(24 ਜੁਲਾਈ 2022)
ਮਹਿਮਾਨ: 538.
1.
ਤੁਸੀਂ ਜਾਣਾ ਜਿੱਧਰ ਹੁਣੇ ਹੀ ਜਾਓ,
ਕਹਾਣੀ ਨੂੰ ਛੱਡੋ ਤੇ ਕਿੱਸਾ ਮੁਕਾਓ।
ਵੇਖਣ ਨੂੰ ਮੱਥੇ ’ਤੇ ਟਿੱਕੇ ਲਗਾਓ,
ਉਂਝ ਕਾਲੇ ਧੰਦੇ ਦੀ ਮੰਡੀ ਚਲਾਓ।
ਅਸੀਂ ਮਾਣਦੇ ਹਾਂ ਮੁਹੱਬਤ ਦੇ ਚਸ਼ਮੇਂ,
ਤੁਸੀਂ ਜਾ ਕੇ ਨਫ਼ਰਤ ਦੀ ਗੰਗਾ ’ਚ ਨਹਾਓ।
ਤੇਗਾਂ ਅਸੀਂ ਦੁਸ਼ਮਣ ਸਾਹਵੇਂ ਹਾਂ ਵਾਹੁੰਦੇ,
ਤੁਸੀਂ ਲੁਕ ਕੇ ਧੋਖੇ ਦੇ ਤਰਕਸ਼ ਚਲਾਓ।
ਚਾਂਦੀ ਦੇ ਲਾ ਕੇ ਵਰਕ ਥਾਲ ਉੱਤੇ,
ਭੋਜਨ ਦੇ ਵਿਚ ਤੁਸੀਂ ਮਹੁਰਾ ਮਿਲਾਓ।
ਸਿਰ ’ਤੇ ਤੁਹਾਡੇ ਅਸੀਂ ਤਾਜ ਰੱਖਿਆ
ਮਿੱਟੀ ਦੇ ਵਿਚ ਸਾਡੀ ਪਗੜੀ ਰੁਲਾਓ।
ਝੁਕਣਾ ਨਹੀਂ ਤਾਜਾਂ ਤਖਤਾਂ ਦੇ ਮੂਹਰੇ,
ਮੁੜ ਮੁੜ ਨਾ ਸਾਡੀ ਅਣਖ ਆਜ਼ਮਾਓ।
ਸਾਡੇ ਗੁਰੂ ਜੀ ਨੇ ਸਾਨੂੰ ਸਿਖਾਇਆ,
ਬਾਜ਼ਾਂ ਨੂੰ ਸੋਧੋ ਤੇ ਚਿੜੀਆਂ ਬਚਾਓ।
***
2.
ਵੇਖ ਕੇ ਨਾ ਇੰਨੀ ਜਲਦੀ ਰੀਝਿਆ ਕਰ ਐ! ਦਿਲ,
ਹੀਰੇ ਵਾਂਗ ਚਮਕਦਾ ਜੋ ਇਹ ਵਿਕਾਊ ਮਾਲ ਹੈ।
ਵਾਰ ਕਰਨੇ ਜਾਣਦਾ ਹਾਂ, ਰੋਕ ਵੀ ਸਕਦਾ ਹਾਂ ਮੈਂ,
ਇਕ ਹੱਥ ਵਿਚ ਤੇਗ ਮੇਰੇ ਦੂਜੇ ਹੱਥ ਵਿਚ ਢਾਲ ਹੈ।
ਲਾਟ ਦਾ ਸਿਰ ਕਲਮ ਕਰਕੇ ਨੱਚ ਨਾ ਓਇ ਜ਼ਾਲਮਾ,
ਏਸ ਪਿੱਛੇ ਦੀਵਿਆਂ ਦੀ ਬਹੁਤ ਲੰਮੀ ਪਾਲ਼ ਹੈ।
ਜੇ ਮਿਲੇ ‘ਗੁਰਨਾਮ’ ਉਸ ਕੰਬਖਤ ਨੂੰ ਪੁੱਛਣਾ ਤੁਸੀਂ,
ਛੱਡ ਕੇ ਪਹਿਲਾ ਪਿਆਰ ਉਸ ਬੇਹਾਲ ਦਾ ਕੀ ਹਾਲ ਹੈ!
