“ਪਰਿਵਾਰਕ ਸਾਂਝ ਖ਼ਤਮ ਹੋ ਗਈ, ਪੈਸਾ ਹੀ ਸਭ ਕੁਝ ਹੋ ਗਿਆ। ਮਾਂ-ਬਾਪ ਦਾ ਸਤਿਕਾਰ ...”
(5 ਫਰਵਰੀ 2022)
ਜ਼ਿੰਦਗੀ ਬਹੁਤ ਖੂਬਸੂਰਤ ਹੈ। ਸਾਨੂੰ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਨਣਾ ਚਾਹੀਦਾ ਹੈ। ਅੱਜ ਕੱਲ੍ਹ ਦੀ ਜ਼ਿੰਦਗੀ ਬਹੁਤ ਜ਼ਿਆਦਾ ਅਡਵਾਂਸ ਹੋ ਚੁੱਕੀ ਹੈ। ਪੱਛਮੀ ਸੱਭਿਅਤਾ ਦਾ ਬੋਲਬਾਲਾ ਹੈ। ਜੇ ਅਸੀਂ 15 ਕੁ ਸਾਲ ਪਿੱਛੇ ਝਾਤੀ ਮਾਰ ਕੇ ਦੇਖੀਏ, ਉਹ ਸਮਾਂ ਬਹੁਤ ਵਧੀਆ ਸੀ। ਆਪਸੀ ਬਹੁਤ ਪਿਆਰ ਸੀ। ਗੁਜ਼ਰੇ ਜ਼ਮਾਨੇ ਦੀ ਜੇ ਗੱਲ ਕਰੀਏ ਤਾਂ ਸਾਰੇ ਪਿੰਡ ਦਾ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ। ਲੋਕ ਇੱਕ ਦੂਜੇ ਦੀ ਮਦਦ ਕਰਦੇ ਸਨ। ਇੱਕ ਦੂਜੇ ਨੂੰ ਨੀਵਾਂ ਨਹੀਂ ਸੀ ਦਿਖਾਇਆ ਜਾਂਦਾ। ਇੱਕ ਦੂਜੇ ਦੀ ਤਰੱਕੀ ਤੋਂ ਬਿਲਕੁਲ ਵੀ ਜਲਣ ਨਹੀਂ ਕਰਦੇ ਸਨ। ਪਰਿਵਾਰ ਸਾਂਝੇ ਹੁੰਦੇ ਸਨ। ਪੈਸੇ ਧੇਲੇ ਨਾਲ ਵੀ ਮਦਦ ਕਰ ਦਿੱਤੀ ਜਾਂਦੀ ਸੀ। ਜੇ ਕਿਸੇ ਘਰ ਕੋਈ ਪ੍ਰਾਹੁਣਾ ਆ ਵੀ ਜਾਂਦਾ ਸੀ, ਤਾਂ ਸਾਰਾ ਪਿੰਡ ਉਸ ਦੀ ਬਹੁਤ ਇੱਜ਼ਤ ਕਰਦਾ ਸੀ। ਖੁੱਲ੍ਹੇ ਵਿਹੜੇ ਹੁੰਦੇ ਸਨ। ਸਾਰੇ ਬੱਚੇ ਇੱਕ ਹੀ ਜਗਾਹ ਖੇਡਦੇ ਸਨ। ਜੇ ਇੱਕ ਚੁੱਲ੍ਹੇ ਤੇ ਸਬਜ਼ੀ ਭਾਜੀ ਬਣਦੀ ਸੀ, ਤਾਂ ਜੋ ਕੋਈ ਕੌਲੀ ਚੁੱਕ ਕੇ ਮੰਗਣ ਵੀ ਆ ਜਾਂਦਾ ਸੀ, ਉਸ ਨੂੰ ਬਿਨਾਂ ਝਿਜਕ ਸਬਜ਼ੀ ਦੇ ਦਿੱਤੀ ਜਾਂਦੀ ਸੀ। ਭਰਾਵਾਂ ਭਰਾਵਾਂ ਦਾ ਬਹੁਤ ਪਿਆਰ ਹੁੰਦਾ ਸੀ।
ਜੇ ਪਿੰਡ ਵਿੱਚ ਕਿਸੇ ਦੀ ਧੀ ਦਾ ਵਿਆਹ ਹੁੰਦਾ ਸੀ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਉਸ ਪਰਿਵਾਰ ਦੀ ਮਦਦ ਕਰਦਾ ਸੀ। ਪੈਸਾ ਜਾਂ ਹੋਰ ਵੱਡੀ ਚੀਜ਼ ਦੇ ਕੇ ਪਰਿਵਾਰ ਦੀ ਮਦਦ ਕੀਤੀ ਜਾਂਦੀ ਸੀ। ਪਿੰਡ ਦੀ ਧੀ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ ਸੀ। ਜੇ ਪਿੰਡ ਦਾ ਕੋਈ ਮੁੰਡਾ ਜਾਂ ਕੁੜੀ ਗ਼ਲਤ ਚਲਦਾ ਸੀ ਤਾਂ ਉਸ ਨੂੰ ਝਿੜਕ ਦਿੱਤਾ ਜਾਂਦਾ ਸੀ। ਮਜ਼ਾਲ ਹੈ ਜੇ ਕੋਈ ਬੱਚਾ ਵੱਡਿਆਂ ਦੇ ਮੂਹਰੇ ਬੋਲ ਪੈਂਦਾ ਸੀ ਜਾਂ ਬਹਿਸ ਕਰ ਲੈਂਦਾ ਸੀ। ਚੰਗੀ ਤਰ੍ਹਾਂ ਉਸ ਦੀ ਛਿੱਤਰ ਪਰੇਡ ਕੀਤੀ ਜਾਂਦੀ ਸੀ। ਹਾਲਾਂਕਿ ਮਾਂ-ਬਾਪ ਨੂੰ ਬਾਅਦ ਵਿੱਚ ਹੀ ਪਤਾ ਚੱਲਦਾ ਸੀ ਕਿ ਸਾਡੇ ਬੱਚੇ ਨੇ ਫਲਾਣੇ ਬੰਦੇ ਨੂੰ ਗ਼ਲਤ ਬੋਲਿਆ। ਮਾਂ ਬਾਪ ਬਿਲਕੁਲ ਵੀ ਗੁੱਸਾ ਨਹੀਂ ਕਰਦੇ ਸਨ।
ਲੋਕਾਂ ਵਿੱਚ ਬਹੁਤ ਸਹਿਣਸ਼ੀਲਤਾ ਸੀ ਹਾਲਾਂਕਿ ਉਨ੍ਹਾਂ ਵਰ੍ਹਿਆਂ ਵਿੱਚ ਸਹੂਲਤਾਂ ਵੀ ਪੂਰੀਆਂ ਨਹੀਂ ਹੁੰਦੀਆਂ ਸਨ। ਪਰ ਲੋਕਾਂ ਕੋਲ ਜੀਵਨ ਜਿਊਣ ਦੀ ਕਲਾ ਸੀ। ਪੈਸੇ ਦੀ ਹੋੜ੍ ਨਹੀਂ ਸੀ। ਪੈਸੇ ਨਾਲ ਇੱਕ-ਦੂਜੇ ਦੀ ਮਦਦ ਕੀਤੀ ਜਾਂਦੀ ਸੀ, ਤਾਹਨੇ-ਮਿਹਣੀਆਂ ਦੀ ਤਾਂ ਗੱਲ ਹੀ ਛੱਡੋ।
ਹਾੜ੍ਹੀ ਜਾਂ ਸਾਉਣੀ ਦੀ ਫ਼ਸਲ ਸਮੇਂ ਸਾਰਾ ਪਿੰਡ ਇੱਕ ਦੂਜੇ ਦੇ ਕੰਮ ਵਿੱਚ ਸ਼ਰੀਕ ਹੁੰਦਾ ਸੀ। ਜਦੋਂ ਕੋਈ ਵੀ ਫਸਲ ਕੱਟਣ ਦਾ ਸਮਾਂ ਆਉਂਦਾ ਸੀ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਵਾਰੀ-ਵਰੀ ਇੱਕ ਦੂਜੇ ਦੀ ਫ਼ਸਲ ਕਟਣ ਤੇ ਬੀਜਣ ਵਿੱਚ ਮਦਦ ਕਰਦਾ ਸੀ। ਸਾਰੇ ਬੰਦਿਆਂ ਦੀ ਇੱਕ ਹੀ ਚੁੱਲ੍ਹੇ ’ਤੇ ਰੋਟੀ ਬਣਦੀ ਸੀ। ਜੇ ਵਿਆਹ ਦੀ ਪਿੰਡ ਵਿੱਚ ਕੋਈ ਵੀ ਰਸਮ ਹੁੰਦੀ ਸੀ ਤਾਂ ਉਨ੍ਹਾਂ ਵੇਲਿਆਂ ਵਿੱਚ ਘਰਾਂ ਵਿੱਚ ਭੱਠੀਆਂ ਚੜ੍ਹਾਈਆਂ ਜਾਂਦੀਆਂ ਸਨ। ਪਿੰਡ ਦੇ ਨੌਜਵਾਨ ਭੱਠੀ ’ਤੇ ਆ ਕੇ ਪਰਿਵਾਰ ਦੀ ਮਦਦ ਕਰਦੇ ਸਨ। ਲੱਡੂ, ਜਲੇਬੀਆਂ, ਮਠਿਆਈਆਂ ਹੋਰ ਕਈ ਤਰ੍ਹਾਂ ਦੀਆਂ ਮਠਿਆਈਆਂ ਵਿੱਚ ਹੱਥ ਵਟਾਉਂਦੇ ਸਨ। ਖੁੱਲ੍ਹੇ ਵਿੱਚ ਟੈਂਟ ਲਗਾਏ ਜਾਂਦੇ ਸਨ। ਜੇ ਪਿੰਡ ਵਿੱਚ ਕੋਈ ਬਰਾਤ ਆਉਂਦੀ ਸੀ, ਬਰਾਤ ਨਾਲ ਕੋਈ ਸਬੰਧਤ ਕੁੜੀ ਉਸ ਪਿੰਡ ਵਿੱਚ ਵਿਆਹੀ ਹੁੰਦੀ ਸੀ ਤਾਂ ਉਸ ਨੂੰ ਪਤੱਲ ਦਿੱਤੀ ਜਾਂਦੀ ਸੀ। ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਪਤੱਲ ਦਾ ਬਿਲਕੁਲ ਵੀ ਨਹੀਂ ਪਤਾ।
ਜ਼ਮਾਨਾ ਬਦਲਿਆ। ਸਾਂਝੇ ਪਰਿਵਾਰਾਂ ਤੋਂ ਛੋਟੇ ਪਰਿਵਾਰਾਂ ਵਿੱਚ ਆ ਗਏ। ਪਰਿਵਾਰਕ ਸਾਂਝ ਖ਼ਤਮ ਹੋ ਗਈ, ਪੈਸਾ ਹੀ ਸਭ ਕੁਝ ਹੋ ਗਿਆ। ਮਾਂ-ਬਾਪ ਦਾ ਸਤਿਕਾਰ ਬਿਲਕੁਲ ਵੀ ਨਹੀਂ ਰਿਹਾ। ਭਰਾ-ਭਰਾ ਦਾ ਦੁਸ਼ਮਣ ਬਣ ਗਿਆ। ਬੱਚਿਆਂ ਨੇ ਮਾਂ ਬਾਪ ਦਾ ਕਹਿਣਾ ਮੰਨਣਾ ਛੱਡ ਦਿੱਤਾ। ਭੱਠੀਆਂ ਚੜ੍ਹਾਉਣੀਆਂ ਬੰਦ ਕਰ ਦਿੱਤੀਆਂ। ਟੈਂਟਾਂ ਦੀ ਜਗ੍ਹ ਮੈਰਿਜ ਪੈਲੇਸਾਂ ਨੇ ਲੈ ਲਈ। ਜੋ ਪਹਿਲਾਂ ਵਾਂਗ ਹੁੰਦਾ ਸੀ ਹੁਣ ਅੱਜ-ਕੱਲ੍ਹ ਕੁਝ ਵੀ ਨਹੀਂ ਮਿਲਦਾ। ਬਜ਼ਾਰੀ ਮਠਿਆਈ ਨੂੰ ਤਰਜੀਹ ਦੇਣ ਲੱਗ ਪਏ। ਤਰ੍ਹਾਂ ਤਰ੍ਹਾਂ ਦੇ ਕੈਮੀਕਲਾਂ ਨਾਲ ਬਣੀਆਂ ਮਠਿਆਈਆਂ ਅੱਜ-ਕੱਲ੍ਹ ਵਿਆਹ ਵਿੱਚ ਪਰੋਸੀਆਂ ਜਾਂਦੀਆਂ ਹਨ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਮਾਂ ਬਾਪ ਨੂੰ ਦੱਸਿਆ ਬਿਨਾਂ ਹੀ ਅੱਜਕਲ ਦੇ ਬੱਚੇ ਆਪਣਾ ਜੀਵਨ ਹਮਸਫ਼ਰ ਆਪ ਹੀ ਚੁਣ ਲੈਂਦੇ ਹਨ। ਜਲਦੀ ਹੀ ਤਲਾਕ ਹੋ ਜਾਂਦੇ ਹਨ। ਘਰਾਂ ਵਿੱਚ ਮਾਂ-ਬਾਪ ਦੀ ਬਿਲਕੁਲ ਵੀ ਪੁੱਛਗਿੱਛ ਨਹੀਂ ਰਹੀ ਹੈ। ਅੱਜਕਲ ਦੀ ਨੌਜਵਾਨ ਪੀੜ੍ਹੀ ਮਾਂ-ਬਾਪ ਨਾਲ ਝੂਠ ਤੂਫ਼ਾਨ ਬੋਲਦੀ ਹੈ। ਕਹਿਣ ਦਾ ਭਾਵ ਹੈ ਕਿ ਪੈਸਾ ਹੀ ਸਭ ਕੁਝ ਹੈ। ਅੱਜਕੱਲ੍ਹ ਦੀ ਦੋਸਤੀ ਤਾਂ ਪੈਸਾ ਦੇਖ ਕੇ ਹੁੰਦੀ ਹੈ। ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ। ਹਰ ਰੋਜ਼ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਰਹੇ ਹਨ। ਘਰਾਂ ਦੇ ਚਿਰਾਗ ਬੁਝ ਰਹੇ ਹਨ।
ਅੱਜ ਕੱਲ੍ਹ ਦੀ ਪੀੜ੍ਹੀ ਵਿੱਚ ਵਿਦੇਸ਼ ਜਾਣ ਦੀ ਤਾਂਘ ਲਗਾਤਾਰ ਵਧ ਰਹੀ ਹੈ। ਪਾਸਪੋਰਟ ਦਫਤਰਾਂ ਦੇ ਬਾਹਰ ਲੰਬੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਰੋਟੀ, ਕੱਪੜਾ ਅਤੇ ਮਕਾਨ ਜਨਤਾ ਦੀਆਂ ਬੁਨਿਆਦੀ ਲੋੜਾਂ ਹਨ। ਨੌਜਵਾਨਾਂ ਦੀ ਕਾਬਲੀਅਤ ਦੇ ਮੁਤਾਬਿਕ ਸਰਕਾਰ ਨੂੰ ਰੋਜ਼ਗਾਰ ਮੁਹਈਆ ਕਰਵਾਉਣਾ ਚਾਹੀਦਾ ਹੈ। ਜੇ ਪੁਰਾਣੇ ਵੇਲੇ ਨੂੰ ਯਾਦ ਕੀਤਾ ਜਾਂਦਾ ਹੈ, ਤਾਂ ਅੱਜ ਵੀ ਉਹ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ। ਸੋ ਸਾਨੂੰ ਇੱਕ ਦਾਇਰੇ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ।
***
2. ਆਓ ਕਿਸੇ ਦੇ ਔਗੁਣ ਨਾ ਫੋਲੀਏ
ਜ਼ਿੰਦਗੀ ਖ਼ੂਬਸੂਰਤ ਹੈ। ਜ਼ਿੰਦਗੀ ਜਿਊਣਾ ਵੀ ਇੱਕ ਕਲਾ ਹੈ। ਅਸੀਂ ਸਾਰੇ ਹੀ ਸਮਾਜ ਵਿਚ ਵਿਚਰਦੇ ਹਾਂ। ਕਈ ਦੋਸਤ ਮਿੱਤਰ ਸਾਡੇ ਬਹੁਤ ਜ਼ਿਆਦਾ ਕਰੀਬੀ ਬਣ ਜਾਂਦੇ ਹਨ। ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਦੇ ਪਲਾਂ ਦਾ ਕਿਸ ਤਰ੍ਹਾਂ ਅਨੰਦ ਮਾਣਦੇ ਹਾਂ। ਹਰ ਬੰਦਾ ਜਿੰਦਗੀ ਨੂੰ ਆਪਣੇ ਅਨੁਸਾਰ ਜਿਉਂਦਾ ਹੈ। ਮਨੁੱਖ ਗਲਤੀਆਂ ਦਾ ਪੁਤਲਾ ਹੈ। ਸਫ਼ਲਤਾ ਦੀ ਪੌੜੀ ’ਤੇ ਚੜ੍ਹਨ ਲੱਗਿਆ ਅਨੇਕਾਂ ਸਾਡੇ ਤੋਂ ਗਲਤੀਆਂ ਹੁੰਦੀਆਂ ਹਨ। ਗਲਤੀਆਂ ਤੋਂ ਸਿੱਖ ਕੇ ਹੀ ਇਨਸਾਨ ਮੰਜ਼ਿਲ ਨੂੰ ਸਰ ਕਰ ਲੈਂਦਾ ਹੈ।
ਅਕਸਰ ਅਸੀਂ ਦੇਖਿਆ ਹੀ ਹੈ ਕਿ ਸਰਦੀਆਂ' ਚ ਧੁੱਪਾਂ ਵਿੱਚ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਕੇ ਬੈਠ ਜਾਂਦੇ ਹਨ। ਕਈ ਵਾਰ ਅਸੀਂ ਆਪਣੇ ਦੋਸਤਾਂ ਨਾਲ ਇਕੱਠੇ ਕਿਸੇ ਪਾਰਕ ਜਾਂ ਹੋਰ ਕਿਸੇ ਥਾਂ ’ਤੇ ਬੈਠ ਜਾਂਦੇ ਹਾਨ। ਜਦੋਂ ਅਸੀਂ ਬੈਠੇ ਹੁੰਦੇ ਹਨ, ਫਿਰ ਜਦੋਂ ਕੋਈ ਸਾਡੇ ਵਿੱਚੋਂ ਉੱਠ ਕੇ ਜਾਂਦਾ ਹੈ, ਅਸੀਂ ਉਸ ਦੀਆਂ ਕਮੀਆਂ ਬਾਰੇ ਵਿਚਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਜਾਂ ਅਕਸਰ ਅੱਜ-ਕੱਲ੍ਹ ਮੋਬਾਇਲ ਦਾ ਜ਼ਮਾਨਾ ਹੈ। ਜੇ ਜਾਣੇ-ਅਨਜਾਣੇ ਵਿੱਚ ਕੋਈ ਫੋਨ ਆ ਜਾਂਦਾ ਹੈ ਤਾਂ ਅਸੀਂ ਇਕੱਠੇ ਬੈਠੇ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਕਿ ਫਲਾਣਾ ਬੰਦਾ ਇਸ ਤਰ੍ਹਾਂ ਦਾ ਹੈ, ਜਾਂ ਫਲਾਣੇ ਬੰਦੇ ਨੇ ਇਹ ਗਲਤ ਕੰਮ ਕੀਤਾ ਹੈ? ਫਲਾਣੇ ਬੰਦੇ ਦਾ ਲੈਣ ਦੇਣ ਸਹੀ ਨਹੀਂ ਹੈ, ਠੱਗੀਆਂ ਮਾਰਦਾ ਹੈ, ਝੂਠ ਬੋਲਦਾ ਹੈ। ਉਸ ਨੂੰ ਜਿੰਦਗੀ ਜਿਉਣੀ ਨਹੀਂ ਆਉਂਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਕਿਸੇ ਦੀ ਕਮੀਆਂ ਬਾਰੇ ਵਿਚਾਰ ਸਾਂਝੇ ਕਰਨ ਲੱਗ ਜਾਂਦੇ ਹਨ। ਅਸੀਂ ਉਸ ਬਾਰੇ ਕੋਈ ਵੀ ਚੰਗੀ ਗੱਲ ਨਹੀਂ ਕਰਦੇ।
ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ ਹੈ। ਜੇ ਕਿਸੇ ਇਨਸਾਨ ਵਿੱਚ ਕਮੀਆਂ ਹੁੰਦੀਆਂ ਹਨ, ਤਾਂ ਚੰਗਿਆਈਆਂ ਵੀ ਜ਼ਰੂਰ ਹੁੰਦੀਆਂ ਹਨ। ਜੇ ਅਸੀਂ ਹਮੇਸ਼ਾ ਕਿਸੇ ਬੰਦੇ ਦੇ ਗਲਤ ਕੰਮਾਂ ਬਾਰੇ ਚਰਚਾ ਕਰਦੇ ਰਹਾਂਗੇ ਤਾਂ ਸਾਡੇ ਜੀਵਨ ਵਿੱਚ ਵੀ ਇਹ ਗਲਤ ਕੰਮ ਆਪਣੇ ਆਪ ਸਾਡੇ ਕੋਲੋਂ ਹੋ ਜਾਣਗੇ। ਕਿਉਂਕਿ ਉਸ ਬੰਦੇ ਦੇ ਮਾੜੇ ਕਰਮ, ਉਸ ਬੰਦੇ ਦੇ ਔਗੁਣ ਸਾਡੇ ਵਿੱਚ ਆ ਜਾਣਗੇ। ਇਸ ਕਰਕੇ ਹਮੇਸ਼ਾ ਚੰਗਾ ਸੋਚੋ। ਚੰਗੀ ਸੋਚ ਰੱਖੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3336)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)