ChamkaurSKairve7“ਸਾਨੂੰ ਦੇਸੀ ਗਿਆਨ ਵੱਲ ਮੁੜਨਾ ਪਵੇਗਾ। ਕੁਦਰਤੀ ਖੇਤੀ ਲਈ ਤਲਾਬ ਬਣਾਉਣੇ ...”
(24 ਅਕਤੂਬਰ 2026)

 

ਅੱਜ ਦਾ ਮਨੁੱਖ ਜਿਸ ਨੂੰ ਵਿਕਾਸ ਕਹਿ ਰਿਹਾ ਹੈ, ਉਹ ਵਿਕਾਸ ਹੈ, ਜਾਂ ਵਿਨਾਸ਼ ਦੇ ਮੱਥੇ ਤੇ ਵਿਕਾਸ ਦਾ ਮਖੌਟਾ ਹੈ? ਇਹ ਸਵਾਲ ਹੁਣ ਕਿਤਾਬਾਂ ਦਾ ਨਹੀਂ ਰਿਹਾ, ਇਹ ਸਾਡੇ ਸਾਹਾਂ ਦਾ ਸਵਾਲ ਬਣ ਗਿਆ ਹੈ ਕਿਉਂਕਿ ਮਨੁੱਖ ਨੇ ਕੁਦਰਤ ਨੂੰ ਮਾਂ ਤੋਂ ਗੁਲਾਮ ਬਣਾ ਦਿੱਤਾ ਹੈ। ਇੱਕ ਸਮਾਂ ਸੀ ਜਦੋਂ ਮਨੁੱਖ ਕੁਦਰਤ ਦੀ ਗੋਦ ਵਿੱਚ ਬੱਚਾ ਸੀ। ਉਹ ਦਰਿਆ ਤੋਂ ਚੂਲੀਆਂ ਨਾਲ ਪਾਣੀ ਪੀਂਦਾ ਸੀ। ਉਹ ਦ੍ਰਖਤ ਤੋਂ ਉੰਨਾ ਕੁ ਫਲ ਤੋੜਦਾ ਸੀ, ਜਿੰਨੀ ਉਸ ਨੂੰ ਲੋੜ ਹੁੰਦੀ ਸੀ। ਧਰਤੀ ਤੋਂ ਉੰਨਾ ਕੁਝ ਹੀ ਪ੍ਰਾਪਤ ਕਰਦਾ ਸੀ, ਜਿੰਨੇ ਦੀ ਉਸ ਨੂੰ ਲੋੜ ਹੁੰਦੀ ਸੀ। ਪਰ ਅੱਜ ਮਨੁੱਖ ਵੱਡਾ ਹੋ ਕੇ ਲੁਟੇਰਾ ਬਣ ਗਿਆ ਹੈ। ਉਸਨੇ ਸੋਚ ਲਿਆ ਕਿ ਕੁਦਰਤ ਬੇਅੰਤ ਹੈ। ਇਹ ਇੱਕ ਦੁਕਾਨ ਹੈ, ਜਿੱਥੋਂ ਜਿੰਨਾ ਮਰਜ਼ੀ ਲੈ ਲਓ, ਮੁੱਲ ਕਦੇ ਨਹੀਂ ਮੋੜਨਾ ਪਵੇਗਾ। ਇਸੇ ਭਰਮ ਨੇ ਅੱਜ ਦੇ ਅਰਥਸ਼ਾਸਤਰ ਨੂੰ ਜਨਮ ਦਿੱਤਾ ਹੈ, ਜਿਸਦਾ ਇੱਕੋ ਇੱਕ ਮੰਤਰ ਹੈ, ਹੋਰ ਖਾਓ, ਹੋਰ ਖਰੀਦੋ, ਹੋਰ ਸੁੱਟੋ।

ਇਸ ਹੋਰ ਦੀ ਭੁੱਖ ਲਈ ਅਸੀਂ ਪੰਜ ਤੱਤਾਂ ਨੂੰ ਹੀ ਵੇਚ ਦਿੱਤਾ ਹੈ। ਅਸੀਂ ਧਰਤੀ ਮਾਤਾ ਦੀ ਛਾਤੀ ਚੀਰ ਕੇ ਕੋਲਾ, ਲੋਹਾ, ਤੇਲ ਕੱਢ ਲਿਆ। ਪੰਜਾਬ ਵਿੱਚ ਹਰੀ ਕ੍ਰਾਂਤੀ ਦੇ ਨਾਂ ’ਤੇ ਅਸੀਂ ਮਿੱਟੀ ਨੂੰ ਜ਼ਹਿਰਾਂ ਨਾਲ ਭਰ ਦਿੱਤਾ। ਅੱਜ ਯੂਰੀਆ ਨੇ ਧਰਤੀ ਨੂੰ ਬੰਜਰ ਕਰ ਦਿੱਤਾ ਹੈ। ਅਸੀਂ ਸੌ ਕੁਇੰਟਲ ਕਣਕ ਲੈਣ ਲਈ ਦੋ ਸੌ ਕੁਇੰਟਲ ਜ਼ਹਿਰ ਦੇ ਦਿੱਤਾ। ਇਹ ਕਿਹੋ ਜਿਹਾ ਵਪਾਰ ਹੈ? ਅਸੀਂ ਮਾਈਨਿੰਗ ਦੇ ਨਾਂ ’ਤੇ ਅਰਾਵਲੀ ਵਰਗੇ ਪਹਾੜ ਖਾ ਗਏ ਜੋ ਦਿੱਲੀ ਨੂੰ ਰੇਗਿਸਤਾਨ ਬਣਨ ਤੋਂ ਰੋਕਦੇ ਸਨ। ਜਦੋਂ ਪਹਾੜ ਹੀ ਨਹੀਂ ਰਹਿਣਗੇ ਤਾਂ ਨਦੀਆਂ ਕਿੱਥੋਂ ਆਉਣਗੀਆਂ?

ਫਿਰ ਅਸੀਂ ਪਾਣੀ ਪਿਤਾ ਨੂੰ ਬੋਤਲਾਂ ਵਿੱਚ ਬੰਦ ਕਰਕੇ ਵੇਚ ਦਿੱਤਾ। ਭਾਰਤ ਵਿੱਚ ਧਰਤੀ ਹੇਠਲਾ ਪਾਣੀ ਹਰ ਸਾਲ ਇੱਕ ਮੀਟਰ ਥੱਲੇ ਜਾ ਰਿਹਾ ਹੈ। ਪੰਜਾਬ ਵਿੱਚ ਤਿੰਨ ਸੌ ਫੁੱਟ ਵਾਲਾ ਪਾਣੀ ਚਾਰ ਸੌ ਪੰਜਾਹ ਫੁੱਟ ’ਤੇ ਚਲਾ ਗਿਆ। ਅਸੀਂ ਇੱਕ ਕਿੱਲੋ ਝੋਨੇ ਲਈ ਪੰਜ ਹਜ਼ਾਰ ਲੀਟਰ ਪਾਣੀ ਬਰਬਾਦ ਕਰਦੇ ਹਾਂ ਅਤੇ ਫਿਰ ਸਸਤੇ ਭਾਅ ਵੇਚ ਕੇ ਮਾਣ ਕਰਦੇ ਹਾਂ।

ਅਸੀਂ ਸਤਲੁਜ, ਬਿਆਸ, ਜਮਨਾ ਨੂੰ ਨਾਲੇ ਬਣਾ ਦਿੱਤਾ ਹੈ। ਫੈਕਟਰੀਆਂ ਦੇ ਰਸਾਇਣ ਉਨ੍ਹਾਂ ਵਿੱਚ ਵਗਦੇ ਹਨ। ਸਮੁੰਦਰਾਂ ਵਿੱਚ ਪਲਾਸਟਿਕ ਦੇ ਟਾਪੂ ਬਣ ਗਏ ਹਨ। ਜਦੋਂ ਮੱਛੀਆਂ ਦੇ ਪੇਟ ਵਿੱਚੋਂ ਪਲਾਸਟਿਕ ਨਿਕਲੇਗਾ ਤਾਂ ਅਸੀਂ ਕੀ ਖਾਵਾਂਗੇ? ਫਿਰ ਅਸੀਂ ਪਵਣ ਗੁਰੂ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਅੱਜ ਭਾਰਤ ਦੇ ਦਸ ਸ਼ਹਿਰ ਦੁਨੀਆ ਦੇ ਵੀਹ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਹਨ। ਹਰ ਸਾਲ 16 ਲੱਖ ਲੋਕ ਸਿਰਫ ਹਵਾ ਪ੍ਰਦੂਸ਼ਣ ਨਾਲ ਮਰਦੇ ਹਨ। ਇਹ ਅੰਕੜਾ ਨਹੀਂ, 16 ਲੱਖ ਚਿਤਾਵਾਂ ਨੇ ਜੋ ਹਰ ਸਾਲ ਸਾਡੇ ਵਿਕਾਸ ਦੀ ਬਲੀ ਚੜ੍ਹਦੀਆਂ ਹਨ। ਜਿਸ ਦਿਨ ਸਾਫ ਹਵਾ ਵਿਕਣ ਲੱਗ ਪਈ, ਸਮਝ ਲਓ ਮਨੁੱਖਤਾ ਦਿਵਾਲੀਆ ਹੋ ਗਈ।

ਅਸੀਂ ਜੰਗਲਾਂ ਨੂੰ ਸਿਰਫ ਲੱਕੜ ਦਾ ਸਰੋਤ ਸਮਝਿਆ। ਪਿਛਲੇ ਸੌ ਸਾਲਾਂ ਵਿੱਚ ਧਰਤੀ ਦੇ 50 ਫੀਸਦੀ ਜੰਗਲ ਸਾਫ ਹੋ ਗਏ। ਐਮਾਜ਼ਾਨ, ਜਿਸਨੂੰ ਧਰਤੀ ਦੇ ਫੇਫੜੇ ਕਿਹਾ ਜਾਂਦਾ ਹੈ, ਉਹ ਹਰ ਰੋਜ਼ ਫੁੱਟਬਾਲ ਦੇ 27 ਹਜ਼ਾਰ ਮੈਦਾਨਾਂ ਦੇ ਬਰਾਬਰ ਕੱਟਿਆ ਜਾ ਰਿਹਾ ਹੈ। ਪਿਛਲੇ 50 ਸਾਲਾਂ ਵਿੱਚ 70 ਫੀਸਦੀ ਜੰਗਲੀ ਜੀਵ ਮੁੱਕ ਗਏ। ਇਹ 6ਵਾਂ ਮਹਾਂ-ਵਿਨਾਸ਼ ਹੈ। ਇਸਦਾ ਕਾਰਨ ਕੋਈ ਹੋਰ ਨਹੀਂ, ਮਨੁੱਖ ਹੈ। ਅਸੀਂ ਸ਼ੇਰ ਦੀ ਖੱਲ ਦੀ ਜੁੱਤੀ ਪਾਉਣ ਨੂੰ ਵਿਕਾਸ ਕਹਿੰਦੇ ਹਾਂ। ਇਸ ਵਿਨਾਸ਼ ਪਿੱਛੇ ਤਿੰਨ ਕਾਰਨ ਹਨ। ਪਹਿਲਾ, ਅਸੀਂ ਕੁਦਰਤ ਨੂੰ ਮੁਫਤ ਸਮਝ ਲਿਆ। ਅਰਥਸ਼ਾਸਤਰ ਵਿੱਚ ਹਵਾ ਅਤੇ ਪਾਣੀ ਦੀ ਕੋਈ ਕੀਮਤ ਨਹੀਂ। ਜਦੋਂ ਕੀਮਤ ਨਹੀਂ ਤਾਂ ਕਦਰ ਨਹੀਂ। ਦੂਜਾ, ਅਸੀਂ ਭਵਿੱਖ ਨੂੰ ਗਿਰਵੀ ਰੱਖ ਦਿੱਤਾ ਹੈ। ਨੇਤਾ ਅਤੇ ਉਦਯੋਗਪਤੀ ਸੋਚਦਾ ਹੈ ਮੇਰੇ ਪੰਜ ਸਾਲ ਨਿਕਲ ਜਾਣ। ਮੇਰਾ ਮੁਨਾਫਾ ਹੋ ਜਾਵੇ। ਉਸਨੂੰ ਇਸ ਗੱਲ ਨਾਲ ਮਤਲਬ ਨਹੀਂ ਕਿ 50 ਸਾਲ ਬਾਅਦ ਉਸਦੇ ਬੱਚਿਆਂ ਕੋਲ ਪੀਣ ਲਈ ਪਾਣੀ ਹੋਵੇਗਾ ਜਾਂ ਨਹੀਂ। ਤੀਜਾ, ਦਿਖਾਵੇ ਦਾ ਵਿਕਾਸ। ਸਾਨੂੰ ਲਗਦਾ ਹੈ ਵੱਡੀ ਕਾਰ, ਵੱਡਾ ਘਰ, ਹੀ ਵਿਕਾਸ ਹੈ। ਅਸੀਂ ਭੁੱਲ ਗਏ ਕਿ ਸਾਡੇ ਵਡੇਰੇ ਛੋਟੇ ਘਰਾਂ ਵਿੱਚ ਵੱਡੇ ਦਿਲਾਂ ਨਾਲ ਰਹਿੰਦੇ ਸਨ। ਅਸੀਂ ਵੱਡੇ ਘਰਾਂ ਵਿੱਚ ਛੋਟੇ ਦਿਲਾਂ ਨਾਲ ਰਹਿ ਰਹੇ ਹਾ। ਹੁਣ ਕੁਦਰਤ ਬਦਲਾ ਲੈ ਰਹੀ ਹੈ। ਕੁਦਰਤ ਕਦੇ ਮੁਆਫ ਨਹੀਂ ਕਰਦੀ, ਉਹ ਸਿਰਫ ਸਮਾਂ ਦਿੰਦੀ ਹੈ।

ਹਿਮਾਲਿਆ ਦੇ ਗਲੇਸ਼ੀਅਰ ਪਿਘਲ ਰਹੇ ਹਨ। ਪਹਿਲਾਂ ਹੜ੍ਹ ਆਉਣਗੇ, ਫਿਰ ਸਦਾ ਲਈ ਸੋਕਾ। ਪੰਜਾਬ ਵਿੱਚ ਤਾਪਮਾਨ 50 ਡਿਗਰੀ ਤਕ ਜਾ ਰਿਹਾ ਹੈ। ਇਹ ਕੁਦਰਤੀ ਨਹੀਂ, ਇਹ ਸਾਡੇ ਏ ਸੀ ਦੀ ਗਰਮ ਹਵਾ ਹੈ। ਜਦੋਂ ਅਸੀਂ ਜਾਨਵਰਾਂ ਦੇ ਜੰਗਲਾਂ ਵਿੱਚ ਵੜਾਂਗੇ ਤਾਂ ਉਨ੍ਹਾਂ ਦੇ ਵਾਇਰਸ ਸਾਡੇ ਕੋਲ ਆਉਣਗੇ। ਕੋਰੋਨਾ ਪਹਿਲੀ ਝਲਕ ਸੀ, ਆਖਰੀ ਨਹੀਂ। ਤੀਜਾ ਵਿਸ਼ਵ ਯੁੱਧ ਪਾਣੀ ਲਈ ਹੋਵੇਗਾ। ਇਹ ਭਵਿੱਖਬਾਣੀ ਹੁਣ ਪਿੰਡ ਪਿੰਡ ਵਿੱਚ ਸੱਚ ਸਾਬਤ ਹੋ ਰਹੀ ਹੈ। ਪਾਣੀ ਲਈ ਲੜਾਈ ਹੋ ਰਹੀ ਹੈ। ਇਸ ਲਈ ਹੱਲ ਇੱਕੋ ਹੈ, ਸਾਨੂੰ ਮਾਲਕ ਤੋਂ ਰਾਖੇ ਬਣਨਾ ਪਵੇਗਾ। ਸਿੱਖ ਧਰਮ ਕਹਿੰਦਾ ਹੈ ਸਭੈ ਸਾਂਝੀਵਾਲੁ ਸਦਾਇਨੁ। ਧਰਤੀ ਸਾਡੀ ਜਾਇਦਾਦ ਨਹੀਂ, ਸਾਂਝੀ ਜ਼ਿੰਮੇਵਾਰੀ ਹੈ। ਗਾਂਧੀ ਜੀ ਨੇ ਕਿਹਾ ਸੀ ਕੁਦਰਤ ਕੋਲ ਹਰ ਕਿਸੇ ਦੀ ਲੋੜ ਪੂਰੀ ਕਰਨ ਲਈ ਕਾਫੀ ਹੈ ਪਰ ਕਿਸੇ ਇੱਕ ਦੇ ਲਾਲਚ ਲਈ ਨਹੀਂ। ਸਾਨੂੰ ਘੱਟ ਵਿੱਚ ਜਿਊਣਾ ਸਿੱਖਣਾ ਪਵੇਗਾ। ਥੋੜ੍ਹੇ ਕੱਪੜਿਆਂ ਨਾਲ ਵੀ ਸਮਾਂ ਸੁਹਣਾ ਲੰਘ ਜਾਂਦਾ ਹੈ, ਪੇਟੀਆਂ ਭਰਨ ਨਾਲ ਹਉਮੈਂ ਵਧਦੀ ਹੈ।

ਸਾਨੂੰ ਦੇਸੀ ਗਿਆਨ ਵੱਲ ਮੁੜਨਾ ਪਵੇਗਾ। ਕੁਦਰਤੀ ਖੇਤੀ ਲਈ ਤਲਾਬ ਬਣਾਉਣੇ, ਬੀਜ ਬਚਾਉਣੇ, ਰੁੱਖ ਲਾਉਣੇ ਪੈਣਗੇ। ਇਹੀ ਅਸਲ ਵਿਗਿਆਨ ਹੈ। ਸਰਕਾਰਾਂ ਨੂੰ ਸਖਤੀ ਕਰਨੀ ਪਵੇਗੀ। ਪਾਣੀ ਬਚਾਉਣ ਵਾਲੇ ਕਿਸਾਨਾਂ ਨੂੰ ਇਨਾਮ ਅਤੇ ਬਰਬਾਦ ਕਰਨ ਵਾਲੀ ਫੈਕਟਰੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇੱਕ ਕਹਾਣੀ ਹੈ ਕਿ ਇੱਕ ਆਦਮੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਦਾ ਪੇਟ ਇੱਕ ਦਿਨ ਇਹ ਸੋਚ ਕੇ ਪਾੜ ਦਿੰਦਾ ਹੈ ਕਿ ਉਹ ਸਾਰਾ ਸੋਨਾ ਇੱਕੋ ਵਾਰੀ ਕੱਢ ਲਵੇਗਾ। ਨਾ ਮੁਰਗੀ ਬਚਦੀ ਹੈ, ਨਾ ਸੋਨਾ ਲੱਭਦਾ ਹੈ। ਅੱਜ ਮਨੁੱਖ ਉਹ ਆਦਮੀ ਹੈ ਅਤੇ ਕੁਦਰਤ ਉਹ ਮੁਰਗੀ ਹੈ। ਅਸੀਂ ਜਿਸ ਨੂੰ ਵਿਕਾਸ ਕਹਿ ਰਹੇ ਹਾਂ, ਉਹ ਅਸਲ ਵਿੱਚ ਮੁਰਗੀ ਨੂੰ ਵੱਢਣ ਦੀ ਪ੍ਰਕਿਰਿਆ ਹੈ। ਜੇ ਅਸੀਂ ਅੱਜ ਨਾ ਰੁਕੇ ਤਾਂ ਕੱਲ੍ਹ ਸਾਡੇ ਬੱਚਿਆਂ ਕੋਲ ਨਾ ਧਰਤੀ ਹੋਵੇਗੀ, ਨਾ ਪਾਣੀ, ਨਾ ਹਵਾ, ਉਨ੍ਹਾਂ ਕੋਲ ਸਿਰਫ ਸਾਡੀਆਂ ਅਸਥੀਆਂ ਅਤੇ ਸਾਡੇ ਵਿਕਾਸ ਦੀਆਂ ਖੋਖਲੀਆਂ ਕਹਾਣੀਆਂ ਹੋਣਗੀਆਂ। ਇਸ ਲਈ ਫੈਸਲਾ ਅਸੀਂ ਕਰਨਾ ਹੈ ਕਿ ਕੀ ਸਾਨੂੰ ਅਜਿਹਾ ਵਿਕਾਸ ਚਾਹੀਦਾ ਹੈ ਜੋ ਸਾਡੇ ਕੱਲ੍ਹ ਨੂੰ ਖਾ ਜਾਵੇ? ਜਾਂ ਅਜਿਹਾ ਵਿਕਾਸ ਜੋ ਸਾਡੇ ਕੱਲ੍ਹ ਯਕੀਨੀ ਬਣਾਵੇ। ਇਹ ਲੇਖ ਸਰਕਾਰ ਲਈ ਨਹੀਂ, ਤੁਹਾਡੇ ਲਈ ਹੈ ਕਿਉਂਕਿ ਜਦੋਂ ਤੁਸੀਂ ਨਲਕਾ ਬੰਦ ਕਰਦੇ ਹੋ, ਤੁਸੀਂ ਵਿਕਾਸ ਦੀ ਪਰਿਭਾਸ਼ਾ ਲਿਖਦੇ ਹੋ। ਜਦੋਂ ਤੁਸੀਂ ਇੱਕ ਰੁੱਖ ਲਾਉਂਦੇ ਹੋ, ਤੁਸੀਂ ਵਿਨਾਸ਼ ਨੂੰ ਰੋਕਦੇ ਹੋ। ਸੋਚੋ, ਸਮਝੋ ਅਤੇ ਜਾਗੋ, ਕਿਉਂਕਿ ਕੁਦਰਤ ਕੋਲ ਹੁਣ ਜ਼ਿਆਦਾ ਸਮਾਂ ਨਹੀਂ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਚਮਕੌਰ ਸਿੰਘ ਕੈਰਵੇ

ਚਮਕੌਰ ਸਿੰਘ ਕੈਰਵੇ

Whatsapp: (91 - 98752 - 00097)
Email: (cskairveoffical@gmail.com)

More articles from this author