“ਮਾਂ ਬਾਪ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚੇ ਨਾਲ ਨੇੜਤਾ ...”
(27 ਜੁਨ 2020)
ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਜ਼ਿੰਦਗੀ ਜਿਊਣ ਦਾ ਢੰਗ ਸਿਖਾਉਂਦੀ ਹੈ। ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਕਿਸ ਤਰ੍ਹਾਂ ਜਿਉਂ ਰਹੇ ਹਨ। ਅੱਜਕਲ੍ਹ ਜੋ ਨੌਜਵਾਨ ਪੀੜ੍ਹੀ ਹੈ, ਉਨ੍ਹਾਂ ਦੇ ਅੰਦਰ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਹੈ। ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ। ਜੇ ਬੱਚੇ ਗਲਤ ਚੱਲ ਰਹੇ ਹੁੰਦੇ ਹਨ ਜਾਂ ਕੋਈ ਅਜਿਹਾ ਗਲਤ ਕੰਮ ਕਰ ਦਿੰਦੇ ਹਨ ਤਾਂ ਮਾਂ ਬਾਪ ਉਨ੍ਹਾਂ ਨੂੰ ਝਿੜਕਦੇ ਹਨ। ਮਾਂ ਬਾਪ ਨੂੰ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਕੋਈ ਬਾਹਰ ਦਾ ਬੰਦਾ ਆ ਕੇ ਇਹ ਨਾ ਕਹੇ ਕਿ ਤੁਹਾਡੇ ਬੱਚੇ ਨੇ ਇਹ ਗਲਤ ਕੰਮ ਕੀਤਾ ਹੈ। ਪਰ ਜੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਉਹ ਗਲਤ ਰਾਹ ਪੈ ਚੁੱਕੀ ਹੈ।
ਆਏ ਦਿਨ ਅਸੀਂ ਅਖ਼ਬਾਰਾਂ ਵਿੱਚ ਪੜ੍ਹਦੇ ਹਨ ਕਿ ਚੜ੍ਹਦੀ ਜਵਾਨੀ ਖੁਦਕੁਸ਼ੀਆਂ ਕਰ ਰਹੀ ਹੈ। ਜੇ ਉਨ੍ਹਾਂ ਨੂੰ ਕੋਈ ਕਿਸੇ ਨਾਲ ਮਨ ਮੁਟਾਵ ਹੈ ਜਾਂ ਕੋਈ ਉਨ੍ਹਾਂ ਤੋਂ ਗਲਤ ਕੰਮ ਹੋ ਚੁੱਕਿਆ ਹੈ, ਤਾਂ ਉਹ ਆਪਣੇ ਮਾਂ ਬਾਪ ਨਾਲ ਕਿਉਂ ਨਹੀਂ ਗੱਲ ਸਾਂਝੀ ਕਰਦੇ। ਕਿਉਂ ਉਹ ਇਹ ਅਜਿਹਾ ਕਦਮ ਚੁੱਕਦੇ ਹਨ। ਜਦੋਂ ਬੱਚੇ ਅਜਿਹਾ ਕਦਮ ਚੁੱਕਦੇ ਹਨ ਤਾਂ ਪਿੱਛੋਂ ਮਾਂ ਬਾਪ ਜਿਉਂਦੇ ਜੀਅ ਹੀ ਮਰ ਜਾਂਦੇ ਹਨ। ਮਾਂ ਬਾਪ ਦੇ ਬਹੁਤ ਵੱਡੇ ਵੱਡੇ ਅਰਮਾਨ ਹੁੰਦੇ ਹਨ ਕਿ ਕੱਲ੍ਹ ਨੂੰ ਉਨ੍ਹਾਂ ਦੀ ਔਲਾਦ ਵਧੀਆ ਅਫਸਰ ਬਣੇ। ਬੱਚਿਆਂ ਨੂੰ ਇਹ ਹੁੰਦਾ ਹੈ ਕਿ ਜੇ ਉਹ ਆਪਣੇ ਘਰ ਮਾਂ ਬਾਪ ਨੂੰ ਦੱਸਣਗੇ ਤਾਂ ਸ਼ਾਇਦ ਮਾਂ-ਬਾਂਪ ਉਨ੍ਹਾਂ ਨੂੰ ਕੁੱਟਣਗੇ।
ਮਾਂ ਬਾਪ ਹੀ ਆਪਣੇ ਬੱਚੇ ਦੇ ਸੱਚੇ ਦੋਸਤ ਹੁੰਦੇ ਹਨ। ਮਾਂ ਬਾਪ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਦੋਸਤੀ ਨਿਭਾਉਣ। ਅਜਿਹੇ ਸੁਖਾਵੇਂ ਮਾਹੌਲ ਵਿੱਚ ਜਦੋਂ ਬੱਚੇ ਵੱਡੇ ਹੁੰਦੇ ਹਨ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਸੌ ਗੱਲਾਂ ਹੋ ਜਾਂਦੀਆਂ ਹਨ, ਤਾਂ ਬੱਚੇ ਬਿਨਾਂ ਬੇਝਿਜਕ ਆਪਣੇ ਮਾਂ ਬਾਪ ਨੂੰ ਦੱਸਣਗੇ। ਮਾਂ ਬਾਪ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚੇ ਨਾਲ ਨੇੜਤਾ ਪਾਉਣ ਤਾਂ ਜੋ ਕੱਲ੍ਹ ਨੂੰ ਬੱਚਾ ਇਹ ਗਲਤ ਕਦਮ ਨਾ ਚੁੱਕੇ। ਮਾਂ ਬਾਪ ਹਮੇਸ਼ਾ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਣ, ਕਦੇ ਵੀ ਗੁੱਸੇ ਵਿੱਚ ਪੇਸ਼ ਨਾ ਆਉਣਾ। ਜੇ ਅਸੀਂ ਆਪਣੇ ਬੱਚਿਆਂ ਨਾਲ ਸ਼ੁਰੂ ਤੋਂ ਹੀ ਵਧੀਆ ਵਤੀਰਾ ਕਰਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਬੱਚੇ ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹਨ।
ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ, ਕੋਈ ਨਾ ਕੋਈ ਹੱਲ ਤਾਂ ਨਿਕਲ ਹੀ ਆਉਂਦਾ ਹੈ ਪਰ ਖ਼ੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ। ਅਕਸਰ ਅਸੀਂ ਦੇਖਦੇ ਹਨ ਕਿ ਜਿਹੜੇ ਬੱਚੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ, ਉਹ ਅਕਸਰ ਖੁਦਕੁਸ਼ੀ ਕਰ ਲੈਂਦੇ ਹਨ। ਕਿਉਂਕਿ ਉਹ ਆਪਣੇ ਦਿਲ ਦੀ ਗੱਲ ਕਿਸੇ ਨਾਲ ਵੀ ਸਾਂਝੀ ਨਹੀਂ ਕਰਦੇ। ਜੇ ਕੋਈ ਮੁਸ਼ਕਿਲ ਆ ਵੀ ਗਈ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਕਰੀਬੀਆਂ ਨੂੰ ਦੱਸੋ। ਉਹ ਕੋਈ ਨਾ ਕੋਈ ਹੱਲ ਕੱਢਣਗੇ। ਮਾਂ ਬਾਪ ਦੀ ਵੀ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਘਰ ਵਿੱਚ ਕੋਈ ਵੀ ਇਨਸਾਨ ਇਸ ਤਰ੍ਹਾਂ ਦੇ ਮਾਹੌਲ ਵਿੱਚ ਆਪਣੇ ਆਪ ਨੂੰ ਢਾਲ ਲੈਂਦਾ ਹੈ ਤਾਂ ਉਸ ਨਾਲ ਸਮਾਂ ਗੁਜ਼ਾਰਨ।ਅਜਿਹੇ ਬੰਦੇ ਨੂੰ ਕਦੇ ਵੀ ਇਕੱਲਾ ਨਾ ਛੱਡੋ, ਜਿਸ ਕਰਕੇ ਉਸ ਨੂੰ ਇਕੱਲਾਪਣ ਮਹਿਸੂਸ ਹੋਵੇ। ਬੱਚੇ ਨਾਲ ਚੰਗੀਆਂ ਚੰਗੀਆਂ ਗੱਲਾਂ ਕਰੋ, ਜਿਸ ਨਾਲ ਉਸ ਦਾ ਮਨ ਸਹੀ ਹੋਵੇਗਾ। ਚੰਗੀਆਂ ਚੰਗੀਆਂ ਕਿਤਾਬਾਂ ਪੜ੍ਹਨ ਲਈ ਕਹੋ, ਜਿਸ ਨਾਲ ਉਸ ਦੇ ਦਿਮਾਗ ਵਿੱਚ ਘਟੀਆ ਵਿਚਾਰ ਨਹੀਂ ਪੈਦਾ ਹੋਣਗੇ।
ਜੋ ਇਨਸਾਨ ਉਦਾਸ ਮਾਹੌਲ ਵਿੱਚ ਹੁੰਦਾ ਹੈ ਉਸ ਨੂੰ ਚੰਗੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਸਾਹਿਤ ਦੀਆਂ ਬਹੁਤ ਕਿਤਾਬਾਂ ਹੁੰਦੀਆਂ ਹਨ। ਉਨ੍ਹਾਂ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਚੰਗੇ ਗਾਣੇ ਸੁਣੋ। ਖੁੱਲ੍ਹੀ ਹਵਾ ਵਿੱਚ ਜਾਓ। ਪਾਰਕ ਵਿੱਚ ਸੈਰ ਕਰੋ। ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਸੈਰ ਕਰਨ ਲਈ ਨਿਕਲ ਜਾਊ। ਸਵੇਰ ਦਾ ਨਜ਼ਾਰਾ ਬਹੁਤ ਹੀ ਦਿਲ ਖਿੱਚਵਾਂ ਹੁੰਦਾ ਹੈ। ਵਾਤਾਵਰਣ ਸਾਫ਼ ਸੁਥਰਾ ਹੁੰਦਾ ਹੈ। ਪੰਛੀਆਂ ਦੇ ਚਹਿ-ਚਹਾਉਣ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਹਨ। ਗੁਰੂ ਘਰ ਦੀ ਬਾਣੀ ਕੰਨਾਂ ਵਿੱਚ ਪੈਂਦੀ ਹੈ। ਆਪਣੇ ਅੰਦਰ ਕੋਈ ਵੀ ਗੱਲ ਬਿਠਾ ਕੇ ਨਾ ਰੱਖੋ। ਅੱਜ ਸਮਾਂ ਅਜਿਹਾ ਹੈ ਕਿ ਜਿਹੜੀ ਵੀ ਮੁਸੀਬਤ ਪੈਂਦੀ ਹੈ, ਉਸ ਦਾ ਹੱਲ ਨਿਕਲ ਆਉਂਦਾ ਹੈ। ਸੋ ਜ਼ਿੰਦਗੀ ਨੂੰ ਖੂਬਸੂਰਤ ਢੰਗ ਨਾਲ ਜੀਓ। ਜੇ ਜ਼ਿੰਦਗੀ ਨੂੰ ਖੂਬਸੂਰਤ ਢੰਗ ਨਾਲ ਜੀਵਾਂਗੇ ਤਾਂ ਸਾਡੇ ਦਿਮਾਗ ਵਿੱਚ ਅਜਿਹੇ ਭੈੜੇ ਖਿਆਲ ਨਹੀਂ ਆਉਣਗੇ। ਤੇ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਆਨੰਦਮਈ ਗੁਜ਼ਾਰ ਸਕਾਂਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2220)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)