***
3.
ਬੁੱਲ੍ਹ ਸੁੱਕੇ ਜਦ ਵੇਖੇ ਮੈਂ ਦਰਿਆਵਾਂ ਦੇ,
ਤੋੜ ਦਿੱਤੇ ਕੁੱਲ ਜੰਦਰੇ ਘੋਰ ਘਟਾਵਾਂ ਦੇ।
ਤੂੰ! ਹੀ ਮਾਂ ਨੂੰ ਛੱਡ ਕੇ ਤੁਰ ਪਰਦੇਸ ਗਿਉਂ,
ਕਰ ਕੇ ਬੰਦ ਦਰਵਾਜ਼ੇ ਸ਼ਗਨਾਂ, ਚਾਵਾਂ ਦੇ।
ਜ਼ਿੰਦਗੀ ਦੀ ਮੁਟਿਆਰ ਨਾ ਇਕ ਪਲ ਹੈ ਰੁਕਦੀ,
ਭਾਵੇਂ ਘਿਰ ਜਾਵੇ ਵਿਚ ਹੰਝੂਆਂ, ਹਾਵਾਂ ਦੇ।
ਵਿੱਚ ਪਰਦੇਸਾਂ ਉਮਰ ਗੁਜ਼ਾਰੀ ਹੈ ਸਾਰੀ,
ਯਾਦ ਨਕਸ਼ ਨੇ ਫਿਰ ਵੀ ਪਿੰਡ ਦੀਆਂ ਰਾਵ੍ਹਾਂ ਦੇ।
ਵਲ਼ ਛਲ਼ ਕਰਕੇ ਤੂੰ ਟੋਏ ਵਿਚ ਡਿੱਗੇਂਗਾ,
ਮੰਜ਼ਲ ਸਰ ਹੁੰਦੀ ਹੈ ਨਾਲ ਵਫ਼ਾਵਾਂ ਦੇ।
ਲੱਖ ਅਟਕਾਇਆਂ ਰਾਹ ਵਿਚ ਹੁਣ ਨਹੀਂ ਅਟਕੇਗਾ,
ਭੇਦ ਜਾਣ ਗਿਆ ਰਾਹੀ ਧੁੱਪਾਂ ਛਾਵਾਂ ਦੇ।
ਤੇਰੇ ਤਖ਼ਤ ਦੇ ਸਾਹਵੇਂ ਸੀਸ ਝੁਕਾਉਣਾ ਨਹੀਂ,
ਝੱਲਾਂਗੇ ਜੋ ਮਿਲਣਗੇ ਕਸ਼ਟ ਸਜ਼ਾਵਾਂ ਦੇ।
ਕੈਸੀ ਖਿੜੀ ਬਹਾਰ ਹੈ ਸਾਡੀ ਧਰਤੀ ’ਤੇ,
ਸਿਰ ’ਤੇ ਸਜ ਗਏ ਤਾਜ ਨੇ ਗਿਰਝਾਂ, ਕਾਵਾਂ ਦੇ।
ਖੁੱਲ੍ਹੀ ਤੁਸੀਂ ਉਡਾਰੀ ਲਾਓ ਐ ਚਿੜੀਓ,
ਭਰਮ, ਭੁਲੇਖੇ ਕੱਢ ਕੇ ਉਲਟ ਹਵਾਵਾਂ ਦੇ।
***
4.
ਉਹ ਕੌਣ ਹੈ ਜੋ ਮੈਂਨੂੰ ਏਦਾਂ ਬੁਲਾ ਰਿਹਾ ਹੈ
ਬੁੱਲ੍ਹਾਂ ਨੂੰ ਬੰਦ ਰੱਖ ਕੇ ਅੱਖੀਆਂ ਨੂੰ ਚਾਰ ਕਰ ਕੇ।
ਆਵਾਗਵਨ ਦਾ ਚੱਕਰ, ਮੁੱਕੇ ਨਾ ਭਾਵੇਂ ਮੁੱਕੇ
ਮੈਂ ਮੁਕਤ ਹੋ ਗਿਆ ਹਾਂ ਤੇਰੇ ਦਿਲ ’ਚ ਠਾਹਰ ਕਰ ਕੇ।
ਉਹ ਜੰਮਿਆ ਨਹੀਂ ਅੱਜ ਤਕ ਮੈਂਨੂੰ ਝੁਕਾ ਸਕੇ ਜੋ
ਮੈਂ ਹਾਰਿਆ ਹਾਂ ਤੈਥੋਂ, ਤੂੰ ਮੇਰਾ ਯਾਰ ਕਰ ਕੇ।
ਹੈ ਕਿਸ ਤਰਾਂ ਦਾ ਸ਼ਹਿਰ ਮੈਂ ਰਹਿ ਰਿਹਾ ਹਾਂ ਜਿੱਥੇ
ਰੂਹ ਤਾਰ ਤਾਰ ਕਰ ਕੇ ਦਿਲ ਬੇਕਰਾਰ ਕਰ ਕੇ।
***
5.
ਤੇਰੇ ਪਾਸ ਆ ਗਿਆ ਮੈਂ, ਤੇਰੇ ਪਿਆਰ ਕਰ ਕੇ!
ਮਾਰੂਥਲਾਂ ’ਚੋਂ ਲੰਘ ਕੇ ਸਾਗਰ ਨੂੰ ਪਾਰ ਕਰ ਕੇ।
ਉਹ ਕੌਣ ਹੈ ਜੋ ਮੈਂਨੂੰ ਏਦਾਂ ਬੁਲਾ ਰਿਹਾ ਹੈ,
ਬੁੱਲ੍ਹਾਂ ਨੂੰ ਬੰਦ ਰੱਖ ਕੇ ਅੱਖੀਆਂ ਨੂੰ ਚਾਰ ਕਰ ਕੇ।
ਆਵਾਗਵਨ ਦਾ ਚੱਕਰ, ਮੁੱਕੇ ਨਾ ਭਾਵੇਂ ਮੁੱਕੇ,
ਮੈਂ ਮੁਕਤ ਹੋ ਗਿਆ ਹਾਂ ਤੇਰੇ ਦਿਲ ’ਚ ਠਾਹਰ ਕਰ ਕੇ।
ਉਹ ਜੰਮਿਆ ਨਹੀਂ ਅੱਜ ਤਕ ਮੈਂਨੂੰ ਝੁਕਾ ਸਕੇ ਜੋ,
ਮੈਂ ਹਾਰਿਆ ਹਾਂ ਤੈਥੋਂ, ਤੂੰ ਮੇਰਾ ਯਾਰ ਕਰ ਕੇ।
ਹੈ ਕਿਸ ਤਰਾਂ ਦਾ ਸ਼ਹਿਰ ਮੈਂ ਰਹਿ ਰਿਹਾ ਹਾਂ ਜਿੱਥੇ,
ਰੂਹ ਤਾਰ ਤਾਰ ਕਰ ਕੇ ਦਿਲ ਬੇਕਰਾਰ ਕਰ ਕੇ।
***
6.
ਤੇਰਾ ਕਲਾਮ ਬੇਅਸਰ ਹੈ ਤੂੰ ਸੋਚ ਤਾਂ ਸਹੀ,
ਮੌਸਮ ’ਚ ਏਨੀ ਗਹਿਰ ਹੈ ਤੂੰ ਸੋਚ ਤਾਂ ਸਹੀ।
ਤੂੰ ਕੀ ਲਿਖਦਾ ਏਂ ਤੇ ਕਿਹਦੇ ਲਈ ਲਿਖਦਾ ਏਂ,
ਤੇਰੀ ਕਿਸ ਉੱਤੇ ਨਜ਼ਰ ਹੈ ਤੂੰ ਸੋਚ ਤਾਂ ਸਹੀ।
ਤੂੰ ਕੀਤੀ ਵਿਦਾ ਜੋ ਉਸ ਦਿਨ ਕਲਾ ਦੀ ਕੰਨਿਆ,
ਅੱਜ ਤਕ ਨਹੀਂ ਵਸਿਆ ਘਰ ਹੈ ਤੂੰ ਸੋਚ ਤਾਂ ਸਹੀ।
ਚੀਰਹਰਣ ਤੇਰੇ ਸਾਹਵੇਂ ਹੋਇਆ, ਤੂੰ ਚੁੱਪ ਰਿਹਾ,
ਕਿਸ ਗੱਲ ਦਾ ਦਿਲ ਵਿਚ ਡਰ ਹੈ ਤੂੰ ਸੋਚ ਤਾਂ ਸਹੀ।
ਕਿਉਂ ਦੁਸ਼ਮਣਾਂ ਦੇ ਝੰਡੇ ਏਨੇ ਬੁਲੰਦ ਹੋ ਗਏ
ਹੋਂਦ ਤੇਰੀ ਨਾ ਮਾਤਰ ਹੈ ਤੂੰ ਸੋਚ ਤਾਂ ਸਹੀ।
***
7.
