“ਅਜਿਹੇ ਸਮੇਂ ਜ਼ਰੂਰਤ ਹੈ ਕਿ ਸਿੱਖਿਆ ਸੰਸਥਾਵਾਂ ਦੇ ਹੋ ਰਹੇ ਨਿੱਜੀਕਰਨ ...”
(27 ਜੂਨ 2027)
ਭਾਰਤ ਦਾ ਸਿੱਖਿਆ ਪ੍ਰਬੰਧ ਦਿਨੋਂ-ਦਿਨ ਨਿੱਘਰਦਾ ਜਾ ਰਿਹਾ ਹੈ। ਪ੍ਰਾਈਵੇਟ ਸਕੂਲ, ਕਾਲਜ, ਯੂਨੀਵਰਸਿਟੀਆਂ ਪਰਚੂਨ ਦੀਆਂ ਦੁਕਾਨਾਂ ਵਾਂਗ ਹਨ, ਜਿੱਥੇ ਜੇ ਤੁਹਾਡੇ ਕੋਲ ਪੈਸਾ ਹੈ ਤਾਂ ਤੁਸੀਂ ਸਿੱਖਿਆ ਰੂਪੀ ਜਿਣਸ ਖਰੀਦ ਸਕਦੇ ਹੋ, ਜੇ ਨਹੀਂ ਹੈ ਤਾਂ ਤੁਹਾਨੂੰ ਗਿਆਨ ਤੋਂ ਵਿਹੂਣਾ ਰਹਿਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਇਸੇ ਲਈ ਸਿੱਖਿਆ ਅੱਜ ਭਾਰਤ ਦੀ ਵੱਡੀ ਗਿਣਤੀ ਕਿਰਤੀ, ਗਰੀਬ ਅਬਾਦੀ ਲਈ ਹਾਸਲ ਕਰਨੀ ਦਿਨੋਂ-ਦਿਨ ਮੁਸ਼ਕਿਲ ਹੁੰਦੀ ਜਾ ਰਹੀ ਹੈ। ਪਿੱਛੇ ਜਿਹੇ ‘ਇੰਡੀਆ ਸਪੈਂਡ’ ਵੱਲੋਂ ਜਾਰੀ ਕੀਤੇ ਗਏ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸਾਡਾ ਸਿੱਖਿਆ ਪ੍ਰਬੰਧ ਕਿਸ ਤਰ੍ਹਾਂ ਸਰਮਾਏਦਾਰਾਂ ਵੱਲੋਂ ਮੁਨਾਫਾ ਕਮਾਉਣ ਦਾ ਇੱਕ ਵੱਡਾ ਅੱਡਾ ਬਣ ਚੁੱਕਾ ਹੈ। ਸਿੱਖਿਆ ਵਰਗੀ ਬੁਨਿਆਦੀ ਲੋੜ ਨੂੰ ‘ਖਰੀਦਣ-ਵੇਚਣ ਵਾਲੀ ਵਸਤੂ’ ਬਣਾ ਦਿੱਤਾ ਗਿਆ ਹੈ।
ਅੰਕੜੇ ਦੱਸਦੇ ਹਨ ਕਿ ਭਾਰਤ ਵਿੱਚ 38% ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ। ਭਾਰਤ ਵਿੱਚ ਪ੍ਰਾਈਵੇਟ ਸਕੂਲਾਂ ਦੀ ਫੀਸ ਸਰਕਾਰੀ ਸਕੂਲਾਂ ਨਾਲ਼ੋਂ ਲਗਭਗ 10 ਗੁਣਾ ਵੱਧ ਹੈ। ਇੱਕ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਦੀਆਂ ਸਕੂਲੀ ਵਰਤੋਂ ਵਾਲੀਆਂ ਚੀਜ਼ਾਂ ਦਾ ਔਸਤ 2,863 ਰੁਪਏ ਸਲਾਨਾ ਖਰਚ ਹੁੰਦਾ ਹੈ, ਜਦਕਿ ਪ੍ਰਾਈਵੇਟ ਸਕੂਲ ਵਿੱਚ ਇਹ ਅੰਕੜਾ 28,693 ਰੁਪਏ ਤਕ ਪਹੁੰਚ ਜਾਂਦਾ ਹੈ। ਇਹ ਸਿਰਫ ਫੀਸਾਂ ਦਾ ਫਰਕ ਨਹੀਂ ਹੈ, ਸਗੋਂ ਇਹ ਉਸ ਪਾੜੇ ਨੂੰ ਦਰਸਾਉਂਦਾ ਹੈ ਜੋ ਸਰਮਾਏਦਾਰਾ ਪ੍ਰਬੰਧ ਨੇ ਅਮੀਰ ਅਤੇ ਗਰੀਬ ਵਿਚਕਾਰ ਪੈਦਾ ਕਰ ਦਿੱਤਾ ਹੈ।
ਇਸ ਤੋਂ ਵੀ ਵੱਧ ਭਿਆਨਕ ਹਾਲਤ ‘ਕੋਚਿੰਗ ਸੈਂਟਰਾਂ’ ਦੀ ਹੈ। ਪ੍ਰਾਇਮਰੀ ਪੱਧਰ ’ਤੇ 10 ਵਿੱਚੋਂ ਇੱਕ ਵਿਦਿਆਰਥੀ ਕੋਚਿੰਗ ਲੈਣ ਜਾ ਰਿਹਾ ਹੈ ਅਤੇ ਸੈਕੰਡਰੀ ਪੱਧਰ ’ਤੇ 10 ਵਿੱਚੋਂ 4 ਵਿਦਿਆਰਥੀ ਕੋਚਿੰਗ ਲੈ ਰਹੇ ਹਨ। ਜਿਵੇਂ-ਜਿਵੇਂ ਵਿਦਿਆਰਥੀ ਉੱਚੇ ਪੱਧਰ ’ਤੇ ਪਹੁੰਚਦੇ ਹਨ, ਕੋਚਿੰਗ ਦਾ ਖਰਚਾ ਵਧਦਾ ਜਾਂਦਾ ਹੈ। ਇਹ ਸਾਬਤ ਕਰਦਾ ਹੈ ਕਿ ਪ੍ਰਾਈਵੇਟ ਸਕੂਲ ਆਪਣੇ ਆਪ ਵਿੱਚ ਕਾਫੀ ਨਹੀਂ ਹਨ, ਸਗੋਂ ਸਕੂਲੀ ਖਰਚੇ ਦੇ ਨਾਲ-ਨਾਲ ਮਹਿੰਗੀ ਕੋਚਿੰਗ ਦੇ ਖਰਚਿਆਂ ਦਾ ਭਾਰ ਵੀ ਮਾਪਿਆਂ ਨੂੰ ਚੁੱਕਣਾ ਪੈਂਦਾ ਹੈ।
ਸਰਕਾਰੀ ਸਿੱਖਿਆ ਪ੍ਰਬੰਧ ਦਾ ਨਿਘਾਰ ਕੋਈ ਕੁਦਰਤੀ ਘਟਨਾ ਨਹੀਂ ਹੈ, ਸਗੋਂ ਇਹ ਇੱਕ ਮੁਨਾਫਾ ਅਧਾਰਿਤ ਨੀਤੀ ਦਾ ਨਤੀਜਾ ਹੈ। ਸਰਕਾਰਾਂ ਵੱਲੋਂ ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਨੂੰ ਫੰਡ ਨਾ ਦੇਣਾ, ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਰੱਖਣਾ ਅਤੇ ਬੁਨਿਆਦੀ ਢਾਂਚੇ ਨੂੰ ਖਸਤਾ ਹਾਲਤ ਵਿੱਚ ਛੱਡ ਦੇਣਾ ਇਹ ਦਰਸਾਉਂਦਾ ਹੈ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਆਮ ਲੋਕ ਮਜਬੂਰ ਹੋ ਕੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਣ। ਪੜ੍ਹਾਉਣ ਤੋਂ ਸਿਵਾਏ ਸਰਕਾਰੀ ਅਧਿਆਪਕਾਂ ਤੋਂ ਸਭ ਕੰਮ ਕਰਵਾਏ ਜਾਂਦੇ ਹਨ। ਕਦੇ ਚੋਣ ਡਿਊਟੀਆਂ, ਜਨਗਣਨਾ ਵਿੱਚ ਡਿਊਟੀ, ਫਾਲਤੂ ਕਾਗਜ਼ੀ ਕੰਮਾਂ ਦਾ ਬੋਝ ਅਧਿਆਪਕਾਂ ਉੱਪਰ ਲੱਦ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਕੁਝ ਸਿੱਖ ਨਾ ਜਾਣ। ਮੌਜੂਦਾ ਸਮੇਂ ਸਰਕਾਰੀ ਸਕੂਲਾਂ ਦੀ ਜੋ ਹਾਲਤ ਹੈ (ਖਸਤਾਹਾਲ ਇਮਾਰਤਾਂ, ਸਾਫ ਪਾਣੀ ਤੇ ਸਾਫ ਬਾਥਰੂਮਾਂ ਦੀ ਘਾਟ, ਪੱਖਿਆਂ ਦੀ ਘਾਟ, ਅਧਿਆਪਕਾਂ ਦੀਆਂ ਅਸਾਮੀਆਂ ਦਾ ਖਾਲੀ ਹੋਣਾ ਆਦਿ) ਤਾਂ ਕੋਈ ਵੀ ਵਿਅਕਤੀ ਆਪਣੇ ਬੱਚੇ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਤੋਂ ਕਤਰਾਉਂਦਾ ਹੈ। ਅੱਜ ਕੱਲ੍ਹ ਸਿਰਫ ਉਹ ਹੀ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਂਦੇ ਹਨ ਜੋ ਪ੍ਰਾਈਵੇਟ ਸਕੂਲਾਂ ਦੀਆਂ ਮਹਿੰਗੀਆਂ ਫੀਸਾਂ ਤਾਰਨ ਤੋਂ ਅਸਮਰੱਥ ਹਨ। ਪ੍ਰਾਈਵੇਟ ਵਿੱਚ ਮਹਿੰਗੀਆਂ ਫੀਸਾਂ ਤਾਰਨ ਵਾਲਿਆਂ ਦੇ ਬੱਚੇ ਵੀ ਚੰਗੀ ਸਿੱਖਿਆ ਤੋਂ ਦੂਰ ਹੀ ਹਨ ਕਿਉਂਕਿ ਪ੍ਰਾਈਵੇਟ ਅਦਾਰਿਆਂ ਨੂੰ ਸਿਰਫ ਆਪਣੀਆਂ ਫੀਸਾਂ ਤਕ ਮਤਲਬ ਹੈ, ਸਿੱਖਿਆ ਦਾ ਮਿਆਰ ਪ੍ਰਾਈਵੇਟ ਅਦਾਰਿਆਂ ਵਿੱਚ ਵੀ ਮਾੜਾ ਹੀ ਹੈ।
ਸਿੱਖਿਆ ਨੂੰ ‘ਨਿਵੇਸ਼’ ਵਜੋਂ ਦੇਖਿਆ ਜਾਂਦਾ ਹੈ। ਮਾਪੇ ਬੱਚੇ ਦੀ ਪੜ੍ਹਾਈ ’ਤੇ ਖਰਚ ਕਰਦੇ ਹਨ ਤਾਂ ਜੋ ਉਹ ਵੱਡੀ ਡਿਗਰੀ ਲੈ ਕੇ ਉੱਚੀ ਤਨਖਾਹ ਵਾਲੀ ਨੌਕਰੀ ਪ੍ਰਾਪਤ ਕਰਕੇ ਉਹਨਾਂ ਦਾ ਨਿਵੇਸ਼ ਕੀਤਾ ਹੋਇਆ ਧਨ ਵਾਪਸ ਮੋੜ ਦੇਣ। ਇੱਕ ਦੂਜੇ ਨੂੰ ਪਛਾੜਨ ਦੀ ਦੌੜ ਵਿੱਚ ਵਿਦਿਆਰਥੀ ਦੀ ਰਚਨਾਤਮਕਤਾ, ਉਸਦੀ ਮੌਲਿਕ ਸੋਚ ਅਤੇ ਉਸਦਾ ਸਮਾਜਿਕ ਰੋਲ ਕਿਤੇ ਪਿੱਛੇ ਛੁੱਟ ਜਾਂਦਾ ਹੈ। ਇਹ ਸਿੱਖਿਆ ਪ੍ਰਬੰਧ ਇਸ ਮੁਨਾਫਾਖੋਰ ਢਾਂਚੇ ਨੂੰ ਕਾਇਮ ਰੱਖਣ ਲਈ ਹੀ ਕੰਮ ਕਰਦਾ ਹੈ। ਇਸ ਸਿੱਖਿਆ ਪ੍ਰਬੰਧ ਜ਼ਰੀਏ ਅਜਿਹੇ ਪੁਰਜ਼ੇ ਤਿਆਰ ਕੀਤੇ ਜਾਂਦੇ ਹਨ ਜੋ ਗੋਡਿਆਂ ਭਾਰ ਰਹਿ ਕੇ ਹਕੂਮਤ ਕਰਨ ਵਾਲੀ ਜਮਾਤ ਦੀ ਚਾਕਰੀ ਕਰਦੇ ਹਨ।
