“ਹਰ ਰੋਜ਼ ਤਾਂਤਰਿਕਾਂ, ਜੋਤਸ਼ੀਆਂ ਦੇ ਇਸ਼ਤਿਹਾਰਾਂ ਦੁਆਰਾ ਕਈ ਅਖ਼ਬਾਰਾਂ ਅਤੇ ...”
(13 ਸਤੰਬਰ 2025)
ਕਿਸੇ ਵੀ ਗੱਲ ’ਤੇ ਬਿਨਾਂ ਸੋਚੇ ਸਮਝੇ, ਬਿਨਾਂ ਆਪਣਾ ਦਿਮਾਗ ਵਰਤੇ ਯਕੀਨ ਕਰ ਲੈਣਾ ਹੀ ਅਸਲ ਵਿੱਚ ਅੰਧਵਿਸ਼ਵਾਸੀ ਹੋਣ ਦੀ ਨਿਸ਼ਾਨੀ ਹੈ। ਅੱਜ ਦੇ ਇਸ ਟੈਕਨਾਲੋਜੀ ਤੇ ਵਿਗਿਆਨ ਦੇ ਯੁਗ ਵਿੱਚ ਭਾਰਤ ਵਿੱਚ ਅਨਪੜ੍ਹ ਅਤੇ ਪੜ੍ਹੇ ਲਿਖੇ, ਦੋਨੋਂ ਹੀ ਤਰ੍ਹਾਂ ਦੇ ਅੰਧਵਿਸ਼ਵਾਸੀ ਲੋਕ ਪਾਏ ਜਾਂਦੇ ਹਨ। ਵਹਿਮ ਭਰਮ ਅਤੇ ਅੰਧਵਿਸ਼ਵਾਸ ਹੀ ਸਾਡੇ ਦੇਸ਼ ਦੀ ਤਰੱਕੀ ਵਿੱਚ ਸਭ ਤੋਂ ਵੱਡੇ ਰੋੜੇ ਹਨ। ਵਹਿਮ ਭਰਮ ਅਤੇ ਅੰਧਵਿਸ਼ਵਾਸ ਦੀ ਅਵਸਥਾ ਵਿੱਚ ਮਨੁੱਖ ਦੀ ਸੋਚਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ ਤੇ ਉਹ ਬਿਨਾਂ ਤਰਕ, ਬਿਨਾਂ ਵਿਚਾਰ ਕੀਤੇ ਕਿਸੇ ਵੀ ਗੱਲ ਨੂੰ ਸੱਚ ਮੰਨ ਲੈਂਦਾ ਹੈ। ਅਜੋਕੇ ਸਮੇਂ ਵਿੱਚ ਸਾਨੂੰ ਹਰ ਪਿੰਡ ਹਰ ਸ਼ਹਿਰ ਵਿੱਚ ਪਖੰਡੀ ਬਾਬੇ, ਸਾਧੂ, ਸੰਤ, ਤਾਂਤਰਿਕ, ਪੁਜਾਰੀ ਮਿਲ ਜਾਣਗੇ। ਇਹ ਭੋਲੇ ਭਾਲੇ ਲੋਕਾਂ ਨੂੰ ਆਸਥਾ ਦੀ ਆੜ ਵਿੱਚ ਅਜਿਹੇ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸ਼ਾਂ ਵਿੱਚ ਪਾ ਦਿੰਦੇ ਹਨ, ਜਿੱਥੋਂ ਨਿਕਲਣਾ ਲੋਕਾਂ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਅੰਧਵਿਸ਼ਵਾਸੀ ਬਣਿਆ ਮਨੁੱਖ ਮਾਨਸਿਕ ਤੌਰ ’ਤੇ ਕਮਜ਼ੋਰ ਅਤੇ ਬਿਮਾਰ ਵੀ ਹੋ ਜਾਂਦਾ ਹੈ।
