“ਕੈਸੀ ਖਿੜੀ ਬਹਾਰ ਹੈ ਸਾਡੀ ਧਰਤੀ ’ਤੇ, ਸਿਰ ’ਤੇ ਸਜ ਗਏ ਤਾਜ ਨੇ ਗਿਰਝਾਂ, ਕਾਵਾਂ ਦੇ। ...”
(30 ਜੂਨ 2022)
ਮਹਿਮਾਨ: 53.
1.
ਰਣਖੇਤਰ ਦਾ ਨਾਦ ਵਜਾਉਣਾ ਪੈਣਾ ਹੈ,
ਕਲਮਾਂ ਨੂੰ ਹਥਿਆਰ ਬਣਾਉਣਾ ਪੈਣਾ ਹੈ।
ਸਮੇਂ ਨੇ ਸਾਨੂੰ ਜਿਸ ਕੁਠਾਲੀ ਵਿਚ ਪਾਇਆ,
ਸੁੱਚੇ ਹੋਣ ਦਾ ਅਹਿਦ ਨਿਭਾਉਣਾ ਪੈਣਾ ਹੈ।
ਲਾ ਕੇ ਪੌੜੀ ਚੋਰ ਜੋ ਚੜ੍ਹ ਅਸਮਾਨ ਗਏ,
ਬਾਣ ਮਾਰ ਕੇ ਥੱਲੇ ਲਾਹੁਣਾ ਪੈਣਾ ਹੈ।
ਸਾਡਾ ਸਾਰਾ ਅੰਬਰ ਕਾਲ਼ਾ ਕਰ ਛੱਡਿਆ,
ਸੂਰਜ ਦਾ ਮੁੱਖੜਾ ਲਿਛਕਾਉਣਾ ਪੈਣਾ ਹੈ।
ਲੂੰਬੜ, ਬਾਨਰ, ਗਿੱਦੜ, ਗਿੱਧ ਲਲਕਾਰ ਰਹੇ,
ਸ਼ੇਰੋ! ਵਿਚ ਮੈਦਾਨ ਦੇ ਆਉਣਾ ਪੈਣਾ ਹੈ।
ਮੈਂ ਨਹੀਂ ਕਹਿੰਦਾ ਅੱਗ ਦੇ ਫੁੱਲ ਖਿਲਾਰ ਦਿਓ,
ਫੁੱਲਾਂ ਦਾ ਸਤਿਕਾਰ ਵਧਾਉਣਾ ਪੈਣਾ ਹੈ।
ਪੱਤਾ ਪੱਤਾ ਹੋ ਕੇ ਵਾ’ ਵਿਚ ਨਹੀਂ ਖਿੰਡਣਾ,
ਹਰਾ-ਭਰਾ ਗੁਲਜ਼ਾਰ ਸਜਾਉਣਾ ਪੈਣਾ ਹੈ।
ਸੂਰਜ ਮੰਡਲ ਤੋਂ ਵੀ ਅੱਗੇ ਹੈ ਜਾਣਾ,
ਨਰਕ, ਸੁਰਗ ਦਾ ਫ਼ਰਕ ਮਿਟਾਉਣਾ ਪੈਣਾ ਹੈ।
ਜੇ ਸੁੱਟ ਕੇ ਹਥਿਆਰ ਅਸੀਂ ਅੱਜ ਬੈਠ ਗਏ,
ਸਦੀਆਂ ਭਰ ਰੋਣਾ ਕੁਰਲਾਉਣਾ ਪੈਣਾ ਹੈ।
***
2.
ਸੌਖਾ ਨਹੀਂ ਇਹ ਸਾਗਰ ਤਰਨਾ,
ਜੋ ਕੁਝ ਕਹਿਣਾ ਉਹ ਕੁਝ ਕਰਨਾ।
ਅੰਬਰ! ਤੂੰ ਵੇਖੇਂਗਾ ਮੇਰਾ,
ਸਾਗਰ ਨੂੰ ਸਿੱਪੀ ਵਿਚ ਭਰਨਾ।
ਧਰਤੀ ਮਾਂ! ਮੈਂ ਤੇਰਾ ਪੁੱਤਰ,
ਤੇਰੀ ਖ਼ਾਤਰ ਜੀਣਾ ਮਰਨਾ।
ਨਦੀਏ! ਹਾੜਾ ਨੀਵੀਂ ਹੋ ਜਾ,
ਜਾਣਾ ਪਾਰ ਨਾ ਆਵੇ ਤਰਨਾ।
ਸੂਰਜ! ਸੱਚੀ ਸੱਚੀ ਦੱਸ ਦੇ,
ਚੜ੍ਹਨਾ ਜਾਂ ਨੇਰੇ ਤੋਂ ਡਰਨਾ।
ਨਦੀਏ! ਨੀਰ ਨੂੰ ਛੱਡ ਨਾ ਦੇਵੀਂ,
ਬਿਨ ਇਕ ਦੂਜੇ ਦੇ ਨਹੀਂ ਸਰਨਾ।
ਰਾਤ! ਬੜਾ ਹੁਣ ਸਹਿਜ ਹੋ ਗਿਆ,
ਤੇਰਾ ਪਲਕਾਂ ਵਿਚ ਗੁਜ਼ਰਨਾ।
ਤੂੰ! ਕੈਸਾ ਮਹਿਮਾਨ ਹੈਂ ਮੇਰਾ,
ਘਰ ਵੀ ਆਇਆ, ਆਇਆ ਪਰ ਨਾ।
ਦਿਲਬਰ ਦਿਲ ਵਿਚ ਵਸ ਜਾ ਮੇਰੇ,
ਦਿਲ ਹੈ ਮੇਰਾ, ਮੇਰਾ ਘਰ ਨਾ।
ਅਜੇ ਤਾਂ ਦੂਰ ਬਹੁਤ ਹੈ ਮੰਜ਼ਲ,
ਮੈਂ ਸੂਰਜ ਤੋਂ ਪਾਰ ਉਤਰਨਾ।
ਕਿਸ ਦੀ ਨਜ਼ਰ ਗਈ ਲੱਗ ਤੈਂਨੂੰ,
ਮੇਰੀ ਨਜ਼ਰੇ! ਫੇਰ ਨਜ਼ਰ ਨਾ।
***
3.
ਬੁੱਲ੍ਹ ਸੁੱਕੇ ਜਦ ਵੇਖੇ ਮੈਂ ਦਰਿਆਵਾਂ ਦੇ,
ਤੋੜ ਦਿੱਤੇ ਕੁੱਲ ਜੰਦਰੇ ਘੋਰ ਘਟਾਵਾਂ ਦੇ।
ਤੂੰ! ਹੀ ਮਾਂ ਨੂੰ ਛੱਡ ਕੇ ਤੁਰ ਪਰਦੇਸ ਗਿਉਂ,
ਕਰ ਕੇ ਬੰਦ ਦਰਵਾਜ਼ੇ ਸ਼ਗਨਾਂ, ਚਾਵਾਂ ਦੇ।
ਜ਼ਿੰਦਗੀ ਦੀ ਮੁਟਿਆਰ ਨਾ ਇਕ ਪਲ ਹੈ ਰੁਕਦੀ,
ਭਾਵੇਂ ਘਿਰ ਜਾਵੇ ਵਿਚ ਹੰਝੂਆਂ, ਹਾਵਾਂ ਦੇ।
ਵਿੱਚ ਪਰਦੇਸਾਂ ਉਮਰ ਗੁਜ਼ਾਰੀ ਹੈ ਸਾਰੀ,
ਯਾਦ ਨਕਸ਼ ਨੇ ਫਿਰ ਵੀ ਪਿੰਡ ਦੀਆਂ ਰਾਹਵਾਂ ਦੇ।
ਵਲ਼ ਛਲ਼ ਕਰਕੇ ਤੂੰ ਟੋਏ ਵਿਚ ਡਿੱਗੇਂਗਾ,
ਮੰਜ਼ਲ ਸਰ ਹੁੰਦੀ ਹੈ ਨਾਲ ਵਫ਼ਾਵਾਂ ਦੇ।
ਲੱਖ ਅਟਕਾਇਆਂ ਰਾਹ ਵਿਚ ਹੁਣ ਨਹੀਂ ਅਟਕੇਗਾ,
ਭੇਦ ਜਾਣ ਗਿਆ ਰਾਹੀ ਧੁੱਪਾਂ ਛਾਵਾਂ ਦੇ।
ਤੇਰੇ ਤਖ਼ਤ ਦੇ ਸਾਹਵੇਂ ਸੀਸ ਝੁਕਾਉਣਾ ਨਹੀਂ,
ਝੱਲਾਂਗੇ ਜੋ ਮਿਲਣਗੇ ਕਸ਼ਟ ਸਜਾਵਾਂ ਦੇ।
ਕੈਸੀ ਖਿੜੀ ਬਹਾਰ ਹੈ ਸਾਡੀ ਧਰਤੀ ’ਤੇ,
ਸਿਰ ’ਤੇ ਸਜ ਗਏ ਤਾਜ ਨੇ ਗਿਰਝਾਂ, ਕਾਵਾਂ ਦੇ।
ਖੁੱਲ੍ਹੀ ਤੁਸੀਂ ਉਡਾਰੀ ਲਾਓ ਐ ਚਿੜੀਓ!