ਸਿੱਖਿਆ ਕਿਸੇ ਵੀ ਸਮਾਜ ਦੀ ਨੀਂਹ ਹੁੰਦੀ ਹੈ। ਜਦੋਂ ਸਿੱਖਿਆ ਨੂੰ ਮੁਨਾਫੇ ਦਾ ਸਾਧਨ ਬਣਾ ਕੇ ਸਿੱਖਿਆ ਦਾ ਘਾਣ ਕੀਤਾ ਜਾਂਦਾ ਹੈ ਤਾਂ ਇਹ ਅਸਲ ਵਿੱਚ ਉਸ ਸਮਾਜ ਦਾ ਹੀ ਘਾਣ ਹੈ। ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਵਿਗਿਆਨ, ਇਤਿਹਾਸ, ਤਰਕ ਨੂੰ ਅਧਾਰ ਬਣਾਉਣ ਦੀ ਥਾਵੇਂ ਸਰਕਾਰ ਮਿਥਿਹਾਸ, ਰੂੜ੍ਹੀਵਾਦ ਨੂੰ ਅਧਾਰ ਬਣਾਉਣ ’ਤੇ ਲੱਗੀ ਹੋਈ ਹੈ। ਸਰਕਾਰੀ ਸੰਸਥਾਵਾਂ ਨੂੰ ਖੋਰਾ ਲਾ ਕੇ ਸਰਕਾਰ ਸਿੱਖਿਆ ਪ੍ਰਾਈਵੇਟ ਅਦਾਰਿਆਂ ਦੇ ਮਾਲਕਾਂ ਦੇ ਹੱਕ ਵਿੱਚ ਜਾ ਖੜ੍ਹਦੀ ਹੈ, ਉਹਨਾਂ ਦੇ ਪੱਖ ਵਿੱਚ ਕਾਨੂੰਨ ਬਣਾਏ ਜਾ ਰਹੇ ਹਨ। ਮੋਦੀ ਸਰਕਾਰ ਦੁਆਰਾ ਲਿਆਂਦੀ ‘ਨਵੀਂ ਸਿੱਖਿਆ ਨੀਤੀ-2020’ ਸਿੱਧਾ-ਸਿੱਧਾ ਨਿੱਜੀਕਰਨ ਦੀ ਹਿਮਾਇਤ ਕਰਦੀ ਹੈ, ਨਿੱਜੀ ਸਿੱਖਿਆ ਸੰਸਥਾਵਾਂ ਦੀ ਉਸਾਰੀ ਲਈ ਨਿੱਜੀ ਘਰਾਣਿਆਂ ਨੂੰ ਰਿਆਇਤਾਂ ਦੇਣ ਦੀ ਗੱਲ ਕਰਦੀ ਹੈ। ਇਸ ਤੋਂ ਸਪਸ਼ਟ ਹੈ ਕਿ ਸਰਕਾਰ ਆਮ ਲੋਕਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਕਿੰਨੀ ਕੁ ਫਿਕਰਮੰਦ ਹੈ।
ਨਿੱਜੀਕਰਨ ਅਤੇ ਵਪਾਰੀਕਰਨ ਦੀਆਂ ਨੀਤੀਆਂ ਤਹਿਤ ਵੱਡੀ ਗਿਣਤੀ ਵਿਦਿਆਰਥੀ ਸਿੱਖਿਆ ਖੇਤਰ ਤੋਂ ਬਾਹਰ ਹੋ ਰਹੇ ਹਨ। ਦਿਹਾੜੀਦਾਰ ਬੰਦਾ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰਾਈਵੇਟ ਅਦਾਰਿਆਂ ਦੀਆਂ ਲੱਖਾਂ ਦੀਆਂ ਫੀਸਾਂ ਕਿਸੇ ਵੀ ਹਾਲਤ ਵਿੱਚ ਨਹੀਂ ਤਾਰ ਸਕਦਾ। ਅਜਿਹੇ ਸਮੇਂ ਜ਼ਰੂਰਤ ਹੈ ਕਿ ਸਿੱਖਿਆ ਸੰਸਥਾਵਾਂ ਦੇ ਹੋ ਰਹੇ ਨਿੱਜੀਕਰਨ, ਵਪਾਰੀਕਰਨ ਦਾ ਵਿਰੋਧ ਵਿਦਿਆਰਥੀ ਅਤੇ ਆਮ ਲੋਕਾਈ ਡਟ ਕੇ ਕਰਨ। ਨਾਲ ਹੀ ਵਿਦਿਆਰਥੀਆਂ ਅਤੇ ਲੋਕਾਂ ਨੂੰ ਸਿੱਖਿਆ ਵਿੱਚ ਆਏ ਨਿਘਾਰ ਨੂੰ ਸੁਧਾਰਨ ਲਈ ਵੀ ਸੰਘਰਸ਼ ਕਰਨ ਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































