“ਜਾਗਰੂਕ ਹੋਵੋ, ਸੁਰੱਖਿਅਤ ਬਣੋ, ਸਾਵਧਾਨ ਰਹੋ, ਕਿਉਂਕਿ ਤੁਹਾਡੀ ਇੱਕ ...”
(28 ਅਕਤੂਬਰ 2026)
ਜਿਸ ਤੇਜ਼ੀ ਨਾਲ ਅੱਜ ਭਾਰਤ ਡਿਜਿਟਲ ਇੰਡੀਆ ਵਲ ਵਧ ਰਿਹਾ ਹੈ ਉਸੇ ਤੇਜ਼ੀ ਨਾਲ ਡਿਜਿਟਲ ਪੇਮੈਂਟ ਦੇ ਖਤਰੇ ਵੀ ਵਧ ਰਹੇ ਹਨ। ਅਸੀਂ ਰੁਜ਼ਾਨਾ ਸੁਣਦੇ ਹਾਂ ਕਿ ਭਾਰਤ ਵਿੱਚ UPI ਨੇ ਦੁਨੀਆ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਹਰ ਮਹੀਨੇ 15 ਹਜ਼ਾਰ ਕਰੋੜ ਤੋਂ ਵੱਧ ਟਰਾਂਜ਼ੈਕਸ਼ਨ ਹੋ ਰਹੀਆਂ ਹਨ। ਹਰ ਛੋਟੀ ਤੋਂ ਛੋਟੀ ਰੇਹੜੀ ਤੋਂ ਲੈ ਕੇ ਵੱਡੇ ਤੋਂ ਵੱਡੇ ਸ਼ੋਅਰੂਮ ਤਕ QR Code ਲੱਗਾ ਹੋਇਆ ਹੈ। ਸਰਕਾਰ ਵੀ ਕਹਿ ਰਹੀ ਹੈ ਕਿ ਕੈਸ਼ਲੈੱਸ ਬਣੋ। ਪਰ ਇਸ ਚਮਕ-ਦਮਕ ਦੇ ਪਿੱਛੇ ਜੋ ਹਨੇਰਾ ਹੈ, ਉਹ ਬਹੁਤ ਸੰਘਣਾ ਹੈ।
ਪਹਿਲੀ ਸਭ ਤੋਂ ਵੱਡੀ ਚੁਣੌਤੀ ਹੈ ਸਾਈਬਰ ਕ੍ਰਾਈਮ, ਜਿਸਨੂੰ ਆਮ ਭਾਸ਼ਾ ਵਿੱਚ ਠੱਗੀ ਕਿਹਾ ਜਾਂਦਾ ਹੈ। ਰੁਜ਼ਾਨਾ ਪੰਜਾਬ, ਹਰਿਆਣਾ, ਹਿਮਾਚਲ ਅਤੇ ਪੂਰੇ ਭਾਰਤ ਵਿੱਚ ਹਜ਼ਾਰਾਂ ਲੋਕ ਠੱਗੇ ਜਾ ਰਹੇ ਹਨ। ਠੱਗੀ ਲਈ ਨਵੇਂ-ਨਵੇਂ ਤਰੀਕੇ ਵਰਤੇ ਜਾਂਦੇ ਹਨ। ਕਦੇ ਫੋਨ ਆਉਂਦਾ ਹੈ ਕਿ ਮੈਂ ਬੈਂਕ ਮੈਨੇਜਰ ਬੋਲ ਰਿਹਾ ਹਾਂ ਤੁਹਾਡਾ ਖਾਤਾ ਬੰਦ ਹੋ ਜਾਵੇਗਾ OTP ਦੱਸੋ। ਕਦੇ ਸੁਨੇਹਾ ਆਉਂਦਾ ਹੈ ਕਿ ਤੁਹਾਡੀ ਬਿਜਲੀ ਕੱਟੀ ਜਾ ਰਹੀ ਹੈ, ਇਸ ਲਿੰਕ ’ਤੇ ਕਲਿੱਕ ਕਰਕੇ ਬਿੱਲ ਭਰੋ। ਕਦੇ ਵਟਸਐਪ ’ਤੇ ਲਿੰਕ ਆਉਂਦਾ ਹੈ ਕਿ ਤੁਹਾਨੂੰ 50 ਹਜ਼ਾਰ ਦਾ ਇਨਾਮ ਲੱਗਾ ਹੈ। ਕਦੇ ਕਿਹਾ ਜਾਂਦਾ ਹੈ ਕਿ ਮੈਂ ਤੁਹਾਡਾ ਬੇਟਾ ਹਾਂ ਮੇਰਾ ਐਕਸੀਡੈਂਟ ਹੋ ਗਿਆ ਹੈ ਪੈਸੇ ਭੇਜੋ। ਕਦੇ OLX ’ਤੇ ਫੌਜੀ ਬਣ ਕੇ ਠੱਗੀ ਕੀਤੀ ਜਾਂਦੀ ਹੈ, ਕਦੇ ਫੇਕ UPI ID ਭੇਜ ਕੇ ਪੈਸੇ ਮੰਗਣ ਦੀ ਥਾਂ ਪੈਸੇ ਕੱਟਣ ਵਾਲੀ Request ਭੇਜ ਦਿੱਤੀ ਜਾਂਦੀ ਹੈ ਜਿਸਨੂੰ ਲੋਕ ਭੋਲੇਪਨ ਵਿੱਚ Accept ਕਰ ਲੈਂਦੇ ਹਨ। ਇਹ ਸਾਰੇ ਤਰੀਕੇ ਇੰਨੇ ਚਲਾਕੀ ਭਰੇ ਹਨ ਕਿ ਪੜ੍ਹਿਆ-ਲਿਖਿਆ ਬੰਦਾ ਵੀ ਫਸ ਜਾਂਦਾ ਹੈ।
ਦੂਜੀ ਚੁਣੌਤੀ ਹੈ ਡਿਜਿਟਲ ਅਨਪੜ੍ਹਤਾ। ਸਾਡੇ ਦੇਸ਼ ਵਿੱਚ ਅਜੇ ਵੀ ਕਰੋੜਾਂ ਲੋਕ ਅਜਿਹੇ ਹਨ ਜਿਨ੍ਹਾਂ ਨੇ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ। ਬਜ਼ੁਰਗਾਂ ਨੂੰ, ਪੇਂਡੂ ਲੋਕਾਂ ਨੂੰ, ਕਿਸਾਨਾਂ ਨੂੰ UPI, QR, PIN, OTP, CVV ਵਿੱਚਲੇ ਫਰਕ ਦਾ ਪਤਾ ਨਹੀਂ ਹੁੰਦਾ, ਉਨ੍ਹਾਂ ਨੂੰ ਲਗਦਾ ਹੈ ਕਿ ਮੋਬਾਇਲ ’ਤੇ ਜੋ ਵੀ ਆਵੇ, ਉਹ ਸਰਕਾਰ ਦਾ ਮੈਸੇਜ ਹੈ। ਇਸੇ ਅਨਪੜ੍ਹਤਾ ਦਾ ਫਾਇਦਾ ਠੱਗ ਚੁੱਕਦੇ ਹਨ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਸਹੀ ਪੇਮੈਂਟ ਹੋਣ ’ਤੇ ਕਿਹੜੀ ਅਵਾਜ਼ ਆਉਂਦੀ ਹੈ ਤੇ ਗਲਤ ਸਕਰੀਨਸ਼ਾਟ ਕਿਹੋ ਜਿਹਾ ਹੁੰਦਾ ਹੈ। ਅੱਜਕੱਲ੍ਹ ਨਕਲੀ ਪੇਮੈਂਟ ਸਕਰੀਨਸ਼ਾਟ ਬਣਾਉਣ ਵਾਲੀਆਂ ਐਪਾਂ ਆ ਗਈਆਂ ਹਨ। ਦੁਕਾਨਦਾਰ ਨੂੰ ਦਿਖਾਇਆ ਜਾਂਦਾ ਹੈ ਕਿ ਦੇਖੋ ਮੈਂ ਪੈਸੇ ਭੇਜ ਦਿੱਤੇ ਹਨ ਪਰ ਅਸਲ ਵਿੱਚ ਖਾਤੇ ਵਿੱਚ ਇੱਕ ਰੁਪਇਆ ਵੀ ਨਹੀਂ ਆਇਆ ਹੁੰਦਾ। ਇਸ ਨਾਲ ਛੋਟੇ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