ਭਰਮ, ਭੁਲੇਖੇ ਕੱਢ ਕੇ ਉਲਟ ਹਵਾਵਾਂ ਦੇ।
***
4.
ਪੰਛੀ ਆਲ੍ਹਣਾ ਕਿੱਥੇ ਪਾਏ,
ਸਾਰੇ ਹੀ ਰੁੱਖ ਬਣੇ ਪਰਾਏ।
ਦੋਸ਼ ਬੇਗਾਨੇ ਨੂੰ ਕੀ ਦੇਈਏ,
ਦੁਸ਼ਮਣ ਬਣ ਗਏ ਘਰ ਦੇ ਜਾਏ।
ਸਮਝਕੇ ਵੀ ਨਾ ਸਮਝੇ ਜਿਹੜਾ,
ਕੋਈ ਉਸ ਨੂੰ ਕੀ ਸਮਝਾਏ?
ਮੇਘਲਿਆ! ਕੀ ਰਹਿਮਤ ਤੇਰੀ?
ਨਦੀਆਂ, ਸਾਗਰ ਸਭ ਤਿਰਹਾਏ।
ਕਲ੍ਹ ਜੋ ਰੱਬ ਸੀ ਬਣਿਆ ਬੈਠਾ,
ਬੈਠਾ ਅੱਜ ਉਹ ਮੂੰਹ ਛੁਪਾਏ।
ਬਾਗ ਦਾ ਮਾਲੀ ਡਾਢਾ ਸ਼ਾਤਰ,
ਕਿੱਕਰਾਂ ਨੂੰ ਅਮਰੂਦ ਲਗਾਏ!
ਖਾਵਣਗੇ ਫ਼ਲ ਬਾਲਕ ਇਕ ਦਿਨ,
ਜੋ ਬੂਟੇ ਵਿਦਰੋਹੀਆਂ ਲਾਏ।
ਉਹ ਸੂਰਾ ਜੰਗ ਜਿੱਤ ਜਾਵੇਗਾ,
ਤਲੀ ’ਤੇ ਜਿਹੜਾ ਸੀਸ ਟਿਕਾਏ।
ਹਾਇ, ਸਾਥੋਂ ਹੁੰਦੇ ਨਹੀਂ ਜਰ,
ਕਲੀਆਂ ਦੇ ਮੁੱਖੜੇ ਮੁਰਝਾਏ।
***
5.
ਇਸ਼ਕ ਸਾਡੇ ਦਾ ਕਦੀ ਇਕਬਾਲ ਵੇਖਣਾ,
ਔੜ ਵਿਚ ਵੀ ਜ਼ਿੰਦਗੀ ਖੁਸ਼ਹਾਲ ਵੇਖਣਾ।
ਵੇਖਣਾ ਪੰਛੀ ਦੇ ਖੰਭਾਂ ਵਿਚ ਭਰਿਆ ਜੋਸ਼,
ਧਰਤੀ ਉੱਤੇ ਟੁੱਟਿਆ ਇੱਕ ਜਾਲ ਵੇਖਣਾ।
ਰਾਹ ਦੇ ਕੁੱਲ ਝਾੜ, ਜੰਗਲ, ਥਲ ਚੀਰਦੀ,
ਵੇਖਣਾ ਜੇ ਕੁਝ, ਤਾਂ ਸਾਡੀ ਚਾਲ ਵੇਖਣਾ।
ਝੂਮਦੇ ਬਾਗਾਂ ਤੇ ਗਾਉਂਦੇ ਪੰਛੀਆਂ ’ਚ ਇੱਕ,
ਨੱਚ ਰਹੀ ਤਿਤਲੀ ਵੀ ਨਾਲੋ-ਨਾਲ ਵੇਖਣਾ।
ਕਰਕੇ ਪੈਦਾ ਭੁੱਲ ਗਿਆਂ ਬੰਦੇ ਨੂੰ ਜਿਸ ਖ਼ੁਦਾ!
ਜੇ ਮਿਲੇ ਫ਼ੁਰਸਤ ਤਾਂ ਉਸ ਦਾ ਹਾਲ ਵੇਖਣਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3657)
(ਸਰੋਕਾਰ ਨਾਲ ਸੰਪਰਕ ਲਈ: