ਮਾੜੇ ਅਸਰ ਸਾਹਮਣੇ ਆ ਰਹੇ ਹਨ। ਸਰਕਾਰੀ ਬੈਂਕਾਂ ਦਾ ਰਲੇਵਾਂ ਹੋਣਾ ਅਤੇ ਉਨ੍ਹਾਂ ਦਾ ਕੰਪਿਊਟਰੀਕਰਨ ਵੀ ਬੇਰੁਜ਼ਗਾਰੀ ਨੂੰ ਵਧਾ ਰਿਹਾ ਹੈ। ਵਧਦੀ ਜਨਸੰਖਿਆ ਦੀਆਂ ਖੁਰਾਕ ਦੀਆਂ ਲੋੜਾਂ ਪੂਰੀਆਂ ਕਰਨ ਲਈ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ਿਆਦਾ ਖਾਦਾਂ ਦੀ ਵਰਤੋਂ ਕਾਰਨ ਭੂਮੀ ਵੀ ਬੰਜਰ ਹੋ ਰਹੀ ਹੈ। ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਚੀਨ ਨੇ ਆਬਾਦੀ ਉੱਤੇ ਕਾਬੂ ਕਰਨ ਲਈ ਕਾਨੂੰਨ ਬਣਾ ਲਿਆ ਹੈ। ਭਾਰਤ ਨੂੰ ਵੀ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ, ਜਿਸ ਨਾਲ ਆਬਾਦੀ ’ਤੇ ਰੋਕ ਲੱਗ ਸਕੇ। ਕੇਂਦਰ ਸਰਕਾਰ ਨੂੰ ਸੂਬਾ ਸਰਕਾਰਾਂ ਅਤੇ ਮਾਹਿਰਾਂ ਨਾਲ ਮਿਲ ਕੇ ਕੋਈ ਠੋਸ ਨੀਤੀ ਘੜਨੀ ਚਾਹੀਦੀ ਹੈ ਤਾਂ ਜੋ ਆਬਾਦੀ ਤੇ ਬੇਰੁਜ਼ਗਾਰੀ ਦਾ ਹੱਲ ਹੋ ਸਕੇ।
ਕਿਸਾਨਾਂ ਨੂੰ ਵੀ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਫ਼ਸਲ ਵਧੀਆ ਹੋ ਜਾਵੇ ਤਾਂ ਪ੍ਰਮਾਤਮਾ ਵੀ ਉਸ ਦਾ ਸਾਥ ਨਹੀਂ ਦਿੰਦਾ। ਖਾਦ ਤੇ ਬੀਜ ਵੀ ਬਹੁਤ ਮਹਿੰਗੇ ਹਨ। ਕਿਸਾਨ ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਦਾ ਹੈ। ਉਸ ਨੂੰ ਆਸ ਹੁੰਦੀ ਹੈ ਕਿ ਜੇ ਵਧੀਆ ਫ਼ਸਲ ਹੋਈ, ਉਹ ਆਪਣੇ ਧੀ ਪੁੱਤ ਦਾ ਵਧੀਆ ਕਾਰਜ ਕਰ ਸਕੇਗਾ। ਘਰ ਵਿੱਚ ਆਪਣੇ ਬੱਚਿਆਂ ਦੀਆਂ ਨਿੱਜੀ ਲੋੜਾਂ ਪੂਰੀਆਂ ਕਰੇਗਾ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਅਸਮਾਨੀ ਛੂਹ ਰਹੀਆਂ ਹਨ। ਆਪਣੀ ਤਰਫੋਂ ਤਾਂ ਕਿਸਾਨ ਕੋਈ ਵੀ ਕਸਰ ਨਹੀਂ ਛੱਡਦਾ, ਜੇ ਮੰਡੀ ਵਿੱਚ ਫਸਲ ਪੁੱਜ ਜਾਂਦੀ ਹੈ ਤਾਂ ਮੀਂਹ ਉਸ ਨੂੰ ਤਬਾਹ ਕਰ ਦਿੰਦਾ ਹੈ। ਸਮੇਂ ਸਿਰ ਬੈਂਕਾਂ ਦਾ ਕਰਜ਼ਾ ਨਾ ਉਤਰਨ ਕਰਕੇ ਕਿਸਾਨ ਨੂੰ ਖੁਦਕੁਸ਼ੀ ਕਰਨੀ ਪੈਂਦੀ ਹੈ। ਕਦੇ ਫਾਹਾ ਲੈਣਾ ਪੈਂਦਾ ਹੈ। ਕਦੇ ਜ਼ਹਿਰੀਲੀ ਦਵਾਈ ਪੀਣੀ ਪੈਂਦੀ ਹੈ। ਕਿਸਾਨੀ ਸੰਕਟ ਵਿੱਚ ਹੈ।
ਪਿਛਲੇ ਦੋ ਸਾਲਾਂ ਵਿੱਚ ਕਈ ਵੱਡੇ ਵੱਡੇ ਅਦਾਰਿਆਂ ਵਿੱਚੋਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਹੈ। ਕਿੰਨੀ ਤਾਦਾਦ ਵਿੱਚ ਨੌਜਵਾਨ ਬੇਰੁਜ਼ਗਾਰ ਹੋਏ ਹਨ। ਬੈਂਕਾਂ ਦਾ ਰਲੇਵਾਂ ਹੋ ਚੁੱਕਿਆ ਹੈ। ਗੱਡੀਆਂ ਤੇ ਫਾਸਟ ਟੈਗ ਲਗਾ ਦਿੱਤੇ ਗਏ ਹਨ। ਇਹ ਵੀ ਬੇਰੁਜ਼ਗਾਰੀ ਦਾ ਬਹੁਤ ਵੱਡਾ ਕਾਰਨ ਹੈ। ਅਸਾਮੀ ਇੱਕ ਹੁੰਦੀ ਹੈ ਫਾਰਮ ਜਮ੍ਹਾਂ ਕਰਾਉਣ ਵਾਲੇ ਇੱਕ ਲੱਖ ਹੁੰਦੇ ਹਨ। ਆਮ ਦੇਖਣ ਵਿੱਚ ਆਉਂਦਾ ਹੈ ਕਿ ਜਿੱਥੇ ਚਪੜਾਸੀ ਦੀ ਅਸਾਮੀ ਲਈ ਦਰਖ਼ਾਸਤ ਦਿੱਤੀ ਜਾਂਦੀ ਹੈ ਉੱਥੇ ਐਮ ਫਿਲ, ਪੀਐੱਚ ਡੀ ਮੁੰਡੇ ਵੀ ਅਪਲਾਈ ਕਰਦੇ ਹਨ। ਇਸ ਲਈ ਕੌਣ ਜ਼ਿੰਮੇਵਾਰ ਹੈ? ਸਰਕਾਰ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹਈਆ ਕਰਵਾਉਣੇ ਚਾਹੀਦੇ ਹਨ। ਸ਼ਹਿਰਾਂ ਵਿੱਚ ਉਦਯੋਗ ਸਥਾਪਿਤ ਕਰਨੇ ਚਾਹੀਦੇ ਹਨ ਤਾਂ ਕਿ ਨੌਜਵਾਨਾਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਮੁਤਾਬਕ ਰੋਜ਼ਗਾਰ ਮਿਲ ਸਕੇ।
ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ। ਆਏ ਦਿਨ ਅਖਬਾਰਾਂ ਵਿੱਚ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਫਲਾਣੇ ਜ਼ਿਲ੍ਹੇ ਦੇ ਪਿੰਡ ਵਿੱਚ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ ਹੈ। ਹੁਣ ਤਾਂ ਕੁੜੀਆਂ ਵੀ ਇਸ ਦੀ ਲਪੇਟ ਵਿੱਚ ਆ ਚੁੱਕੀਆਂ ਹਨ। ਅਖ਼ਬਾਰ ਵਿੱਚ ਖ਼ਬਰ ਪੜ੍ਹੀ ਕਿ ਕੋਈ ਕੁੜੀ ਆਪਣਾ ਕਰੀਅਰ ਬਣਾਉਣ ਚੰਡੀਗੜ੍ਹ ਆਈ। ਕਰੀਅਰ ਤਾਂ ਉਸਦਾ ਕੀ ਬਣਨਾ ਸੀ, ਉਹ ਚਿੱਟੇ ਦੀ ਸ਼ੌਕੀਨ ਹੋ ਗਈ। ਬਹੁਤ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ।
ਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਕਰੋੜਾਂ ਰੁਪਏ ਦੀ ਸਮੈਕ ਫੜੀ ਗਈ। ਪੁਲਸ ਮੁਲਾਜ਼ਮਾਂ ਦਾ ਸ਼ਲਾਘਾਯੋਗ ਕਦਮ ਹੈ ਕਿ ਉਹ ਨਸ਼ਾ ਸਮਗਲਰਾਂ ਨੂੰ ਫੜ ਰਹੀ ਹੈ। ਪਰ ਫਿਰ ਵੀ ਇਹ ਨਸ਼ਾ ਕਿੱਥੋਂ ਆ ਰਿਹਾ ਹੈ, ਸਰਕਾਰ ਨੂੰ ਡੂੰਘਾਈ ਵਿੱਚ ਜਾ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੀਦਾ ਹੈ। ਮੋਗਾ ਜ਼ਿਲ੍ਹੇ ਵਿੱਚ ਇੱਕ ਨਸ਼ੇੜੀ ਨੌਜਵਾਨ ਨੇ ਆਪਣੇ ਸਾਰੇ ਘਰ ਦਾ ਸਾਮਾਨ ਵੇਚ ਦਿੱਤਾ। ਘਰ ਵਿੱਚ ਰੋਟੀ ਬਣਾਉਣ ਲਈ ਆਟਾ ਵੀ ਨਹੀਂ ਛੱਡਿਆ। ਫਿਰ ਵੀ ਪੰਜਾਬ ਸਰਕਾਰ ਨੇ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਹਨ। ਸਰਕਾਰ ਵਾਅਦੇ ਤਾਂ ਬਹੁਤ ਵੱਡੇ ਵੱਡੇ ਕਰ ਰਹੀ ਹੈ ਕਿ ਨਸ਼ੇ ਨੂੰ ਖ਼ਤਮ ਕੀਤਾ ਜਾਵੇਗਾ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਕੋਈ ਠੋਸ ਨੀਤੀ ਘੜਨੀ ਚਾਹੀਦੀ ਹੈ। ਹੁਣ ਸਮਾਂ ਹੀ ਦੱਸੇਗਾ ਕਿ ਕਿੰਨੇ ਸਮੇਂ ਵਿੱਚ ਇਹ ਨਸ਼ਾ ਖਤਮ ਹੋਵੇਗਾ।
ਆਵਾਰਾ ਕੁੱਤਿਆਂ ਦੀ ਸਮੱਸਿਆ ਇੰਨੀ ਵਧ ਚੁੱਕੀ ਹੈ ਕਿ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਅਨੁਭਵ ਕਰਦਾ ਹੈ। ਜਿੱਥੇ ਵੀ ਚਲੇ ਜਾਓ, ਆਵਾਰਾ ਕੁੱਤੇ ਝੁੰਡ ਬਣਾ ਕੇ ਘੁੰਮ ਰਹੇ ਹਨ। ਜੋ ਰਾਹਗੀਰ ਰਾਤ ਨੂੰ ਆਪਣੇ ਘਰਾਂ ਨੂੰ ਆਉਂਦੇ ਹਨ, ਇਹ ਕੁੱਤੇ ਝੁੰਡ ਬਣਾ ਕੇ ਉਨ੍ਹਾਂ ’ਤੇ ਹਮਲਾ ਕਰ ਦਿੰਦੇ ਹਨ, ਜਿਸ ਕਾਰਨ ਦੁਰਘਟਨਾ ਘਟ ਜਾਂਦੀ ਹੈ। ਕੁੱਤੇ ਝੁੰਡ ਬਣਾ ਕੇ ਘੁੰਮਦੇ ਹਨ, ਜਿਸ ਕਰਕੇ ਲੋਕਾਂ ਨੇ ਸੈਰ ਕਰਨੀ ਬੰਦ ਕਰ ਦਿੱਤੀ ਹੈ। ਇਹ ਬਹੁਤ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਸਰਕਾਰ ਨੇ ਕੁੱਤੇ ਮਾਰਨ ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਕੋਈ ਠੋਸ ਨੀਤੀ ਨਹੀਂ ਬਣੀ ਹੈ। ਅਜਿਹੇ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਾਉਣ ਲਈ ਕੋਈ ਠੋਸ ਨੀਤੀ ਘੜਨੀ ਚਾਹੀਦੀ ਹੈ।
ਆਵਾਰਾ ਪਸ਼ੂਆਂ ਨੇ ਤਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ। ਪਿੰਡਾਂ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਇਹ ਅਵਾਰਾ ਪਸ਼ੂ ਉਜਾੜਾ ਕਰ ਰਹੇ ਹਨ। ਆਏ ਦਿਨ ਕਿਸਾਨ ਧਰਨੇ ਲਾ ਕੇ ਡੀਸੀ ਦਫ਼ਤਰਾਂ ਤੇ ਮੰਤਰੀਆਂ ਦੀ ਕੋਠੀਆਂ ਦੇ ਮੂਹਰੇ ਬੈਠਦੇ ਹਨ। ਪਹਿਲਾਂ ਤਾਂ ਲੋਕ ਇਨ੍ਹਾਂ ਪਸ਼ੂਆਂ ਦਾ ਦੁੱਧ ਪੀਂਦੇ ਹਨ। ਜਦੋਂ ਇਹ ਪਸ਼ੂ ਦੁੱਧ ਦੇਣ ਤੋਂ ਹਟ ਜਾਂਦੇ ਹਨ ਤਾਂ ਲੋਕ ਇਨ੍ਹਾਂ ਨੂੰ ਸ਼ਹਿਰਾਂ ਵੱਲ ਛੱਡ ਦਿੰਦੇ ਹਨ, ਜਿਸ ਕਰਕੇ ਇਹ ਸ਼ਹਿਰਾਂ ਵਿਚ ਹਾਦਸਿਆਂ ਦਾ ਕਾਰਨ ਬਣਦੇ ਹਨ। ਇਨ੍ਹਾਂ ਆਵਾਰਾ ਪਸ਼ੂਆਂ ਨੇ ਕਈ ਸੜਕ ਹਾਦਸੇ ਅਜਿਹੇ ਕਰਵਾਏ ਹਨ ਜਿਨ੍ਹਾਂ ਵਿੱਚ ਪਰਿਵਾਰ ਦੇ ਪਰਿਵਾਰ ਖ਼ਤਮ ਹੋ ਚੁੱਕੇ ਹਨ।
ਭ੍ਰਿਸ਼ਟਾਚਾਰ ਦਾ ਬਹੁਤ ਬੋਲਬਾਲਾ ਹੈ। ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਾਉਣ ਲਈ ਚਪੜਾਸੀ ਤੱਕ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ।
ਅੱਜ ਦੇਸ਼ ਵਿੱਚ ਕੁਪੋਸ਼ਣ ਦੀ ਸਮੱਸਿਆ ਵੀ ਇੱਕ ਗੰਭੀਰ ਮੁੱਦਾ ਹੈ। ਅਨਾਜ ਖੁੱਲ੍ਹੇ ਗੋਦਾਮਾਂ ਵਿੱਚ ਸੜ ਜਾਂਦਾ ਹੈ, ਗਲ ਜਾਂਦਾ ਹੈ ਪਰ ਜੋ ਜ਼ਰੂਰਤਮੰਦ ਹਨ, ਉਨ੍ਹਾਂ ਤੱਕ ਨਹੀਂ ਪਹੁੰਚਦਾ। ਇਹ ਬਹੁਤ ਹੀ ਗੰਭੀਰ ਵਿਸ਼ਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2961)
(ਸਰੋਕਾਰ ਨਾਲ ਸੰਪਰਕ ਲਈ: