ਦਹਾਕਿਆਂ ਮਗਰੋਂ ਮੌਕੇ ਦੇ ਅਫਸਰ ਦੇ ਇਕਬਾਲਨਾਮੇ ਦੇ ਅਧਾਰ ’ਤੇ ਚੇ ਦੀਆਂ ਅਸਥੀਆਂ ...”
(14 ਜੂਨ 2026)
ਅਰਜਨਟੀਨਾ ਵਿੱਚ ਅਖਾਣ ਮਸ਼ਹੂਰ ਹੈ, “ਜਿਊਂਦੇ ਲੋਕ ਕਹਾਣੀਆਂ ਲਿਖਦੇ ਹਨ ਤੇ ਮ੍ਰਿਤਕ ਲੋਕ ਕਹਾਣੀਆਂ ਬਣ ਜਾਂਦੇ ਹਨ।” ਚੇ ਗੁਵੇਰਾ ਅਜਿਹਾ ਹੀ ਇੱਕ ਸ਼ਖਸ ਸੀ ਜਿਹੜਾ ਲੋਕਾਈ ਲਈ ਮੁਹੱਬਤ ਤੇ ਕੁਰਬਾਨੀ ਸਦਕਾ ਸਮੇਂ-ਸਥਾਨ ਦੀਆਂ ਹੱਦਾਂ ਪਾਰ ਕਰ ਗਿਆ ਤੇ ਛੋਟੀ ਉਮਰੇ ਅਜਿਹੀ ਕਹਾਣੀ ਲਿਖ ਗਿਆ, ਜਿਹੜੀ ਅੱਜ ਦਹਾਕਿਆਂ ਬਾਅਦ ਵੀ ਸਮਾਜ ਬਦਲਣ ਦੀ ਜੱਦੋਜਹਿਦ ਵਿੱਚ ਲੱਗੇ ਲੋਕਾਂ ਲਈ ਮਿਸਾਲ ਹੈ। ਇਸ ਨੂੰ ਲਾਤੀਨੀ ਅਮਰੀਕੀ ਲੇਖਕ ਗਾਰਸੀਆ ਮਾਰਖੇਜ ਨੇ ਅਜਿਹੀ ਕਹਾਣੀ ਦੱਸਿਆ, “ਜਿਹੜੀ ਲਿਖਣ ਬੈਠੋਂ ਤਾਂ ਹਜ਼ਾਰਾਂ ਸਾਲ ਤੇ ਲੱਖਾਂ ਵਰਕੇ ਵੀ ਥੁੜ ਜਾਣ।”
ਅਰਨੈਸਟੋ ਗੁਵੇਰਾ ਦੇਲਾ ਸੇਰੇਨਾ ਉਰਫ ਚੇ ਗੁਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟੀਨਾ ਦੇ ਰੋਸਾਰੀਓ ਸ਼ਹਿਰ ਤੋਂ ਰਾਜਧਾਨੀ ਵੱਲ ਕੂਚ ਕਰਦੀ ਰੇਲ ਗੱਡੀ ਦੇ ਕਿਸੇ ਦਰਮਿਆਨੇ ਸਟੇਸ਼ਨ ’ਤੇ ਹੋਇਆ। ਮਹਿਜ਼ ਦੋ ਸਾਲ ਦੀ ਉਮਰ ਵਿੱਚ ਹੀ ਉਸ ਨੂੰ ਦਮੇ ਦਾ ਪਹਿਲਾ ਦੌਰਾ ਪਿਆ ਜਿਹੜਾ ਉਮਰ ਭਰ ਉਸ ਨਾਲ ਰਿਹਾ। ਉਸਦਾ ਪਿਤਾ, ਅਰਨੈਸਟੋ ਗੁਵੇਰਾ ਲਿੰਚਾ ਆਪਣੇ ਦਰਮਿਆਨੇ ਜਿਹੇ ਕਾਰੋਬਾਰ ਖਾਤਰ ਇੱਕ ਤੋਂ ਦੂਜੀ ਥਾਂ ਆਉਣ-ਜਾਣ ਲੱਗਿਆ ਰਿਹਾ ਤੇ ਇਸ ਤਰ੍ਹਾਂ ਬਚਪਨ ਤੋਂ ਹੀ ਚੇ ਦਾ ਜੀਵਨ ਘੁਮੰਤੂਆਂ ਵਾਂਗ ਗੁਜ਼ਰਿਆ।
ਚੇ ਦੀ ਅੱਲ੍ਹੜ ਉਮਰ ਵਿੱਚ ਉਸਦਾ ਪਰਿਵਾਰ ਰਾਜਧਾਨੀ ਬਿਊਨਸ ਆਇਰਸ ਮੁੜ ਆਇਆ, ਜਿੱਥੇ ਚੇ ਨੇ ਯੂਨੀਵਰਸਿਟੀ ਦੇ ਦਾਖਲੇ ਲਈ ਤਿਆਰੀ ਸ਼ੁਰੂ ਕੀਤੀ ਤੇ ਗਣਿਤ, ਭਾਸ਼ਾਵਾਂ, ਰਸਾਇਣ ਵਿਗਿਆਨ ਆਦਿ ਵਿੱਚ ਚੰਗੀ ਦਿਲਚਸਪੀ ਹੋਣ ਦੇ ਬਾਵਜੂਦ ਉਸਨੇ ਮੈਡੀਕਲ ਦੀ ਪੜ੍ਹਾਈ ਚੁਣੀ। ਇਨ੍ਹਾਂ ਹੀ ਦਿਨਾਂ ਵਿੱਚ ਉਸਦੇ ਇਨਕਲਾਬੀ ਅਤੇ ਸਾਮਰਾਜ ਵਿਰੋਧੀ ਵਿਚਾਰਾਂ ਦੀ ਨੀਂਹ ਪੈਣੀ ਸ਼ੁਰੂ ਹੋਈ ਜਦੋਂ ਉਸਨੇ ਨਿਕਾਰਾਗੂਆ ਦੇ ਇਨਕਲਾਬੀ ਅਤੇ ਅਮਰੀਕੀ ਸਾਮਰਾਜ ਖਿਲਾਫ ਬਗਾਵਤ ਦੇ ਆਗੂ ਔਗਸਤੋ ਸੈਨਡੀਨੋ ਦੀ ਜੀਵਨੀ ਪੜ੍ਹੀ ਅਤੇ ਵਰ੍ਹਿਆਂ ਮਗਰੋਂ ਆਪਣੇ ਜੀਵਨ ਨੂੰ ਵੀ ਇਸੇ ਵਡੇਰੇ ਮਕਸਦ ਲਈ ਵਾਰ ਦਿੱਤਾ। ਇਨ੍ਹਾਂ ਹੀ ਦਿਨਾਂ ਵਿੱਚ ਚੇ ਨੇ ਆਪਣੀਆਂ ਅਣਗਿਣਤ ਯਾਤਰਾਵਾਂ ਵਿੱਚੋਂ ਪਹਿਲੀ ਯਾਤਰਾ ਪੂਰੀ ਕੀਤੀ ਅਤੇ ਦੋ ਮਹੀਨਿਆਂ ਦੀ ਇਸ ਯਾਤਰਾ ਵਿੱਚ ਪਹਿਲੀ ਵਾਰ ਉਸਦੀ ਆਪਣੇ ਮੁਲਕ ਦੇ ਕਿਰਤੀਆਂ ਨਾਲ ਸਿੱਧੀ ਸਾਂਝ ਪਈ। ਇਸੇ ਯਾਤਰਾ ਤੋਂ ਵਾਪਸ ਆ ਕੇ ਚੇ ਨੇ ਆਪਣੀ ਡਾਇਰੀ ਵਿੱਚ ਦਰਜ ਕੀਤਾ, “ਬੰਦੇ ਨੂੰ ਮੌਤ ਕਿਸੇ ਮਨੁੱਖੀ ਸ਼ਾਹਕਾਰ ਜਾਂ ਮਹਾਕਾਵਿ ਵਾਂਗ ਆਉਣੀ ਚਾਹੀਦੀ ਹੈ। ਸਧਾਰਨ ਜਿਹੀ ਮੌਤ ਦਾ ਕੋਈ ਮੁੱਲ ਨਹੀਂ, ਇਹ ਖੁਦ ਫਾਹਾ ਲੈਣ ਬਰਾਬਰ ਹੈ।”
1952 ਵਿੱਚ ਚੇ ਨੇ ਆਪਣੇ ਦੋਸਤ ਅਲਬਰਟੋ ਗਰੈਨਾਡੋ ਨਾਲ ਲਾਤੀਨੀ ਅਮਰੀਕਾ ਦੀ ਪਹਿਲੀ ਲੰਬੀ ਯਾਤਰਾ ਕੀਤੀ ਜਿਸਨੇ ਚੇ ਦੇ ਮਨ ’ਤੇ ਡੂੰਘਾ ਅਸਰ ਪਾਇਆ। ਦੋਹਾਂ ਵੱਲੋਂ ਯਾਤਰਾਂ ਦੌਰਾਨ ਲਿਖੀਆਂ ਡਾਇਰੀਆਂ ਦੇ ਅਧਾਰ ’ਤੇ 2004 ਵਿੱਚ ਫਿਲਮ ਵੀ ਬਣੀ। ਇਸੇ ਯਾਤਰਾ ਦੌਰਾਨ ਹੀ ਉਸਦੀ ਮੁਲਾਕਾਤ ਪੇਰੂ ਦੀ ਰਾਜਧਾਨੀ ਲੀਮਾ ਵਿੱਚ ਕੰਮ ਕਰਦੇ ਡਾਕਟਰ ਹਿਊਗੋ ਪੇਸੇ ਨਾਲ ਹੋਈ ਜਿਸਦੀ ਗਰੀਬਾਂ ਲਈ ਨਿਰਸਵਾਰਥ ਸੇਵਾ ਭਾਵਨਾ ਅਤੇ ਇਨਕਲਾਬੀ ਵਿਚਾਰਾਂ ਨੇ ਚੇ ਦੇ ਮਨ ’ਤੇ ਡੂੰਘੀ ਛਾਪ ਛੱਡੀ। 1953-54 ਦੀ ਅਗਲੀ ਲੰਬੀ ਯਾਤਰਾ ਦੌਰਾਨ ਉਹ ਜੁਲਾਈ 1953 ਵਿੱਚ ਬੋਲੀਵੀਆ ਉਦੋਂ ਪੁੱਜੇ ਜਦੋਂ ਉੱਥੇ ‘ਕੌਮੀ ਇਨਕਲਾਬੀ ਲਹਿਰ’ ਜਥੇਬੰਦੀ ਦੀ ਅਗਵਾਈ ਵਿੱਚ ਕਈ ਅਗਾਂਹਵਧੂ ਤਬਦੀਲੀਆਂ ਲਾਗੂ ਕੀਤੀਆਂ ਜਾ ਰਹੀਆਂ ਸਨ। ਇਨ੍ਹਾਂ ਹਾਲਤਾਂ ਨੇ ਅਤੇ ਗੁਆਟੇਮਾਲਾ ਦੇ ਅਗਲੇ ਪੜਾਅ ਦੌਰਾਨ ਚੱਲ ਰਹੀ ਅਮਰੀਕੀ ਸਾਮਰਾਜ ਵਿਰੋਧੀ ਲਹਿਰ ਦੇ ਅਸਰ ਵਿੱਚ ਹੀ ਚੇ ਨੇ ‘ਇਨਕਲਾਬ’ ਅਤੇ ‘ਸਮਾਜਕ ਬਗਾਵਤਾਂ’ ਬਾਰੇ ਆਪਣੇ ਮੁਢਲੇ ਲੇਖ ਲਿਖੇ। ਗੁਆਟੇਮਾਲਾ ਦੇ ਸਫਰ ਵਿਚਾਲੇ ਹੀ ਚੇ ਨੂੰ ਕਿਊਬਾ ਵਿੱਚ 27 ਸਾਲਾ ਨੌਜਵਾਨ ਫੀਦਲ ਕਾਸਤਰੋ ਦੀ ਅਗਵਾਈ ਵਿੱਚ ਮੋਨਕਾਡਾ ਬੈਰਕਾਂ ’ਤੇ ਹਮਲੇ ਦੀ ਖਬਰ ਪਹੁੰਚੀ ਤੇ ਉਹ ਕਿਊਬਾਈ ਇਨਕਲਾਬੀਆਂ ਦੇ ਗਰੁੱਪ ਨਾਲ ਮਿਲਣ ਲਈ ਤਤਪਰ ਹੋ ਗਿਆ ਤੇ ਇਹੀ ਖਿੱਚ ਉਸ ਨੂੰ ਮੈਕਸਿਕੋ ਲੈ ਗਈ, ਜਿੱਥੇ ਬਿਤਾਏ ਦੋ ਸਾਲ ਉਸਦੀ ਜ਼ਿੰਦਗੀ ਦਾ ਅਹਿਮ ਮੋੜ ਸਾਬਤ ਹੋਏ। ਵਕਤੀ ਤੌਰ ’ਤੇ ਪੱਤਰਕਾਰੀ ਕਰ ਰਹੇ ਚੇ ਦੀ ਕਾਸਤਰੋ ਨਾਲ ਪਹਿਲੀ ਮੁਲਾਕਾਤ ਵੀ ਬਤੌਰ ਪੱਤਰਕਾਰ ਮੈਕਸਿਕੋ ਵਿੱਚ ਹੋਈ ਤੇ ਉਸੇ ਇੱਕ ਮੁਲਾਕਾਤ ਤੋਂ ਉਸਨੇ ਪੱਤਰਕਾਰੀ ਛੱਡ ਕਿਊਬਾ ਦੇ ਇਨਕਲਾਬੀਆਂ ਨਾਲ ਬਤੌਰ ਡਾਕਟਰ ਸ਼ਾਮਲ ਹੋਣ ਦਾ ਫੈਸਲਾ ਲੈ ਲਿਆ ਤੇ ਇੰਜ ਚੇ ਦੇ ਲੰਬੇ ਗੁਰੀਲਾ ਜੀਵਨ ਦਾ ਵੀ ਮੁੱਢ ਬੱਝ ਗਿਆ।
28 ਨਵੰਬਰ, 1956 ਦੀ ਅੱਧੀ ਰਾਤ ਨੂੰ ਕਾਸਤਰੋ ਦੀ ਅਗਵਾਈ ਵਿੱਚ 82 ਇਨਕਲਾਬੀਆਂ ਦੇ ਜਥੇ ਨੇ ਕਿਸ਼ਤੀ ’ਤੇ ਕਿਊਬਾ ਵੱਲ ਕੂਚ ਕੀਤਾ ਪਰ 11 ਦਿਨਾਂ ਦੇ ਔਖੇ ਸਫਰ ਮਗਰੋਂ ਜਦੋਂ ਕਿਊਬਾ ਕੰਢੇ ’ਤੇ ਉੱਤਰੇ ਤਾਂ ਪਹਿਲੋਂ ਹੀ ਸੰਨ੍ਹ ਲਾਈ ਬੈਠੀਆਂ ਤਾਨਾਸ਼ਾਹ ਬਤਿਸਤਾ ਦੀਆਂ ਫੌਜਾਂ ਨੇ ਉਨ੍ਹਾਂ ’ਤੇ ਹਮਲਾ ਬੋਲ ਦਿੱਤਾ। ਅਚਨਚੇਤ ਹੋਏ ਇਸ ਹਮਲੇ ਵਿੱਚ 55 ਇਨਕਲਾਬੀ ਸ਼ਹੀਦ ਹੋ ਗਏ ਤੇ ਸਿਰਫ 27 ਇਨਕਲਾਬੀ ਹੀ ਕੰਢੇ ਲੱਗ ਸਕੇ। ਇਸੇ ਝੜਪ ਮਗਰੋਂ ਹੀ ਇਨਕਲਾਬੀ ਚੇ ਨੇ ਡਾਕਟਰ ਦੀ ਥਾਂ ਮੁਕੰਮਲ ਬਾਗੀ ਬਣਨ ਦਾ ਫੈਸਲਾ ਲਿਆ ਤੇ ਲਿਖਿਆ, “ਮੇਰੇ ਮੋਢੇ ’ਤੇ ਦਵਾਈਆਂ ਦਾ ਭਰਿਆ ਝੋਲਾ ਸੀ ਤੇ ਹੱਥਾਂ ਵਿੱਚ ਗੋਲੀਆਂ ਨਾਲ ਲੈਸ ਬਕਸਾ। ਮੈਂ ਦੋਵੇਂ ਨਹੀਂ ਸੀ ਚੁੱਕ ਸਕਦਾ, ਇਸ ਲਈ ਮੈਂ ਦਵਾਈਆਂ ਵਾਲਾ ਝੋਲਾ ਰੱਖ ਕੇ ਗੋਲੀਆਂ ਚੁੱਕਣ ਦਾ ਨਿਰਣਾ ਲੈ ਲਿਆ।”
ਅਥਾਹ ਕੁਰਬਾਨੀਆਂ ਮਗਰੋਂ ਕਾਸਤਰੋ ਦੀ ਅਗਵਾਈ ਵਿੱਚ ਤੁਰੇ ਇਨਕਲਾਬੀਆਂ ਨੇ ਲੋਕ ਹਿਮਾਇਤ ਸਦਕਾ 1959 ਵਿੱਚ ਅਮਰੀਕੀ ਪਿੱਠੂ ਬਤਿਸਤਾ ਹਕੂਮਤ ਨੂੰ ਲਾਹ ਸੁੱਟਿਆ। ਕਿਊਬਾ ਇਨਕਲਾਬ ਦੀ ਜਿੱਤ ਮਗਰੋਂ ਚੇ ਨੇ ਕਈ ਸਾਲ ਕਿਊਬਾ ਸਰਕਾਰ ਦੇ ਕੇਂਦਰੀ ਬੈਂਕ ਦੀਆਂ ਸੇਵਾਵਾਂ ਨਿਭਾਈਆਂ। ਪਰ ਇਨ੍ਹਾਂ ਹੀ ਸਾਲਾਂ ਵਿੱਚ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਬਸਤੀ ਬਣਾਏ ਮੁਲਕਾਂ ਵਿੱਚ ਜਬਰਦਸਤ ਬਸਤੀਵਾਦੀ ਵਿਰੋਧੀ ਲਹਿਰਾਂ ਚੱਲ ਰਹੀਆਂ ਸਨ ਤੇ ਆਖਰ ਚੇ ਨੇ ਕਿਊਬਾ ਵਿਚਲੀਆਂ ਆਪਣੀਆਂ ਸੇਵਾਵਾਂ ਨੂੰ ਵਿਰਾਮ ਦੇ ਕੇ ਇਨ੍ਹਾਂ ਲਹਿਰਾਂ ਦੀ ਹਰ ਸੰਭਵ ਮਦਦ ਕਰ ਸਕਣ ਦੇ ਅਹਿਦ ਨਾਲ ਅਫਰੀਕਾ ਵੱਲ ਕੂਚ ਕੀਤਾ ਜਿੱਥੇ ਅਗਲੇ ਸਾਲਾਂ ਵਿੱਚ ਉਸਦੀਆਂ ਅਲਜੀਰੀਆ, ਕਾਂਗੋ ਅਤੇ ਹੋਰਾਂ ਮੁਲਕਾਂ ਦੇ ਇਨਕਲਾਬੀਆਂ ਨਾਲ ਮੁਲਾਕਾਤਾਂ ਹੋਈਆਂ ਅਤੇ ਉਨ੍ਹਾਂ ਲਹਿਰਾਂ ਨਾਲ ਉਹ ਸਰਗਰਮੀ ਨਾਲ ਜੁੜਿਆ। ਕਾਂਗੋ ਵਿੱਚ ਇਨਕਲਾਬੀ ਲਹਿਰ ਨੂੰ ਪਛਾੜ ਲੱਗਣ ਤੋਂ ਬਾਅਦ ਉਸਨੇ ਬੋਲੀਵੀਆ ਵਿੱਚ ਉੱਠ ਰਹੀ ਇਨਕਲਾਬੀ ਲਹਿਰ ਨਾਲ ਜੁੜ ਜਾਣ ਦਾ ਫੈਸਲਾ ਲਿਆ ਜੋ ਉਸਦੀ ਜ਼ਿੰਦਗੀ ਦਾ ਆਖਰੀ ਪੜਾਅ ਸਾਬਤ ਹੋਇਆ।
ਕਿਊਬਾ ਸਰਕਾਰ ਦੀ ਮਦਦ ਨਾਲ ਬੋਲੀਵੀਆ ਦੇ ਬਾਗੀ ਗੁਰੀਲਿਆਂ ਨੂੰ ਸਿਖਲਾਈ ਦੇ ਕੇ ਚੇ ਗੁਵੇਰਾ ਆਖਰ ਇਸ ਟੋਲੀ ਸਣੇ 7 ਦਸੰਬਰ, 1967 ਨੂੰ ਬੋਲੀਵੀਆ ਦਾਖਲ ਹੋਇਆ ਤੇ ਖਾਣ ਮਜ਼ਦੂਰਾਂ ਦੀ ਮਦਦ ਨਾਲ ਫੌਜੀ ਤਾਨਾਸ਼ਾਹ ਬੈਰਿਨਟੋਸ ਖਿਲਾਫ ਜੱਦੋਜਹਿਦ ਵਿੱਢ ਦਿੱਤੀ। ਬੋਲੀਵੀਆ ਵਿੱਚ ਅੱਤ ਦਰਜੇ ਦੀ ਗਰੀਬੀ, ਗੈਰ-ਬਰਾਬਰੀ ਅਤੇ ਜਾਬਰ ਤਾਨਾਸ਼ਾਹੀ ਕਾਰਨ ਲੋਕਾਂ ਵਿੱਚ ਬਾਗੀਆਂ ਲਈ ਹਮਦਰਦੀ ਤਾਂ ਸੀ ਪਰ ਦੇਸ਼ ਪੱਧਰ ’ਤੇ ਮਜ਼ਦੂਰਾਂ, ਕਿਰਤੀਆਂ ਨੂੰ ਵਿਆਪਕ ਲਹਿਰ ਵਿੱਚ ਜਥੇਬੰਦ ਨਾ ਕਰਨਾ ਤੇ ਉੱਪਰੋਂ ਕਿਊਬਾ ਦੇ ਤਜਰਬੇ ਕਾਰਨ ਹੋਰ ਚੁਕੰਨੇ ਹੋਏ ਅਮਰੀਕੀ ਸਾਮਰਾਜੀਆਂ ਵੱਲੋਂ ਬਾਗੀਆਂ ਨੂੰ ਦਬਾਉਣ ਲਈ ਅਪਣਾਏ ਹਰ ਹੱਥਕੰਡੇ ਅਤੇ ਫੌਜੀ ਤਾਨਾਸ਼ਾਹ ਨੂੰ ਦਿੱਤੀ ਭਾਰੀ ਮਦਦ ਕਾਰਨ ਗੁਵੇਰਾ ਦੇ ਬਾਗੀ ਟੋਲੇ ਨੂੰ ਜੰਗ ਵਿੱਚ ਪਛਾੜ ਲੱਗੀ ਤੇ ਬੋਲੀਵੀਆ ਦੇ ਜੰਗਲਾਂ ਵਿੱਚ ਅਮਰੀਕੀ ਫ਼ੌਜੀਆਂ ਨੇ 2000 ਦੇ ਕਰੀਬ ਸਿਪਾਹੀਆਂ ਨਾਲ ਚੇ ਨੂੰ 8 ਅਕਤੂਬਰ 1967 ਨੂੰ ਘੇਰਾ ਪਾ ਲਿਆ ਤੇ ਜ਼ਖਮੀ ਹਾਲਤ ਵਿੱਚ ਫੜ ਲਿਆ।
ਸਿਪਾਹੀਆਂ ਨੇ ਚੇ ਨੂੰ ਪੁੱਛਿਆ, “ਤੂੰ ਅਮਰ ਹੋਣ ਬਾਰੇ ਸੋਚ ਰਿਹਾ ਹੈਂ?”
ਚੇ ਨੇ ਜਵਾਬ ਦਿੱਤਾ, “ਨਹੀਂ, ਮੈਂ ਇਨਕਲਾਬ ਦੀ ਅਮਰਤਾ ਬਾਰੇ ਸੋਚ ਰਿਹਾ ਹਾਂ।”
ਛਿਣਾਂ ਵਿੱਚ ਗੋਲੀਆਂ ਦੀ ਬੁਛਾੜ ਹੋਈ ਤਾਂ ਚੇ ਸਦਾ ਲਈ ਅਮਰ ਹੋ ਗਿਆ। ਉਸਦੇ ਹੱਥ ਵੱਢ ਦਿੱਤੇ ਗਏ। ਉਹ ਹੱਥ ਲੋਕਾਂ ਨੇ ਸਾਂਭ ਕੇ ਰੱਖੇ ਹੋਏ ਹਨ।
ਬੋਲੀਵੀਆ ਦੀ ਜਾਬਰ ਫੌਜ ਨੇ ਚੇ ਗੁਵੇਰਾ ਦੀ ਲਾਸ਼ ਕਿਸੇ ਅਣਦੱਸੀ ਥਾਂ ’ਤੇ ਦਫਨਾ ਦਿੱਤੀ ਕਿਉਂ ਜੋ ਉਸਦੀ ਲਾਸ਼ ਨੂੰ ਜਨਤਕ ਕਰਨ ਜਾਂ ਵਾਪਸ ਅਰਜਨਟੀਨਾ ਜਾਂ ਕਿਊਬਾ ਭੇਜਣ ਨਾਲ ਲੋਕਾਂ ਦੇ ਜਜ਼ਬਾਤੀ ਹੋ ਕੇ ਹਕੂਮਤ ਦੇ ਵਿਰੋਧ ਵਿੱਚ ਉਮੜ ਆਉਣ ਦਾ ਖਤਰਾ ਸੀ।
ਦਹਾਕਿਆਂ ਮਗਰੋਂ ਮੌਕੇ ਦੇ ਅਫਸਰ ਦੇ ਇਕਬਾਲਨਾਮੇ ਦੇ ਅਧਾਰ ’ਤੇ ਚੇ ਦੀਆਂ ਅਸਥੀਆਂ ਦੱਸੀ ਥਾਂ ਤੋਂ ਬਰਾਮਦ ਕੀਤੀਆਂ ਗਈਆਂ ਤੇ ਉਸਦੇ ਦੂਜੇ ਘਰ ਜਾਣੀ ਕਿਊਬਾ ਲਿਜਾਈਆਂ ਗਈਆਂ। ਚੇ ਦੀ ਸ਼ਹਾਦਤ ਮਗਰੋਂ ਪੂਰੇ ਲਾਤੀਨੀ ਅਮਰੀਕਾ ਵਿੱਚ ਬੋਲੀਵੀਆ ਹਕੂਮਤ ਅਤੇ ਸਾਮਰਾਜੀ ਅਮਰੀਕਾ ਖਿਲਾਫ ਵੱਡੇ ਜਲਸੇ-ਜਲੂਸ ਹੋਏ ਤੇ ਉਹ ਪੂਰੇ ਲਾਤੀਨੀ ਅਮਰੀਕਾ ਹੀ ਨਹੀਂ ਸਗੋਂ ਦੁਨੀਆ ਭਰ ਦੇ ਹੱਕ-ਸੱਚ ਲਈ ਲੜਨ ਵਾਲੇ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































