GurnamDhillon7ਯਾਦ ਕਰੂ ਇਤਿਹਾਸ ਸੁਨਹਿਰੀ ਸਮਿਆਂ ਨੂੰ, ... ਸੂਰਜ ਦੀ ਥਾਂ ਤਾਰੇ ਦਿਨੇ ਵਿਖਾਉਣੇ ਨੇ!
(5 ਅਪ੍ਰੈਲ 2023)
ਇਸ ਸਮੇਂ ਪਾਠਕ: 97.


1.

ਅੱਛੇ ਦਿਨ ਨਾ ਆਏ ਨਾ ਹੀ ਆਉਣੇ ਨੇ,
ਤਾਜਦਾਰ ਨੇ ਸਬਜ਼ ਬਾਗ ਵਿਖਾਉਣੇ ਨੇ।

ਨਿਗਮਾਂ ਦੇ ਰੱਥ ਉੱਤੇ ਰਾਹਬਰ ਚੜ੍ਹ ਚੁੱਕੇ,
ਜੰਗਲ
, ਜਲ, ਜ਼ਮੀਨ ਅਸਾਡੇ ਖੋਹਣੇ ਨੇ।

ਸਰਮਾਏ ਦੀਆਂ ਸੁੰਦਰ ਪਰੀਆਂ ਦੇ ਆਸ਼ਕ
ਉਨ੍ਹਾਂ ਲਈ ਅੰਨਦਾਤੇ ਮਹਿਜ਼ ਖਿਡਾਉਣੇ ਨੇ।

ਨਿੱਜੀਕਰਣ ਦੇ ਮਾਲ-ਗੌਦਾਮ ਉਸਾਰਨ ਲਈ,
ਰੈਣ-ਬਸੇਰੇ ਕੋਇਲਾਂ ਦੇ ਸਭ ਢਾਹੁਣੇ ਨੇ।

ਇੱਕੋ ਰੰਗ ਵਿਚ ਭਾਰਤ ਮਾਂ ਨੂੰ ਰੰਗ ਦੇਣਾ,
ਬਾਕੀ ਦੇ ਰੰਗ ਏਥੋਂ ਮਾਰ ਭਜਾਉਣੇ ਨੇ।

ਮਹਿੰਗਾਈ ਦੇ ਨਾਗ ਮੇਲ੍ਹਦੇ ਫਿਰਦੇ ਹਨ,
ਕੁੰਦਨ ਦੇਹਾਂ ਉੱਤੇ ਡੰਗ ਚਲਾਉਣੇ ਨੇ।

ਬੂਟਾ ਬੂਟਾ ਬਾਗ ਦਾ ਗਹਿਣੇ ਧਰ ਦੇਣਾ,
ਨਵੀਂ ਬਹਾਰ ਦੇ ਐਸੇ ਚੰਦ ਚੜ੍ਹਾਉਣੇ ਨੇ!

ਫਸਲਾਂ ਦੀ ਥਾਂ ਉੱਗਣਗੀਆਂ ਖੁਦਕੁਸ਼ੀਆਂ,
ਇੰਝ ਖੇਤਾਂ ਦੇ ਸੁੱਤੇ ਭਾਗ ਜਗਾਉਣੇ ਨੇ!

ਯਾਦ ਕਰੂ ਇਤਿਹਾਸ ਸੁਨਿਹਰੀ ਸਮਿਆਂ ਨੂੰ,
ਸੂਰਜ ਦੀ ਥਾਂ ਤਾਰੇ ਦਿਨੇ ਵਿਖਾਉਣੇ ਨੇ!

                    ***

2.

ਆਇਆ ਨਹੀਂ ਹੈ ਮੇਰੀ ਮੰਜ਼ਲ ਦਾ ਥਹੁ-ਟਿਕਾਣਾ,

ਏਥੇ ਨਹੀਂ ਹੈ ਰੁਕਣਾ ਮੈਂ ਬਹੁਤ ਦੂਰ ਜਾਣਾ।

ਹਾਲੇ ਮੈਂ ਕਹਿਕਸ਼ਾਂ ਤੇ ਵੱਜਦਾ ਸੰਗੀਤ ਸੁਣਨਾ,
ਤੇ ਤਾਰਿਆਂ ਦੀ ਮਹਿਫ਼ਲ ਦੇ ਵਿਚ ਗੀਤ ਗਾ’ਣਾ।

ਵਗਦੇ ਪਸੀਨਿਆਂ ਦਾ ਆਲਾਪ ਵੀ ਗ਼ਜ਼ਬ ਹੈ,
ਉਸ ਰਾਗ ਵਿਚ ਮੈਂ ਢਲ਼ਨਾ ਸੁਰ ਨਾਲ ਸੁਰ ਮਿਲਾ’ਣਾ।

ਜਿਹੜੇ ਦਿਲਾਂ ਦੇ ਅੰਦਰ ਨਫ਼ਰਤ ਨਿਰੀ ਬਚੀ ਹੈ,
ਮੈਂ ਖੂਨ ਦਿਲ ਦਾ ਪਾ ਕੇ ਉਸ ਅਗਨ ਨੂੰ ਬੁਝਾ’ਣਾ।

ਵੱਜਦੀ ਰਬਾਬ ਦੀ ਜੋ ਸੰਘੀ ਨੂੰ ਘੁੱਟ ਰਹੇ ਹਨ,
ਮੈਂ ਜੂਝਣਾ ਉਨ੍ਹਾਂ ਸੰਗਤੇ ਸਬਕ ਹੈ ਸਿਖਾ’ਣਾ।

ਕਲੀਆਂ ਦੇ ਨਰਮ ਹਿਰਦੇ ਪੌੜਾਂ ਦੇ ਨਾਲ ਮਿੱਧਣ,
ਸਾਨ੍ਹਾਂ, ਉਨ੍ਹਾਂ ਨੂੰ ਫੜਕੇ ਨੱਕ ਵਿਚ ਨਕੇਲ ਪਾ’ਣਾ।

ਇਹ ਰੁੱਖ, ਪਸ਼ੂ, ਪੰਛੀ ਸਾਡੀ ਹੀ ਅੰਸ਼ ’ਚੋਂ ਹਨ,
ਗਲਵਕੜੀ ’ਚ ਲੈਕੇ ਸੀਨੇ ਦੇ ਨਾਲ ਲਾ’ਣਾ।

                  ***

3.

ਰੁਕੇ ਨਾ ਤੇਰੇ ਪਾਣੀ ਉਸ ਵਰਜਿਆ ਬਥੇਰਾ।
ਅੰਤ ਥਲ ਵਿਚ ਜਾ ਕੇ ਸੁੱਕ ਗਿਆ ਨੀਰ ਤੇਰਾ

ਚਿਹਰੇ ’ਤੇ ਗ਼ਮ ਦੇ ਸਾਏ ਤੇ ਅੱਖੀਆਂ ’ਚ ਖੰਡਰ,
ਕਿਸ ਨੇ ਉਧਾਲਿਆ ਹੈ ਤੇਰੇ ਰੂਪ ਦਾ ਸਵੇਰਾ।

ਭੱਜੇ ਘਰੋਂ ਇਹ ਸਮਝ ਕੇ, ਹੈ ਮੁੱਠ ਵਿਚ ਸੂਰਜ,
ਜਦ ਭੇਦ ਖੁੱਲ੍ਹਾ ਪੇਸ਼ ਸੀ ਬੇਦਰਦ ਘੁੱਪ ਹਨੇਰਾ

ਦਿੱਤਾ ਬੁਝਾ ਇਕਦਮ ਤੂੰ ਜਗਦਾ ਸੀ ਇਕ ਚਿਰਾਗ,
ਐ ਹਵਾ! ਗਿਆ ਪਰਖਿਆ ਕਿੱਡਾ ਕੁ ਤੇਰਾ ਜੇਰਾ

ਮੈਂ ਡੁੱਬ ਗਿਆ ਕਿ ਯਾਰ ਨੂੰ ਬਚਾ ’ਲਾਂ ਕਿਸੇ ਤਰ੍ਹਾਂ
ਉਹ ਕਹਿ ਰਹੇ ਨੇ ਇਸ ਵਿਚ ਸਾਰਾ ਕਸੂਰ ਮੇਰਾ।

ਅੰਬਰ ਦੀ ਦਾੜ੍ਹੀ ਪੁੱਟਣੋਂ ਮੈਂ ਖੁੰਝਣਾ ਨਹੀਂ,
ਪਾਏ ਤਾਂ ਸਹੀ ਇਕ ਵਾਰ ਉਹ ਧਰਤੀ ’ਤੇ ਫੇਰਾ।

ਉੱਡਣਾ ਹੈ ਮੈਂ ਆਜ਼ਾਦ ਹੋ ਹਰ ਹਾਲ, ਤੋੜਕੇ,
ਮੇਰੇ ਦੁਆਲੇ ਗਿਰਝਾਂ ਨੇ ਪਾਇਆ ਜੋ ਘੇਰਾ।

                   ***

4.

ਫ਼ਿਕਰ ਨਾ ਕਰ, ਅਵੱਸ਼ ਇਕ ਦਿਨ, ਸਿਖਰ ’ਤੇ ਪੁੱਜ ਜਾਣਾ ਹੈ।
ਬੜਾ ਪੈਂਡਾ ਕਠਿਨ ਹੈ ਪਰ ਅਸੀਂ ਸਰ ਕਰ ਵਿਖਾ’ਣਾ ਹੈ।

ਬਥੇਰੇ ਚੰਦ, ਸੂਰਜ ਚੜ੍ਹਨ ਛਿਪਣਗੇ ਜ਼ਮਾਨੇ ਵਿਚ,
ਅਸੀਂ ਸਾਬਤ ਕਦਮ ਚੱਲਣਾ ਤੇ ਨਾ ਦਿਲ ਨੂੰ ਡੋਲਾ’ਣਾ ਹੈ।

ਰੋਸ਼ਨੀ ਨਜ਼ਰ ਵਿਚ ਭਰਕੇ ਖਿਲਾਅ ਨੂੰ ਚੀਰ ਕੇ ਲੰਘਣਾ,
ਦੁਮੇਲਾਂ ਤੋਂ ਕਿਤੇ ਅੱਗੇ, ਪਰ੍ਹਾਂ ਸਾਡਾ ਟਿਕਾਣਾ ਹੈ।

ਅਸਾਡੇ ਤੇਜ਼ ਨੂੰ ਤੱਕ ਕੇ ਨਜ਼ਰ ਅੰਬਰ ਦੀ ਝੁਕ ਜਾਵੇ,
ਅਸੀਂ ’ਨੇਰੇ ਦੀ ਹਿੱਕ ਉੱਤੇ ਨਵਾਂ ਸੂਰਜ ਉਗਾ’ਣਾ ਹੈ।

ਅਸੀਂ ਪੱਥਰ ਨਹੀਂ ਬਣਨਾ ਅਸੀਂ ਕੰਧਾਂ ਨਹੀਂ ਬਣਨਾ,
ਅਸੀਂ ਜੀਵਤ ਸਿਤਾਰੇ ਹਾਂ ਸਦਾ ਹੀ ਜਗਮਗਾਣਾ ਹੈ।

ਨਦੀ ਰੋਂਦੀ ਰਹੀ ਦਰਿਆ ਜਿਉਂ ਹਾਉਕੇ ਰਿਹਾ ਭਰਦਾ
ਕਦੀ ਪਰ ਨੀਰ ਨਹੀਂ ਰੁਕਦੇ ਉਨ੍ਹਾਂ ਹਰ ਬੰਨ੍ਹ ਢਾ’ਣਾ ਹੈ।

ਘਟਾ, ਬੱਦਲਾਂ ਨੂੰ ਆਖੇ ਆਓ ਮੇਰੇ ਨਾਲ ਰਲ ਜਾਓ
ਜਿਮੀ ਦੀ ਤਪਸ਼ ਹਰਨੀ ਹੈ ਥਲਾਂ ਦਾ ਘਰ ਸਜਾ’ਣਾ ਹੈ।

ਬਰਫ਼ ਪਿਘਲੀ ਪਹਾੜਾਂ ਤੋਂ ਬਣੇ ਦਰਿਆ ਅਤੇ ਨਦੀਆਂ
ਇਨ੍ਹਾਂ ਨੇ ਜਿਧਰ ਵੀ ਜਾਣਾ ਨਵੇਂ ਰਸਤੇ ਬਣਾ’ਣਾ ਹੈ।

ਬਿਰਖ ਸਨ ਸੋਗ ਵਿਚ ਡੁੱਬੇਹਵਾ ਨੇ ਹੌਸਲਾ ਦਿੱਤਾ
ਕਰੋ ਨਾ ਦਿਲ ਨੂੰ ਹੁਣ ਹੌਲ਼ਾ ਸੁਬ੍ਹਾ ਦਾ ਗੀਤ ਗਾ’ਣਾ ਹੈ।

                       ***

5.

ਬਿਨ ਚਾਨਣ ਦੇ ਉਜਲਾ ਵਿਹੜਾ ਹੋਂਣਾ ਨਹੀਂ,
ਪਾਰ, ਬਿਨਾਂ ਨਿਸ਼ਚੈ ਦੇ ਬੇੜਾ ਹੋਣਾ ਨਹੀਂ।

ਤੂੰ! ਜੇ ਟੀਚਾ ਮਿੱਥ ਕੇ ਢੇਰੀ ਢਾਹ ਬੈਠਾ,
ਤੇਰਾ ਮੰਜ਼ਲ ਦੇ ਸੰਗ ਨੇੜਾ ਹੋਣਾ ਨਹੀਂ।

ਬੇਰਹਿਮੀ ਨਾਲ ਲਗਰਾਂ, ਫੁੱਲਾਂ ਨੂੰ ਲੂਹ ਕੇ,
ਮਾਲੀ! ਤੇਰੇ ਬਾਗ ’ਚ ਖੇੜਾ ਹੋਣਾ ਨਹੀਂ।

ਕੱਤਣ ਵਾਲੀ ਦੀ ਨੀਯਤ ਜਦ ਖੋਟੀ ਹੈ,
ਇਸ ਚਰਖੇ ਦਾ ਪੂਰਾ ਗੇੜਾ ਹੋਣਾ ਨਹੀਂ।

ਤੂੰ ਜੇ ਬੱਦਲਾਂ ਨਾਲ ਹੀ ਰਲ਼ ਕੇ ਉਡਣਾ ਹੈ,
ਧੁੱਪ ਤੇ ਛਾਂ ਦਾ ਫੇਰ ਨਿਖੇੜਾ ਹੋਣਾ ਨਹੀਂ।

ਲੋਕਾਂ ਦੀ ਸ਼ਕਤੀ ਦੇ ਸਾਹਵੇਂ ਮੁਸ਼ਕਿਲ ਕੰਮ!
ਹੈ ਦੁਨੀਆਂ ਵਿਚ ਕਿਹੜਾ ਜਿਹੜਾ ਹੋਣਾ ਨਹੀਂ।

ਸ਼ਬਦ ਤਲੀ ’ਤੇ ਰੱਖ ਕੇ ਮੰਡੀ ਵਿਚ ਨਾ ਜਾ,
ਸ਼ਾਇਰਾ! ਸ਼ੁਹਰਤ ਨਾਲ ਨਬੇੜਾ ਹੋਣਾ ਨਹੀਂ।

ਐਵੇਂ ਨਾ ‘ਗੁਰਨਾਮ’ ਤਿਜਾਰਤ ਕਰ ਬੈਠੀਂ,
ਤੈਥੋਂ ਨਿੱਤ ਦਾ ਝੰਜਟ-ਝੇੜਾ ਹੋਣਾ ਨਹੀਂ।

               *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3893)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ

Phone: (UK: 44 - 77870 - 59333)
Email: (gdhillon4@hotmail.com)

More articles from this author