“ਭਗਤ ਸਿੰਘ ਹੋਣਾ ਕਿਸੇ ਪਾਰਟੀ ਦਾ ਝੰਡਾ ਚੁੱਕਣਾ ਨਹੀਂ, ਭਗਤ ਸਿੰਘ ਹੋਣਾ ਹਰ ...”
(28 ਸਤੰਬਰ 2026)
ਭਗਤ ਸਿੰਘ ਹੋਣ ਦਾ ਅਰਥ ਕੀ ਹੈ, ਇਸ ਸਵਾਲ ਦਾ ਜਵਾਬ ਲੱਭਣ ਲਈ ਸਾਨੂੰ ਸ਼ਹੀਦ ਭਗਤ ਸਿੰਘ ਦੀ ਮੂਰਤੀ ਨੂੰ ਨਹੀਂ, ਉਸਦੀ ਸੋਚ ਨੂੰ ਸਮਝਣਾ ਪਵੇਗਾ ਕਿਉਂਕਿ ਅੱਜ ਪੰਜਾਬ ਵਿੱਚ ਭਗਤ ਸਿੰਘ ਹਰ ਥਾਂ ਹੈ ਪਰ ਭਗਤ ਸਿੰਘ ਦੀ ਸੋਚ ਕਿਤੇ ਵੀ ਨਹੀਂ ਹੈ। ਭਗਤ ਸਿੰਘ ਦੀ ਤਸਵੀਰ ਹਰ ਟਰੱਕ ਦੇ ਪਿੱਛੇ ਹੈ, ਹਰ ਮੋਟਰਸਾਈਕਲ ਦੇ ਅੱਗੇ ਹੈ, ਹਰ ਸਰਕਾਰੀ ਦਫਤਰ ਵਿੱਚ ਹੈ, ਹਰ ਨੇਤਾ ਦੀ ਟੋਪੀ ’ਤੇ ਹੈ, ਹਰ ਨੌਜਵਾਨ ਦੀ ਬਾਂਹ ’ਤੇ ਟੈਟੂ ਬਣੀ ਹੋਈ ਹੈ ਪਰ ਭਗਤ ਸਿੰਘ ਦੀ ਸੋਚ, ਜੋ ਕਿ ਅਸਲ ਭਗਤ ਸਿੰਘ ਹੈ, ਉਹ ਕਿਤੇ ਨਜ਼ਰ ਨਹੀਂ ਆਉਂਦੀ। ਭਗਤ ਸਿੰਘ ਹੋਣਾ ਫੋਟੋ ਲਾਉਣਾ ਨਹੀਂ, ਭਗਤ ਸਿੰਘ ਹੋਣਾ ਤਾਂ ਇੱਕ ਅੱਗ ਵਿੱਚੋਂ ਲੰਘਣਾ ਹੁੰਦਾ ਹੈ, ਇੱਕ ਸਾਰੀ ਉਮਰ ਦੀ ਤਪੱਸਿਆ ਹੁੰਦੀ ਹੈ, ਇੱਕ ਸੋਚ ਹੁੰਦੀ ਹੈ ਇੱਕ ਵਿਚਾਰ ਹੁੰਦਾ ਹੈ ਇੱਕ ਕੁਰਬਾਨੀ ਹੁੰਦੀ ਹੈ। ਭਗਤ ਸਿੰਘ ਹੋਣ ਦਾ ਪਹਿਲਾ ਅਰਥ ਹੈ ਪੜ੍ਹਨਾ ਅਤੇ ਬਹੁਤ ਪੜ੍ਹਨਾ ਕਿਉਂਕਿ ਭਗਤ ਸਿੰਘ ਬੰਬ ਬਣਾਉਣ ਤੋਂ ਪਹਿਲਾਂ ਕਿਤਾਬਾਂ ਪੜ੍ਹਦਾ ਸੀ। ਉਹ ਲਾਹੌਰ ਦੀ ਦਵਾਰਕਾ ਦਾਸ ਲਾਇਬਰੇਰੀ ਦਾ ਸਭ ਤੋਂ ਵੱਧ ਕਿਤਾਬਾਂ ਪੜ੍ਹਨ ਵਾਲਾ ਮੈਂਬਰ ਸੀ। ਉਸਨੇ ਜੇਲ੍ਹ ਵਿੱਚ ਰਹਿੰਦਿਆਂ ਸੱਤ ਸੌ ਤੋਂ ਵੱਧ ਕਿਤਾਬਾਂ ਪੜ੍ਹੀਆਂ। ਉਸਨੇ ਲੈਨਿਨ ਨੂੰ ਪੜ੍ਹਿਆ, ਮਾਰਕਸ ਨੂੰ ਪੜ੍ਹਿਆ, ਬਾਕੂਨਿਨ ਨੂੰ ਪੜ੍ਹਿਆ, ਗੋਰਕੀ ਨੂੰ ਪੜ੍ਹਿਆ, ਚਾਰਲਸ ਡਾਰਵਿਨ ਨੂੰ ਪੜ੍ਹਿਆ। ਉਸਦੀ ਜੇਲ੍ਹ ਦੀ ਨੋਟਬੁੱਕ, ਜੋ ਅੱਜ ਵੀ ਸ਼ਹੀਦ ਭਗਤ ਸਿੰਘ ਮਿਊਜ਼ੀਅਮ ਵਿੱਚ ਪਈ ਹੈ, ਉਸ ਵਿੱਚ ਦੁਨੀਆਂ ਦੇ ਹਰ ਵੱਡੇ ਇਨਕਲਾਬੀ ਦੀਆਂ ਲਿਖਤਾਂ ਦੇ ਨੋਟ ਲਿਖੇ ਹੋਏ ਹਨ।
ਭਗਤ ਸਿੰਗ ਨੇ ਕਿਹਾ ਸੀ ਕਿ ਕਿਸੇ ਵੀ ਇਨਕਲਾਬ ਨੂੰ ਸਫਲ ਹੋਣ ਲਈ ਦੋ ਚੀਜ਼ਾਂ ਚਾਹੀਦੀਆਂ ਹਨ, ਇੱਕ ਤਲਵਾਰ ਅਤੇ ਦੂਜਾ ਵਿਚਾਰ। ਤਲਵਾਰ ਨੂੰ ਤਿੱਖਾ ਕਰਨ ਲਈ ਪੱਥਰ ਚਾਹੀਦਾ ਹੈ ਅਤੇ ਵਿਚਾਰ ਨੂੰ ਤਿੱਖਾ ਕਰਨ ਲਈ ਕਿਤਾਬ ਚਾਹੀਦੀ ਹੈ। ਅੱਜ ਦਾ ਨੌਜਵਾਨ ਕਿਤਾਬ ਤੋਂ ਦੂਰ ਹੋ ਗਿਆ ਹੈ। ਉਹ ਦਿਨ ਵਿੱਚ ਅੱਠ ਘੰਟੇ ਮੋਬਾਇਲ ਦੀ ਸਕਰੀਨ ਦੇਖਦਾ ਹੈ, ਰੀਲਾਂ ਦੇਖਦਾ ਹੈ ਪਰ ਅੱਠ ਮਿੰਟ ਕਿਤਾਬ ਨਹੀਂ ਪੜ੍ਹਦਾ। ਜਦੋਂ ਤਕ ਉਹ ਪੜ੍ਹੇਗਾ ਨਹੀਂ, ਉਹ ਸਵਾਲ ਪੁੱਛਣਾ ਨਹੀਂ ਸਿੱਖੇਗਾ। ਜਦੋਂ ਤਕ ਉਹ ਸਵਾਲ ਪੁੱਛਣਾ ਨਹੀਂ ਸਿੱਖੇਗਾ, ਉਹ ਭਗਤ ਸਿੰਘ ਨਹੀਂ ਬਣ ਸਕਦਾ। ਭਗਤ ਸਿੰਘ ਹੋਣ ਦਾ ਦੂਜਾ ਅਰਥ ਹੈ ਨਾਸਤਿਕ ਹੋਣਾ। ਪਰ ਇਹ ਨਾਸਤਿਕਤਾ ਕੋਈ ਫੈਸ਼ਨ ਨਹੀਂ ਸੀ ਇਹ ਨਾਸਤਿਕਤਾ ਇੱਕ ਵਿਗਿਆਨਕ ਸੋਚ ਸੀ। ਭਗਤ ਸਿੰਘ ਨੇ ਆਪਣੇ ਮਸ਼ਹੂਰ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਵਿੱਚ ਲਿਖਿਆ ਸੀ ਕਿ ਮੈਂ ਰੱਬ ਨੂੰ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਰੱਬ ਦੇ ਨਾਂ ’ਤੇ ਲੋਕਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਜੋ ਕੁਝ ਤੁਹਾਡੇ ਨਾਲ ਹੋ ਰਿਹਾ ਹੈ ਉਹ ਤੁਹਾਡੀ ਕਿਸਮਤ ਹੈ, ਤੁਹਾਡੇ ਪਿਛਲੇ ਜਨਮਾਂ ਦਾ ਫਲ ਹੈ, ਇਸ ਕਰਕੇ ਤੁਸੀਂ ਚੁੱਪ ਰਹੋ, ਸਹਿਣ ਕਰੋ, ਸਵਾਲ ਨਾ ਪੁੱਛੋ; ਭਗਤ ਸਿੰਘ ਨੇ ਕਿਹਾ ਕਿ ਮੈਂ ਕਿਸਮਤ ਨੂੰ ਨਹੀਂ ਮੰਨਦਾ ਮੈਂ ਮਨੁੱਖ ਦੀ ਮਿਹਨਤ ਨੂੰ ਮੰਨਦਾ ਹਾਂ। ਅੱਜ ਵੀ ਪੰਜਾਬ ਵਿੱਚ ਉਹੀ ਕਿਸਮਤਵਾਦ ਚੱਲ ਰਿਹਾ ਹੈ। ਜਦੋਂ ਕਿਸਾਨ ਦੀ ਫਸਲ ਨਹੀਂ ਹੁੰਦੀ ਤਾਂ ਕਿਹਾ ਜਾਂਦਾ ਹੈ ਕਿਸਮਤ ਮਾੜੀ ਸੀ। ਜਦੋਂ ਨੌਜਵਾਨ ਨੂੰ ਨੌਕਰੀ ਨਹੀਂ ਮਿਲਦੀ ਤਾਂ ਕਿਹਾ ਜਾਂਦਾ ਹੈ ਕਿਸਮਤ ਵਿੱਚ ਹੀ ਵਿਦੇਸ਼ ਲਿਖਿਆ ਹੈ। ਭਗਤ ਸਿੰਘ ਹੋਣਾ ਇਸ ਕਿਸਮਤਵਾਦ ਨੂੰ ਠੁਕਰਾ ਕੇ ਆਪਣੀ ਕਿਸਮਤ ਆਪ ਲਿਖਣਾ ਹੈ।
ਭਗਤ ਸਿੰਘ ਹੋਣ ਦਾ ਤੀਜਾ ਅਰਥ ਹੈ ਜਾਤ-ਪਾਤ ਅਤੇ ਫਿਰਕੂ ਵੰਡ ਤੋਂ ਉੱਪਰ ਉੱਠਣਾ। ਭਗਤ ਸਿੰਘ ਨੇ ਕਦੇ ਆਪਣੀ ਜਾਤ ਨਹੀਂ ਦੱਸੀ। ਜਦੋਂ ਉਸ ਨੂੰ ਅਦਾਲਤ ਵਿੱਚ ਉਸਦੀ ਜਾਤ ਪੁੱਛੀ ਗਈ ਤਾਂ ਉਸਨੇ ਕਿਹਾ ਕਿ ਮੇਰੀ ਜਾਤ ਇਨਕਲਾਬੀ ਹੈ। ਜਦੋਂ ਉਸ ਨੂੰ ਧਰਮ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਮੇਰਾ ਧਰਮ ਇਨਸਾਨੀਅਤ ਦੀ ਸੇਵਾ ਹੈ। ਉਸਨੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਜੋ ਐਲਾਨਨਾਮਾ ਲਿਖਿਆ ਸੀ, ਉਸ ਵਿੱਚ ਸਾਫ ਲਿਖਿਆ ਸੀ ਕਿ ਸਾਡਾ ਇਨਕਲਾਬ ਕੇਵਲ ਅੰਗਰੇਜ਼ਾਂ ਦੇ ਵਿਰੁੱਧ ਨਹੀਂ, ਸਾਡਾ ਇਨਕਲਾਬ ਹਰ ਉਸ ਵਿਅਕਤੀ ਦੇ ਵਿਰੁੱਧ ਹੈ, ਜਿਹੜਾ ਮਨੁੱਖ ਦਾ ਸ਼ੋਸ਼ਣ ਕਰਦਾ ਹੈ। ਭਾਵੇਂ ਉਹ ਅੰਗਰੇਜ਼ ਹੋਵੇ, ਭਾਵੇਂ ਉਹ ਦੇਸੀ ਸਰਮਾਏਦਾਰ ਹੋਵੇ, ਭਾਵੇਂ ਉਹ ਜਾਤ ਦੇ ਨਾਂ ’ਤੇ ਵੰਡਣ ਵਾਲਾ ਹੋਵੇ। ਅੱਜ ਪੰਜਾਬ ਵਿੱਚ ਹਰ ਚੋਣ ਜਾਤ ’ਤੇ ਲੜੀ ਜਾਂਦੀ ਹੈ, ਹਰ ਪਿੰਡ ਵਿੱਚ ਜਾਤ ਦੇ ਨਾਂ ’ਤੇ ਗੁਰਦੁਆਰਾ ਵੰਡਿਆ ਹੋਇਆ ਹੈ। ਹਰ ਨੌਕਰੀ ਵਿੱਚ ਜਾਤ ਪੁੱਛੀ ਜਾਂਦੀ ਹੈ। ਅਸੀਂ ਭਗਤ ਸਿੰਘ ਦੀ ਫੋਟੋ ਨੂੰ ਤਾਂ ਮੱਥਾ ਟੇਕਦੇ ਹਾਂ ਪਰ ਉਸਦੀ ਜਾਤ-ਪਾਤ ਵਿਰੋਧੀ ਸੋਚ ਨੂੰ ਯਾਦ ਨਹੀਂ ਰੱਖਦੇ।
ਭਗਤ ਸਿੰਘ ਹੋਣ ਦਾ ਚੌਥਾ ਅਰਥ ਹੈ ਆਪਣੇ ਸੁਖ-ਅਰਾਮ ਦੀ ਕੁਰਬਾਨੀ ਦੇਣਾ। ਭਗਤ ਸਿੰਘ ਬਹੁਤ ਹੁਸ਼ਿਆਰ ਵਿਦਿਆਰਥੀ ਸੀ। ਉਹ ਚਾਹੁੰਦਾ ਤਾਂ ਵਕੀਲ ਬਣ ਸਕਦਾ ਸੀ, ਡਾਕਟਰ ਬਣ ਸਕਦਾ ਸੀ, ਆਪਣੇ ਪਿਤਾ ਦੀ ਜ਼ਮੀਨ ’ਤੇ ਖੇਤੀ ਕਰ ਸਕਦਾ ਸੀ, ਵਿਆਹ ਕਰਵਾ ਕੇ ਸੁਖੀ ਜੀਵਨ ਜੀ ਸਕਦਾ ਸੀ ਪਰ ਉਸਨੇ ਇਹ ਸਭ ਛੱਡ ਦਿੱਤਾ। ਉਸਨੇ ਕਿਹਾ ਕਿ ਜਦੋਂ ਮੇਰਾ ਦੇਸ਼ ਗੁਲਾਮ ਹੈ, ਮੇਰਾ ਸਮਾਜ ਭੁੱਖਾ ਹੈ, ਮੇਰੇ ਲੋਕ ਅਨਪੜ੍ਹ ਹਨ ਤਾਂ ਮੇਰਾ ਨਿੱਜੀ ਸੁਖ ਕੋਈ ਮਾਅਨੇ ਨਹੀਂ ਰੱਖਦਾ। ਅੱਜ ਦੇ ਨੌਜਵਾਨ ਕੋਲ ਦੋ ਰਸਤੇ ਹਨ, ਇੱਕ ਰਸਤਾ ਹੈ ਕਿ ਉਹ ਆਪਣੀ ਜ਼ਮੀਨ ਵੇਚੇ ਆਈਲੈਟਸ ਕਰੇ ਅਤੇ ਕੈਨੇਡਾ, ਅਮਰੀਕਾ ਚਲਾ ਜਾਵੇ। ਉੱਥੇ ਆਪਣਾ ਘਰ ਬਣਾਵੇ, ਆਪਣੀ ਕਾਰ ਲਵੇ, ਆਪਣਾ ਪਰਿਵਾਰ ਪਾਲੇ। ਇਹ ਸੁਖੀ ਰਸਤਾ ਹੈ। ਦੂਜਾ ਰਸਤਾ ਹੈ ਕਿ ਉਹ ਇੱਥੇ ਰਹੇ, ਆਪਣੀ ਜ਼ਮੀਨ ਲਈ ਲੜੇ, ਆਪਣੇ ਪਾਣੀ ਲਈ ਲੜੇ, ਆਪਣੀ ਪੰਜਾਬੀ ਭਾਸ਼ਾ ਲਈ ਲੜੇ, ਆਪਣੇ ਸਰਕਾਰੀ ਸਕੂਲਾਂ ਲਈ ਲੜੇ। ਇਹ ਔਖਾ ਰਸਤਾ ਹੈ, ਕੰਡਿਆਂ ਵਾਲਾ ਰਸਤਾ ਹੈ। ਭਗਤ ਸਿੰਘ ਹੋਣਾ ਇਹ ਦੂਜਾ ਔਖਾ ਰਸਤਾ ਚੁਣਨਾ ਹੈ।
ਭਗਤ ਸਿੰਘ ਹੋਣ ਦਾ ਪੰਜਵਾਂ ਅਤੇ ਸਭ ਤੋਂ ਵੱਡਾ ਅਰਥ ਹੈ ਸੱਤਾ ਤੋਂ ਸਵਾਲ ਪੁੱਛਣਾ। ਭਗਤ ਸਿੰਘ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਕਿਸੇ ਨੂੰ ਮਾਰਨ ਲਈ ਨਹੀਂ, ਉਸਨੇ ਅਦਾਲਤ ਵਿੱਚ ਕਿਹਾ ਸੀ ਕਿ ਅਸੀਂ ਬੰਬ ਸੁੱਟਿਆ ਹੈ ਬੋਲਿਆਂ ਨੂੰ ਜਗਾਉਣ ਲਈ। ਅਸੀਂ ਚਾਹੁੰਦੇ ਸੀ ਕਿ ਬੋਲੀ ਅਦਾਲਤ ਜਾਗੇ। ਉਸਨੇ ਅੰਗਰੇਜ਼ ਜੱਜ ਦੇ ਮੂੰਹ ’ਤੇ ਕਿਹਾ ਸੀ ਕਿ ਤੁਹਾਡਾ ਕਾਨੂੰਨ ਕਾਨੂੰਨ ਨਹੀਂ, ਤੁਹਾਡਾ ਕਾਨੂੰਨ ਗੁਲਾਮੀ ਨੂੰ ਕਾਇਮ ਰੱਖਣ ਦਾ ਹਥਿਆਰ ਹੈ। ਅੱਜ ਵੀ ਸਾਨੂੰ ਉਹੀ ਹਿੰਮਤ ਚਾਹੀਦੀ ਹੈ ਜਦੋਂ ਸਰਕਾਰ ਸਾਡੇ ਸਕੂਲ ਬੰਦ ਕਰਦੀ ਹੈ ਤਾਂ ਸਵਾਲ ਪੁੱਛਣਾ ਭਗਤ ਸਿੰਘ ਹੋਣਾ ਹੈ। ਜਦੋਂ ਸਰਕਾਰ ਸਾਡੇ ਹਸਪਤਾਲਾਂ ਵਿੱਚ ਦਵਾਈ ਨਹੀਂ ਦਿੰਦੀ ਤਾਂ ਸਵਾਲ ਪੁੱਛਣਾ ਭਗਤ ਸਿੰਘ ਹੋਣਾ ਹੈ। ਜਦੋਂ ਸਰਕਾਰ ਸਾਡੇ ਪਾਣੀ ਨੂੰ ਕਿਸੇ ਹੋਰ ਸੂਬੇ ਨੂੰ ਦੇਣ ਦੀ ਗੱਲ ਕਰਦੀ ਹੈ ਤਾਂ ਸਵਾਲ ਪੁੱਛਣਾ ਭਗਤ ਸਿੰਘ ਹੋਣਾ ਹੈ। ਜਦੋਂ ਸਰਕਾਰ ਸਾਡੇ ਬੱਚਿਆਂ ਨੂੰ ਨੌਕਰੀ ਦੀ ਬਜਾਏ ਨਸ਼ਾ ਦਿੰਦੀ ਹੈ ਤਾਂ ਸਵਾਲ ਪੁੱਛਣਾ ਭਗਤ ਸਿੰਘ ਹੋਣਾ ਹੈ। ਭਗਤ ਸਿੰਘ ਹੋਣਾ ਕਿਸੇ ਪਾਰਟੀ ਦਾ ਝੰਡਾ ਚੁੱਕਣਾ ਨਹੀਂ, ਭਗਤ ਸਿੰਘ ਹੋਣਾ ਹਰ ਉਸ ਝੰਡੇ ਤੋਂ ਸਵਾਲ ਪੁੱਛਣਾ ਹੈ ਜੋ ਲੋਕਾਂ ਨੂੰ ਧੋਖਾ ਦੇ ਰਿਹਾ ਹੈ। ਇਸ ਲਈ ਅੱਜ ਦੇ ਦਿਨ ਸਾਨੂੰ ਇਹ ਸਹੁੰ ਖਾਣੀ ਚਾਹੀਦੀ ਹੈ ਕਿ ਅਸੀਂ ਭਗਤ ਸਿੰਘ ਨੂੰ ਕੇਵਲ ਮਾਲਾ ਨਹੀਂ ਪਾਵਾਂਗੇ, ਅਸੀਂ ਭਗਤ ਸਿੰਘ ਨੂੰ ਪੜ੍ਹਾਂਗੇ, ਅਸੀਂ ਸੱਤਾ ਤੋਂ ਸਵਾਲ ਪੁੱਛਾਂਗੇ, ਅਸੀਂ ਆਪਣੀ ਜ਼ਮੀਨ ਲਈ ਲੜਾਂਗੇ ਅਤੇ ਅਸੀਂ ਆਪਣੇ ਆਪ ਨੂੰ ਭਗਤ ਸਿੰਘ ਬਣਾਵਾਂਗੇ ਕਿਉਂਕਿ ਭਗਤ ਸਿੰਘ ਕੋਈ ਵਿਅਕਤੀ ਨਹੀਂ ਸੀ ਉਹ ਇੱਕ ਵਿਚਾਰ ਸੀ ਅਤੇ ਵਿਚਾਰ ਕਦੇ ਮਰਦੇ ਨਹੀਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


























































































