ਤੀਜੀ ਚੁਣੌਤੀ ਹੈ ਤਕਨੀਕੀ ਢਾਂਚੇ ਦੀ ਕਮਜ਼ੋਰੀ ਹੈ। ਡਿਜਿਟਲ ਪੇਮੈਂਟ ਦਾ ਸਾਰਾ ਦਾਰੋਮਦਾਰ ਇੰਟਰਨੈੱਟ, ਬਿਜਲੀ ਅਤੇ ਸਰਵਰ’ ਤੇ ਹੈ। ਪੇਂਡੂ ਖੇਤਰਾਂ ਵਿੱਚ ਅਜੇ ਵੀ ਇੰਟਰਨੈੱਟ ਬਹੁਤ ਹੌਲੀ ਹੈ। ਕਈ ਵਾਰ ਪੇਮੈਂਟ ਕਰਦੇ-ਕਰਦੇ ਵਿਚਾਲੇ ਹੀ ਨੈੱਟ ਚਲਾ ਜਾਂਦਾ ਹੈ। ਪੈਸਾ ਦੇਣ ਵਾਲੇ ਦੇ ਅਕਾਊਂਟ ਵਿੱਚੋਂ ਨਿਕਲ ਜਾਂਦਾ ਹੈ ਪਰ ਦੂਜੇ ਪਾਸੇ ਮਿਲਣ ਵਾਲੇ ਨੂੰ ਮਿਲਦਾ ਨਹੀਂ। ਫਿਰ 48 ਘੰਟੇ ਤਕ ਉਹ ਪੈਸਾ ਹੋਲਡ ਵਿੱਚ ਰਹਿੰਦਾ ਹੈ। ਇਸ ਨਾਲ ਗਾਹਕ ਅਤੇ ਦੁਕਾਨਦਾਰ ਵਿਚਾਲੇ ਝਗੜਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਬੈਂਕਾਂ ਦੇ ਸਰਵਰ ਡਾਊਨ ਹੋ ਜਾਂਦੇ ਹਨ। ਤਿਉਹਾਰਾਂ ਵਾਲੇ ਦਿਨੀਂ ਲੋਡ ਵੱਧ ਹੋਣ ਕਾਰਨ UPI ਫੇਲ੍ਹ ਹੋਣਾ ਆਮ ਗੱਲ ਹੋ ਗਈ ਹੈ। ਉਸ ਸਮੇਂ ਜੇ ਜੇਬ ਵਿੱਚ ਨਕਦ ਨਾ ਹੋਵੇ ਤਾਂ ਬੰਦਾ ਬੇਵੱਸ ਹੋ ਜਾਂਦਾ ਹੈ।
ਚੌਥੀ ਚੁਣੌਤੀ ਹੈ ਡਾਟਾ ਦੀ ਚੋਰੀ ਅਤੇ ਨਿੱਜਤਾ ਦਾ ਖਤਮ ਹੋਣਾ। ਤੁਸੀਂ ਅੱਜ ਕੀ ਖਰੀਦਿਆ, ਕਿੱਥੇ ਗਏ, ਕਿਸ ਹੋਟਲ ਵਿੱਚ ਖਾਧਾ, ਕਿਹੜੀ ਦਵਾਈ ਲਈ, ਇਹ ਸਾਰੀ ਜਾਣਕਾਰੀ ਤੁਹਾਡੀ ਪੇਮੈਂਟ ਐਪ ਕੰਪਨੀ ਕੋਲ ਚਲੀ ਜਾਂਦੀ ਹੈ। ਇਹ ਕੰਪਨੀਆਂ ਇਸ ਡਾਟਾ ਨੂੰ ਵੇਚ ਕੇ ਅਰਬਾਂ ਰੁਪਏ ਕਮਾਉਂਦੀਆਂ ਹਨ। ਤੁਹਾਨੂੰ ਫਿਰ ਉਸੇ ਚੀਜ਼ ਦੇ ਇਸ਼ਤਿਹਾਰ ਦਿਖਾਈ ਦਿੰਦੇ ਹਨ। ਕੱਲ੍ਹ ਨੂੰ ਇਹੀ ਡਾਟਾ ਸਰਕਾਰਾਂ ਜਾਂ ਗਲਤ ਹੱਥਾਂ ਵਿੱਚ ਚਲਾ ਗਿਆ ਤਾਂ ਤੁਹਾਡੀ ਪੂਰੀ ਜ਼ਿੰਦਗੀ ਦਾ ਨਕਸ਼ਾ ਉਨ੍ਹਾਂ ਕੋਲ ਹੋਵੇਗਾ।
ਪੰਜਵੀਂ ਚੁਣੌਤੀ ਹੈ ਖਰਚ ਕਰਨ ਦੀ ਆਦਤ ਦਾ ਵਿਗੜਨਾ। ਜਦੋਂ ਹੱਥ ਵਿੱਚ ਨੋਟ ਹੁੰਦਾ ਸੀ ਤਾਂ ਖਰਚਣ ਵੇਲੇ ਦਿਲ ਵਿੱਚ ਦਰਦ ਹੁੰਦਾ ਸੀ। ਹੁਣ ਸਿਰਫ ਇੱਕ ਉਂਗਲ ਦੀ ਛੋਹ ਨਾਲ ਹਜ਼ਾਰਾਂ ਰੁਪਏ ਉਡ ਜਾਂਦੇ ਹਨ। ਨੌਜਵਾਨਾਂ ਵਿੱਚ ਇਸ ਨਾਲ ਫਿਜ਼ੂਲਖਰਚੀ ਬਹੁਤ ਵਧ ਗਈ ਹੈ, ਹੁਣ ਤਾਂ Buy Now Pay Later, Credit Card, Instant Loan ਐਪਾਂ ਨੇ ਨੌਜਵਾਨਾਂ ਨੂੰ ਕਰਜ਼ੇ ਦੇ ਜਾਲ਼ ਵਿੱਚ ਫਸਾ ਦਿੱਤਾ ਹੈ। 5000 ਦਾ ਕਰਜ਼ਾ ਲੈ ਕੇ 15000 ਬਿਆਜ ਭਰਨਾ ਪੈ ਰਿਹਾ ਹੈ। ਬਹੁਤ ਸਾਰੇ ਨੌਜਵਾਨ ਇਸ ਕਰਜ਼ੇ ਕਰਕੇ ਖੁਦਕੁਸ਼ੀ ਕਰਨ ਤਕ ਚਲੇ ਜਾਂਦੇ ਹਨ।
ਛੇਵੀਂ ਚੁਣੌਤੀ ਹੈ ਛੋਟੇ ਵਪਾਰੀਆਂ ਉੱਤੇ ਵਾਧੂ ਖਰਚਾ। ਹਰ ਡਿਜਿਟਲ ਟਰਾਂਜੈਕਸ਼ਨ ’ਤੇ ਭਾਵੇਂ ਕਹਿਣ ਨੂੰ ਜ਼ੀਰੋ ਫੀਸ ਹੈ ਪਰ ਅਸਲ ਵਿੱਚ Payment Gateway, QR Soundbox ਦਾ ਕਿਰਾਇਆ, ਇੰਟਰਨੈੱਟ ਦਾ ਬਿੱਲ, ਅਤੇ ਕਈ ਵਾਰ MDR ਚਾਰਜ ਦੁਕਾਨਦਾਰ ਨੂੰ ਹੀ ਭਰਨਾ ਪੈਂਦਾ ਹੈ। ਸੱਤਵੀਂ ਚੁਣੌਤੀ ਹੈ ਕਾਨੂੰਨੀ ਮਦਦ ਦਾ ਨਾ ਮਿਲਣਾ। ਜੇ ਤੁਹਾਡੀ ਜੇਬ ਕੱਟੀ ਜਾਵੇ ਤਾਂ ਤੁਸੀਂ ਥਾਣੇ ਜਾ ਸਕਦੇ ਹੋ, ਪਰ ਜੇ ਤੁਹਾਡਾ ਡਿਜਿਟਲ ਖਾਤਾ ਖਾਲੀ ਹੋ ਜਾਵੇ ਤਾਂ ਪਤਾ ਹੀ ਨਹੀਂ ਲਗਦਾ ਕਿ ਕਿੱਥੇ ਜਾਈਏ। ਸਾਈਬਰ ਸੈੱਲ ਵਿੱਚ ਰਿਪੋਰਟ ਕਰੋ ਤਾਂ ਮਹੀਨਿਆਂ ਤਕ ਸੁਣਵਾਈ ਨਹੀਂ ਹੁੰਦੀ। ਬੈਂਕ ਕਹਿੰਦਾ ਹੈ ਇਹ ਸਾਡੀ ਜ਼ਿੰਮੇਵਾਰੀ ਨਹੀਂ। ਪੁਲਿਸ ਕਹਿੰਦੀ ਹੈ ਪੈਸਾ ਬਾਹਰ ਦੇ ਰਾਜ ਵਿੱਚ ਚਲਾ ਗਿਆ।
ਅੱਠਵੀਂ ਚੁਣੌਤੀ ਹੈ ਬੱਚਿਆਂ ਅਤੇ ਨੌਜਵਾਨਾਂ ਵਿੱਚ ਗੇਮਿੰਗ ਅਤੇ ਜੂਏ ਦੀ ਲਤ। ਫ੍ਰੀ ਫਾਇਰ, ਡਰੀਮ 11 ਵਰਗੀਆਂ ਐਪਾਂ ਵਿੱਚ ਬੱਚੇ ਮਾਪਿਆਂ ਦੇ ਫੋਨ ਤੋਂ ਹਜ਼ਾਰਾਂ ਰੁਪਏ ਦੀ ਪੇਮੈਂਟ ਕਰ ਦਿੰਦੇ ਹਨ, ਮਾਪਿਆਂ ਨੂੰ ਪਤਾ ਹੀ ਨਹੀਂ ਲਗਦਾ। ਨੌਂਵੀਂ ਚੁਣੌਤੀ ਹੈ ਭਰੋਸੇ ਦਾ ਸੰਕਟ, ਜਦੋਂ ਇੱਕ ਵਾਰ ਕਿਸੇ ਨਾਲ ਫਰਾਡ ਹੁੰਦਾ ਹੈ ਤਾਂ ਉਹ ਜ਼ਿੰਦਗੀ ਭਰ ਡਿਜਿਟਲ ਪੇਮੈਂਟ ਤੋਂ ਡਰਦਾ ਹੈ, ਉਹ ਦੁਬਾਰਾ ਕੈਸ਼ ਵਲ ਮੁੜ ਜਾਂਦਾ ਹੈ, ਇਸ ਨਾਲ ਡਿਜਿਟਲ ਇੰਡੀਆ ਦਾ ਸੁਪਨਾ ਟੁੱਟਦਾ ਹੈ। ਹੱਲ ਕੀ ਹੈ? ਹੱਲ ਇਹ ਹੈ ਕਿ ਸਰਕਾਰ ਨੂੰ ਹਰ ਪਿੰਡ, ਹਰ ਸਕੂਲ, ਹਰ ਪੰਚਾਇਤ ਵਿੱਚ ਡਿਜਿਟਲ ਜਾਗਰੂਕਤਾ ਕੈਂਪ ਲਾਉਣੇ ਚਾਹੀਦੇ ਹਨ, ਬਜ਼ੁਰਗਾਂ ਨੂੰ ਸਿਖਾਉਣਾ ਚਾਹੀਦਾ ਹੈ ਕਿ OTP ਕਿਸੇ ਨੂੰ ਨਹੀਂ ਦੇਣਾ, ਕਿਸੇ ਅਣਜਾਣ ਲਿੰਕ ’ਤੇ ਕਲਿੱਕ ਨਹੀਂ ਕਰਨਾ, ਹਰ ਪੇਮੈਂਟ ਤੋਂ ਬਾਅਦ ਬੈਲੈਂਸ ਚੈੱਕ ਕਰਨਾ ਹੈ। ਦੋ ਫੈਕਟਰ ਵਾਲੀ ਸੁਰੱਖਿਆ ਲਾਉਣੀ ਵਰਤਣੀ ਚਾਹੀਦੀ ਹੈ। ਆਪਣੇ ਫੋਨ ਵਿੱਚ ਸਕਰੀਨ ਲਾਕ ਅਤੇ ਐਪ ਲਾਕ ਲਾਉਣਾ ਚਾਹੀਦਾ ਹੈ।
ਬੈਂਕਾਂ ਨੂੰ ਚਾਹੀਦਾ ਹੈ ਕਿ ਫਰਾਡ ਦਾ ਪੈਸਾ 24 ਘੰਟੇ ਵਿੱਚ ਵਾਪਸ ਕਰਨ ਦਾ ਨਿਯਮ ਸਖਤੀ ਨਾਲ ਲਾਗੂ ਕਰਨ। ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਡਿਜਿਟਲ ਪੇਮੈਂਟ ਸਹੂਲਤ ਲਈ ਹੈ, ਗੁਲਾਮੀ ਲਈ ਨਹੀਂ। ਕੈਸ਼ ਵੀ ਆਪਣੇ ਕੋਲ਼ ਰੱਖੋ। ਜਾਗਰੂਕ ਹੋਵੋ, ਸੁਰੱਖਿਅਤ ਬਣੋ, ਸਾਵਧਾਨ ਰਹੋ, ਕਿਉਂਕਿ ਤੁਹਾਡੀ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡੀ ਸਾਰੀ ਉਮਰ ਦੀ ਕਮਾਈ ਖਤਮ ਕਰ ਸਕਦੀ ਹੈ। ਡਿਜਿਟਲ ਬਣੋ ਪਰ ਦਿਮਾਗ ਨਾਲ ਬਣੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































