“ਸਰਕਾਰਾਂ ਕਿੱਥੇ ਸੌਂ ਰਹੀਆਂ ਹਨ, ਸਾਡੇ ਵਿਧਾਇਕ ਕਿੱਥੇ ਸੌਂ ...”
(15 ਮਾਰਚ 2020)
15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ। ਅੱਜ ਅਸੀਂ 2020 ਸਾਲ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ। ਸਾਨੂੰ ਕਿੰਨੀਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਅਹਿਮ ਮੁੱਦਾ ਹੈ ਮਹਿੰਗਾਈ!
ਭਾਰਤ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਆਏ ਦਿਨ ਮਹਿੰਗਾਈ ਸਿਖਰਾਂ ਉੱਤੇ ਜਾ ਰਹੀ ਹੈ। ਮਾਰਕੀਟ ਵਿੱਚ ਤੁਸੀਂ ਚਲੇ ਜਾਓ, ਕਿਸੇ ਵੀ ਚੀਜ਼ ਤੇ ਹੱਥ ਨਹੀਂ ਟਿਕਦਾ। ਅਸੀਂ ਸਭ ਨੇ ਵੇਖਿਆ ਕਿ ਪਿਆਜ਼ ਦੀਆਂ ਕੀਮਤਾਂ ਨੇ ਆਸਮਾਨ ਛੂਹ ਦਿੱਤਾ ਸੀ। ਦਾਲਾਂ ਦੀ ਕੀਮਤਾਂ ਵੀ ਬਹੁਤ ਹਨ। ਇੰਨੀ ਮਹਿੰਗਾਈ ਵਿੱਚ 300 ਰੁਪਏ ਕਮਾਉਣ ਵਾਲਾ ਕਾਮਾ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇਗਾ? ਕਿਸ ਤਰ੍ਹਾਂ ਉਹ ਆਪਣਾ ਪਰਿਵਾਰ ਚਲਾਏਗਾ? ਜਿਸ ਮਜ਼ਦੂਰ ਨੂੰ ਤਿੰਨ ਸੌ ਰੁਪਏ ਦਿਹਾੜੀ ਮਿਲਦੀ ਹੈ ਕੀ ਉਹ ਸੌ ਰੁਪਏ ਕਿਲੋ ਦਾਲ ਖਾ ਸਕੇਗਾ। ਫਿਰ ਉਸਨੇ ਆਪਣੇ ਬੱਚਿਆਂ ਦੀ ਸਿੱਖਿਆ ਵੀ ਦੇਖਣੀ ਹੈ। ਜੇ ਉਹ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਏਗਾ ਤਾਂ ਹੀ ਕੱਲ੍ਹ ਨੂੰ ਬੱਚਿਆਂ ਦਾ ਭਵਿੱਖ ਵਧੀਆ ਹੋਵੇਗਾ। ਜੇ ਕੋਈ ਕੱਲ੍ਹ ਨੂੰ ਬੀਮਾਰੀ ਹੀ ਆ ਜਾਵੇ, ਤਾਂ ਉਹ ਬੇਚਾਰਾ ਬੰਦਾ ਕਿਸ ਤਰ੍ਹਾਂ ਇਲਾਜ ਕਰਵਾਏਗਾ? ਰੋਟੀ ਕੱਪੜਾ ਤੇ ਮਕਾਨ ਹਰ ਬੰਦੇ ਦੀ ਅਹਿਮ ਜ਼ਰੂਰਤ ਹੈ। ਸਰਕਾਰ ਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ।
ਆਏ ਦਿਨ ਅਖ਼ਬਾਰਾਂ ਵਿੱਚ ਬਲਾਤਕਾਰ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਔਰਤ ਅਜੇ ਵੀ ਸੁਰੱਖਿਅਤ ਨਹੀਂ ਹੈ। ਚਾਹੇ ਅਸੀਂ ਹੁਣੇ ਅੱਠ ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾ ਕੇ ਹਟੇ ਹਨ। ਬਲਾਤਕਾਰ, ਛੇੜਛਾੜ, ਤੇਜ਼ਾਬੀ ਹਮਲੇ, ਹੋਰ ਕਿੰਨੀਆਂ ਕਿਸਮਾਂ ਦੀਆਂ ਵਾਰਦਾਤਾਂ ਔਰਤਾਂ ਨੂੰ ਸਹਿਣੀਆਂ ਪੈਂਦੀਆਂ ਹਨ। ਨਿਰਭਿਆ ਕਾਂਡ ਦੇ ਦੋਸ਼ੀਆਂ ਨੂੰ ਅਜੇ ਤਕ ਫਾਂਸੀ ਦੀ ਸਜ਼ਾ ਨਹੀਂ ਹੋਈ। ਦੋਸ਼ੀ ਵਾਰ ਵਾਰ ਆਪਣੀ ਰਹਿਮ ਦੀ ਅਪੀਲ ਪਾ ਰਹੇ ਹਨ। ਅਜੇ ਵੀ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ।
ਤੇਲੰਗਨਾ ਕਾਂਡ - ਜਾਨਵਰਾਂ ਦੀ ਡਾਕਟਰ ਨਾਲ ਬਲਾਤਕਾਰ ਕੀਤਾ ਗਿਆ। ਦੋਸ਼ੀਆਂ ਨੇ ਉਸ ਦੀ ਲਾਸ਼ ਨੂੰ ਜਲਾ ਦਿੱਤਾ। ਚਾਹੇ ਐਨਕਾਊਂਟਰ ਵਿੱਚ ਦੋਸ਼ੀਆਂ ਨੂੰ ਮਾਰ ਦਿੱਤਾ ਗਿਆ। ਆਖਿਰ ਔਰਤਾਂ ਕਦੋਂ ਤੱਕ ਡਰ ਦੇ ਮਾਹੌਲ ਵਿੱਚ ਰਹਿਣਗੀਆਂ? ਹਾਲਾਂਕਿ ਅੱਜ ਔਰਤਾਂ ਨੇ ਹਰ ਇੱਕ ਖੇਤਰ ਵਿੱਚ ਬਾਜ਼ੀ ਮਾਰ ਲਈ ਹੈ। ਧਰਤੀ ਤੋਂ ਲੈ ਕੇ ਪੁਲਾੜ ਤੱਕ ਔਰਤਾਂ ਖਿੱਚ ਦਾ ਕੇਂਦਰ ਬਣੀਆਂ ਹਨ। ਸੁਨੀਤਾ ਵਿਲੀਅਮ ਕਿਸੇ ਤੋਂ ਘੱਟ ਨਹੀਂ ਹੈ। ਰਾਜਨੀਤੀ, ਏਅਰਫੋਰਸ, ਹਵਾਈ ਸੈਨਾ, ਜਲ ਸੈਨਾ, ਆਈ ਏ ਐੱਸ ਅਫਸਰ, ਆਈ ਪੀ ਐੱਸ ਅਫਸਰ, ਹਰ ਇੱਕ ਖੇਤਰ ਵਿੱਚ ਮਹਿਲਾਵਾਂ ਮੂਹਰੇ ਹਨ। ਆਖਿਰ ਕਦੋਂ ਤੱਕ ਵਿਕਾਸਸ਼ੀਲ ਦੇਸ਼ਾਂ ਵਿੱਚ ਭਾਰਤ ਦਾ ਨੰਬਰ ਆਏਗਾ? ਕਦੋਂ ਔਰਤਾਂ ਸੁਰੱਖਿਅਤ ਹੋਣਗੀਆਂ? ਚੀਨ ਮਾਡਲ ਨੂੰ ਅਪਣਾਉਣਾ ਚਾਹੀਦਾ ਹੈ, ਜਿੱਥੇ ਔਰਤਾਂ ਨੂੰ ਵੱਧ ਅਧਿਕਾਰ ਹਨ।
ਕਿਸਾਨ ਨੂੰ ਵੀ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਦ, ਕੀਟਨਾਸ਼ਕ ਅਤੇ ਬੀਜ ਬਹੁਤ ਮਹਿੰਗੇ ਹਨ। ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਦਾ ਹੈ। ਕਿਸਾਨ ਦੀ ਵੀ ਉਮੀਦ ਹੁੰਦੀ ਹੈ ਕਿ ਜੇ ਵਧੀਆ ਫ਼ਸਲ ਹੋਈ ਉਹ ਆਪਣੇ ਧੀ ਪੁੱਤ ਦਾ ਵਧੀਆ ਕਾਰਜ ਕਰ ਸਕੇਗਾ। ਘਰ ਵਿੱਚ ਆਪਣੇ ਬੱਚਿਆਂ ਦੀਆਂ ਨਿੱਜੀ ਲੋੜਾਂ ਪੂਰੀਆਂ ਕਰੇਗਾ। ਆਪਣੀ ਤਰਫੋਂ ਤਾਂ ਕਿਸਾਨ ਕੋਈ ਵੀ ਕਸਰ ਨਹੀਂ ਛੱਡਦਾ। ਜੇ ਮੰਡੀ ਵਿੱਚ ਫਸਲ ਪੁੱਜ ਜਾਂਦੀ ਹੈ ਤਾਂ ਮੀਂਹ ਉਸ ਨੂੰ ਤਬਾਹ ਕਰ ਦਿੰਦਾ ਹੈ। ਸਮੇਂ ਸਿਰ ਬੈਂਕਾਂ ਦਾ ਕਰਜ਼ਾ ਨਾ ਉੱਤਰਨ ਕਰਕੇ ਕਿਸਾਨ ਨੂੰ ਖੁਦਕੁਸ਼ੀ ਕਰਨੀ ਪੈਂਦੀ ਹੈ। ਕਦੇ ਫਾਹਾ ਲੈਣਾ ਪੈਂਦਾ ਹੈ। ਕਦੇ ਜ਼ਹਿਰੀਲੀ ਦਵਾਈ ਪੀਣੀ ਪੈਂਦੀ ਹੈ। ਕਿਸਾਨੀ ਸੰਕਟ ਵਿੱਚ ਹੈ।
ਪੰਜਾਬ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ। ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੀ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਸਰਕਾਰੀ ਮੁਲਾਜ਼ਮ ਹੀ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਦੇ ਸਨ। ਹੁਣ ਤਾਂ ਪਿੰਡ ਵਾਲੇ ਆਪਣੇ ਬੱਚਿਆਂ ਨੂੰ ਆਪਣੀ ਜ਼ਮੀਨ ਗਹਿਣੇ ਰੱਖ ਕੇ, ਆਪਣਾ ਘਰ ਬਾਰ ਵੇਚ ਕੇ ਵਿਦੇਸ਼ਾਂ ਨੂੰ ਭੇਜ ਰਹੇ ਹਨ। ਕਿਸਾਨ ਤੀਹ ਪੈਂਤੀ ਲੱਖ ਦਾ ਕਰਜ਼ਾ ਉਠਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਨੂੰ ਭੇਜ ਰਿਹਾ ਹੈ। ਸਮੇਂ ਸਿਰ ਉਹ ਕਰਜ਼ਾ ਨਹੀਂ ਉਤਰਣ ਕਰਕੇ ਫਿਰ ਕਿਸਾਨ ਨੂੰ ਖੁਦਕੁਸ਼ੀ ਕਰਨੀ ਪੈਂਦੀ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਭੱਜ ਰਹੀ ਹੈ। ਰੋਜ਼ਗਾਰ ਮੁਹੱਈਆ ਕਰਵਾਉਣਾ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ। ਭਾਰਤ ਵਿੱਚ ਬੇਰੁਜ਼ਗਾਰੀ ਇੰਨੀ ਵਧ ਚੁੱਕੀ ਹੈ ਕਿ ਨੌਜਵਾਨਾਂ ਨੂੰ ਆਖਿਰਕਾਰ ਵਿਦੇਸ਼ਾਂ ਨੂੰ ਹੀ ਜਾਣਾ ਪੈਂਦਾ ਹੈ।
ਪਿਛਲੇ ਦੋ ਸਾਲਾਂ ਵਿੱਚ ਕਈ ਵੱਡੇ ਵੱਡੇ ਅਦਾਰਿਆਂ ਵਿੱਚੋਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਹੈ। ਵੱਡੀ ਤਦਾਦ ਵਿੱਚ ਨੌਜਵਾਨ ਬੇਰੁਜ਼ਗਾਰ ਹੋਏ ਹਨ। ਬੈਂਕਾਂ ਦਾ ਰਲੇਵਾਂ ਹੋ ਚੁੱਕਿਆ ਹੈ। ਗੱਡੀਆਂ ਤੇ ਫਾਸਟ ਟੈਗ ਲਗਾ ਦਿੱਤੇ ਗਏ ਹਨ। ਇਹ ਵੀ ਬੇਰੁਜ਼ਗਾਰੀ ਦਾ ਬਹੁਤ ਵੱਡਾ ਕਾਰਨ ਹੈ। ਅਸਾਮੀ ਇੱਕ ਹੁੰਦੀ ਹੈ ਫਾਰਮ ਜਮ੍ਹਾਂ ਕਰਾਉਣ ਵਾਲੇ ਇੱਕ ਲੱਖ ਹੁੰਦੇ ਹਨ। ਆਮ ਦੇਖਣ ਵਿੱਚ ਆਉਂਦਾ ਹੈ ਕਿ ਜਿੱਥੇ ਚਪੜਾਸੀ ਦੀ ਅਸਾਮੀ ਲਈ ਦਰਖ਼ਾਸਤ ਦਿੱਤੀ ਜਾਂਦੀ ਹੈ ਉੱਥੇ ਐੱਮ ਫਿਲ, ਪੀਐੱਚ ਡੀ ਮੁੰਡੇ ਵੀ ਅਪਲਾਈ ਕਰਦੇ ਹਨ। ਇਸ ਲਈ ਕੌਣ ਜ਼ਿੰਮੇਵਾਰ ਹੈ? ਸਰਕਾਰ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣੇ ਚਾਹੀਦੇ ਹਨ। ਸ਼ਹਿਰਾਂ ਵਿੱਚ ਉਦਯੋਗ ਸਥਾਪਿਤ ਕਰਨੇ ਚਾਹੀਦੇ ਹਨ ਤਾਂ ਕਿ ਨੌਜਵਾਨਾਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਮੁਤਾਬਕ ਰੋਜ਼ਗਾਰ ਮਿਲ ਸਕੇ।
ਸਭ ਤੋਂ ਗੰਭੀਰ ਮੁੱਦਾ ਵਧਦੀ ਆਬਾਦੀ ਹੈ। ਭਾਰਤ ਦੀ ਆਬਾਦੀ ਇੰਨੀ ਵਧ ਚੁੱਕੀ ਹੈ ਕਿ ਇਸ ਨੂੰ ਵਸਾਉਣ ਲਈ ਦਰਖਤ ਕੱਟਣੇ ਪੈ ਰਹੇ ਹਨ। ਜੋ ਕਿ ਪ੍ਰਦੂਸ਼ਣ ਦਾ ਬਹੁਤ ਵੱਡਾ ਕਾਰਨ ਹਨ। ਅਜੇ ਤੱਕ ਸਰਕਾਰ ਨੇ ਅਜਿਹਾ ਕੋਈ ਕਾਨੂੰਨ ਪਾਸ ਨਹੀਂ ਕੀਤਾ ਕਿ ਆਬਾਦੀ ’ਤੇ ਰੋਕ ਲੱਗ ਸਕੇ। ਚੀਨ ਦੁਨੀਆ ਦਾ ਪਹਿਲਾਂ ਦੇਸ਼ ਹੈ ਜੋ ਆਬਾਦੀ ਪੱਖੋਂ ਪਹਿਲੇ ਨੰਬਰ ’ਤੇ ਹੈ। ਹਾਲ ਹੀ ਵਿੱਚ ਉਸ ਨੇ ਆਪਣੀ ਆਬਾਦੀ ’ਤੇ ਕਾਬੂ ਕਰਨ ਲਈ ਕਾਨੂੰਨ ਪਾਸ ਕਰ ਦਿੱਤਾ ਹੈ। ਪਰ ਭਾਰਤ ਸਰਕਾਰ ਨੇ ਅਜੇ ਤੱਕ ਆਬਾਦੀ ਨੂੰ ਕੰਟਰੋਲ ਕਰਨ ਲਈ ਕੋਈ ਵੀ ਕਾਨੂੰਨ ਪਾਸ ਨਹੀਂ ਕੀਤਾ। ਇਹ ਚਿੰਤਾ ਦਾ ਵਿਸ਼ਾ ਹੈ। ਜਿਸ ਤਰ੍ਹਾਂ ਆਬਾਦੀ ਵਧ ਰਹੀ ਹੈ, ਇਸ ਨਾਲ ਤਾਂ ਕੁਦਰਤੀ ਸਾਧਨ ਵੀ ਖਤਮ ਹੋ ਜਾਣਗੇ। ਸਾਨੂੰ ਚੀਨ ਮਾਡਲ ਅਪਣਾਉਣਾ ਚਾਹੀਦਾ ਹੈ। ਅਗਰ ਆਬਾਦੀ ਕੰਟਰੋਲ ਵਿੱਚ ਹੋ ਜਾਏਗੀ ਤਾਂ ਬਹੁਤ ਸਾਰੀ ਸਮੱਸਿਆਵਾਂ ਦਾ ਆਪਣੇ ਆਪ ਸਮਾਧਾਨ ਹੋ ਜਾਏਗਾ। ਜੋ ਵੀ ਅਸੀਂ ਨੁਮਾਇੰਦੇ ਆਪਣੇ ਹਲਕੇ ਤੋਂ ਚੁਣ ਕੇ ਭੇਜਦੇ ਹਨ, ਉਹ ਅਜਿਹੇ ਮੁੱਦੇ ਕਿਉਂ ਨਹੀਂ ਚੁੱਕਦੇ? ਸਿਰਫ ਉਨ੍ਹਾਂ ਨੂੰ ਜਨਤਾ ਤੱਕ ਇੰਨਾ ਮਤਲਬ ਹੈ ਕਿ ਉਨ੍ਹਾਂ ਨੂੰ ਐੱਮ ਪੀ ਜਾਂ ਐੱਮ ਐੱਲ ਏ ਬਣਾ ਕੇ ਭੇਜਣ?
ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ। ਆਏ ਦਿਨ ਅਖਬਾਰਾਂ ਵਿੱਚ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਫਲਾਣੇ ਜ਼ਿਲ੍ਹੇ ਦੇ ਪਿੰਡ ਵਿੱਚ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ ਹੈ। ਹੁਣ ਤਾਂ ਕੁੜੀਆਂ ਵੀ ਇਸਦੀਆਂ ਸ਼ੌਕੀਨ ਹੋ ਚੁੱਕੀਆਂ ਹਨ। ਅਖ਼ਬਾਰ ਵਿੱਚ ਖ਼ਬਰ ਪੜ੍ਹੀ ਕੋਈ ਕੁੜੀ ਆਪਣਾ ਕਰੀਅਰ ਬਣਾਉਣ ਚੰਡੀਗੜ੍ਹ ਆਉਂਦੀ ਹੈ। ਕਰੀਅਰ ਤਾਂ ਉਸ ਨੇ ਕੀ ਬਣਾਉਣਾ ਸੀ ਉਹ ਚਿੱਟੇ ਦੀ ਸ਼ੌਕੀਨ ਹੋ ਗਈ। ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਕਰੋੜਾਂ ਰੁਪਏ ਦੀ ਸਮੈਕ ਫੜੀ ਗਈ। ਪੁਲਿਸ ਦਾ ਸ਼ਲਾਘਾਯੋਗ ਕਦਮ ਹੈ ਕਿ ਉਹ ਨਸ਼ਾ ਸਮਗਲਰਾਂ ਨੂੰ ਫੜ ਰਹੀ ਹੈ। ਪਰ ਫਿਰ ਵੀ ਇਹ ਨਸ਼ਾ ਕਿੱਥੋਂ ਆ ਰਿਹਾ ਹੈ? ਸਰਕਾਰ ਨੂੰ ਡੂੰਘਾਈ ਵਿੱਚ ਜਾ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੀਦਾ ਹੈ। ਮੋਗਾ ਜ਼ਿਲ੍ਹੇ ਵਿੱਚ ਇੱਕ ਨਸ਼ੇੜੀ ਨੌਜਵਾਨ ਨੇ ਆਪਣੇ ਸਾਰੇ ਘਰ ਦਾ ਸਾਮਾਨ ਵੇਚ ਦਿੱਤਾ। ਘਰ ਵਿੱਚ ਰੋਟੀ ਬਣਾਉਣ ਲਈ ਆਟਾ ਵੀ ਨਹੀਂ ਛੱਡਿਆ। ਪੰਜਾਬ ਸਰਕਾਰ ਨੇ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਹੋਏ ਹਨ। ਸਰਕਾਰ ਵਾਅਦੇ ਤਾਂ ਬਹੁਤ ਵੱਡੇ ਵੱਡੇ ਕਰ ਰਹੀ ਹੈ ਕਿ ਨਸ਼ੇ ਨੂੰ ਖ਼ਤਮ ਕੀਤਾ ਜਾਵੇਗਾ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਕੋਈ ਠੋਸ ਨੀਤੀ ਘੜਨੀ ਚਾਹੀਦੀ ਹੈ। ਹੁਣ ਸਮਾਂ ਹੀ ਦੱਸੇਗਾ ਕਿ ਕਿੰਨੇ ਸਮੇਂ ਵਿੱਚ ਇਹ ਨਸ਼ਾ ਖਤਮ ਹੋਵੇਗਾ।
ਆਵਾਰਾ ਕੁੱਤਿਆਂ ਦੀ ਸਮੱਸਿਆ ਇੰਨੀ ਵਧ ਚੁੱਕੀ ਹੈ ਕਿ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਅਨੁਭਵ ਕਰਦਾ ਹੈ। ਜਿੱਥੇ ਵੀ ਚਲੇ ਜਾਓ, ਆਵਾਰਾ ਕੁੱਤੇ ਝੁੰਡ ਬਣਾ ਕੇ ਘੁੰਮ ਰਹੇ ਹਨ। ਜੋ ਰਾਹਗੀਰ ਰਾਤ ਨੂੰ ਆਪਣੇ ਘਰਾਂ ਨੂੰ ਆਉਂਦੇ ਹਨ, ਇਹ ਕੁੱਤੇ ਝੁੰਡ ਬਣਾ ਕੇ ਉਸ ’ਤੇ ਹਮਲਾ ਕਰ ਦਿੰਦੇ ਹਨ, ਜਿਸ ਕਾਰਨ ਦੁਰਘਟਨਾ ਘਟ ਜਾਂਦੀ ਹੈ। ਹਾਲ ਹੀ ਵਿੱਚ ਖ਼ਬਰ ਪੜ੍ਹਨ ਨੂੰ ਮਿਲੀ ਕਿ ਕਿਸੇ ਡੀਸੀ ਦੀ ਪਤਨੀ ਨੂੰ ਕੁੱਤੇ ਨੇ ਖਾ ਲਿਆ। ਪਾਰਕਾਂ ਵਿੱਚ ਵੀ ਆਮ ਕੁੱਤੇ ਝੁੰਡ ਬਣਾ ਕੇ ਘੁੰਮਦੇ ਹਨ, ਜਿਸ ਕਰਕੇ ਲੋਕਾਂ ਨੇ ਸੈਰ ਕਰਨੀ ਬੰਦ ਕਰ ਦਿੱਤੀ ਹੈ। ਇਹ ਵੀ ਬਹੁਤ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੇ ਕੁੱਤੇ ਮਾਰਨ ਤੇ ਪਾਬੰਦੀ ਲੱਗਾਈ ਹੋਈ ਹੈ, ਕਿਉਂ? ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਕੋਈ ਠੋਸ ਨੀਤੀ ਕਿਉਂ ਨਹੀਂ ਬਣਾਈ ਜਾਂਦੀ? ਅਵਾਰਾ ਕੁੱਤਿਆਂ ਦੀ ਨਸਬੰਦੀ ਕਰਾਉਣ ਲਈ ਕੋਈ ਠੋਸ ਨੀਤੀ ਘੜਨੀ ਚਾਹੀਦੀ ਹੈ।
ਪਿੰਡਾਂ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਅਵਾਰਾ ਪਸ਼ੂ ਉਜਾੜਾ ਕਰ ਰਹੇ ਹਨ। ਆਏ ਦਿਨ ਕਿਸਾਨ ਧਰਨੇ ਲਾ ਕੇ ਡੀਸੀ ਦਫਤਰਾਂ ਤੇ ਮੰਤਰੀਆਂ ਦੀ ਕੋਠੀਆਂ ਦੇ ਮੂਹਰੇ ਬੈਠਦੇ ਹਨ। ਪਹਿਲਾਂ ਤਾਂ ਲੋਕ ਇਨ੍ਹਾਂ ਪਸ਼ੂਆਂ ਦਾ ਦੁੱਧ ਪੀਂਦੇ ਹਨ, ਜਦੋਂ ਇਹ ਪਸ਼ੂ ਦੁੱਧ ਦੇਣ ਤੋਂ ਹਟ ਜਾਂਦੇ ਹਨ ਤਾਂ ਲੋਕ ਇਨ੍ਹਾਂ ਨੂੰ ਸ਼ਹਿਰਾਂ ਵੱਲ ਛੱਡ ਦਿੰਦੇ ਹਨ, ਜਿਸ ਕਰਕੇ ਇਹ ਸ਼ਹਿਰਾਂ ਵਿੱਚ ਹਾਦਸਿਆਂ ਦਾ ਕਾਰਨ ਬਣਦੇ ਹਨ। ਇਨ੍ਹਾਂ ਆਵਾਰਾ ਪਸ਼ੂਆਂ ਨੇ ਕਈ ਸੜਕ ਹਾਦਸੇ ਅਜਿਹੇ ਕਰਵਾਏ, ਜਿਨ੍ਹਾਂ ਵਿੱਚ ਪਰਿਵਾਰ ਦੇ ਪਰਿਵਾਰ ਖ਼ਤਮ ਹੋ ਚੁੱਕੇ ਹਨ। ਸਰਕਾਰਾਂ ਕਿੱਥੇ ਸੌਂ ਰਹੀਆਂ ਹਨ, ਸਾਡੇ ਵਿਧਾਇਕ ਕਿੱਥੇ ਸੌਂ ਰਹੇ ਹਨ? ਕਿਉਂ ਉਹ ਅਜਿਹੇ ਮੁੱਦੇ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਨਹੀਂ ਚੁੱਕਦੇ?
ਜਦੋਂ ਇਨ੍ਹਾਂ ਸਮੱਸਿਆਵਾਂ ਦਾ ਕੋਈ ਨਾ ਕੋਈ ਸਮਾਧਾਨ ਹੋਵੇਗਾ ਤਾਂ ਹੀ ਅਸੀਂ ਵਿਕਸਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋਵਾਂਗੇ, ਨਹੀਂ ਤਾਂ ਗੱਲਾਂ ਕਰਨ ਨਾਲ ਕੋਈ ਅਸੀਂ ਵਿਕਸਿਤ ਨਹੀਂ ਬਣ ਪਾਵਾਂਗੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1995)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)