ਅਖੌਤੀ ਸਾਧ, ਬਾਬੇ, ਤਾਂਤਰਿਕ ਲੋਕਾਂ ਨੂੰ ਜਾਦੂ ਟੂਣੇ ਨਾਲ ਆਤਮਾ-ਪ੍ਰਮਾਤਮਾ, ਪਿਛਲਾ ਜਨਮ, ਸਵਰਗ, ਨਰਕ, ਯਮਰਾਜ, ਭੂਤ ਪ੍ਰੇਤ ਵਰਗੇ ਵਹਿਮਾਂ ਭਰਮਾਂ ਵਿੱਚ ਪਾ ਕੇ ਖੂਬ ਲੁੱਟਦੇ ਹਨ। ਇਹ ਲਾਣਾ ਦੁੱਖਾਂ ਤਕਲੀਫਾਂ ਤੋਂ ਛੁਟਕਾਰਾ, ਆਰਥਿਕ ਲਾਭ, ਸ਼ਾਦੀ, ਪ੍ਰੇਮ ਵਿਆਹ, ਨੌਕਰੀ ਆਦਿ ਸਮੱਸਿਆਵਾਂ ਦਾ ਮਿੰਟਾਂ ਵਿੱਚ ਹੱਲ ਕਰਨ ਲਈ ਆਪਣੀਆਂ ਦੁਕਾਨਾਂ ਖੋਲ੍ਹੀ ਬੈਠਾ ਹੈ। ਇਹ ਗ੍ਰਹਿ ਚੱਕਰਾਂ ਵਿੱਚੋਂ ਕੱਢਣ ਲਈ ਮੋਟੀ ਰਕਮ ਵਸੂਲਦੇ ਹਨ। ਇੱਥੋਂ ਤਕ ਕਿ ਪਖੰਡੀ ਬਾਬੇ, ਤਾਂਤਰਿਕ ਮਾਸੂਮ ਬੱਚਿਆਂ ਨੂੰ ਬਲੀ ਦੇ ਨਾਂ ’ਤੇ ਕਤਲ ਵੀ ਕਰ ਦਿੰਦੇ ਹਨ। ਇਹੋ ਜਿਹੀਆਂ ਵਾਰਦਾਤਾਂ ਬਿਹਾਰ, ਯੂਪੀ ਵਰਗੇ ਸੂਬਿਆਂ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਹਨ। ਵਿਗਿਆਨ ਨੂੰ ਪੂਰੇ ਬ੍ਰਹਿਮੰਡ ਵਿੱਚ ਆਤਮਾ, ਪ੍ਰਮਾਤਮਾ, ਸਵਰਗ, ਨਰਕ, ਯਮਰਾਜ, ਭਟਕਦੀ ਆਤਮਾ ਆਦਿ ਦੀ ਹੋਂਦ ਦਾ ਅੱਜ ਤਕ ਕੋਈ ਵਿਗਿਆਨਕ ਸਬੂਤ ਨਹੀਂ ਮਿਲਿਆ ਹੈ। ਕੁਝ ਲੋਕ ਆਪ ਤਾਂ ਅੰਧਵਿਸ਼ਵਾਸੀ ਹੁੰਦੇ ਹੀ ਹਨ, ਨਾਲ ਆਪਣੇ ਬੱਚਿਆਂ ਨੂੰ ਵੀ ਅੰਧਵਿਸ਼ਵਾਸੀ ਬਣਾ ਦਿੰਦੇ ਹਨ ਤੇ ਅੱਗੇ ਜਾਕੇ ਉਹਨਾਂ ਬੱਚਿਆਂ ਦਾ ਭਵਿੱਖ ਹਨੇਰ ਹੀ ਹੋਣਾ ਹੁੰਦਾ ਹੈ। ਇਸ ਸੰਸਾਰ ਵਿੱਚ 193 ਦੇਸ਼ ਹਨ। ਇਨ੍ਹਾਂ ਤ93 ਦੇਸ਼ਾਂ ਵਿੱਚੋਂ ਕੇਵਲ ਭਾਰਤ ਵਿੱਚ ਹੀ ਕਿਉਂ ਐਨੇ ਬਾਬੇ ਪਾਏ ਜਾਂਦੇ ਹਨ? ਸਿਰਫ ਅਨਪੜ੍ਹਤਾ ਅਤੇ ਅਗਿਆਨਤਾ ਦੇ ਕਾਰਨ। ਭਾਰਤ ਦੇ ਅਨਪੜ੍ਹ ਲੋਕਾਂ ਨੂੰ ਆਪਣੇ ਪਿੱਛੇ ਲਾਉਣਾ ਕੋਈ ਔਖਾ ਕੰਮ ਨਹੀਂ ਹੈ। ਪਖੰਡੀ ਬਾਬਿਆਂ ਦੁਆਰਾ ਬਿਮਾਰੀਆਂ ਦਾ ਇਲਾਜ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਜੋ ਕਿ ਬਿਲਕੁਲ ਇੱਕ ਧੋਖਾ ਹੈ। ਜੇਕਰ ਬਾਬੇ, ਤਾਂਤਰਿਕ ਹੀ ਬਿਮਾਰੀਆਂ ਦਾ ਇਲਾਜ ਕਰਨ ਲੱਗ ਜਾਣ ਤਾਂ ਡਾਕਟਰਾਂ ਨੂੰ ਇੰਨਾ ਪੜ੍ਹ ਲਿਖ ਕੇ ਡਿਗਰੀਆਂ ਲੈਣ ਦੀ ਕੀ ਲੋੜ ਹੈ। ਉਹ ਬੱਸ ਧਾਗਾ ਜਾਂ ਹਥੌਲਾ ਕਰਕੇ ਮਰੀਜ਼ ਨੂੰ ਕਹਿ ਦੇਣ ਕਿ ਜਾ, ਤੈਨੂੰ ਕਿਸੇ ਦਵਾਈ ਜਾਂ ਅਪਰੇਸ਼ਨ ਕਰਵਾਉਣ ਦੀ ਲੋੜ ਹੀ ਨਹੀਂ ਹੈ। ਅਨਪੜ੍ਹ ਗਰੀਬਾਂ ਨੂੰ ਇਹ ਬਾਬੇ ਖੂਬ ਲੁੱਟਦੇ ਹਨ।
ਸਾਡੇ ਲੋਕਾਂ ਦੀ ਇਹੋ ਜਿਹੀ ਮਾਨਸਿਕਤਾ ਹੋਈ ਪਈ ਹੈ ਕਿ ਉਹਨਾਂ ਨੂੰ ਸਹੀ ਅਤੇ ਗਲਤ ਦਾ ਪਤਾ ਹੀ ਨਹੀਂ ਲਗਦਾ। ਇਹੋ ਜਿਹੇ ਪਖੰਡੀ ਬਾਬੇ, ਤਾਂਤਰਿਕ ਗਰੀਬ ਅਤੇ ਅਨਪੜ੍ਹ ਲੋਕਾਂ ਨੂੰ ਗ੍ਰਹਿ ਚੱਕਰਾਂ ਵਿੱਚ ਪਾਕੇ ਉਹਨਾਂ ਦੇ ਦਿਮਾਗ ਨੂੰ ਅਪੰਗ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ। ਲੋਕਾਂ ਨੂੰ ਮੂਰਖ ਬਣਾਉਣ ਦਾ ਢੰਗ ਆਉਣਾ ਚਾਹੀਦਾ ਹੈ, ਲੋਕ ਝੱਟ ਮੂਰਖ ਬਣ ਜਾਂਦੇ ਹਨ, ਇਸ ਵਿੱਚ ਕੋਈ ਸ਼ੱਕ ਨਹੀਂ। ਅਸੀਂ ਭਾਰਤੀ ਆਪਣੇ ਦਿਮਾਗ ਤੋਂ ਜਮਾ ਹੀ ਕੰਮ ਨਹੀਂ ਲੈਂਦੇ। ਕਿਸੇ ਵੀ ਗੱਲ ਬਾਰੇ ਨਹੀਂ ਸੋਚਦੇ ਕਿ ਇਹ ਇੱਦਾਂ ਕਿਵੇਂ ਹੋ ਸਕਦਾ ਹੈ? ਦੈਵੀ ਸ਼ਕਤੀ ਹੁੰਦੀ ਕੀ ਹੈ? ਅਤੇ ਇਹ ਕਿਸੇ ਇਨਸਾਨ ਵਿੱਚ ਆ ਕਿਵੇਂ ਸਕਦੀ ਹੈ? ਬਹੁਤੇ ਪਖੰਡੀ ਬਾਬੇ, ਤਾਂਤਰਿਕ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੰਦੇ ਹਨ ਅਤੇ 24 ਘੰਟਿਆਂ ਵਿੱਚ ਹਰ ਸਮੱਸਿਆ ਦਾ ਹੱਲ ਕਰਨ ਦਾ ਦਾਅਵਾ ਕਰਦੇ ਹਨ। ਦੁੱਖਾਂ-ਤਕਲੀਫਾਂ, ਗੰਭੀਰ ਰੋਗ, ਸਮੱਸਿਆਵਾਂ ਨਾਲ ਘਿਰੇ ਹੋਏ ਲੋਕ ਸਹਿਜ ਹੀ ਇਨ੍ਹਾਂ ਬਾਬਿਆਂ, ਤਾਂਤਰਿਕਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਆਪਣਾ ਪੈਸਾ, ਘਰ ਬਾਰ ਅਤੇ ਕਈ ਵਾਰ ਆਪਣੀ ਆਬਰੂ ਵੀ ਲੁਟਾ ਬੈਠਦੇ ਹਨ।
ਜਿਸ ਸਮਾਜ ਵਿੱਚ ਅੰਧਵਿਸ਼ਵਾਸ ਜ਼ਿਆਦਾ ਹੁੰਦਾ ਹੈ ਉਹ ਸਮਾਜ ਤਰੱਕੀ ਨਹੀਂ ਕਰ ਸਕਦਾ। ਅੰਧ ਵਿਸ਼ਵਾਸ ਵਿੱਚ ਯਕੀਨ ਰੱਖਣ ਵਾਲਾ ਮਨੁੱਖ ਢਾਹੂ ਵਿਚਾਰਾਂ ਦਾ ਹੁੰਦਾ ਹੈ। ਇਹ ਭਾਰਤ ਦੀ ਤ੍ਰਾਸਦੀ ਹੈ ਕਿ ਅੱਜ 21 ਸਦੀ ਵਿੱਚ ਜਿੱਥੇ ਕਈ ਦੇਸ਼ ਨਵੀਂਆਂ ਨਵੀਆਂ ਖੋਜਾਂ ਕਰ ਰਹੇ ਹਨ, ਉੱਥੇ ਭਾਰਤ ਦੇ ਲੋਕ ਇਨ੍ਹਾਂ ਜੋਤਸ਼ੀਆਂ, ਤਾਂਤਰਿਕਾਂ, ਪਖੰਡੀ ਬਾਬਿਆਂ ਦੇ ਮਗਰ ਲੱਗੇ ਹੋਏ ਹਨ। ਅਸਲ ਵਿੱਚ ਕਾਲੇ ਇਲਮ, ਜਾਦੂ ਟੂਣੇ ਨਾਲ ਕਿਸੇ ਸਮੱਸਿਆ ਦਾ ਹੱਲ ਹੋ ਹੀ ਨਹੀਂ ਸਕਦਾ। ਪਰ ਅੱਜ ਦੀ ਹਕੀਕਤ ਇਹ ਹੈ ਕਿ ਅਜੋਕੇ ਸਮੇਂ ਵਿੱਚ ਵਿੱਦਿਆ ਦੇ ਪਸਾਰੇ ਦੇ ਬਾਵਜੂਦ ਵੀ ਇਨ੍ਹਾਂ ਅੰਧਵਿਸ਼ਵਾਸ਼ਾਂ ਦਾ ਘੇਰਾ ਹੋਰ ਵੱਡਾ ਹੋ ਗਿਆ ਹੈ। ਇੰਟਰਨੈੱਟ ਅਤੇ ਸੋਸ਼ਲ ਮੀਡੀਏ ਦੇ ਮਾਧਿਅਮ ਰਾਹੀਂ ਤਾਂਤਰਿਕਾਂ, ਪਖੰਡੀ ਬਾਬਿਆਂ ਨੇ ਲੋਕਾਂ ਤਕ ਆਪਣੀ ਪਹੁੰਚ ਵਧਾ ਲਈ ਹੈ। ਇਸ ਸਮੇਂ ਸਮੱਸਿਆਵਾਂ ਦਾ ਹੱਲ ਤੁਰੰਤ ਅਤੇ ਸਮੱਗਰੀ, ਜਨਮ ਕੁੰਡਲੀਆਂ ਕੋਰੀਅਰ ਰਾਹੀਂ ਭੇਜੀਆਂ ਜਾਣ ਲੱਗੀਆਂ ਹਨ ਅਤੇ ਭੇਟਾ ਵੀ ਆਨਲਾਈਨ ਹੋਣ ਲੱਗ ਗਈ ਹੈ। ਇਸ ਅੰਧਵਿਸ਼ਵਾਸ ਤੋਂ ਲੱਖਾਂ ਦਾ ਰੋਜ਼ਗਾਰ ਚੱਲ ਰਿਹਾ ਹੈ। ਹਰ ਰੋਜ਼ ਤਾਂਤਰਿਕਾਂ, ਜੋਤਸ਼ੀਆਂ ਦੇ ਇਸ਼ਤਿਹਾਰਾਂ ਦੁਆਰਾ ਕਈ ਅਖ਼ਬਾਰਾਂ ਅਤੇ ਮੈਗਜ਼ੀਨਾਂ ਲੱਖਾਂ ਰੁਪਏ ਕਮਾ ਰਹੇ ਹਨ। ਅੰਧ ਵਿਸ਼ਵਾਸ ਦਾ ਕਾਰੋਬਾਰ ਕਰਨ ਵਾਲੇ ਤਾਂਤਰਿਕ, ਪਖੰਡੀ ਬਾਬੇ ਅਤੇ ਪੁਜਾਰੀ ਲੋਕਾਂ ਦੀ ਅੰਧਵਿਸ਼ਵਾਸੀ ਸੋਚ ਸਦਕਾ ਖੁਦ ਐਸ਼ ਵਾਲੀ ਜ਼ਿੰਦਗੀ ਜਿਊਂਦੇ ਹਨ।
ਪਖੰਡੀ ਬਾਬੇ, ਤਾਂਤਰਿਕ, ਪੁਜਾਰੀ ਹੁਣ ਰਾਜਨੀਤੀ ਦਾ ਹਿੱਸਾ ਵੀ ਬਣਨ ਲੱਗੇ ਹਨ। ਘਰ-ਬਾਰ ਅਤੇ ਕਾਰੋਬਾਰ ਦੀ ਭਲਾਈ ਲਈ, ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਲੱਖਾਂ ਲੋਕ ਡੇਰਿਆਂ, ਸੰਪਰਦਾਵਾਂ ’ਤੇ ਸੇਵਾ ਕਰਦੇ ਦੇਖੇ ਜਾ ਸਕਦੇ ਹਨ। ਜਿੰਨਾ ਚਿਰ ਲੋਕਾਂ ਵਿੱਚ ਗਿਆਨ ਦਾ ਦੀਵਾ ਨਹੀਂ ਜਗਦਾ, ਇਹ ਅੰਧਵਿਸ਼ਵਾਸ ਖਤਮ ਨਹੀਂ ਹੋ ਸਕਦਾ। ਸਮੇ ਦੀ ਲੋੜ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ, ਤਦ ਹੀ ਅੰਧਵਿਸ਼ਵਾਸ਼ਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (