“ਨਫ਼ਰਤ ਦਾ ਬਾਜ਼ਾਰ ਕਦੋਂ ਤਕ ਚੱਲੇਗਾ ... ... ਇਹ ਖੂਨੀ ਕੰਮ-ਕਾਰ ਕਦੋਂ ਤਕ ਚੱਲੇਗਾ। ...”
(5 ਮਈ 2025)
1.
ਦਿਲ ’ਚੋਂ ਉੱਠਦਾ ਰੋਹ ਦਾ ਤੁਫਾਨ ਹੈ।
ਕਿਉਂ ਗੁੱਲ ਦਾ ਜਿਸਮ ਲਹੂ-ਲੁਹਾਣ ਹੈ?
ਮੌਤ ਦੀ ਬਰਸਾਤ ਕਰਦਾ ਅੰਬਰੋਂ
ਕਿਉਂ ਬੰਦਾ ਬਣ ਗਿਆ ਹੈਵਾਨ ਹੈ?
ਪਿੰਡ ਤਾਈਂ ਖਾ ਰਿਹਾ ਹੈ ਸ਼ਹਿਰ ਉੱਫ!
ਸ਼ਹਿਰ ਤਾਈਂ ਖਾ ਰਿਹਾ ਸ਼ਮਸ਼ਾਨ ਹੈ।
ਕੌਣ ਕਤਲ ਕਰ ਰਿਹਾ ਮੁੜ੍ਹਕੇ ਦੀ ਮਹਿਕ
ਹੱਥ ’ਚ ਕਿਸ ਦੇ ਜਬਰ ਦੀ ਕਿਰਪਾਨ ਹੈ?
ਗੀਤ ਗਾਉਂਦੇ ਪੰਛੀ ਗ਼ਾਇਬ ਹੋ ਗਏ
ਬਾਗ ਬਣਿਆ ਜਾਪੇ ਬੀਆਬਾਨ ਹੈ।
ਹਾਇ! ਧਰਤੀ ਭੱਠ ਵਾਂਙੂੰ ਤਪ ਰਹੀ
ਹੋਇਆ ਨਖਸਲਤਾਨ, ਰੇਗਿਸਤਾਨ ਹੈ।
ਦੁੱਧ ਚੁੰਘਦੇ ਬਾਲ ਝੁਲਸਣ ਅੱਗ ਵਿਚ
ਵੇਖੋ! ਭਖਿਆ ਯੁੱਧ ਦਾ ਮੈਦਾਨ ਹੈ।
ਤਾਰਿਆਂ ਦੇ ਜਿਗਰ ਛਲਣੀ ਹੋ ਗਏ
ਕੌਣ ਛੱਡਦਾ ਤੀਰ, ਵੱਲ ਅਸਮਾਨ ਹੈ?
ਨਫ਼ਰਤਾਂ ਦੇ ਬੋਹੜ ਬੀਜੇ ਛਾਂ ਲਈ
ਕਿੰਨਾ ਦਾਨੀ ਸਮੇਂ ਦਾ ਸੁਲਤਾਨ ਹੈ!
ਵੇਖ ਕੇ ਸੂਰਜ ਨੂੰ ਰੋਂਦਾ ਅਰਸ਼ ’ਤੇ
ਫਰਸ਼ ’ਤੇ ਊਸ਼ਾ ਵੀ ਸੋਗਵਾਨ ਹੈ।
* * *
2
ਤੂੰ! ਪਰਾਏ ਬਲ ਦੀ ਨਾ ਆਸ ਰੱਖ
ਡੌਲਿਆਂ ਵਿਚ ਆਪਣੇ ਵਿਸ਼ਵਾਸ ਰੱਖ।
ਮੰਜ਼ਲ ਦਾ ਸੀਸ ਚੁੰਮੇਗਾ ਜ਼ਰੂਰ
ਦਿਲ ਦੇ ਵਿਚ ਆਪਣੇ ਧਰਵਾਸ ਰੱਖ।
ਲੋੜ ਵੇਲੇ ਇਹ ਹੀ ਕੰਮ ਆਉਣਗੇ
ਆਪਣੇ ਹਥਿਆਰ ਆਪਣੇ ਪਾਸ ਰੱਖ।
ਵਾਂਗ ਲਾਟੂ ਜਿਹੜੇ ਸ਼ਖਸ ਘੁੰਮਦੇ
ਉਨ੍ਹਾਂ ਉੱਤੇ ਨਜ਼ਰ ਆਪਣੀ ਖਾਸ ਰੱਖ।
ਕੂੜੀਆਂ ਰਸਮਾਂ ਦੇ ਉੱਤੇ ਰੋੜ੍ਹ ਨਾ
ਨੇਕ ਕੰਮਾਂ ਦੇ ਲਈ ਘਰ ਵਿਚ ਰਾਸ ਰੱਖ।
* * *
3.
