“ਮਹੀਨੇ ਦੇ ਪਹਿਲੇ ਹਫ਼ਤੇ ਤਾਂ ਪਾਪਾ ਜੀ, ਮੰਮੀ ਜੀ ... ਫਿਰ ਬੁੱਢਾ ਬੁੱਢੀ ...”
(25 ਅਗਸਤ 2020)
ਪਿਛਲੇ ਦਿਨੀਂ ਮੁਕਤਸਰ ਸਾਹਿਬ ਵਿੱਚ ਅਜਿਹੀ ਘਟਨਾ ਘਟੀ ਜਿਸ ਨੇ ਸਭ ਨੂੰ ਝੰਜੋੜ ਦਿੱਤਾ। ਇੱਕ ਪੁੱਤ ਲੀਡਰ ਦੂਜਾ ਸਰਕਾਰੀ ਕਰਮਚਾਰੀ, ਪੋਤਾ ਜੱਜ ਤੇ ਪੋਤਰੀ ਉਪ ਮੰਡਲ ਮੈਜਿਸਟਰੇਟ। ਲੋਕਾਂ ਨੂੰ ਇਨਸਾਫ ਦੇਣ ਵਾਲਿਆਂ ਨੇ ਖੁਦ ਆਪਣੀ ਮਾਂ ਨੂੰ ਘਰ ਵਿੱਚ ਦੋ ਗ਼ਜ਼ ਜਗਾਹ ਤਕ ਨਹੀਂ ਦਿੱਤੀ। ਮਜਬੂਰੀ ਵਿੱਚ ਮਾਂ ਨੂੰ ਘੁਰਨੇ ਵਿੱਚ ਰਹਿਣਾ ਪਿਆ, ਜਿਸ ਕਾਰਨ ਉਸ ਦੇ ਸਿਰ ਵਿੱਚ ਕੀੜੇ ਪੈ ਗਏ। ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਸਿਹਤ ਵਿਗੜਨ ਕਾਰਨ ਮਾਤਾ ਦੀ ਮੌਤ ਹੋ ਗਈ। ਜਿਨ੍ਹਾਂ ਲੋਕਾਂ ਕੋਲ ਆਮ ਜਨਤਾ ਫਰਿਆਦ ਲੈ ਕੇ ਜਾਂਦੀ ਹੈ, ਉਹੀ ਅੱਜ ਆਪਣੇ ਪਰਿਵਾਰ ਵਿੱਚ ਬਜ਼ੁਰਗਾਂ ਨਾਲ ਅਜਿਹਾ ਵਤੀਰਾ ਕਰ ਰਹੇ ਹਨ। ਅਜਿਹੇ ਅਫਸਰਾਂ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ? ਉਹ ਅਫਸਰ ਸਮਾਜ ਨੂੰ ਕੀ ਸੇਧ ਦੇਵੇਗਾ ਜੋ ਆਪਣੇ ਘਰ ਵਿੱਚ ਹੀ ਬਜ਼ੁਰਗਾਂ ਦਾ ਮਾਣ-ਸਨਮਾਨ ਨਹੀਂ ਕਰਦਾ, ਉਹ ਜ਼ਿਲ੍ਹੇ ਵਿੱਚ ਕਿਸੇ ਹੋਰ ਬਜ਼ੁਰਗ ਜੋੜੇ ਦੀ ਸਮੱਸਿਆ ਨੂੰ ਕੀ ਹੱਲ ਕਰੇਗਾ? ਅਜਿਹੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਹੋਰ ਅਫਸਰਾਂ ਦੇ ਖ਼ਿਲਾਫ਼ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਇਹਨਾਂ ਨੂੰ ਸਮਝ ਆ ਜਾਵੇ ਕਿ ਬਜ਼ੁਰਗਾਂ ਦੀ ਕੀ ਕਦਰ ਹੁੰਦੀ ਹੈ? ਜੇ ਅਫਸਰਾਂ ਕੋਲ ਘਰ ਵਿੱਚ ਬਜ਼ੁਰਗਾਂ ਲਈ ਸਮਾਂ ਨਹੀਂ ਹੈ ਤਾਂ ਘਰ ਵਿੱਚ ਉਹ ਨੌਕਰ ਵੀ ਰੱਖ ਸਕਦੇ ਹਨ, ਜੋ ਉਨ੍ਹਾਂ ਦੇ ਬਜ਼ੁਰਗਾਂ ਦੀ ਸਾਂਭ-ਸੰਭਾਲ ਕਰਨ।
ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿੱਚ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨ। ਮਾਪੇ ਆਪ ਤੰਗੀਆਂ ਕੱਟ ਕੇ ਔਲਾਦ ਨੂੰ ਪੜ੍ਹਾਉਂਦੇ ਹਨ ਤਾਂ ਕਿ ਉਨ੍ਹਾਂ ਦੇ ਬੱਚੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਣ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ, ਘਰ ਦੇ ਜਿੰਦਰੇ ਹੁੰਦੇ ਹਨ। ਦਿਨੋ ਦਿਨ ਘਰਾਂ ਵਿੱਚ ਬਜ਼ੁਰਗਾਂ ਦਾ ਸਤਿਕਾਰ ਘਟ ਰਿਹਾ ਹੈ। ਬਜ਼ੁਰਗਾਂ ਦੀ ਟੋਕਾ ਟਾਕੀ ਬੱਚਿਆਂ ਨੂੰ ਪਸੰਦ ਨਹੀਂ ਹੈ। ਕਈ ਬੱਚਿਆਂ ਨੇ ਤਾਂ ਆਪਣੇ ਮਾਂ ਬਾਪ ਬਿਰਧ ਆਸ਼ਰਮ ਵਿੱਚ ਭੇਜ ਦਿੱਤੇ ਹਨ। ਕਹਿੰਦੇ ਹਨ ਕਿ ਉਹ ਫਾਲਤੂ ਬੋਲਦੇ ਹਨ। ਅਸੀਂ ਚਾਹੇ ਗੁਰਦੁਆਰੇ ਜਾ ਕੇ ਜਿੰਨੀ ਮਰਜ਼ੀ ਸੇਵਾ ਕਰ ਲਈਏ, ਜੇ ਘਰ ਵਿੱਚ ਬਜ਼ੁਰਗ ਦੁਖੀ ਹਨ, ਕੋਈ ਫ਼ਾਇਦਾ ਨਹੀਂ ਗੁਰੂ ਘਰ ਸੇਵਾ ਕਰਨ ਦਾ। ਕਈਆਂ ਨੇ ਤਾਂ ਬਜ਼ੁਰਗਾਂ ਨੂੰ ਘਰ ਦੇ ਇੱਕ ਕੋਨੇ ਵਿੱਚ ਸੁੱਟ ਰੱਖਿਆ ਹੈ। ਅੱਜ ਕੱਲ੍ਹ ਦੀਆਂ ਨੂੰਹਾਂ ਤੋਂ ਤਾਂ ਰੱਬ ਬਖਸ਼ੇ, ਉਨ੍ਹਾਂ ਦੀ ਇਹ ਸੋਚ ਹੈ ਕਿ ਉਨ੍ਹਾਂ ਦਾ ਭਰਾ, ਉਨ੍ਹਾਂ ਦੇ ਮਾਂ ਬਾਪ ਦੀ ਚੰਗੀ ਸੇਵਾ ਕਰੇ ਪਰ ਆਪ ਉਨ੍ਹਾਂ ਨੂੰ ਸੱਸ ਸਹੁਰੇ ਦੀ ਸੇਵਾ ਨਾ ਕਰਨੀ ਪਏ।
ਕਈਆਂ ਨੂੰਹਾਂ ਤਾਂ ਸੱਸ ਸਹੁਰੇ ਨੂੰ ਜੂਠੇ ਵਰਤਨਾਂ ਵਿੱਚ ਖਾਣਾ ਦਿੰਦੀਆਂ ਹਨ। ਬਜ਼ੁਰਗਾਂ ਦੀ ਪੈਨਸ਼ਨ ਨਾਲ ਤਾਂ ਪਿਆਰ ਹੈ, ਪਰ ਬਜ਼ੁਰਗਾਂ ਨਾਲ ਨਹੀਂ। ਮਹੀਨੇ ਦੇ ਪਹਿਲੇ ਹਫ਼ਤੇ ਤਾਂ ਪਾਪਾ ਜੀ, ਮੰਮੀ ਜੀ ਕਰਦੀਆਂ ਹਨ, ਕਿਉਂਕਿ ਪੈਨਸ਼ਨ ਲੈਣੀ ਹੁੰਦੀ ਹੈ ਪਰ ਜਦੋਂ ਪੈਨਸ਼ਨ ਹੱਥ ਵਿੱਚ ਆ ਜਾਂਦੀ ਹੈ ਫਿਰ ਬੁੱਢਾ ਬੁੱਢੀ ਹੋ ਜਾਂਦੇ ਹਨ। ਨੂੰਹਾਂ ਇਹ ਸੋਚਦੀਆਂ ਹਨ ਕਿ ਸੱਸ ਮੂੰਹ ਬੰਦ ਰੱਖੇ ਤੇ ਮੁੱਠੀ ਖੁੱਲ੍ਹੀ ਰੱਖੇ। ਟੋਕਾ ਟਾਕੀ ਨਾ ਕਰੇ। ਬਜ਼ੁਰਗ ਘਰ ਨੂੰ ਸਵਾਰਦੇ ਹੀ ਹਨ। ਕੋਈ ਵਿਗਾੜ ਦੇ ਥੋੜ੍ਹੀ ਹਨ। ਉਹ ਸੋਚਦੇ ਹਨ ਕਿ ਸਾਡੇ ਪੁੱਤ ਦਾ ਕੋਈ ਵੀ ਨੁਕਸਾਨ ਨਾ ਹੋਵੇ। ਸਮਾਂ ਕਿਹੋ ਜਿਹਾ ਆ ਗਿਆ ਹੈ ਕਿ ਬਜ਼ੁਰਗਾਂ ਲਈ ਘਰ ਵਿੱਚ ਰਹਿਣ ਲਈ ਜਗ੍ਹਾ ਨਹੀਂ ਹੈ।
ਪੁੱਤਰ ਨੂੰਹ ਨੂੰ ਚਾਹੀਦਾ ਹੈ ਕਿ ਘਰ ਵਿੱਚ ਬਜ਼ੁਰਗਾਂ ਨੂੰ ਸਮਾਂ ਦੇਵੋ। ਕੋਲ ਬੈਠੋ। ਰਾਤ ਨੂੰ ਖਾਣਾ ਇਕੱਠੇ ਹੋ ਕੇ ਖਾਵੋ, ਬਜ਼ੁਰਗਾਂ ਨੂੰ ਤਰਜੀਹ ਦੇਵੋ। ਕਈ ਵਾਰ ਜਦੋਂ ਇਕੱਠੇ ਬੈਠੇ ਹੁੰਦੇ ਹਨ ਤਾਂ ਬਜ਼ੁਰਗ ਬਹੁਤ ਕੁਝ ਸਿਖਾ ਦਿੰਦੇ ਹਨ, ਕਿਉਂਕਿ ਉਨ੍ਹਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਹੈ। ਬਜ਼ੁਰਗ ਆਪਣਾ ਮਨ ਵੀ ਹੌਲਾ ਕਰ ਲੈਂਦੇ ਹਨ ਕਿਉਂਕਿ ਉਨ੍ਹਾਂ ਦੇ ਦਿਲ ਵਿੱਚ ਕਈ ਵਾਰ ਅਜਿਹੀਆਂ ਗੱਲਾਂ ਹੁੰਦੀਆਂ ਹਨ ਕਿ ਉਹ ਆਪਣੇ ਪੁੱਤ ਨਾਲ ਸਾਂਝੀਆਂ ਕਰ ਲੈਂਦੇ ਹਨ। ਫਿਰ ਇਹੀ ਬਜ਼ੁਰਗ ਬਾਹਰ ਜਾ ਕੇ ਦੱਸਦੇ ਹਨ ਕਿ ਸਾਡਾ ਪੁੱਤ ਤੇ ਨੂੰਹ ਬਹੁਤ ਚੰਗੇ ਹਨ। ਸਾਡੀ ਬਹੁਤ ਸੇਵਾ ਕਰਦੇ ਹਨ। ਜੋ ਵੀ ਅਸੀਂ ਕਹਿੰਦੇ ਹਾਂ, ਸਾਨੂੰ ਉਹ ਚੀਜ਼ ਉਦੋਂ ਹੀ ਮੁਹਈਆ ਕਰਵਾ ਦਿੰਦੇ ਹਨ। ਕੱਲ੍ਹ ਨੂੰ ਔਲਾਦ ਨੇ ਵੀ ਬਜ਼ੁਰਗ ਬਣਨਾ ਹੈ। ਜਿਹੋ ਜਿਹਾ ਵਰਤਾਵ ਅਸੀਂ ਆਪਣੇ ਮਾਂ ਬਾਪ ਨਾਲ ਕਰਾਂਗੇ, ਕੱਲ੍ਹ ਨੂੰ ਸਾਡੀ ਔਲਾਦ ਸਾਡੇ ਨਾਲ ਵੀ ਉਹੋ ਜਿਹਾ ਵਰਤਾਵ ਕਰੇਗੀ। ਆਓ ਅਸੀਂ ਸਾਰੇ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2310)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)







































































































