ChamkaurSKairve7“ਬੱਚਾ ਬਚੇਗਾ ਤਾਂ ਹੀ ਦੇਸ਼ ਬਚੇਗਾ ਅਤੇ ਦੇਸ਼ ਦਾ ਭਵਿੱਖ ਸੁਰੱਖਿਅਤ ...”ChildLabour2
(27 ਨਵੰਬਰ 2026)


ਜਾਗੋ! ਭਾਰਤੀਓ ਜਾਗੋ! ... ਇਹ ਜ਼ੁਲਮ ਹੈ।

ChildLabour2

ChildLabour3


ਬਾਲ ਮਜ਼ਦੂਰੀ ਵਿੱਚ ਪਿਸਦਾ ਬਚਪਨ ਅੱਜ ਦੇ ਸਮਾਜ
, ਅੱਜ ਦੇ ਦੇਸ਼, ਅੱਜ ਦੀ ਮਨੁੱਖਤਾ ਅਤੇ ਅੱਜ ਦੀ ਸੱਭਿਅਤਾ ਦੇ ਮੱਥੇ ’ਤੇ ਸਭ ਤੋਂ ਵੱਡਾ ਕਲੰਕ ਹੈ ਜਿਸ ਨੂੰ ਦੇਖ ਕੇ ਹਰ ਜਿਊਂਦੀ ਜਾਗਦੀ ਰੂਹ ਕੰਬ ਉੱਠਦੀ ਹੈ ਕਿਉਂਕਿ ਜਿਸ ਉਮਰ ਵਿੱਚ ਬੱਚੇ ਦੇ ਹੱਥ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਜਿਸ ਉਮਰ ਵਿੱਚ ਬੱਚੇ ਦੇ ਮੂੰਹ ਵਿੱਚੋਂ ਅੱਖਰਾਂ ਦੀ ਮਿੱਠੀ ਅਵਾਜ਼ ਆਉਣੀ ਚਾਹੀਦੀ ਹੈ, ਜਿਸ ਉਮਰ ਵਿੱਚ ਬੱਚੇ ਦੇ ਪੈਰਾਂ ਵਿੱਚ ਸਕੂਲ ਵੱਲ ਜਾਂਦੇ ਕਦਮਾਂ ਦੀ ਛਣਕ ਹੋਣੀ ਚਾਹੀਦੀ ਹੈ, ਜਿਸ ਉਮਰ ਵਿੱਚ ਬੱਚੇ ਦੇ ਦਿਲ ਵਿੱਚ ਸੁਪਨੇ ਹੋਣੇ ਚਾਹੀਦੇ ਹਨ, ਜਿਸ ਉਮਰ ਵਿੱਚ ਬੱਚੇ ਨੂੰ ਮਾਂ ਦੀ ਗੋਦ, ਪਿਤਾ ਦਾ ਪਿਆਰ, ਦੋਸਤਾਂ ਦਾ ਸਾਥ, ਖੇਡਾਂ ਦਾ ਮੈਦਾਨ, ਪਤੰਗਾਂ ਦੀ ਡੋਰ, ਗੁੱਲੀ ਡੰਡੇ ਦੀ ਖੇਡ, ਸਕੂਲ ਦੀ ਘੰਟੀ ਅਤੇ ਅਧਿਆਪਕ ਦਾ ਆਸ਼ੀਰਵਾਦ ਮਿਲਣਾ ਚਾਹੀਦਾ ਹੈ, ਉਸੇ ਉਮਰ ਵਿੱਚ ਉਸ ਮਾਸੂਮ ਨੂੰ ਗਰੀਬੀ ਦੀ ਭੱਠੀ ਵਿੱਚ ਝੋਕ ਦਿੱਤਾ ਜਾਂਦਾ ਹੈ। ਉਸਦੇ ਨੰਨ੍ਹੇ ਹੱਥਾਂ ਵਿੱਚ ਕਿਤਾਬਾਂ ਦੀ ਥਾਂ ਇੱਟਾਂ ਫੜਾ ਦਿੱਤੀਆਂ ਜਾਂਦੀਆਂ ਹਨ, ਉਸਦੇ ਕੋਮਲ ਮੋਢਿਆਂ ਉੱਤੇ ਬਸਤੇ ਦੀ ਥਾਂ ਭਾਰੀ ਬੋਰੀਆਂ ਲੱਦ ਦਿੱਤੀਆਂ ਜਾਂਦੀਆਂ ਹਨ, ਉਸਦੇ ਨੰਗੇ ਪੈਰਾਂ ਨੂੰ ਸੜਕਾਂ ਦੀ ਗਰਮ ਰੇਤ ’ਤੇ ਤੁਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ, ਉਸਦੀਆਂ ਭੁੱਖੀਆਂ ਅੱਖਾਂ ਨੂੰ ਦਿਨ ਰਾਤ ਕੰਮ ਕਰਕੇ ਵੀ ਦੋ ਵਕਤ ਦੀ ਰੋਟੀ ਲਈ ਤਰਸਾਇਆ ਜਾਂਦਾ ਹੈ। ਵੇਰੇ ਜਦੋਂ ਸਾਡੇ ਘਰਾਂ ਦੇ ਬੱਚੇ ਨਿੱਘੀਆਂ ਰਜ਼ਾਈਆਂ ਵਿੱਚੋਂ ਉੱਠ ਕੇ ਮਾਂ ਦੇ ਹੱਥੋਂ ਦੁੱਧ ਪੀ ਕੇ, ਨਵੇਂ ਕੱਪੜੇ ਪਾ ਕੇ, ਟਿਫਨ ਲੈ ਕੇ ਹੱਸਦੇ-ਹੱਸਦੇ ਸਕੂਲ ਜਾਂਦੇ ਹਨ, ਉਸ ਵਕਤ ਦੇਸ਼ ਦੇ ਲੱਖਾਂ ਬੱਚੇ ਹਨੇਰੇ ਵਿੱਚ ਉੱਠ ਕੇ, ਠੰਢ ਵਿੱਚ ਠੁਰ-ਠੁਰ ਕਰਦੇ ਹੋਏ, ਬਿਨਾਂ ਨਹਾਤੇ, ਬਿਨਾਂ ਖਾਧੇ, ਫਟੇ ਪੁਰਾਣੇ ਕੱਪੜਿਆਂ ਵਿੱਚ, ਟੁੱਟੀਆਂ ਚੱਪਲਾਂ ਵਿੱਚ ਆਪਣੇ ਮਾਲਕ ਦੇ ਡਰ ਨਾਲ ਕੰਮ ’ਤੇ ਭੱਜਦੇ ਹਨ।

ਕੋਈ ਬੱਚਾ ਚਾਹ ਦੀ ਦੁਕਾਨ ’ਤੇ ਸਵੇਰੇ ਪੰਜ ਵਜੇ ਤੋਂ ਲੈ ਕੇ ਰਾਤ ਦਸ ਵਜੇ ਤਕ ਗਾਹਕਾਂ ਦੇ ਸਾਹਮਣੇ ਹੱਥ ਜੋੜ ਕੇ ਖੜ੍ਹਾ ਰਹਿੰਦਾ ਹੈ ਅਤੇ ਜੇ ਕਦੇ ਚਾਹ ਦਾ ਗਲਾਸ ਡਿਗ ਜਾਵੇ ਤਾਂ ਉਸ ਨੂੰ ਗਾਲ੍ਹਾਂ ਅਤੇ ਥੱਪੜ ਪੈਂਦੇ ਹਨ। ਕੋਈ ਬੱਚਾ ਢਾਬੇ ’ਤੇ ਸਾਰਾ ਦਿਨ ਭਾਂਡੇ ਮਾਂਜਦਾ ਹੈ, ਪੋਚਾ ਲਾਉਂਦਾ ਹੈ, ਟੇਬਲ ਸਾਫ ਕਰਦਾ ਹੈ ਅਤੇ ਰਾਤ ਨੂੰ ਉਸੇ ਢਾਬੇ ਦੇ ਫਰਸ਼ ’ਤੇ ਸੌਂ ਜਾਂਦਾ ਹੈ। ਕੋਈ ਬੱਚਾ ਹੋਟਲਾਂ ਵਿੱਚ ਜੂਠੇ ਭਾਂਡੇ ਚੁੱਕਦਾ ਹੈ, ਕੋਈ ਬੱਚਾ ਸੜਕਾਂ ਦੇ ਚੌਰਾਹਿਆਂ ’ਤੇ ਗੁਬਾਰੇ, ਫੁੱਲ, ਕਿਤਾਬਾਂ, ਪੈੱਨ ਵੇਚਦਾ ਹੈ ਅਤੇ ਲਾਲ ਬੱਤੀ ’ਤੇ ਕਾਰਾਂ ਦੇ ਸ਼ੀਸ਼ੇ ਖੜਕਾ ਕੇ ਭੀਖ ਮੰਗਣ ਲਈ ਮਜਬੂਰ ਹੋ ਜਾਂਦਾ ਹੈ। ਕੋਈ ਬੱਚਾ ਕੂੜੇ ਦੇ ਢੇਰਾਂ ਵਿੱਚੋਂ ਪਲਾਸਟਿਕ ਦੀਆਂ ਬੋਤਲਾਂ, ਲੋਹਾ, ਕਾਗਜ਼ ਚੁਗਦਾ ਹੈ ਅਤੇ ਉਸੇ ਕੂੜੇ ਵਿੱਚੋਂ ਆਪਣੀ ਰੋਟੀ ਲੱਭਦਾ ਹੈ। ਕੋਈ ਬੱਚਾ ਇੱਟਾਂ ਦੇ ਭੱਠੇ ’ਤੇ ਆਪਣੇ ਮਾਪਿਆਂ ਨਾਲ ਸਵੇਰੇ ਤੋਂ ਸ਼ਾਮ ਤਕ ਮਿੱਟੀ ਗੁੰਨਦਾ ਹੈ, ਇੱਟਾਂ ਪੱਥਦਾ ਹੈ, ਇੱਟਾਂ ਸੁਕਾਉਂਦਾ ਹੈ ਅਤੇ ਉਸਦੀ ਚਮੜੀ ਧੁੱਪ ਵਿੱਚ ਸੜ ਜਾਂਦੀ ਹੈ। ਕੋਈ ਬੱਚਾ ਫੈਕਟਰੀਆਂ ਵਿੱਚ ਖਤਰਨਾਕ ਮਸ਼ੀਨਾਂ ’ਤੇ ਕੰਮ ਕਰਦਾ ਹੈ ਜਿੱਥੇ ਕਦੇ ਉਸਦੀ ਉਂਗਲ ਕੱਟ ਜਾਂਦੀ ਹੈ, ਕਦੇ ਹੱਥ ਸੜ ਜਾਂਦਾ ਹੈ, ਕਦੇ ਅੱਖ ਵਿੱਚ ਕੁਝ ਪੈ ਜਾਂਦਾ ਹੈ। ਕੋਈ ਬੱਚਾ ਪਟਾਕਿਆਂ ਦੀ ਫੈਕਟਰੀ ਵਿੱਚ ਬਰੂਦ ਨਾਲ ਖੇਡਦਾ ਹੈ ਜਿੱਥੇ ਇੱਕ ਛੋਟੀ ਜਿਹੀ ਚੰਗਿਆੜੀ ਉਸਦੀ ਜਾਨ ਲੈ ਸਕਦੀ ਹੈ। ਕੋਈ ਬੱਚਾ ਕੱਚ ਦੀਆਂ ਚੂੜੀਆਂ ਬਣਾਉਣ ਵਾਲੀਆਂ ਭੱਠੀਆਂ ਵਿੱਚ ਕੰਮ ਕਰਦਾ ਹੈ ਜਿੱਥੇ ਅੱਗ ਦੀ ਗਰਮੀ ਉਸਦੇ ਫੇਫੜਿਆਂ ਨੂੰ ਖਾ ਜਾਂਦੀ ਹੈ। ਕੋਈ ਬੱਚਾ ਕਿਸੇ ਅਮੀਰ ਦੇ ਘਰ ਵਿੱਚ ਨੌਕਰ ਬਣ ਕੇ ਝਾੜੂ ਪੋਚਾ ਕਰਦਾ ਹੈ, ਕੱਪੜੇ ਧੋਂਦਾ ਹੈ, ਬੱਚੇ ਸੰਭਾਲਦਾ ਹੈ ਅਤੇ ਜੇ ਕੋਈ ਚੀਜ਼ ਟੁੱਟ ਜਾਵੇ ਤਾਂ ਉਸ ਨੂੰ ਸਾਰਾ ਦਿਨ ਭੁੱਖਾ ਰੱਖਿਆ ਜਾਂਦਾ ਹੈ। ਕੋਈ ਬੱਚਾ ਟਰੱਕਾਂ, ਬੱਸਾਂ, ਟਰੈਕਟਰਾਂ ’ਤੇ ਕਲੀਨਰ ਦਾ ਕੰਮ ਕਰਦਾ ਹੈ ਅਤੇ ਸਾਰਾ ਦਿਨ ਧੂੰਏਂ ਅਤੇ ਮਿੱਟੀ ਵਿੱਚ ਸਾਹ ਲੈਂਦਾ ਹੈ ਕੋਈ ਬੱਚਾ ਖੇਤਾਂ ਵਿੱਚ ਸਾਰਾ ਦਿਨ ਕੰਮ ਕਰਦਾ ਹੈ, ਸਪਰੇਅ ਵਾਲੀਆਂ ਦਵਾਈਆਂ ਦੇ ਜ਼ਹਿਰ ਨੂੰ ਸੁੰਘਦਾ ਹੈ।

ਇਹ ਸਾਰੇ ਬੱਚੇ ਪੜ੍ਹਨਾ ਚਾਹੁੰਦੇ ਹਨ, ਖੇਡਣਾ ਚਾਹੁੰਦੇ ਹਨ, ਆਪਣੇ ਦੋਸਤਾਂ ਵਾਂਗ ਸਕੂਲ ਦੀ ਵਰਦੀ ਪਾਉਣਾ ਚਾਹੁੰਦੇ ਹਨ। ਇਹ ਸਾਰੇ ਬੱਚੇ ਡਾਕਟਰ, ਇੰਜਨੀਅਰ, ਅਧਿਆਪਕ, ਪੁਲਿਸ ਅਫਸਰ, ਫੌਜੀ, ਵਕੀਲ, ਵਿਗਿਆਨੀ ਬਣਨ ਦੇ ਸੁਪਨੇ ਦੇਖਦੇ ਹਨ ਪਰ ਗਰੀਬੀ ਇਨ੍ਹਾਂ ਦੇ ਸੁਪਨਿਆਂ ਨੂੰ ਇਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਕੁਚਲ ਦਿੱਦੀ ਹੈ। ਬਾਲ ਮਜ਼ਦੂਰੀ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਡੂੰਘਾ ਕਾਰਨ ਗਰੀਬੀ ਹੈ ਕਿਉਂਕਿ ਜਿਸ ਘਰ ਵਿੱਚ ਇੱਕ ਵਕਤ ਦੀ ਰੋਟੀ ਦਾ ਵੀ ਟਿਕਾਣਾ ਨਹੀਂ ਹੁੰਦਾ, ਜਿੱਥੇ ਪਿਤਾ ਬਿਮਾਰ ਹੈ, ਮਾਂ ਮਜ਼ਦੂਰੀ ਕਰਦੀ ਹੈ, ਘਰ ਵਿੱਚ ਚਾਰ-ਪੰਜ ਛੋਟੇ ਭੈਣ ਭਰਾ ਭੁੱਖੇ ਹਨ, ਉੱਥੇ ਮਾਂ ਬਾਪ ਦਾ ਦਿਲ ਪੱਥਰ ਬਣ ਜਾਂਦਾ ਹੈ ਅਤੇ ਉਹ ਮਜਬੂਰੀ ਵਿੱਚ ਆਪਣੇ ਜਿਗਰ ਦੇ ਟੁਕੜੇ ਨੂੰ ਸਕੂਲੋਂ ਹਟਾ ਕੇ ਕੰਮ ਤੇ ਭੇਜ ਦਿੰਦੇ ਹਨ, ਦੂਜਾ ਵੱਡਾ ਕਾਰਨ ਅਨਪੜ੍ਹਤਾ ਹੈ ਕਿਉਂਕਿ ਜਿਨ੍ਹਾਂ ਮਾਪਿਆਂ ਨੇ ਕਦੇ ਅੱਖਰ ਨਹੀਂ ਦੇਖੇ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਪੜ੍ਹਾਈ ਹੀ ਉਨ੍ਹਾਂ ਦੇ ਬੱਚੇ ਦੀ ਜ਼ਿੰਦਗੀ ਬਦਲ ਸਕਦੀ ਹੈ। ਉਹ ਸੋਚਦੇ ਹਨ ਕਿ ਪੜ੍ਹ ਕੇ ਕੀ ਕਰਨਾ ਹੈ, ਕੰਮ ਕਰੇਗਾ ਤਾਂ ਦੋ ਪੈਸੇ ਘਰ ਆਉਣਗੇ।

ਤੀਜਾ ਵੱਡਾ ਕਾਰਨ ਮਾਲਕਾਂ ਦਾ ਲਾਲਚ, ਸਵਾਰਥ ਅਤੇ ਬੇਰਹਿਮੀ ਹੈ ਜੋ ਬੱਚਿਆਂ ਤੋਂ ਸਸਤੀ ਮਜ਼ਦੂਰੀ ਕਰਵਾਉਂਦੇ ਹਨ। ਬੱਚਾ ਕਦੇ ਵੱਧ ਤਨਖਾਹ ਨਹੀਂ ਮੰਗਦਾ, ਕਦੇ ਛੁੱਟੀ ਨਹੀਂ ਮੰਗਦਾ, ਕਦੇ ਹੜਤਾਲ ਨਹੀਂ ਕਰਦਾ, ਬੱਚਾ ਕਦੇ ਆਪਣੇ ਹੱਕਾਂ ਲਈ ਅਵਾਜ਼ ਨਹੀਂ ਚੁੱਕਦਾ। ਇਸ ਲਈ ਉਸਦਾ ਸ਼ੋਸ਼ਣ ਕਰਨਾ ਮਾਲਕਾਂ ਨੂੰ ਸੌਖਾ ਲਗਦਾ ਹੈ। ਚੌਥਾ ਕਾਰਨ ਸਰਕਾਰੀ ਕਾਨੂੰਨਾਂ ਦੀ ਪਾਲਣਾ ਕਰਵਾਉਣਾ ਹੈ। ਭਾਰਤ ਵਿੱਚ ਬਾਲ ਮਜ਼ਦੂਰੀ ਰੋਕਣ ਲਈ ਕਾਨੂੰਨ ਤਾਂ ਬਹੁਤ ਹਨ, 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਕੰਮ ਕਰਵਾਉਣਾ ਜੁਰਮ ਹੈ, ਖਤਰਨਾਕ ਕੰਮਾਂ ਵਿੱਚ ਬੱਚਿਆਂ ਨੂੰ ਲਾਉਣਾ ਸਖਤ ਮਨ੍ਹਾ ਹੈ ਪਰ ਫਿਰ ਵੀ ਹਰ ਗਲੀ, ਹਰ ਮੁਹੱਲੇ, ਹਰ ਬਜ਼ਾਰ, ਹਰ ਢਾਬੇ, ਹਰ ਫੈਕਟਰੀ ਵਿੱਚ ਬੱਚੇ ਕੰਮ ਕਰਦੇ ਦਿਖਾਈ ਦਿੰਦੇ ਹਨ ਕਿਉਂਕਿ ਕੋਈ ਰੋਕਣ-ਟੋਕਣ ਵਾਲਾ ਨਹੀਂ ਹੈ। ਪੰਜਵਾਂ ਕਾਰਨ ਵਧਦੀ ਅਬਾਦੀ, ਬੇਰੁਜ਼ਗਾਰੀ, ਨਸ਼ਾ, ਟੁੱਟਦੇ ਪਰਿਵਾਰ, ਪਿਤਾ ਦੀ ਮੌਤ, ਮਾਂ ਦੀ ਬਿਮਾਰੀ ਅਤੇ ਕੁਦਰਤੀ ਆਫਤਾਂ ਹਨ, ਜੋ ਬੱਚੇ ਨੂੰ ਅਨਾਥ ਕਰਕੇ ਸੜਕਾਂ ਉੱਤੇ ਧੱਕ ਦਿੰਦੀਆਂ ਹਨ।

ਛੇਵਾਂ ਕਾਰਨ ਸਾਡੀ ਸਮਾਜਿਕ ਉਦਾਸੀਨਤਾ ਹੈ ਕਿ ਅਸੀਂ ਬੱਚੇ ਨੂੰ ਕੰਮ ਕਰਦਾ ਦੇਖ ਕੇ ਵੀ ਅੱਖਾਂ ਬੰਦ ਕਰ ਲੈਂਦੇ ਹਾਂ। ਅਸੀਂ ਸੋਚਦੇ ਹਾਂ ਕਿ ਇਹ ਸਾਡਾ ਕੰਮ ਨਹੀਂ ਹੈ, ਅਸੀਂ ਉਸ ਬੱਚੇ ਤੋਂ ਚਾਹ ਪੀ ਕੇ, ਉਸ ਤੋਂ ਜੁੱਤੀਆਂ ਪਾਲਿਸ਼ ਕਰਵਾ ਕੇ, ਉਸ ਤੋਂ ਗੱਡੀ ਸਾਫ ਕਰਵਾ ਕੇ ਆਪਣੇ ਆਪ ਨੂੰ ਸਿਆਣਾ ਸਮਝਦੇ ਹਾਂ ਪਰ ਅਸਲ ਵਿੱਚ ਅਸੀਂ ਵੀ ਉਸਦੇ ਬਚਪਨ ਦੇ ਕਾਤਲ ਬਣ ਜਾਂਦੇ ਹਾਂ। ਬਾਲ ਮਜ਼ਦੂਰੀ ਦੇ ਨੁਕਸਾਨ ਇੰਨੇ ਭਿਆਨਕ ਹਨ ਕਿ ਉਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਵੀ ਔਖਾ ਹੈ। ਸਰੀਰਕ ਤੌਰ ’ਤੇ ਬੱਚੇ ਦਾ ਸਰੀਰ ਵਧਣ ਤੋਂ ਪਹਿਲਾਂ ਹੀ ਟੁੱਟ ਜਾਂਦਾ ਹੈ। ਉਸਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਕੱਦ ਛੋਟਾ ਰਹਿ ਜਾਂਦਾ ਹੈ, ਫੇਫੜੇ ਧੂੰਏਂ, ਮਿੱਟੀ, ਬਰੂਦ ਅਤੇ ਜ਼ਹਿਰੀਲੀਆਂ ਗੈਸਾਂ ਨਾਲ ਖਰਾਬ ਹੋ ਜਾਂਦੇ ਹਨ। ਉਸਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ, ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਮਾਨਸਿਕ ਤੌਰ ’ਤੇ ਉਹ ਬੱਚਾ ਸਾਰੀ ਉਮਰ ਡਰਿਆ-ਸਹਿਮਿਆ, ਗੁੱਸੇ ਵਾਲਾ ਅਤੇ ਨਫਰਤ ਨਾਲ ਭਰਿਆ ਰਹਿੰਦਾ ਹੈ। ਉਸ ਨੂੰ ਕਦੇ ਪਤਾ ਹੀ ਨਹੀਂ ਲਗਦਾ ਕਿ ਪਿਆਰ ਕੀ ਹੁੰਦਾ ਹੈ, ਦੋਸਤੀ ਕੀ ਹੁੰਦੀ ਹੈ, ਖੁਸ਼ੀ ਕੀ ਹੁੰਦੀ ਹੈ। ਉਹ ਆਪਣੇ ਆਪ ਨੂੰ ਸਾਰੀ ਉਮਰ ਕੋਸਦਾ ਰਹਿੰਦਾ ਹੈ ਕਿ ਮੈਂ ਗਰੀਬ ਘਰ ਵਿੱਚ ਕਿਉਂ ਪੈਦਾ ਹੋਇਆ। ਸਿੱਖਿਆ ਤੋਂ ਵਾਂਝਾ ਰਹਿ ਕੇ ਉਹ ਸਾਰੀ ਉਮਰ ਅਨਪੜ੍ਹ ਰਹਿੰਦਾ ਹੈ, ਉਸ ਨੂੰ ਆਪਣੇ ਹੱਕਾਂ ਦਾ ਪਤਾ ਹੀ ਨਹੀਂ ਲਗਦਾ, ਉਹ ਸਾਰੀ ਉਮਰ ਮਜ਼ਦੂਰੀ ਕਰਦਾ ਰਹਿੰਦਾ ਹੈ ਅਤੇ ਉਸਦੇ ਬੱਚੇ ਵੀ ਫਿਰ ਉਸੇ ਹੀ ਚੱਕਰ ਵਿੱਚ ਫਸ ਜਾਂਦੇ ਹਨ।

ਸਮਾਜਿਕ ਤੌਰ ’ਤੇ ਵੀ ਬਾਲ ਮਜ਼ਦੂਰੀ ਦੇਸ਼ ਨੂੰ ਖੋਖਲਾ ਕਰ ਦਿੰਦੀ ਹੈ ਕਿਉਂਕਿ ਜਿਹੜਾ ਦੇਸ਼ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦਾ, ਉਹ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਜਿਹੜੇ ਬੱਚੇ ਅੱਜ ਭਾਂਡੇ ਮਾਂਜ ਰਹੇ ਹਨ ਉਹ ਕੱਲ੍ਹ ਦੇਸ਼ ਦੇ ਡਾਕਟਰ ਬਣ ਕੇ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਸਨ। ਜਿਹੜੇ ਬੱਚੇ ਅੱਜ ਇੱਟਾਂ ਢੋਹ ਰਹੇ ਹਨ ਉਹ ਕੱਲ੍ਹ ਇੰਜਨੀਅਰ ਬਣ ਕੇ ਦੇਸ਼ ਲਈ ਪੁਲ ਬਣਾ ਸਕਦੇ ਸਨ, ਜਿਹੜੇ ਬੱਚੇ ਅੱਜ ਚਾਹ ਵੇਚ ਰਹੇ ਹਨ ਉਹ ਕੱਲ੍ਹ ਅਧਿਆਪਕ ਬਣ ਕੇ ਸੈਂਕੜੇ ਬੱਚਿਆਂ ਦਾ ਭਵਿੱਖ ਸਵਾਰ ਸਕਦੇ ਸਨ। ਜਿਹੜੇ ਬੱਚੇ ਅੱਜ ਕੂੜਾ ਚੁਗ ਰਹੇ ਹਨ, ਉਹ ਕੱਲ੍ਹ ਵਿਗਿਆਨੀ ਬਣ ਕੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਸਨ ਪਰ ਅਸੀਂ ਆਪਣੇ ਹੱਥੀਂ ਉਨ੍ਹਾਂ ਦਾ ਭਵਿੱਖ ਮਿੱਟੀ ਵਿੱਚ ਮਿਲਾ ਦਿੱਤਾ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਜਾਗ ਜਾਈਏ, ਅਸੀਂ ਸਾਰੇ ਮਿਲ ਕੇ ਪ੍ਰਣ ਲਈਏ ਕਿ ਅਸੀਂ ਕਦੇ ਵੀ ਕਿਸੇ ਬੱਚੇ ਤੋਂ ਮਜ਼ਦੂਰੀ ਨਹੀਂ ਕਰਵਾਵਾਂਗੇ। ਅਸੀਂ ਕਦੇ ਵੀ ਕਿਸੇ ਅਜਿਹੀ ਦੁਕਾਨ, ਢਾਬੇ, ਹੋਟਲ, ਫੈਕਟਰੀ ਤੋਂ ਸਮਾਨ ਨਹੀਂ ਖਰੀਦਾਂਗੇ ਜਿੱਥੇ ਬੱਚਿਆਂ ਤੋਂ ਕੰਮ ਕਰਵਾਇਆ ਜਾਂਦਾ ਹੈ। ਅਸੀਂ ਜਿੱਥੇ ਵੀ ਬੱਚਾ ਕੰਮ ਕਰਦਾ ਦੇਖਾਂਗੇ, ਉਸਦੀ ਸੂਚਨਾ ਪ੍ਰਸ਼ਾਸਨ, ਪੁਲਿਸ, ਬਾਲ ਸੁਰੱਖਿਆ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਦੇਵਾਂਗੇ। ਅਸੀਂ ਆਪਣੇ ਆਲੇ-ਦੁਆਲੇ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਾਂਗੇ, ਉਨ੍ਹਾਂ ਨੂੰ ਕਿਤਾਬਾਂ, ਕਾਪੀਆਂ, ਬਸਤਾ, ਵਰਦੀ, ਫੀਸ ਦੇ ਕੇ ਸਕੂਲ ਭੇਜਾਂਗੇ। ਅਸੀਂ ਆਪਣੇ ਪਿੰਡ, ਆਪਣੇ ਮੁਹੱਲੇ, ਆਪਣੇ ਸ਼ਹਿਰ ਵਿੱਚ ਬਾਲ ਮਜ਼ਦੂਰੀ ਦੇ ਵਿਰੁੱਧ ਜਾਗਰੂਕਤਾ ਫੈਲਾਵਾਂਗੇ। ਅਸੀਂ ਸਕੂਲਾਂ, ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਪੰਚਾਇਤਾਂ ਵਿੱਚ ਇਸ ਬਾਰੇ ਗੱਲ ਕਰਾਂਗੇ।

ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਿਰਫ ਕਾਨੂੰਨ ਬਣਾਉਣ ਤਕ ਸੀਮਿਤ ਨਾ ਰਹੇ ਬਲਕਿ ਉਨ੍ਹਾਂ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰੇ, ਗਰੀਬ ਪਰਿਵਾਰਾਂ ਨੂੰ ਰੁਜ਼ਗਾਰ, ਰਾਸ਼ਨ, ਮਕਾਨ ਅਤੇ ਸਿਹਤ ਸਹੂਲਤਾਂ ਦੇਵੇ ਤਾਂ ਜੋ ਕਿਸੇ ਮਾਂ ਬਾਪ ਨੂੰ ਆਪਣੇ ਬੱਚੇ ਨੂੰ ਕੰਮ ’ਤੇ ਭੇਜਣ ਦੀ ਲੋੜ ਹੀ ਨਾ ਪਵੇ। ਸਰਕਾਰ ਹਰ ਬੱਚੇ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ ਕਰੇ। ਹਰ ਸਕੂਲ ਵਿੱਚ ਦਾਖਲਾ ਮੁਹਿੰਮ ਚਲਾਵੇ। ਬਾਲ ਮਜ਼ਦੂਰੀ ਕਰਵਾਉਣ ਵਾਲੇ ਮਾਲਕਾਂ ਨੂੰ ਸਖਤ ਸਜ਼ਾ ਦੇਵੇ। ਅਖਬਾਰਾਂ, ਟੀਵੀ, ਰੇਡੀਓ, ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਗਾਵੇ।

ਯਾਦ ਰੱਖੋ ਬੱਚਾ ਦੇਸ਼ ਦਾ ਭਵਿੱਖ ਹੈ, ਬੱਚਾ ਰੱਬ ਦਾ ਰੂਪ ਹੈ। ਬੱਚਾ ਉਸ ਫੁੱਲ ਵਰਗਾ ਹੈ ਜਿਸ ਨੂੰ ਖਿੜਨ ਦਾ ਪੂਰਾ ਹੱਕ ਹੈ। ਬੱਚੇ ਦਾ ਬਚਪਨ ਉਸਦੀ ਅਮਾਨਤ ਹੈ ਜਿਸ ਨੂੰ ਦਰੜਣ-ਕੁਚਲਣ ਦਾ, ਮਾਰਨ ਦਾ ਹੱਕ ਕਿਸੇ ਨੂੰ ਨਹੀਂ ਹੈ। ਜੇ ਅੱਜ ਅਸੀਂ ਚੁੱਪ ਰਹੇ ਤਾਂ ਕੱਲ੍ਹ ਇਤਿਹਾਸ ਸਾਨੂੰ ਕਦੇ ਮੁਆਫ ਨਹੀਂ ਕਰੇਗਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣਗੀਆਂ ਕਿ ਜਦੋਂ ਬੱਚੇ ਰੋ ਰਹੇ ਸਨ ਤਾਂ ਤੁਸੀਂ ਚੁੱਪ ਕਿਉਂ ਸੀ? ਇਸ ਲਈ ਆਉ ਅੱਜ ਹੀ ਫੈਸਲਾ ਕਰੀਏ ਕਿ ਅਸੀਂ ਬਾਲ ਮਜ਼ਦੂਰੀ ਨੂੰ ਜੜ੍ਹੋਂ ਖਤਮ ਕਰਾਂਗੇ, ਹਰ ਬੱਚੇ ਦੇ ਹੱਥ ਵਿੱਚ ਔਜ਼ਾਰ ਨਹੀਂ ਬਲਕਿ ਕਿਤਾਬਾਂ ਫੜਾਵਾਂਗੇ। ਹਰ ਬੱਚੇ ਦੇ ਮੋਢੇ ਉੱਤੇ ਬੋਰੀ ਨਹੀਂ ਬਲਕਿ ਸਕੂਲ ਦਾ ਬਸਤਾ ਪਾਵਾਂਗੇ। ਹਰ ਬੱਚੇ ਦੇ ਚਿਹਰੇ ਉੱਤੇ ਹੰਝੂ ਨਹੀਂ ਬਲਕਿ ਮੁਸਕਾਨ ਲਿਆਵਾਂਗੇ। ਹਰ ਬੱਚੇ ਨੂੰ ਉਸਦਾ ਖੋਇਆ ਹੋਇਆ ਬਚਪਨ ਵਾਪਸ ਦੇਵਾਂਗੇ ਕਿਉਂਕਿ ਬਚਪਨ ਬਚੇਗਾ ਤਾਂ ਹੀ ਬੱਚਾ ਬਚੇਗਾ। ਬੱਚਾ ਬਚੇਗਾ ਤਾਂ ਹੀ ਦੇਸ਼ ਬਚੇਗਾ ਅਤੇ ਦੇਸ਼ ਦਾ ਭਵਿੱਖ ਸੁਰੱਖਿਅਤ, ਸੁਨਹਿਰੀ ਅਤੇ ਸ਼ਾਨਦਾਰ ਹੋਵੇਗਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਚਮਕੌਰ ਸਿੰਘ ਕੈਰਵੇ

ਚਮਕੌਰ ਸਿੰਘ ਕੈਰਵੇ

Whatsapp: (91 - 98752 - 00097)
Email: (cskairveoffical@gmail.com)

More articles from this author