ਸਾਡੀ ਮੁਹੱਬਤ ਕਰਕੇ ਹਰ ਸ਼ਿੰਗਾਰ ਗੁਜ਼ਰੇਗੀ।
ਇਹ ਹੱਥਕੜੀਆਂ ਛਣਕਾਉਂਦੀ ਵਾਰ ਵਾਰ ਗੁਜ਼ਰੇਗੀ।
ਅਸੀਂ ਨਾਬਰੀ ਦੇ ਰੱਥ ’ਤੇ ਚੜ੍ਹ ਦੇਵਾਂਗੇ ਹੋਕਾ
ਸੱਤਾ ਨੂੰ ਸਾਡੀ ਹਰ ਗਲ ਨਾਗਵਾਰ ਗੁਜ਼ਰੇਗੀ।
ਹਵਾ ਵਿਚ ਪ੍ਰਚਮ ਲਹਿਰਾਉਂਦੀ ’ਤੇ ਧੂੜਾਂ ਪੁੱਟਦੀ
ਸਾਡੀ ਵਹੀਰ ਵੇਖਣਾ! ਸਰੇਬਜ਼ਾਰ ਗੁਜ਼ਰੇਗੀ।
ਦੰਗ ਰਹਿ ਜਾਣਗੇ ਸ਼ਿਕਰੇ ਅਤੇ ਬਾਜ਼ ਜਿਸ ਵਕਤ
ਜਿੱਤ ਦੇ ਹਾਰ ਪਾ ਚਿੜੀਆਂ ਦੀ ਡਾਰ ਗੁਜ਼ਰੇਗੀ।
ਪੱਤਝੜ ਦਾ ਚੀਰ ਸੀਨਾ ਹਿੰਮਤ ਦੀ ਕਟਾਰ ਨਾਲ
ਮੌਸਮ ਦੇ ਆਲਮ ਵਿਚ ਸਾਡੀ ਬਹਾਰ ਗੁਜ਼ਰੇਗੀ।
* * *
4.
(ਪਹਿਲਗਾਮ ਵਿਚ ਹੋਈ ਕਤਲੋਗਾਰਤ ਦੇ ਪ੍ਰਸੰਗਵੱਸ)
ਕਿਉਂ ਮੁਹੱਬਤਾਂ ਸੂਲੀ ਉੱਤੇ ਟੰਗੀਆਂ ਨੇ।
ਹਾਇ! ਕਿਉਂ ਰੁੱਤਾਂ ਨਾਲ ਲਹੂ ਦੇ ਰੰਗੀਆਂ ਨੇ।
ਪੈ ਰਹੀਆਂ ਗਲਵਕੜੀਆਂ ਹੱਦ ਦੇ ਪਾਰੋਂ
ਕਿਸ ਪਾਪੀ ਨੂੰ ਇਹ ਨਹੀਂ ਲਗਦੀਆਂ ਚੰਗੀਆਂ ਨੇ!
ਸ਼ਾਂਤ ਵਗਦੀਆਂ ਪੌਣਾਂ ਪੂਰਬ ਦੇ ਬਾਗੀਂ
ਪਛਮੀ ਜੰਗ ਦੇ ਨਾਗਾਂ ਆ ਕੇ ਡੰਗੀਆਂ ਨੇ।
ਉਹ ਜੰਗੀ ਹਥਿਆਰ ਵੇਚਕੇ ਜਾਂਦੇ ਖੱਟ
ਚਾਲਾਂ ਨਿੱਤ ਚਲਾਉਂਦੇ ਜੋ ਬੇਢੰਗੀਆਂ ਨੇ।
ਬਾਗਵਾਨੋ ਐ!, ਪੂਰਬ ਦੇ ਜ਼ਰਾ ਗ਼ੌਰ ਕਰੋ
ਕਿਉਂ ਥੋਡੇ ਰੁੱਖਾਂ ਦੀਆਂ ਸ਼ਾਖਾਂ ਨੰਗੀਆਂ ਨੇ।
ਹਿੰਦ, ਪਾਕ ਨੇ ਆਪਿਸ ਵਿਚ ਲੜ ਮਰ ਜਾਣਾ
ਲਾਹਾ ਲੈਣਾ ਸਮੇਂ ਦੇ ਧਨੀ ਫਰੰਗੀਆਂ ਨੇ।
ਮੰਗਣੀ ਸੀ ਖ਼ੁਸ਼ਹਾਲੀ ਆਪਣੇ ਲੋਕਾਂ ਲਈ
ਰਾਹਬਰਾਂ ਤਾਜ ਲੈਣ ਲਈ ਮੌਤਾਂ ਮੰਗੀਆਂ ਨੇ।
* * *
5.
ਨਫ਼ਰਤ ਦਾ ਬਾਜ਼ਾਰ ਕਦੋਂ ਤਕ ਚੱਲੇਗਾ
ਇਹ ਖੂਨੀ ਕੰਮ-ਕਾਰ ਕਦੋਂ ਤਕ ਚੱਲੇਗਾ।
ਲਾਸ਼ਾਂ ਉੱਤੇ ਕੋਝੀ ਨੀਤੀ ਕਰਨੇ ਦਾ
‘ਨਾਦਰ’ ਦਾ ਦਰਬਾਰ ਕਦੋਂ ਤਕ ਚੱਲੇਗਾ।
ਬੰਦਿਆਂ ਤਾਈਂ ਵਿਚ ਕੜਾਹੇ ਰਿੰਨ੍ਹ ਰਿੰਨ੍ਹ ਕੇ
‘ਕੌਡੇ’ ਦਾ ਆਹਾਰ ਕਦੋਂ ਤਕ ਚੱਲੇਗਾ।
ਕੁੱਝ ਹੱਥਾਂ ਵਿਚ ਲੱਡੂ ਵੰਡਣ ਦਾ ਕਾਰਾ
ਘਰ ਦੇ ਚੌਂਕੀਦਾਰ! ਕਦੋਂ ਤਕ ਚੱਲੇਗਾ।
ਮੇਰੇ ਕੋਮਲ ਦਿਲ ਉੱਤੇ ਡੰਗ ਮਾਰਨ ਦਾ
ਜ਼ੁਲਮ, ਮੇਰੀ ਸਰਕਾਰ! ਕਦੋਂ ਤਕ ਚੱਲੇਗਾ।
* * *
6.
ਇਹ ਕੈਸਾ ਕਿਰਦਾਰ ਬਣਾਈ ਫਿਰਦੇ ਹੋ।
ਦੁਸ਼ਮਣ ਤਾਈਂ ਯਾਰ ਬਣਾਈ ਫਿਰਦੇ ਹੋ।
ਮਾਰੇਗਾ ਇਹ ਵੇਖ ਲਿਓ ਡੰਗ ਮਾਰੇਗਾ
ਅਜਗਰ ਨੂੰ ਦਿਲਦਾਰ ਬਣਾਈ ਫਿਰਦੇ ਹੋ।
ਇਹ ਹੁੰਦੇ ਹਨ ਸੁੰਦਰਤਾ ਨੂੰ ਮਾਣਨ ਲਈ
ਨੈਣਾਂ ਨੂੰ ਤਲਵਾਰ ਬਣਾਈ ਫਿਰਦੇ ਹੋ।
ਜਿਹੜੀ ਗੱਲ ਦਾ ਇੱਕ ਕੌਡੀ ਵੀ ਮੁੱਲ ਨਹੀਂ
ਓਸੇ ਨੂੰ ਅਖਬਾਰ ਬਣਾਈ ਫਿਰਦੇ ਹੋ।
ਉਹ ਨੇਤਾ, ਬੰਦਾ ਅਖਵਾਉਣ ਦੇ ਕਾਬਲ ਨਹੀਂ
ਜਿਸ ਨੂੰ ਕਰਤਾਰ ਬਣਾਈ ਫਿਰਦੇ ਹੋ।
ਅਰਧ-ਨਗਨ ਕਰ ਪਿੰਡਾ ਮਹਿਜ਼ ਵਿਖਾਵੇ ਲਈ
ਇਕ ਖੁੱਲ੍ਹਾ ਬਾਜ਼ਾਰ ਸਜਾਈ ਫਿਰਦੇ ਹੋ।
ਬੀਤ ਗਈ, ਜੋ ਬੀਤ ਗਈ, ਸੋ ਬੀਤ ਗਈ
ਕਿਉਂ ਦਿਲ ਉੱਤੇ ਭਾਰ ਉਠਾਈ ਫਿਰਦੇ ਹੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)







































































































