“ਤੋੜ ਦੇਵੇ ... ਹੱਦ-ਬੰਨੇ ਜ਼ੁਲਮ ਜਦ ... ਸੱਚ ਹੈ ... ਨਹੀਂ ਅੰਤ ਉਸਦਾ ਦੂਰ ਹੈ ...”
(29 ਅਕਤੂਬਰ 2021)
1. ਭਵਿੱਖ ਬਾਣੀ
ਸੰਸਦ ਭਵਨ
ਜੋ ਤਾਮੀਰ ਹੋ ਰਿਹਾ ਹੈ
ਸਮਝੋ!
ਭਿੰਨਤਾ ਦਾ ਅਖੀਰ ਹੋ ਰਿਹਾ ਹੈ।
ਸਭ ਰੰਗ
ਸੱਚੇ ਇੱਕ ਵਿਚ ਢਾਲ ਕੇ
‘ਇੱਕ ਰੰਗਾ’
ਬਰੇ-ਸਗੀਰ ਹੋ ਰਿਹਾ ਹੈ।
***
2. ਚੈਲਿੰਜ
ਸੱਜਣਾ! ਤੂੰ ਮਹਾਂਬਲਵਾਨ
ਹੱਥ ਤੇਰੇ ਵਿਚ ਹੈ
ਗਦਾ ਸਮੇਂ ਦੀ
ਰਾਜ ਵਿਚ, ਦਰਬਾਰ ਵਿਚ
ਤੇਰਾ ਸੂਰਜ ਚਮਕਦਾ
ਤੇਰੀ ਕਾਨੀ ਜਿਸ ’ਤੇ ਕਾਟਾ ਮਾਰੇ
ਝੱਟ ਮਿਟ ਜਾਂਦਾ ਹੈ ਉਹ
ਟੁੱਕ ਵੀ ਨਹੀਂ ਮੰਗਦਾ
ਸ਼ਬਦ ਦੀ ਤਕਦੀਰ ਤੇਰੇ ਹੱਥ ਵਿਚ
ਅਰਥ ਦੀ ਸ਼ਮਸ਼ੀਰ ਤੇਰੇ ਹੱਥ ਵਿਚ
ਸੱਜਣਾ, ਤੂੰ ਮਹਾਂ ਬਲਵਾਨ!
ਪਰਮ ਸੱਚ!!
ਖ਼ੁਦ ਨੂੰ ਤੂੰ ਸਮਝਦਾਂ!!!
ਹੋਂਦ ਮੇਰੀ
ਪਰ ਨਹੀਂ ਮੁਥਾਜ ਤੇਰੀ।
***
3. ਭਾਸ਼ਾ
ਮੇਰੇ ਵਿਹੜੇ ਦੇ ਕਬੂਤਰ
ਮੇਰੀ ਭਾਸ਼ਾ ਸਮਝਦੇ ਨਹੀਂ
ਨਾ ਉਹ ਸਮਝਣ
ਮੇਰੇ ਜਿਸਮੀ ਇਸ਼ਾਰੇ
ਪਰ ਸਾਰੇ
ਚੋਗੇ ਦੀ ਭਾਸ਼ਾ ਝੱਟ ਸਮਝ ਜਾਂਦੇ।
***
4. ਜ਼ਹਿਰੀ ਬੱਦਲ
ਭਗਵੇਂ ਬਗਲੇ
ਆਈ ਉੱਤੇ ਆ ਗਏ ਨੇ
ਸਰਵਰ ਵਿੱਚੋਂ
ਚੁਣ ਚੁਣ ਮੱਛੀਆਂ ਖਾ ਗਏ ਨੇ
ਭਾਰਤ ਵਿਚ ਸਾਹ ਲੈਣਾ
ਹੋਇਆ ਅੱਤ ਮੁਸ਼ਕਲ
ਜ਼ਹਿਰੀ ਬੱਦਲ
ਸੂਰਜ ਉੱਤੇ ਛਾ ਗਏ ਨੇ।
***
5. ਨਫ਼ਰਤ ਦਾ ਤੂਫ਼ਾਨ
ਨਫ਼ਰਤ ਦਾ ਤੂਫ਼ਾਨ
ਬੜਾ ਚੜ੍ਹ ਆਇਆ ਹੈ
ਭਾਰਤ ਵਿਚ ਉਸ ਕਿਵੇਂ
ਕੁਹਰਾਮ ਮਚਾਇਆ ਹੈ!
ਆਓ! ਰਲ਼ ਕੇ
ਹੁਣ ਚੰਗੇਜ਼ ਨੂੰ ਨੱਥ ਪਾਈਏ
ਘੱਟਗਿਣਤੀ ਦੇ ਲਹੂ ਦਾ
ਉਹ ਤ੍ਰਿਹਾਇਆ ਹੈ।
***
6. ਮਸ਼ਵਰਾ
ਆਪਣੇ ਲੋਕਾਂ ਨੂੰ
ਜੋ ਤੂੰ! ਕਹਿ ਰਿਹਾਂ!
ਕਿਉਂ ਏਨੇ ਕਸ਼ਟ
ਮਨ ’ਤੇ ਸਹਿ ਰਿਹਾਂ!!
ਛੱਡ ਪਰਾਂ ‘ਗੁਰਨਾਮ’!
ਰਾਹ ਸੰਗਰਾਮ ਦਾ
ਆਪ ਤੂੰ
ਇੰਗਲੈਂਡ ਦੇ ਵਿਚ ਰਹਿ ਰਿਹਾਂ!!!
***
7. ਕੀ ਬਣੂੰ?
ਵਧ ਰਹੇ ਨੇ
ਤੇ ਕਿਆਮਤ ਢਾ ਰਹੇ ਨੇ
ਵਹਿਸ਼ਤ ਦੇ ਨਾਲ
ਦਹਿਸ਼ਤ ਪਾ ਰਹੇ ਨੇ
ਕੀ ਬਣੂੰ ਇਸ ਦੇਸ਼ ਦਾ?
ਲੋਕਾਂ ਨੂੰ ਜਦ
ਖ਼ੁਦ ਸ਼ਾਸਕ
ਆਪਸ ਵਿਚ ਲੜਾ ਰਹੇ ਨੇ।
***
8. ਸੱਚ ਹੈ
ਜ਼ਿਦਖੋਰਾ
ਉਹ ਬੜਾ ਮਗਰੂਰ ਹੈ
ਰਾਜਸੱਤਾ ਦੇ
ਨਸ਼ੇ ਵਿਚ ਚੂਰ ਹੈ
ਤੋੜ ਦੇਵੇ
ਹੱਦ-ਬੰਨੇ ਜ਼ੁਲਮ ਜਦ
ਸੱਚ ਹੈ
ਨਹੀਂ ਅੰਤ ਉਸਦਾ ਦੂਰ ਹੈ।
***
9. ਸ਼ੁਰੂਆਤ
‘ਇੱਕ ਧਰਮ’ ਦਾ ਦੇਸ਼ ਕਰਨਾ
ਉਸ ਦੇ ‘ਮਨ ਕੀ ਬਾਤ’ ਹੈ
ਵਿਸ਼ਵ ਨੂੰ ਦੇਣੀ ਜੋ ਉਸ ਨੇ
ਇਹ ਨਵੀਂ ਸੌਗਾਤ ਹੈ!
ਧਰਮ ਅਤੇ ਜਾਤ ਦੀ
ਨੀਤੀ ਦੇ ਸਿੱਟੇ ਵੇਖਣਾ!
ਹੋ ਰਹੇ ਜੋ ‘ਕਾਂਡ ਹੱਤਿਆ’
ਇਹ ਤਾਂ ਸ਼ੁਰੂਆਤ ਹੈ!
***
10. ਵੇਖਦੇ ਹਾਂ
ਵੇਖਦੇ ਹਾਂ ਵਿਹੜੇ ਵਿਚ,
ਦੀਵਾਰ ਉੱਚੀ ਹੋ ਰਹੀ।
ਨੀਵਾਂ ਕਰ ਕਿਰਦਾਰ ਨੂੰ,
ਸਰਕਾਰ ਉੱਚੀ ਹੋ ਰਹੀ!
ਜਦੋਂ ਦੀ ਛੇੜੀ ਹੈ ਉਸ ਨੇ
ਨਫ਼ਰਤ ਦੀ ਇਹ ਜੰਗ,
ਸਾਡੇ ਹੱਥ ਵਿਚ ਪਿਆਰ ਦੀ
ਤਲਵਾਰ ਉੱਚੀ ਹੋ ਰਹੀ।
*****
(ਛਪ ਰਹੀ ਪੁਸਤਕ ‘ਉੱਜੜੇ ਖੇਤਾਂ ਦਾ ਦਰਦ’ ਵਿੱਚੋਂ।)
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3111)
(ਸਰੋਕਾਰ ਨਾਲ ਸੰਪਰਕ ਲਈ: