“ਸ਼ਿਵ ਕੁਮਾਰ ਕਹਿੰਦਾ, “ਨੂਰ, ਸਰੀਰ ਵਿੱਚੋਂ ਸੈਂਟਰਲ ਹੀਟਿੰਗ ਖਤਮ ਹੋ ਗਈ ਹੈ। ਇੱਕ ਛੋਟਾ ਜਿਹਾ ...”
(2 ਅਗਸਤ 2025)
ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬਿਰੇਟਨ (ਸਥਾਪਤ 1969) ਦੀ ਵੁਲਵਰਹੈਂਪਟਨ ਬ੍ਰਾਂਚ ਨੇ ਜੂਨ 1972 ਵਿੱਚ ਇਸ ਸ਼ਹਿਰ ਵਿੱਚ ਕਵੀ ਦਰਬਾਰ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਇੱਕ ਵੱਡੇ ਹਾਲ ਵਿੱਚ ਹੋਇਆ ਜਿਸਦੀਆਂ ਸਾਰੀਆਂ ਸੀਟਾਂ ਭਰ ਗਈਆਂ ਅਤੇ ਸਰੋਤੇ ਹਾਲ ਦੇ ਪਿਛਲੇ ਪਾਸੇ ਅਤੇ ਆਸੇ ਪਾਸੇ ਵੀ ਖੜੋਤੇ ਸਨ। ਗਿਆਨੀ ਦਰਸ਼ਨ ਸਿੰਘ, ਸ਼ਿਵ ਕੁਮਾਰ ਬਟਾਲਵੀ ਨੂੰ ਲੈ ਕੇ ਵਕਤ ਤੋਂ ਕੁਝ ਸਮਾਂ ਪਹਿਲਾਂ ਪਹੁੰਚ ਗਿਆ। ਉਹ ਦੋਵੇਂ ਹਾਲ ਦੇ ਪ੍ਰਵੇਸ਼ ਦੁਆਰ ਨੇੜੇ ਖੜੋਤੇ ਸਨ। ਸ਼ਿਵ ਕੁਮਾਰ ਨੂੰ ਉਸਦੇ ਪ੍ਰਸ਼ੰਸਕਾਂ ਨੇ ਘੇਰਿਆ ਹੋਇਆ ਸੀ ਕਿ ਇੰਨੇ ਚਿਰ ਨੂੰ ਮੈਂ ਵੀ ਗੁਰਦਾਸ ਰਾਮ ਆਲਮ ਨੂੰ ਲੈ ਕੇ ਉੱਥੇ ਪੁੱਜ ਗਿਆ। ਜਦੋਂ ਮੈਂ ਅਤੇ ਗੁਰਦਾਸ ਰਾਮ ਆਲਮ ਸੜਕ ਪਾਰ ਕਰਕੇ ਹਾਲ ਵੱਲ ਵਧਣ ਲੱਗੇ ਤਾਂ ਮੈਂ ਆਲਮ ਦਾ ਖਾਸ ਖਿਆਲ ਰੱਖ ਰਿਹਾ ਸਾਂ ਕਿਉਂਕਿ ਮੁੱਖ ਸੜਕ ਹੋਣ ਕਰਕੇ ਦੋਹਾਂ ਪਾਸਿਆਂ ਤੋਂ ਵਾਹਨਾਂ ਦੀ ਆਵਾਜਾਈ ਬਹੁਤ ਤੇਜ਼ ਸੀ। ਦੂਜੇ ਪਾਸਿਓਂ ਸ਼ਿਵ ਕੁਮਾਰ ਨੇ ਕਹਿਕਹਾ ਕੱਸਿਆ “ਵੇਖੀਂ ਢਿੱਲੋਂ, ਭਾਈਏ ਨੂੰ ਕਾਰ ਹੇਠਾਂ ਨਾ ਦੇ ਦੇਈਂ।”
ਸੜਕ ਪਾਰ ਕਰਕੇ ਅਸੀਂ ਸਿੱਧਾ ਗਿਆਨੀ ਦਰਸ਼ਨ ਸਿੰਘ ਅਤੇ ਸ਼ਿਵ ਕੁਮਾਰ ਪਾਸ ਗਏ। ਮੈਂ ਕਿਹਾ “ਬਟਾਲਵੀ ਜੀ, ਮੈਂ ਆਲਮ ਨੂੰ ਸਹੀ ਸਲਾਮਤ ਲਿਆ ਕੇ ਤੁਹਾਡੇ ਸਾਹਮਣੇ ਖੜ੍ਹਾ ਕਰ ਦਿੱਤਾ ਹੈ।”
ਸ਼ਿਵ ਕੁਮਾਰ ਸਾਨੂੰ ਦੋਹਾਂ ਨੂੰ ਬਹੁਤ ਤਾਪਾਕ ਨਾਲ ਮਿਲਿਆ। ਉਸਨੇ ਘੁੱਟ ਲਾਈ ਵੀ ਹੋਈ ਸੀ। ਮੈਂ ਨੋਟ ਕੀਤਾ ਕਿ ਬਟਾਲਵੀ ਦੇ ਸੁਭਾਅ ਵਿੱਚ ਠੱਠਾ-ਮਖੌਲ ਕਰਨਾ ਵੀ ਸ਼ਾਮਲ ਸੀ। ਗਿਆਨੀ ਦਰਸ਼ਨ ਸਿੰਘ ਤਾਂ ਸਾਨੂੰ ਦੋਹਾਂ ਨੂੰ ਦੇਰ ਦਾ ਜਾਣਦਾ ਸੀ। ਉਹ ਵੀ ਬਹੁਤ ਪਿਆਰ ਨਾਲ ਮਿਲਿਆ।
ਕਵੀ ਦਰਬਾਰ ਦਾ ਆਗ਼ਾਜ਼ ਨਿਰੰਜਨ ਸਿੰਘ ਨੂਰ ਨੇ ਆਪਣੇ ਇੱਕ ਸ਼ਿਅਰ ਨਾਲ ਕੀਤਾ। ਸ਼ਿਵ ਕੁਮਾਰ, ਗਿਆਨੀ ਦਰਸ਼ਨ ਸਿੰਘ ਅਤੇ ਗੁਰਦਾਸ ਰਾਮ ਆਲਮ ਮੰਚ ਉੱਤੇ ਸੁਸ਼ੋਭਿਤ ਸਨ। ਇੰਗਲੈਂਡ ਦੇ ਕਵੀਆਂ ਨੇ ਵਾਰੀ ਵਾਰੀ ਕਵਿਤਾਵਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਹਾਜ਼ਰੀਨ ਵਿੱਚੋਂ ਕਿਸੇ ਨੇ ਅਵਾਜ਼ਾ ਕੱਸਿਆ, “ਸ਼ਿਵ ਕੁਮਾਰ ਬਟਾਲਵੀ।”
“ਸ਼ਿਵ ਕੁਮਾਰ ਵੀ ਕਵਿਤਾਵਾਂ ਸੁਣਾਵੇਗਾ, ਪਹਿਲਾਂ ਤੁਸੀਂ ਇੰਗਲੈਂਡ ਵਿੱਚ ਵਸਦੇ ਸ਼ਾਇਰਾਂ ਦੀਆਂ ਕਵਿਤਾਵਾਂ ਸੁਣ ਲਵੋ ...” ਕਹਿਕੇ ਨੂਰ ਨੇ ਅਵਤਾਰ ਸਾਦਿਕ ਨੂੰ ਕਵਿਤਾ ਪੜ੍ਹਨ ਲਈ ਸੱਦਾ ਦਿੱਤਾ। ਸਾਦਿਕ ਨੇ ਬਟਾਲਵੀ ਨੂੰ ਮੁਖਾਤਿਬ ਕਰਕੇ ਆਪਣੀ ਗ਼ਜ਼ਲ ਤਰੰਨੁਮ ਵਿੱਚ ਪੇਸ਼ ਕੀਤੀ ਜਿਸਦਾ ਅਰਥ ਨਿਕਲਦਾ ਸੀ ਕਿ ਸ਼ਾਇਰ ਨੂੰ ਹਰ ਵੇਲੇ ਆਪਣੇ ਨਿੱਜੀ ਅਤੇ ਅਸਫਲ ਪਿਆਰ ਦੇ ਰੋਣੇ-ਧੋਣੇ ਲਿਖਣ ਨਾਲੋਂ ਲੋਕਾਂ ਨੂੰ ਪੇਸ਼ ਹੋਰ ਗੰਭੀਰ ਮਸਲਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਪਰ ਇਹ ਪੇਸ਼ਕਾਰੀ ਬਟਾਲਵੀ ਦੇ ਮਨ ਨੂੰ ਨਾਗਵਾਰ ਗੁਜ਼ਰੀ। ਉਂਜ ਇਸ ਗ਼ਜ਼ਲ ਦੀ ਪੇਸ਼ਕਾਰੀ ਸਮੇਂ ਵਿੱਚ ਵਿੱਚ ਤਾਲੀਆਂ ਵੀ ਵੱਜੀਆਂ। ਕੁਝ ਦੇਰ ਬਾਅਦ ਬਟਾਲਵੀ ਨੇ ਅਵਤਾਰ ਸਾਦਿਕ ਦੀ ਇਸ ਗ਼ਜ਼ਲ ਉੱਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਇੱਕ ਕਵਿਤਾ ਲਿਖੀ, ਜਿਸਦਾ ਨਾਮ ਸੀ ‘ਕੁੱਤਿਓ ਰਲਕੇ ਭੌਂਕੋ।’
ਅਵਤਾਰ ਸਾਦਿਕ ਪਿੱਛੋਂ ਨੂਰ ਨੇ ਬਟਾਲਵੀ ਦੇ ਨਾਂ ਦਾ ਐਲਾਨ ਕਰ ਦਿੱਤਾ। ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਸ਼ਿਵ ਨੇ ਕਵਿਤਾ ਪੜ੍ਹੀ
“ਇੱਕ ਕੁੜੀ ਜਿਸਦਾ ਨਾਮ ਮੁਹੱਬਤ,
ਸਾਦਮੁਰਾਦੀ ਸੋਹਣੀ ਫੱਬਤ
ਗੁੰਮ ਹੈ, ਗੁੰਮ ਹੈ, ਗੁੰਮ ਹੈ।”
ਸ਼ਿਵ ਸਰੋਤਿਆਂ/ਦਰਸ਼ਕਾਂ ਦੇ ਮਨਾਂ ਉੱਤੇ ਛਾ ਗਿਆ। ਸਰੋਤਿਆਂ ਨੇ ਮੰਚ ਉੱਤੇ ਪੌਂਡਾਂ ਦਾ ਢੇਰ ਲਾ ਦਿੱਤਾ। ਨੂਰ ਨੇ ਸ਼ਿਵ ਕੁਮਾਰ ਨੂੰ ਪੁੱਛਕੇ ਉਹ ਪੌਂਡ ਗਿਆਨੀ ਦਰਸ਼ਨ ਸਿੰਘ ਨੂੰ ਸੰਭਾਲ ਦਿੱਤੇ।
ਸ਼ਿਵ ਕੁਮਾਰ ਤੋਂ ਬਾਅਦ ਇੰਗਲੈਂਡ ਦੇ ਪੰਜਾਬੀ ਸ਼ਾਇਰਾਂ ਪ੍ਰਕਾਸ਼ ਆਜ਼ਾਦ, ਅਜਮੇਰ ਕੁਵੈਂਟਰੀ, ਅਵਤਾਰ ਜੰਡਿਆਲਵੀ, ਗੁਰਨਾਮ ਢਿੱਲੋਂ,. ਸੰਤੋਖ ਸਿੰਘ ਸੰਤੋਖ ਆਦਿ ਨੇ ਕਵਿਤਾਵਾਂ ਪੇਸ਼ ਕੀਤੀਆਂ। ਹੁਣ ਸਰੋਤਿਆਂ ਵਿੱਚੋਂ ਗੁਰਦਾਸ ਰਾਮ ਆਲਮ ਦੇ ਨਾਮ ਦੀਆਂ ਆਵਾਜ਼ਾਂ ਉੱਚੀਆਂ ਹੋਣ ਲੱਗ ਪਈਆਂ। ਜਦੋਂ ਨੂਰ ਨੇ ਆਲਮ ਦਾ ਨਾਂ ਲਿਆ ਹਾਲ ਇੱਕ ਵਾਰ ਫਿਰ ਤਾਲੀਆਂ ਨਾਲ ਗੂੰਜ ਉੱਠਿਆ। ਆਲਮ ਨੇ ‘ਇਲੈਕਸ਼ਨ’ ਕਵਿਤਾ ਆਪਣੇ ਖਾਸ ਲਹਿਜੇ ਵਿੱਚ ਪੜ੍ਹਨੀ ਸ਼ੁਰੂ ਕੀਤੀ:
“ਚਾਚੀ ਬੜੀ ਛੇਤੀ ਆ ਗਈ ਚੋਣ ਮੁੜਕੇ
ਇਹ ਵਿਹਲੜ ਫਿਰ ਸਾਡੇ ਕੰਨ ਖਾਣ ਆ ਗਏ।
ਚੁੱਕੇ ਹੋਏ ਪੁਰਾਣੀਆਂ ਚੌਧਰਾਂ ਦੇ,
ਚੰਡੀਗੜ੍ਹੋਂ ਮਸ਼ਹੂਰ ਭਲਵਾਨ ਆ ਗਏ। ...
ਆਲਮ ਇਹ ਕਵਿਤਾ ਪੜ੍ਹਕੇ ਬੈਠਣ ਲੱਗਾ ਹੀ ਸੀ ਕਿ ਸਰੋਤਿਆਂ ਵਿੱਚੋਂ ਕਿਸੇ ਨੇ ਆਵਾਜ਼ਾ ਕੱਸਿਆ, “ਆਜ਼ਾਦੀ ਵਾਲੀ ਕਵਿਤਾ ਸੁਣਾਓ।”
“ਆਲਮ ਜੀ ਸੁਣਾਓ ਆਜ਼ਾਦੀ ਨਾਮੀ ਕਵਿਤਾ।” ਨੂਰ ਨੇ ਕਿਹਾ।
ਆਲਮ ਫਿਰ ਸ਼ੁਰੂ ਹੋ ਗਿਆ,
“ਕਿਉਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ
ਨਾ ਬਈ ਭਰਾਵਾ ਨਾ ਖਾਧੀ ਨਾ ਵੇਖੀ।
ਜੱਗੂ ਤੋਂ ਸੁਣਿਆ ਅੰਬਾਲੇ ਖੜ੍ਹੀ ਸੀ,
ਬੜੀ ਭੀੜ ਉਹਦੇ ਉਦਾਲੇ ਖੜ੍ਹੀ ਸੀ। ...
ਆਲਮ ਨੇ ਸਰੋਤਿਆਂ ਨੂੰ ਸਰਸ਼ਾਰ ਕਰ ਦਿੱਤਾ। ਸ਼ਿਵ ਕੁਮਾਰ ਦੀ ਤਰ੍ਹਾਂ ਮੰਚ ਉੱਤੇ ਫਿਰ ਪੌਂਡਾਂ ਦਾ ਢੇਰ ਲੱਗ ਗਿਆ। ਨੂਰ ਨੇ ਉਹ ਪੌਂਡ ਚੁੱਕਕੇ ਆਲਮ ਨੂੰ ਸੌਂਪ ਦਿੱਤੇ।
“ਸ਼ਿਵ ਕੁਮਾਰ ਇੱਕ ਹੋਰ ...” ਫਿਰ ਪੰਡਾਲ ਵਿੱਚੋਂ ਉੱਚੀ ਉੱਚੀ ਆਵਾਜ਼ਾਂ ਆਉਣ ਲੱਗ ਪਈਆਂ।
ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਸ਼ਿਵ ਕੁਮਾਰ ਤਰੰਨੁਮ ਅਤੇ ਬਿਰਹਾ ਦਾ ਸ਼ਾਇਰ ਸੀ। ਉਸਨੇ ਸੋਜ਼ ਅਤੇ ਦਰਦ ਭਰੇ ਤਰੰਨੁਮ ਵਿੱਚ ਕਵਿਤਾ ਸ਼ੁਰੂ ਕਰਕੇ ਸਰੋਤੇ ਝੂਮਣ ਲਾ ਦਿੱਤੇ:
“ਸਿਖਰ ਦੁਪਹਿਰ ਸਿਰ ’ਤੇ ਮੇਰਾ ਢਲ ਚਲਿਆ ਪ੍ਰਛਾਵਾਂ
ਕਬਰਾਂ ਉਡੀਕਦੀਆਂ ਮੈਂਨੂੰ ਜਿਉਂ ਪੁੱਤਰਾਂ ਨੂੰ ਮਾਵਾਂ।
ਕਵੀ ਦਰਬਾਰ ਤੋਂ ਬਾਅਦ ਬਾਹਰੋਂ ਆਏ ਮਹਿਮਾਨਾਂ ਦੇ ਖਾਣੇ ਦਾ ਇੰਤਜ਼ਾਮ ਨੂਰ ਦੇ ਘਰ ਸੀ। ਮੇਰੇ, ਗਿਆਨੀ ਦਰਸ਼ਨ ਸਿੰਘ ਅਤੇ ਸ਼ਿਵ ਦੇ ਸੌਂਣ ਦਾ ਇੰਤਜ਼ਾਮ ਵੀ ਨੂਰ ਦੇ ਘਰ ਹੀ ਸੀ। ਗੁਰਦਾਸ ਰਾਮ ਆਲਮ ਦੇ ਸੌਂਣ ਦਾ ਇੰਤਜ਼ਾਮ ਇੱਕ ਨਜ਼ਦੀਕੀ ਮਿੱਤਰ ਦੇ ਘਰ ਕੀਤਾ ਗਿਆ ਸੀ।
ਨੂਰ ਦੇ ਘਰ ਪਹੁੰਚਕੇ ਦਾਰੂ ਅਤੇ ਕਵਿਤਾਵਾਂ ਦਾ ਦੌਰ ਚੱਲ ਪਿਆ। ਮਹਿਫ਼ਲ ਖੂਬ ਸਜ ਗਈ। ਸ਼ਿਵ ਨੇ ਦੋ ਚੁਟਕਲੇ ਵੀ ਸੁਣਾਏ। ਸ਼ਿਵ ਕੁਮਾਰ ਮੈਂਨੂੰ ਸੋਹਣਾ ਸੁਨੱਖਾ, ਛੱਲ-ਕਪਟ ਰਹਿਤ, ਸਾਫ਼-ਦਿਲ, ਅਤਿਸੰਵੇਦਨਸ਼ੀਲ, ਪਿਆਰਾ, ਬੇਬਾਕ, ਹਸਮੁੱਖ ਅਤੇ ਮਾਸੂਮ ਜਿਹਾ ਨੌਜਵਾਨ ਸ਼ਾਇਰ ਲੱਗਾ, ਜਿਸਦਾ ਲੂੰ ਲੂੰ ਸੋਜ਼ ਅਤੇ ਦਰਦ ਵਿੱਚ ਡੁੱਬਿਆ ਪਿਆ ਹੋਵੇ। ਉਹ ਧੁਰ ਦਿਲੋਂ ਬਿਰਹਾ ਦਾ ਸਰੋਦੀ ਸ਼ਾਇਰ ਸੀ/ਹੈ ਜਿਸ ਵਿੱਚ ਰੀਣ ਭਰ ਵੀ ਖੋਟ ਨਹੀਂ। ਉਹ ਕੁਦਰਤ ਵੱਲੋਂ ਵਰੋਸਾਇਆ ਪ੍ਰਤਿਭਾਸ਼ੀਲ ਵੱਡਾ ਸ਼ਾਇਰ ਸੀ/ਹੈ ਭਾਵੇਂਕਿ ਆਪਣੀ ਸ਼ਾਇਰੀ ਦੇ ਪਹਿਲੇ ਪੜਾਅ ਵਿੱਚ ਕੁਝ ਕੱਚੀਆਂ ਗੱਲਾਂ ਵੀ ਲਿਖੀਆਂ, ਜਿਵੇਂ, “ਸਜਣਾ ਵੇ ਰੱਬ ਕਰਕੇ ਤੈਂਨੂੰ ਪੈਣ ਬਿਰਹੋਂ ਦੇ ਕੀੜੇ।”
ਖਾਣਾ ਆ ਗਿਆ। ਸ਼ਿਵ ਨੇ ਦੋ ਕੁ ਬੁਰਕੀਆਂ ਰੋਟੀ ਦੀਆਂ, ਦੋ ਕੁ ਚਮਚ ਚੌਲ ਅਤੇ ਤਰੀ ਦੇ ਖਾਕੇ ਪਲੇਟ ਇੱਕ ਪਾਸੇ ਕਰ ਦਿੱਤੀ। ਸੋਫੇ ਨਾਲ ਢੋਅ ਲਾਕੇ ਸੌਂਣ ਦੀ ਕੋਸ਼ਿਸ਼ ਕੀਤੀ। ਸਾਡੇ ਬਹੁਤ ਜ਼ੋਰ ਪਾਉਣ ਉੱਤੇ ਵੀ ਉਸਨੇ ਖਾਣੇ ਨੂੰ ਮੂੰਹ ਨਾ ਲਾਇਆ। ਮੈਂ ਅਤੇ ਨੂਰ ਉਸ ਨੂੰ ਪੌੜੀਆਂ ਚੜ੍ਹਨ ਵਿੱਚ ਸਹਾਰਾ ਦੇ ਕੇ ਉਤਲੀ ਮੰਜ਼ਲ ਉੱਤੇ ਉਸਦੇ ਬਿਸਤਰੇ ਵਿੱਚ ਪਾ ਆਏ। ਜਲਦੀ ਬਾਅਦ ਸਾਰੇ ਆਪਣੇ ਆਪਣੇ ਬਿਸਤਰੇ ਵਿੱਚ ਪੈ ਗਏ।
ਸਵੇਰੇ ਸੱਤ ਕੁ ਵਜੇ ਸ਼ਿਵ ਦੇ ਕਮਰੇ ਵਿੱਚ ਹਿਲਜੁਲ ਹੋਈ। ਮੈਂ ਅਤੇ ਨੂਰ ਪਤਾ ਕਰਨ ਉਸਦੇ ਕਮਰੇ ਵਿੱਚ ਗਏ। ਸ਼ਿਵ ਕੁਮਾਰ ਕਹਿੰਦਾ, “ਨੂਰ, ਸਰੀਰ ਵਿੱਚੋਂ ਸੈਂਟਰਲ ਹੀਟਿੰਗ ਖਤਮ ਹੋ ਗਈ ਹੈ। ਇੱਕ ਛੋਟਾ ਜਿਹਾ ਪੈੱਗ ਬਣਾਕੇ ਲਿਆ।”
“ਸ਼ਿਵ, ਤੂੰ ਪਹਿਲਾਂ ਕੁਛ ਖਾ ਲੈ। ਫਿਰ ਮੈਂ ਤੇਰੇ ਲਈ ਪੈੱਗ ਬਣਾਵਾਂਗਾ।” ਨੂਰ ਨੇ ਕਿਹਾ। ਪਰ ਸ਼ਿਵ ਵਾਰ ਵਾਰ ਸ਼ਰਾਬ ਦੀ ਮੰਗ ਕਰ ਰਿਹਾ ਸੀ।
“ਵੇਖ ਸ਼ਿਵ! ਤੂੰ ਰਾਤ ਵੀ ਕੁਝ ਨਹੀਂ ਖਾਧਾ। ਤੂੰ ਭਾਵੇਂ ਇੱਕ ਵਾਰੀ ਕਹਿ ਭਾਵੇਂ ਦਸ ਵਾਰੀ ਕਹਿ, ਮੈਂ ਤੈਂਨੂੰ ਨਿਰਣੇ ਕਲੇਜੇ ਸ਼ਰਾਬ ਨਹੀਂ ਪੀਣ ਦੇਣੀ। ਜੇ ਬਹੁਤੀ ਗੱਲ ਹੈ ਤਾਂ ਮੈਂ ਪੈੱਗ ਬਣਾਕੇ ਲਿਆਉਂਦਾ ਹਾਂ। ਤੇਰੇ ਸਾਹਮਣੇ ਬੈਠਕੇ ਮੈਂ ਅਤੇ ਗੁਰਨਾਮ ਤੇਰਾ ਨਾਂ ਲੈਕੇ ਅੱਧਾ ਅੱਧਾ ਪੀ ਲੈਂਦੇ ਹਾਂ, ਪਰ ਮੈਂ ਤੈਂਨੂੰ ਸ਼ਰਾਬ ਨਹੀਂ ਪੀਣ ਦੇਣੀ” ਨੂਰ ਨੇ ਕਿਹਾ।
ਸ਼ਿਵ ਖਿੜਖਿੜਾ ਕੇ ਹੱਸ ਪਿਆ ਅਤੇ ਉੱਠਕੇ ਗੁਸਲਖਾਨੇ ਨੂੰ ਮੂੰਹ ਹੱਥ ਧੋਣ ਅਤੇ ਬਰੱਸ਼ ਕਰਨ ਤੁਰ ਪਿਆ।
ਅਸੀਂ ਹੇਠਾਂ ਡਾਇਨਿੰਗ ਰੂਮ ਵਿੱਚ ਜਾਕੇ ਨਾਸ਼ਤਾ ਕੀਤਾ। ਸ਼ਿਵ ਨੇ ਇੱਕ ਅੰਡਾ, ਇੱਕ ਟੋਸਟ ਅਤੇ ਥੋੜ੍ਹਾ ਜਿਹਾ ਦਲੀਆ ਖਾਧਾ। ਉਸਨੇ ਬੇਕਨ, ਸਾਸਜ ਅਤੇ ਬੀਨਜ਼ ਨੂੰ ਮੂੰਹ ਨਹੀਂ ਲਾਇਆ। ਉਸ ਨੂੰ ਸ਼ਰਾਬ ਦੀ ਤਲਬ ਸੀ। ਨੂਰ ਨੇ ਉਸ ਨੂੰ ਖੁਸ਼ ਕਰਨ ਲਈ ਇੱਕ ਛੋਟਾ ਵਿਸਕੀ ਦਾ ਸਪੂਨ ਉਹਦੇ ਚਾਹ ਦੇ ਭਰੇ ਪਿਆਲੇ ਵਿੱਚ ਪਾ ਦਿੱਤਾ। ਹੁਣ ਉਹ ਖੁਸ਼ ਸੀ। ਉਸਦੇ ਚਿਹਰੇ ਉੱਤੇ ਸਰੂਰ ਆ ਗਿਆ। ਦਸ ਵਜੇ ਗਿਆਨੀ ਦਰਸ਼ਨ ਸਿੰਘ ਨੇ ਸ਼ਿਵ ਕੁਮਾਰ ਨੂੰ ਅਤੇ ਮੈਂ ਆਲਮ ਨੂੰ ਲੈਕੇ ਆਪਣੇ ਆਪਣੇ ਸ਼ਹਿਰ ਨੂੰ ਚਾਲੇ ਪਾ ਦਿੱਤੇ। ਤੁਰਨ ਤੋਂ ਪਹਿਲਾਂ ਮੈਂ ਸ਼ਿਵ ਨੂੰ ਘੁੱਟਕੇ ਗਲਵੱਕੜੀ ਪਾਈ।
ਜ਼ਿੰਦਗੀ ਦੇ ਇਸ ਦੌਰ ਵਿੱਚ ਸ਼ਿਵ ਸ਼ਰਾਬ ਨੂੰ ਨਹੀਂ, ਸ਼ਰਾਬ ਸ਼ਿਵ ਨੂੰ ਤੁਪਕਾ ਤੁਪਕਾ ਕਰਕੇ ਪੀ ਰਹੀ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (