“ਦਰਿਆਵਾਂ ਦੇ ਵਹਿਣ ਕਦੀ ਵੀ ਰੁਕਦੇ ਨਹੀਂ, ... ਪੱਥਰ ਉੱਤੇ ਲਿਖ ਕੇ ਪਾਣੀ ਕਹਿ ਗਏ ਨੇ। ...”
(21 ਮਾਰਚ 2023)
ਇਸ ਸਮੇਂ ਪਾਠਕ: 162.
1.
ਟੀਸੀ ਉੱਤੇ ਆਲ੍ਹਣਾ ਪਾ ਕੇ ਬਹਿ ਗਏ ਨੇ,
ਉਹ ਪੰਛੀ ਬੱਸ ਓਥੇ ਜੋਗੇ ਰਹਿ ਗਏ ਨੇ।
ਟੋਕੇ, ਨੇਜੇ, ਆਰੇ ਤੇ ਤੱਤੀਆਂ ਤਵੀਆਂ,
ਕੀ ਕੀ ਸਿਦਕੀ ਆਪਣੇ ਤਨ ’ਤੇ ਸਹਿ ਗਏ ਨੇ!
ਦਰਿਆਵਾਂ ਦੇ ਵਹਿਣ ਕਦੀ ਵੀ ਰੁਕਦੇ ਨਹੀਂ,
ਪੱਥਰ ਉੱਤੇ ਲਿਖ ਕੇ ਪਾਣੀ ਕਹਿ ਗਏ ਨੇ।
ਅੰਬਰ ਉੱਤੇ ਚੜ੍ਹਕੇ, ਬੱਦਲ ਬੁੱਕਦੇ ਸੀ,
ਜਦ ਧਰਤੀ ’ਤੇ ਡਿੱਗੇ ਛਿਣ ਵਿਚ ਵਹਿ ਗਏ ਨੇ।
ਚਲਦਾ ਪਿਆ ਤਰਾਨਾ ਹਾਇ! ਸਿਮਟ ਗਿਆ,
ਫਨਕਾਰਾਂ ਦੇ ਸਭ ਰੰਗ ਫਿੱਕੇ ਪੈ ਗਏ ਨੇ।
ਜਿਨ੍ਹਾਂ ਲਹਿਰਾਂ ਤਾਈਂ ਘੋਰ ਦਬਾਇਆ ਹੈ,
ਉਨ੍ਹਾਂ ਨਦੀਆਂ ਦੇ ਸਭ ਕੰਢੇ ਢਹਿ ਗਏ ਨੇ।
ਸਾਗਰ ਉੱਛਲ ਉੱਛਲ ਸੀ ਬੜਾ ਦਹਾੜ ਰਿਹਾ,
ਚੰਦ ਜਦ ਓਝਲ ਹੋਇਆ ਪਾਣੀ ਲਹਿ ਗਏ ਨੇ।
***
2.
ਕਰੁਣਾ, ਦਰਦ, ਮੁਹੱਬਤ ਬਖਸ਼ੀਂ ਐ ਦਾਤਾ,
ਸਭ ਨੂੰ ਜੱਗ ਵਿਚ ਇੱਜ਼ਤ ਬਖਸੀਂ ਐ ਦਾਤਾ।
ਦੇਵੀਂ ਨਾ ਤੂੰ, ਮੈਂਨੂੰ ਹੀਰੇ, ਧੰਨ, ਦੌਲਤ,
ਸੱਚ ਬੋਲਣ ਦੀ ਜ਼ੁਰਅਤ ਬਖਸ਼ੀਂ ਐ ਦਾਤਾ।
ਢਾਹ ਦਿੰਦੇ ਜੋ ਬਸਤੀ, ਢਾਰੇ, ਘਰ ਕੱਚੇ,
ਝੱਖੜਾਂ ਨੂੰ ਸੁਮੱਤ ਤੂੰ ਬਖਸ਼ੀਂ ਐ ਦਾਤਾ।
ਜਦੋਂ ਮੁਸਾਫ਼ਿਰ ਮੰਝਧਾਰ ਵਿਚ ਘਿਰ ਜਾਵਣ,
ਪਾਰ ਜਾਣ ਦੀ ਹਿੰਮਤ ਬਖਸ਼ੀਂ ਐ ਦਾਤਾ।
ਫੁੰਡਣ ਲੱਗੇ ਜਦੋਂ ਸ਼ਿਕਾਰੀ ਚਿੜੀਆਂ ਨੂੰ,
ਝਪਟ ਪੈਣ ਦੀ ਤਾਕਤ ਬਖਸ਼ੀਂ ਐ ਦਾਤਾ।
ਬਾਰ ਪਰਾਏ ਜਾਣਾ ਪਵੇ ਨਾ ਤਿਤਲੀ ਨੂੰ,
ਆਪਣੇ ਬਾਗ ’ਚ ਬਰਕਤ ਬਖਸ਼ੀਂ ਐ ਦਾਤਾ।
ਰੇਸ਼ਮ ਵਰਗੇ ਦੋ ਦਿਲ ਕਾਸ਼ ਨਾ ਟੁੱਟ ਜਾਵਣ,
ਜੁੜੇ ਰਹਿਣ ਦੀ ਰਹਿਮਤ ਬਖਸੀਂ ਐ ਦਾਤਾ।
***
3.
ਜਿੱਤ ਦੇ ਲਗਨ ਅਸਾਡੇ ਜੇ ਅੱਜ ਚੰਗੇ ਨਹੀਂ,
ਅਸੀਂ ਵੀ ਸ਼ਸ਼ਤਰ ਕਿੱਲੀ ਉੱਤੇ ਟੰਗੇ ਨਹੀਂ।
ਜੜ੍ਹਾਂ ਬਿਰਖ ਦੀਆਂ ਉੱਤੇ ਖ਼ੂਨ ਵਹਾਇਆ ਹੈ,
ਪੱਤ, ਫਲ਼ ਲੱਗੇ ਹਾਇ! ਸੂਹੇ-ਰੰਗੇ ਨਹੀਂ।
ਤੂੰ ਐਵੇਂ ਘਬਰਾ ਕੇ ਡਾਰ ਨੂੰ ਛੱਡ ਗਿਆਂ,
ਪੰਛੀ ਇਸਦੇ ਖੋਟੇ ਅਤੇ ਕੁਢੰਗੇ ਨਹੀਂ।
ਗਿੱਦੜਾਂ ਦੀਆਂ ਕਬਰਾਂ ਤੀਕਰ ਜਾਂਦੇ ਇਹ,
ਚੰਗੇ, ਸ਼ੇਰਾਂ ਦੇ ਸੰਗ ਲੈਣੇ ਪੰਗੇ ਨਹੀਂ।
ਕੰਨ ਖੋਲ੍ਹ ਕੇ ਗੱਲ ਸੁਣ ਕੂੰਜਾਂ ਦੀ ਸੂਰਜ!
ਅੰਬਰ ਦੇ ਵਿਚ ਸ਼ੋਭਾ ਦਿੰਦੇ ਦੰਗੇ ਨਹੀਂ।
ਅੱਜ ਦਰੋਪਤੀ ਵਿਚ ਸਭਾ ਦੇ ਨਗਨ ਖੜ੍ਹੀ,
ਚੀਰ ਹਰਣ ਤੋਂ ਵਕਤ ਦੇ ਕੌਰਵ ਸੰਗੇ ਨਹੀਂ।
ਸੀਤਾ ਅਤੇ ਸਵਿੱਤਰੀ ਨੂੰ ‘ਵੱਢਣ’ ਵਾਲੇ,
ਕਿਉਂ ਤਖਤ ਨੇ ਡੱਬੂ ਸੂਲੀ ਟੰਗੇ ਨਹੀਂ?
ਜਦ ਜੀਅ ਚਾਹੇ ਇਸ਼ਕ ਅਸਾਡਾ ਪਰਖ ਲਈਂ
ਹਾਂ ਤੇਰੇ ਰੰਗ ਰੰਗੇ, ਅਸੀਂ ਬਹੁਰੰਗੇ ਨਹੀਂ।
ਧਰਤੀ ਦਾ ਕੋਨਾ ਕੋਨਾ ਕਰਨਾ ਰੋਸ਼ਨ
ਅਸੀਂ ’ਨੇਰ ਦੇ ਨਾਗ ਦੇ ਹੋਏ ਡੰਗੇ ਨਹੀਂ।
***
4.
ਚੜ੍ਹੀ ਕਾਂਗ ਨਾ ਇਸ਼ਕ ਦੀ ਠੱਲ੍ਹ ਹੋਵੇ,
ਰੁਕਦੀ ਨਾ ਜੇ ਚੱਲ-ਸੋ-ਚੱਲ ਹੋਵੇ।
ਜਿਸ ਗੱਲ ’ਚ ਕੋਈ ਨਾ ਗੱਲ ਹੋਵੇ,
ਤੂੰ! ਹੀ ਦੱਸ ਉਹ ਗੱਲ ਕੀ ਗੱਲ ਹੋਵੇ!
ਥੱਲ ਨਿੱਤ ਉਡੀਕਦੇ, ਬੱਦਲਾਂ ਤੋਂ,
ਕਣੀ ਇਕ ਨਾ ਨੀਰ ਦੀ ਘੱਲ ਹੋਵੇ।
ਹੋਵੇ ਖੋਟ ਜੇ ਰਵੀ ਦੇ ਦਿਲ ਅੰਦਰ,
ਸੰਕਟ ’ਨੇਰ ਦਾ ਕਿਸ ਤਰ੍ਹਾਂ ਹੱਲ ਹੋਵੇ!
ਹਿੰਮਤ ਹੋਵੇ ਤਾਂ ਪਾੜ ਕੇ ਪਰਬਤਾਂ ਨੂੰ,
ਫੁੱਟ ਪੈਣ ਚਸ਼ਮੇ ਅਤੇ ਕਲ-ਕਲ ਹੋਵੇ।
ਕਾਮਲ ਮਿਲੇ ਮਸੀਹਾ ਜੇ ਕੌਮ ਤਾਈਂ,
ਰੋਗ ਮਿਟ ਜਾਵਣ ਸਿਹਤ ਵੱਲ ਹੋਵੇ।
ਉਸ ਬਾਗ ਨੇ ਨਹੀਂ ਗੁਲਜ਼ਾਰ ਬਣਨਾ,
ਰਲ਼ਿਆ ਜਿਸ ਦੀ ਮਿੱਟੀ ’ਚ ਛਲ ਹੋਵੇ।
ਸ਼ੀਸ਼ੇ ਵਿਚ ਤਰੇੜ ਜੇ ਪੈ ਜਾਵੇ,
ਸਿੱਧਾ ਕਦੀ ਨਾ ਜ਼ੁਲਫ਼ ਦਾ ਵਲ ਹੋਵੇ।
ਲਾਟ ਉੱਤੇ ਪਤੰਗੇ ਦੇ ਵਾਂਙ ਸੜਦਾ,
ਬਲੀਦਾਨ ਦਾ ਜਿਸ ਨੂੰ ਝੱਲ ਹੋਵੇ।
***
5.
ਬੇੜੀ ਦੇ ਵਿਚ ਜੋ ਕੀਤੀ ਹੈ ਮੋਰੀ ਬੰਦ ਕਰੋ,
ਕਿਸ ਨੇ ਇਹ ਹੈ ਘਾਤਕ ਪ੍ਰਥਾ ਤੋਰੀ ਬੰਦ ਕਰੋ।
ਅਜਬ ਦੌਰ ’ਚੋਂ ਗੁਜ਼ਰ ਰਹੇ ਹਾਂ ਆਪਾਂ ਯਾਰੋ,
ਚੋਰ ਕਹਿ ਰਹੇ ਹਨ ਸਾਧਾਂ ਨੂੰ ਚੋਰੀ ਬੰਦ ਕਰੋ।
ਕਿਉਂ ਪੁੰਗਰਦੇ ਬਿਰਖਾਂ ਦੇ ਨੇ ਪੱਤੇ ਸੁੱਟੇ ਝਾੜ,
ਕਮਬਖਤੋ ਤੁਫਾਨੋਂ! ਧਿੰਗੋਜ਼ੋਰੀ ਬੰਦ ਕਰੋ।
ਪੱਤਾ ਪੱਤਾ ਆਖ ਰਿਹਾ ਹੈ ਰਾਖਿਆਂ ਤਾਈਂ ਅੱਜ,
ਬਾਗ ਦੇ ਅੰਦਰ ਪਸਰੀ ਦੂਸ਼ਿਤਖੋਰੀ ਬੰਦ ਕਰੋ।
ਚੂਰ ਕਰੇਗੀ ਸਿਰਜੇ ਸੁਪਨੇ ਜਲਦੀ ਵੇਖ ਲਿਓ,
ਵਿਚ ਮੌਸਮ ਦੇ ਵਰਤੀ ਠੱਗੀ-ਠੋਰੀ ਬੰਦ ਕਰੋ।
ਮਾਸੂਮ ਮਛਲੀਆਂ ਤਾਈਂ, ਚੁਣ ਚੁਣ ਖਾਂਦੇ ਹੋ,
ਜ਼ਾਲਮ ਘੜਿਆਲੋ! ਸੀਨਾਜ਼ੋਰੀ ਬੰਦ ਕਰੋ।
ਨਾਲ ਲਹੂ ਦੇ ਸਿੰਝ ਕੇ ਪਾਲ਼ੇ ਏਕੇ ਦੇ ਰੁੱਖ ਨੂੰ,
ਕਰਦੇ ਪਏ ਕਿਉਂ ਹੋ ਪੋਰੀ ਪੋਰੀ ਬੰਦ ਕਰੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3863)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)