ਕੋਈ ਗੀਤ ਸੁਣਾਓ ਕਿ ਫਿਜ਼ਾ ਮਹਿਕ ਉੱਠੇ,
ਕੋਈ ਗ਼ੁੱਲ ਖਿੜਾਓ ਕਿ ਫਿਜ਼ਾ ਮਹਿਕ ਉੱਠੇ।
ਕੰਢੇ ’ਤੇ ਬੈਠੇ ਮਹਿਜ਼ ਤਮਾਸ਼ਾ ਨਾ ਕਰੋ,
ਸਾਗਰ ’ਚ ਠਿੱਲ ਜਾਓ ਕਿ ਫਿਜ਼ਾ ਮਹਿਕ ਉੱਠੇ।
ਐਸੀ ਬਾਤ ਕਿਉਂ? ਜੋ ਬਣਾਏ ਵੀ ਨਾ ਬਣੇ,
ਉਹ ਬਾਤ ਬਣਾਓ ਕਿ ਫਿਜ਼ਾ ਮਹਿਕ ਉੱਠੇ।
ਤ੍ਰਿਪ ਤ੍ਰਿਪ ਖ਼ੂੰਨ ਚੋਅ ਰਿਹਾ ਹੈ ਜਿਸਮਾਂ ’ਚੋਂ,
ਮੱਲ੍ਹਮ ਪਿਆਰ ਦੀ ਲਾਓ ਕਿ ਫਿਜ਼ਾ ਮਹਿਕ ਉੱਠੇ।
ਜੜ੍ਹਾਂ ਸੂਰਜ ਦੀਆਂ ਵੱਢਦਾ ਹੈ ਜਿਹੜਾ ਵੀ,
ਉਹਨੂੰ ਸਬਕ ਸਿਖਾਓ ਕਿ ਫਿਜ਼ ਮਹਿਕ ਉੱਠੇ।
ਔਹ ਜੋ ਚੰਦ ਤਾਰੇ ਚਮਕ ਰਹੇ ਨੇ ਅੰਬਰ ’ਤੇ,
ਹੇਠਾਂ ਧਰਤ ਉੱਤੇ ਲਾਹੋ ਕਿ ਫਿਜ਼ਾ ਮਹਿਕ ਉੱਠੇ।
ਮੁਅੱਜਜ਼ਾ ਐਸਾ ਕਰੋ ਕਿ ਦੁਨੀਆਂ ਨਾਜ਼ ਕਰੇ,
ਕਿਲ੍ਹਾ ਕੁਫ਼ਰ ਦਾ ਢਾਓ ਕਿ ਫ਼ਿਜ਼ਾ ਮਹਿਕ ਉੱਠੇ।
ਸ਼ਾਇਰੋ! ਉਹ ਵਕਤ ਆ ਗਿਆ ਹੈ ਕਿ ਹੁਣ,
ਕਲਮ, ਹਥਿਆਰ ਬਣਾਓ ਕਿ ਫਿਜ਼ਾ ਮਹਿਕ ਉੱਠੇ।
ਹਮੇਸ਼ਾ ਨਾਲ ਬਾਘਾਂ ਰਹਿੰਦਾ ਖਹਿੰਦਾ ਹੈ ਉਹ,
ਸਾਥ, 'ਗੁਰਨਾਮ' ਦਾ ਨਿਭਾਓ ਕਿ ਫਿਜ਼ਾ ਮਹਿਕ ਉੱਠੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3706)
(ਸਰੋਕਾਰ ਨਾਲ ਸੰਪਰਕ ਲਈ: