“ਪਰ ਇਹ ਕੀ? ਜਿਨ੍ਹਾਂ ਦੇ ਹੱਥਾਂ ਵਿੱਚ ਸਾਡੇ ਦੇਸ਼ ਰੂਪੀ ਘਰ ਦੀ ਡੋਰ ਹੁੰਦੀ ਹੈ, ਉਹਨਾਂ ਦੀ ਅਕਲ ਤਾਂ ...”
(19 ਨਵੰਬਰ 2017)
ਅੱਜ ਬਹੁਤ ਹੀ ਪੁਰਾਣੀ ਗੱਲ ਯਾਦ ਆ ਗਈ ਹੈ ਕਿ ਮੁੱਛ ਦੀ ਯਾਰੀ (ਦੋਸਤੀ) ਗੂੜ੍ਹੀ ਕਿ ਗੁੱਤ ਦੀ। ਗੱਲ ਕੁਝ ਬੇਢਵੀ ਜਿਹੀ ਸੀ। ਕੋਈ ਤੁਕ ਨਹੀਂ ਸੀ ਬਣਦੀ ਇਸ ਗੱਲ ਦੀ ਮੇਰੀ ਸਮਝ ਵਿੱਚ। ਪਰ ਗਲੀ ਦੀਆਂ ਚਾਰ ਪੰਜ ਔਰਤਾਂ ਇਸ ਗੱਲ ਦਾ ਨਿਚੋੜ ਕੱਢਣ ਲੱਗੀਆਂ ਹੋਈਆਂ ਸਨ। ਪਤਾ ਨਹੀਂ ਇਸ ਮੁੱਛ ਅਤੇ ਗੁੱਤ ਵਾਲੀ ਬੁਝਾਰਤ ਵਿੱਚ ਕੌਣ ਜਿੱਤਿਆ ਹੋਵੇਗਾ ਤੇ ਕੌਣ ਹਾਰਿਆ, ਕਿਉਂਕਿ ਮੇਰੇ ਪੜ੍ਹਨ ਦਾ ਸਮਾਂ ਹੋ ਗਿਆ ਸੀ, ਤੇ ਘਰੋਂ ਆਵਾਜ਼ ਆਉਣ ’ਤੇ ਮੈਂ ਘਰ ਚਲੀ ਗਈ ਸੀ। ਇਹ ਗੱਲ ਸੀ ਵੀ ਕਮਲੀ ਜਿਹੀ, ਇਸ ਬਾਰੇ ਘਰ ਜਾ ਕੇ ਦੁਹਰਾਉਣਾ ਵੀ ਅਜੀਬ ਜਿਹਾ ਲੱਗਦਾ ਸੀ। ਗੱਲ ਆਈ ਗਈ ਹੋ ਗਈ।
ਅੱਜ ਫੇਰ ਬਹੁਤ ਸਾਲਾਂ ਬਾਅਦ ਇਹ ਗੱਲ ਯਾਦ ਆਈ, ਜਦ ਬੱਸ ਵਿੱਚ ਸਫ਼ਰ ਕਰ ਰਹੇ ਦੋ ਬੰਦੇ ਆਪਸ ਵਿੱਚ ਕਹਿ ਰਹੇ ਸੀ ਕਿ, “ਛੱਡ ਯਾਰ ਤੂੰ ਬੁਰਾ ਨਾ ਮਨਾਵੀਂ, ਉਹਨੂੰ ਅਕਲ ਹੈ ਨੀਂ, ਆਪਾਂ ਸੁਣਿਆਂ ਤਾਂ ਹੈ ਕਿ ਔਰਤਾਂ ਦੀ ਮੱਤ ਗਿੱਚੀ ‘ਚ ਹੁੰਦੀ ਹੈ।”
ਇਹ ਸੁਣ ਕੇ ਮੈਨੂੰ ਧੁੜਧੁੜੀ ਜਿਹੀ ਆਈ, “ਹੈਂ! ਇਹ ਲੋਕ ਸ਼ਰੇਆਮ ਹੀ ਔਰਤਾਂ ਬਾਰੇ ਏਦਾਂ ਕਹਿ ਰਹੇ ਹਨ।” ਫੇਰ ਇਹ ਸੋਚ ਕੇ ਚੁੱਪ ਕਰ ਗਈ ਕਿ ਹੋਊ ਕੋਈ ਭਲੀਮਾਣਸ ਜਿਹਦੇ ਬਾਰੇ ਇਹ ਲੋਕ ਏਦਾਂ ਸੋਚਦੇ ਹਨ। ਪਰ ਇਹ ਗੱਲ ਮੇਰੇ ਦਿਮਾਗ ਵਿੱਚ ਹੀ ਘਰ ਕਰ ਗਈ। ਮਨ ਨੂੰ ਬਹੁਤ ਸਮਝਾਇਆ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਤੇ ਸਾਰੀਆਂ ਔਰਤਾਂ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ। ਨਾਲੇ ਮੈਨੂੰ ਕੀ? ਕਿਸੇ ਦੀ ਗੱਲ ਆ, ਆਪਾਂ ਤਾਂ ਨਾ ਉਸ ਔਰਤ ਨੂੰ ਜਾਣਦੇ ਹਾਂ ਅਤੇ ਨਾ ਹੀ ਇਹਨਾਂ ਆਦਮੀਆਂ ਨੂੰ। ਪਰ ਇਹ ਵੀ ਸੋਚੀ ਜਾਵਾਂ ਕਿ ਇਹਨਾਂ ਭਰਾਵਾਂ ਨੇ ਸਾਰੀਆਂ ਔਰਤਾਂ ਨੂੰ ਇੱਕੋ ਰੱਸੇ ਹੀ ਬੰਨ੍ਹ ਦਿੱਤਾ।
ਖੈਰ! ਘਰ ਆਈ ਤਾਂ ਘਰ ਕੁਝ ਅਣਜਾਣੇ ਮਹਿਮਾਨ ਆਏ ਹੋਏ ਸਨ ਤੇ ਮੇਰਾ ਇੰਤਜ਼ਾਰ ਕਰ ਰਹੇ ਸਨ। ਉਹਨਾਂ ਨੂੰ ਚਾਹ ਪਾਣੀ ਪਿਆ ਕੇ ਜਦ ਮੈਂ ਉਹਨਾਂ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਦੇ ਆਉਣ ਦਾ ਕਾਰਨ ਸੁਣ ਕਿ ਮੇਰੀ ਹਾਲਤ ਹੱਥ ਪੈਰ ਬੰਨ੍ਹੇ ਉਸ ਮੁਰਗੇ ਵਰਗੀ ਹੋ ਗਈ, ਜਿਹੜਾ ਸਭ ਕੁਝ ਜਾਣਦਿਆਂ ਹੋਇਆਂ ਵੀ ਘੜੂੰ-ਘੜੂੰ ਕਰੀਂ ਜਾਂਦਾ ਹੈ। ਨੌਜਵਾਨ ਕਾਫ਼ੀ ਪੜ੍ਹੇ ਹੋਏ ਸਨ। ਦੋ-ਦੋ ਡਿਗਰੀਆਂ ਨੂੰ ਉਹਨਾਂ ਨੇ ਸੋਹਣੇ ਲਿਫਾਫਿਆਂ ਅਤੇ ਫਾਈਲਾਂ ਵਿੱਚ ਏਦਾਂ ਲਪੇਟਿਆਂ ਹੋਇਆ ਸੀ, ਜਿਵੇਂ ਲੋਕ ਮੋਦੀ ਜੀ ਦੇ ਪੰਜ ਸੌ ਅਤੇ ਹਜ਼ਾਰ ਰੁਪਏ ਦੇ ਨੋਟਾਂ ਨੂੰ ਲਪੇਟ ਲਪੇਟ ਕੇ ਰੱਖਦੇ ਸਨ। ਉਹਨਾਂ ਨੌਜਵਾਨਾਂ ਨੂੰ ਨੌਕਰੀ ਚਾਹੀਦੀ ਸੀ। ਪਰ ਮੈਂ ਉਹਨਾਂ ਨੂੰ ਕਿੱਦਾਂ ਸਮਝਾਵਾਂ ਕਿ ਭੋਲਿਓ ਵੀਰੋ, ਜੇ ਮੇਰੀ ਕਲਮ ਨੌਕਰੀਆਂ ਵੰਡਦੀ ਤਾਂ ਮੇਰੇ ਖ਼ੁਦ ਦੇ ਭੈਣ-ਭਰਾ ਪੰਜ ਪੰਜ ਡਿਗਰੀਆਂ ਨੂੰ ਮਾਂ ਦੇ ਲੋਹੇ ਦੇ ਟਰੰਕ ਵਿੱਚ ਰੱਦੀ ਸਮਝ ਕੇ ਨਾ ਸੁੱਟਦੇ।...
ਸਿਆਣੇ ਕਹਿੰਦੇ ਹਨ ਕਿ ਵਿੱਦਿਆ ਇੱਕ ਅਜਿਹਾ ਗਹਿਣਾ ਹੈ, ਜੋ ਕੋਈ ਚੁਰਾ ਨਹੀਂ ਸਕਦਾ। ਪਰ ਹੁਣ ਇਹ ਕਹਾਣੀ ਵੀ ਝੂਠੀ ਜਾਪਦੀ ਹੈ, ਜਦ ਡਿਗਰੀਆਂ ਮੁੱਲ ਵਿਕਦੀਆਂ ਹਨ, ਡਿਗਰੀਆਂ ਸੇਲ ’ਤੇ ਲਗਦੀਆਂ ਹਨ। ਪੈਸਾ ਚਾਹੀਦਾ, ਡਿਗਰੀਆਂ ਲਵੋ ਤੇ ਵੱਡੇ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹੋਵੋ। ਅਜੇ ਪਿੱਛੇ ਜਿਹੇ ਦੀ ਗੱਲ ਹੈ ਕਿਸੇ ਮਹਿਕਮੇ ਵਿੱਚ ਤਰੱਕੀਆਂ ਮਿਲ ਰਹੀਆਂ ਸਨ। ਉਮਰ ਅਤੇ ਤਜ਼ਰਬੇ ਨੂੰ ਪਹਿਲ ਦੇ ਆਧਾਰ ’ਤੇ ਦੇਖਿਆ ਜਾ ਰਿਹਾ ਸੀ। ਕਿਸੇ ਕਿਸਮ ਦੀ ਬੇਈਮਾਨੀ ਨਹੀਂ ਸੀ ਚੱਲਣੀ। ਸਭ ਕੁਝ ਆਨਲਾਈਨ ਸੀ, ਰਿਸ਼ਵਤ ਅਤੇ ਸਿਫ਼ਾਰਿਸ਼ ਦੀ ਤਾਂ ਗੱਲ ਹੀ ਦੂਰ। ਮੈਰਿਟ ਬਣ ਚੁੱਕੀ ਸੀ। ਤਰੱਕੀਆਂ ਵਾਲੇ ਨਾਵਾਂ ਦੀ ਲਿਸਟ ਲੱਗ ਚੁੱਕੀ ਸੀ। ਇਮਾਨਦਾਰੀ ਨੂੰ ਗਸ਼ ਪੈ ਗਈ ਸੀ, ਪੈਂਦੀ ਵੀ ਕਿਉਂ ਨਾ? ਕਿਉਂਕਿ ਉਹਨਾਂ ਤਰੱਕੀਆਂ ਵਾਲੇ ਫਾਰਮਾਂ ਵਿੱਚ ਇੱਕ ਖਾਨਾ ਇਹ ਵੀ ਸੀ ਕਿ ਸਟੇਟ ਐਵਾਰਡ ਦੇ ਪੰਜ ਨੰਬਰ ਅਤੇ ਨੈਸ਼ਨਲ ਐਵਾਰਡ ਦੇ ਦਸ ਨੰਬਰ ਦਿੱਤੇ ਜਾਣਗੇ। ਬੱਸ, ਇੱਥੇ ਹੀ ਮਾਰ ਖਾ ਗਈ ਇਮਾਨਦਾਰੀ। ਪੈਸੇ ਅਤੇ ਸਿਫ਼ਾਰਿਸ਼ਾਂ ਵਾਲਿਆਂ ਨੇ ਝੱਟ ਐਵਾਰਡ ਲੈ ਲਏ ਤੇ ਬੈਠ ਗਏ ਅਫ਼ਸਰਾਂ ਵਾਲੀਆਂ ਕੁਰਸੀਆਂ ’ਤੇ। ਉਹਨਾਂ ਨੌਜਵਾਨਾਂ ਨੂੰ ਵਿਦਾ ਕਰਕੇ ਮੇਰਾ ਦਿਲ ਕੀਤਾ ਕਿ ਮੈਂ ਅੱਜ ਇਸ ਕਹਾਵਤ ਨੂੰ ਝੂਠੀ ਕਰਕੇ ਹੀ ਰਹਾਂਗੀ। ਤੇ ਸਬੂਤਾਂ ਸਮੇਤ ਔਰਤ ਦਾ ਪੱਖ ਸਭ ਦੇ ਸਾਹਮਣੇ ਰੱਖਾਂਗੀ।
ਤੁਸੀਂ ਸਭ ਵੀ ਸੋਚਦੇ ਹੋਵੋਗੇ ਕਿ ਮੈਂ ਖ਼ੁਦ ਔਰਤ ਹਾਂ ਤਾਂ ਹੀ ਔਰਤ ਜਾਤ ਦੀ ਵਡਿਆਈ ਕਰਦੀ ਹਾਂ। ਨਹੀਂ, ਸਗੋਂ ਸੱਚ ਤਾਂ ਇਹ ਹੈ ਕਿ ਕੁਦਰਤ ਦੇ ਕਾਦਰ ਨੇ ਹਰ ਚੀਜ਼ ਨੂੰ ਬਰਾਬਰ ਬਣਾਇਆ ਤਾਂ ਜੋ ਸੰਤੁਲਨ ਬਣਿਆ ਰਹੇ, ਅਡੋਲਤਾ ਬਣੀ ਰਹੇ। ਮੈਨੂੰ ਮਾਣ ਮਹਿਸੂਸ ਹੁੰਦਾ ਹੈ ਇਹ ਸੋਚ ਕੇ , ਇੱਕ ਔਰਤ ਗਹ੍ਰਿਣੀ ਦੇ ਰੂਪ ਵਿੱਚ ਜਦ ਘਰ ਵਿੱਚ ਹੁੰਦੀ ਹੈ ਤਾਂ ਉਸ ਨੂੰ ਪਤਾ ਹੁੰਦਾ ਹੈ ਕਿ ਉਸਨੇ ਬਾਜ਼ਾਰ ਤੋਂ ਕਿਹੜੀਆਂ ਚੀਜ਼ਾਂ ਮੰਗਵਾਉਣੀਆਂ ਹੁੰਦੀਆਂ ਹਨ। ਜਦ ਉਹ ਬਾਜ਼ਾਰ ਜਾ ਰਹੇ ਪੁੱਤਰ ਜਾਂ ਪਤੀ ਨੂੰ ਸਾਮਾਨ (ਵਸਤਾਂ) ਵਾਲੀ ਲਿਸਟ ਫੜਾਉਂਦੀ ਹੈ ਤਾਂ ਉਸ ਵਿੱਚ ਸਿਰਫ਼ ਜ਼ਰੂਰਤ ਦਾ ਸਾਮਾਨ ਲਿਖਿਆ ਹੁੰਦਾ ਹੈ, ਜਾਂ ਫਿਰ ਐਮਰਜੈਂਸੀ ਦੀ ਕੋਈ ਚੀਜ਼ ਮੋਮਬੱਤੀ, ਟਾਰਚ ਜਾਂ ਬੁਖਾਰ ਆਦਿ ਦੀ ਦਵਾਈ। ਸਮਝਦਾਰ ਔਰਤ ਘਰ ਵਿੱਚ ਕਿਸੇ ਚੀਜ਼ ਦੀ ਥੁੜ ਨਹੀਂ ਆਉਣ ਦਿੰਦੀ ਤੇ ਬੇਲੋੜੇ ਸਾਮਾਨ ਨੂੰ ਘਰ ਵਿੱਚ ਜਮ੍ਹਾਂ ਨਹੀਂ ਕਰਦੀ। ਜਿਵੇਂ ਕਿ ਅੱਜਕੱਲ੍ਹ ਹਰ ਸਮਝਦਾਰ ਔਰਤ ਦੀ ਰਸੋਈ ਵਿੱਚ ਇੱਕ ਭਰਿਆ ਹੋਇਆ ਸੈਲੰਡਰ ਜ਼ਰੂਰ ਹੁੰਦਾ ਹੈ, ਉਸੇ ਤਰ੍ਹਾਂ ਪੁਰਾਣੇ ਜ਼ਮਾਨੇ ਦੀਆਂ ਔਰਤਾਂ ਜਿਹੜੀਆਂ ਜ਼ਿਆਦਾਤਰ ਅਨਪੜ੍ਹ ਹੁੰਦੀਆਂ ਸਨ, ਉਹ ਸਾਲ ਭਰ ਲਈ ਸੁੱਕਾ ਬਾਲਣ ਜਮ੍ਹਾਂ ਕਰ ਕੇ ਰੱਖਦੀਆਂ ਸਨ ਤਾਂ ਜੋ ਮੀਂਹ ਕਣੀ ਵਿੱਚ ਵੀ ਚੁੱਲ੍ਹਾ ਬਲਦਾ ਰਹੇ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਹੋਰ ਨਹੀਂ ਤਾਂ ਇਹ ਵਾਧੂ ਬਾਲਣ ਸਿਆਲਾਂ ਵਿੱਚ ਧੂਣੀ ਸੇਕਣ ਦੇ ਹੀ ਕੰਮ ਆਊ।
ਇਸ ਕਹਾਵਤ ਨੂੰ ਝੂਠੀ ਕਰਨ ਲਈ, ਇੱਕ ਘਰੇਲੂ ਗ੍ਰਹਿਣੀ ਜਿਸਦੇ ਹੱਥ ਵਿੱਚ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੀ ਡੋਰ ਹੁੰਦੀ ਹੈ ਦੀ ਤੁਲਨਾ ਉਸ ਅਕਲਮੰਦ ਸਰਕਾਰ ਨਾਲ ਕਰਨ ਲੱਗਦੀ ਹਾਂ ਜੋ ਅਸੀਂ ਹੀ ਚੁਣੀ ਹੁੰਦੀ ਹੈ। ਜਿਸ ਦੇ ਹਵਾਲੇ ਅਸੀਂ ਆਪਣੇ ਰਾਜ ਜਾਂ ਦੇਸ਼ ਦੀਆਂ ਜ਼ਿੰਵਾਰੀਆਂ ਦੀ ਡੋਰ ਦੇ ਕੇ ਬੇਫ਼ਿਕਰ ਹੋ ਜਾਂਦੇ ਹਾਂ। ਜਿਵੇਂ ਕੋਈ ਆਦਮੀ ਘਰ ਵਿੱਚ ਆਲੂਆਂ ਜਾਂ ਪਿਆਜ ਦਾ ਗੱਟਾ ਲਿਆ ਕਿ ਬੇਫ਼ਿਕਰ ਹੋ ਜਾਂਦਾ ਹੈ ਕਿ ਹੁਣ ਉਸਦੀ ਗ੍ਰਹਿਣੀ ਕਦੇ ਆਲੂ ਵਾਲੇ ਪਰੌਂਠੇ ਬਣਾਵੇਗੀ ਤੇ ਕਦੇ ਪਿਆਜ ਵਾਲੇ। ਲੂਣ ਮਿਰਚ ਕਿੰਨਾ ਪਾਉਣਾ, ਉਹਨਾਂ ਨੂੰ ਸੰਭਾਲਣਾ ਕਿੱਦਾਂ, ਇਹ ਸਿਰਫ਼ ਔਰਤ ਹੀ ਜਾਣੇ। ਪਰ ਇਹ ਕੀ? ਜਿਨ੍ਹਾਂ ਦੇ ਹੱਥਾਂ ਵਿੱਚ ਸਾਡੇ ਦੇਸ਼ ਰੂਪੀ ਘਰ ਦੀ ਡੋਰ ਹੁੰਦੀ ਹੈ, ਉਹਨਾਂ ਦੀ ਅਕਲ ਤਾਂ ਘਰੇਲੂ ਗ੍ਰਹਿਣੀ ਨਾਲੋਂ ਵੀ ਘੱਟ ਲਗਦੀ ਹੈ। ਕਿਉਂਕਿ ਬਚਪਨ ਤੋਂ ਦੇਖਦੀ ਹਾਂ, ਸਰਕਾਰਾਂ ਦੇ ਵਿਕਾਸ ਕੰਮਾਂ ਦੀਆਂ ਲਿਸਟਾਂ ਪੇਪਰਾਂ ਤੇ ਕੰਧਾਂ ’ਤੇ ਸੋਸ਼ਲ ਮੀਡੀਆ ’ਤੇ ਗੱਡੀਆਂ, ਕਾਰਾਂ, ਬੱਸਾਂ ਤੇ ਇੱਥੋਂ ਤੱਕ ਕਿ ਦਰਖਤਾਂ ਦੀ ਛਾਤੀ ਵਿੱਚ ਵੀ ਕਿੱਲ ਠੋਕ ਕੇ ਵਿਕਾਸ ਦੇ ਪੋਸਟਰ ਲਗਾਏ ਹੁੰਦੇ ਹਨ। ਪਰ ਕਦੇ ਵੀ ਇਹ ਲਿਖਿਆ ਨਹੀਂ ਪੜ੍ਹਿਆ, ਕਦੇ ਵੀ ਇਹ ਲਿਸਟ ਲੱਗੀ ਨਹੀਂ ਦੇਖੀ ਕਿ ਕਿੰਨੇ ਸਾਲਾਂ ਵਿੱਚ, ਕਿੰਨੇ ਨੌਜਵਾਨਾਂ ਨੇ ਡਿਗਰੀਆਂ ਹਾਸਲ ਕੀਤੀਆਂ, ਕਿੰਨਿਆਂ ਦੀ ਮੈਰਿਟ ਕਿੰਨੀ ਬਣੀ, ਕਿੰਨਿਆਂ ਨੂੰ ਨੌਕਰੀਆਂ ਮਿਲੀਆਂ, ਕਿੰਨੇ ਪ੍ਰਾਈਵੇਟ ਖੇਤਰਾਂ ਵਿੱਚ ਸੈੱਟ ਹੋ ਗਏ, ਕਿੰਨੇ ਵਿਦੇਸ਼ ਗਏ, ਕਿੰਨਿਆਂ ਨੂੰ ਵਿਦੇਸ਼ ਵਿੱਚ ਨੌਕਰੀਆਂ ਮਿਲੀਆਂ, ਕਿੰਨੇ ਵਾਪਿਸ ਆਏ ਤੇ ਕਿੰਨਿਆਂ ਦੀ ਪੜ੍ਹਾਈ ਅੱਧਵਾਟੇ ਛੁੱਟ ਗਈ। ਜੇ ਅਜਿਹਾ ਹੁੰਦਾ ਤਾਂ ਸਾਡੇ ਦੇਸ਼ ਵਿੱਚ ਡਿਗਰੀਆਂ ਵਾਲਿਆਂ (ਬੇਰੁਜ਼ਗਾਰਾਂ) ਦੀ ਭੀੜ ਨਾ ਹੁੰਦੀ।
ਇੱਕ ਉਦਾਹਰਣ ਵੀ ਉਸ ਔਰਤ ਦੀ ਦਿੱਤੀ ਜਾ ਸਕਦੀ ਹੈ, ਜਿਸਦੀ ਮੱਤ ਸਭ ਗਿੱਚੀ ਪਿੱਛੇ ਸਮਝਦੇ ਹਨ। ਉਸ ਔਰਤ ਦਾ ਉਹ ਗੁਣ ਵੀ ਦੇਖੋ ਕਿ ਜੇ ਰਸੋਈ ਵਿੱਚ ਕੋਈ ਦਾਲਾਂ ਜਾਂ ਮਸਾਲੇ ਵਧ ਜਾਣ, ਜਿਨ੍ਹਾਂ ਦੇ ਖਰਾਬ ਹੋਣ ਦਾ ਡਰ ਹੋਵੇ ਉਹਨਾਂ ਨੂੰ ਪਹਿਲਾਂ ਵਰਤਦੀ ਹੈ। ਉਸੇ ਤਰ੍ਹਾਂ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੁਆਨੀ ਤੋਂ ਬੁਢੇਪੇ ਵੱਲ ਜਾ ਰਹੇ ਡਿਗਰੀ ਹੋਲਡਰਾਂ ਨੂੰ ਪਹਿਲ ਦੇ ਆਧਾਰ ’ਤੇ ਰੋਜ਼ਗਾਰ ਮੁਹੱਈਆ ਕਰਵਾਏ ਜਾਣ। ਉਮਰ ਹੱਦ ਖ਼ਤਮ ਕੀਤੀ ਜਾਵੇ। ਸਰਕਾਰ ਬੁੱਧੀਜੀਵੀਆਂ ਦਾ ਪੈਨਲ ਬਿਠਾ ਕੇ ਘੱਟ ਪੜ੍ਹੇ, ਪੜ੍ਹੇ ਲਿਖੇ, ਡਿਗਰੀ ਹੋਲਡਰ ਅਤੇ ਅਨਪੜ੍ਹ ਬੇਰੋਜ਼ਗਾਰਾਂ ਦੇ ਰਿਕਾਰਡ ਦੀਆਂ ਸਹੀ ਢੰਗ ਨਾਲ ਸਾਰਨੀਆਂ (ਲੜੀਵਾਰ) ਬਣਾ ਕੇ ਸਰਕਾਰ ਉਹਨਾਂ ਦੀ ਮਦਦ ਕਰੇ (ਰੋਜ਼ਗਾਰ ਦੇਵੇ)। ਉਹ ਫੰਡ ਜੋ ਵਿਕਾਸ ਦੇ ਕੰਮਾਂ ਦਾ ਵਿਖਾਵਾ ਕਰਨ ਲਈ ਫਲੈਕਸ ਬੋਰਡਾਂ ’ਤੇ ਫ਼ਜੂਲ ਖਰਚ ਕੀਤਾ ਜਾਂਦਾ ਹੈ, ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਵਰਤੇ।
ਤੁਹਾਡੀ ਪਹਿਚਾਣ ਤੁਹਾਡੇ ਚਿਹਰੇ ਤੋਂ ਨਹੀਂ, ਤੁਹਾਡੇ ਨਾਮ ਤੋਂ ਹੋਣੀ ਚਾਹੀਦੀ ਹੈ। ਤੁਹਾਡੀਆਂ ਪ੍ਰਾਪਤੀਆਂ ਲੋਕਾਂ ਦੇ ਦਿਲਾਂ ’ਤੇ ਲਿਖੀਆਂ ਜਾਣ ਨਾ ਕਿ ਫਲੈਕਸ ਬੋਰਡਾਂ ’ਤੇ, ਜੋ ਜ਼ਿਆਦਾਤਰ ਐਕਸੀਡੈਂਟਾਂ ਦਾ ਕਾਰਨ ਬਣਦੇ ਹਨ। ਅੱਜ ਲਿਖਦਿਆਂ ਲਿਖਦਿਆਂ ਉਸ ਬਹੁਤ ਹੀ ਪਿਆਰੇ ਪੰਜਾਬੀ ਮਾਸਟਰ ਦੀ ਯਾਦ ਆ ਗਈ, ਜੋ ਸੱਤਰ-ਬਹੱਤਰ ਸਾਲ ਦੇ ਸਨ, ਪਰ ਰਿਟਾਇਰ ਨਹੀਂ ਸਨ ਹੋ ਸਕਦੇ ਕਿਉਂਕਿ ਉਹ ਮੁੱਛ ਦੀ ਯਾਰੀ ਨਿਭਾਉਂਦਿਆਂ ਕਿਸੇ ਦੋਸਤ ਦੀ ਜਗ੍ਹਾ ਇਮਤਿਹਾਨ ਵਿੱਚ ਉਸਦਾ ਪੇਪਰ ਦੇਣ ਬੈਠ ਗਏ ਸਨ ਤੇ ਕਾਨੂੰਨ ਨੇ ਉਹਨਾਂ ਨੂੰ ਇਹ ਸਜ਼ਾ ਦਿੱਤੀ ਸੀ ਕਿ ਉਹ ਨੌਕਰੀ ਜਿੰਨੀ ਦੇਰ ਮਰਜ਼ੀ ਕਰਨ, ਪਰ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੇਗੀ। ਹੁਣ ਉਹ ਆਪਣੀਆਂ ਜ਼ਰੂਰਤਾਂ ਲਈ ਬਜ਼ੁਰਗ ਹੋ ਕੇ ਵੀ ਨੌਕਰੀ ਕਰ ਰਹੇ ਸਨ। ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ।
ਅੱਜਕੱਲ੍ਹ ਅਸੀਂ ਦੇਖਦੇ ਹਾਂ ਕਿ ਰਿਟਾਇਰ ਹੋਏ ਬਹੁਤ ਸਾਰੇ ਮੁਲਾਜ਼ਮਾਂ ਨੂੰ ਉਹਨਾਂ ਦੀ ਤਨਖਾਹ ਵਿੱਚੋਂ ਕੱਟਿਆ ਗਿਆ ਪੈਸਾ ਵੀ ਬਹੁਤ ਖੱਜਲ ਖੁਆਰੀ ਬਾਅਦ ਮਿਲਦਾ ਹੈ। ਉਹ ਦਫ਼ਤਰਾਂ ਦੇ ਚੱਕਰ ਲਗਾ-ਲਗਾ ਕੇ ਜੋ ਚਾਰ ਛਿੱਲੜ ਕੋਲ ਹੁੰਦੇ ਹਨ, ਉਹ ਵੀ ਮੁਕਾ ਲੈਂਦੇ ਹਨ। ਕਿੰਨਾ ਚੰਗਾ ਹੋਵੇ ਜੇ ਸਰਕਾਰ ਉਹਨਾਂ ਦੀ ਰਿਟਾਇਰਮੈਂਟ ’ਤੇ ਹੀ ਬਣਦੇ ਚੈੱਕ ਉਹਨਾਂ ਨੂੰ ਬਾਇੱਜ਼ਤ ਦੇ ਦੇਵੇ ਤਾਂ ਜੋ ਉਹ ਦਫ਼ਤਰੀ ਖੱਜਲ-ਖੁਆਰੀ ਤੋਂ ਬਚ ਸਕਣ। ਇੱਕ ਸੁਚੱਜੀ ਗ੍ਰਹਿਣੀ ਵੀ ਆਪਣੀ ਧੀ ਨੂੰ ਸਹੁਰੇ ਤੋਰਨ (ਘਰ ਤੋਂ ਵਿਦਾ ਕਰਨ) ਵੇਲੇ ਬਹੁਤ ਸਾਰਾ ਸਮਾਨ ਉਸਦਾ ਹੱਕ ਸਮਝ ਕੇ ਉਸ ਨੂੰ ਦਾਜ ਦੇ ਰੂਪ ਵਿੱਚ ਦਿੰਦੀ ਹੈ ਕਿ ਧੀ ਨੇ ਇੰਨੇ ਸਾਲ ਪੇਕੇ ਘਰ ਵਿੱਚ ਕੰਮ ਕੀਤਾ।
ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦੀ ਹਾਂ ਜੋ ਬਹੁਤ ਜ਼ਰੂਰੀ ਸਮਝਦੀ ਹਾਂ। ਜੇ ਕੋਈ ਨੌਜਵਾਨ ਨਸ਼ੇ ਕਰਦਾ, ਖ਼ੁਦਕੁਸ਼ੀ ਕਰਦਾ ਜਾਂ ਉਸਦੇ ਮਾਪੇ ਇਲਾਜ ਖੁਣੋਂ ਮਰਦੇ ਹਨ ਜਾਂ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਸੋਹਣੇ ਤਰੀਕੇ ਨਾਲ ਨਹੀਂ ਕਰਦਾ ਤਾਂ ਉਸ ਪਿੱਛੇ ਕਿਤੇ ਤੁਸੀਂ (ਨੌਜਵਾਨ ਨੌਕਰੀ ਪੇਸ਼ਾ) ਜ਼ਿੰਮੇਵਾਰ ਤਾਂ ਨਹੀਂ। ਕਿਉਂਕਿ ਅਜਿਹੀਆਂ ਸਥਿਤੀਆਂ ਪਿੱਛੇ ਸਿਰਫ਼ ਸਰਕਾਰਾਂ ਹੀ ਦੋਸ਼ੀ ਨਹੀਂ, ਤੁਸੀਂ ਵੀ ਗੁਨਾਹਗਾਰ ਹੋ ਸਕਦੇ ਹੋ। ਤੁਹਾਡੇ ਵੱਲੋਂ ਸਿਫਾਰਿਸ਼ ਪਾ ਕੇ ਜਾਂ ਪੈਸੇ ਦੇ ਕੇ ਲਏ ਦਾਖਲੇ ਜਾਂ ਨੌਕਰੀ ਉਸ ਮਜਬੂਰ ਨੌਜਵਾਨ ਦੀ ਤਾਂ ਨਹੀਂ ਸੀ ਕਿਉਂਕਿ ਜਦ ਤੁਸੀਂ ਆਪਣੀ ਤਾਕਤ (ਪੈਸੇ ਜਾਂ ਸਿਫਾਰਿਸ਼) ਬਦਲੇ ਕੋਈ ਹੱਕ ਪ੍ਰਾਪਤ ਕਰਦੇ ਹੋ ਤਾਂ ਯਾਦ ਰੱਖੋ ਤੁਸੀਂ ਕਿਸੇ ਦੂਸਰੇ ਦਾ ਹੱਕ ਖੋਹ ਰਹੇ ਹੁੰਦੇ ਹੋ। ਅਜਿਹਾ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਸਚੁੱਜੀ ਗ੍ਰਹਿਣੀ ਮਾਂ ਵੱਲ ਨਜ਼ਰ ਜ਼ਰੂਰ ਮਾਰਿਓ ਉਸ ਤੋਂ ਇਹ ਗੁਣ (ਸਬਕ) ਜ਼ਰੂਰ ਸਿੱਖਿਓ ਜੋ ਸਭ ਨੂੰ ਖਾਣਾ ਪਰੋਸ ਕੇ ਆਪ ਬਾਅਦ ਵਿੱਚ ਖਾਂਦੀ ਹੈ ਤੇ ਪਰਿਵਾਰ ਨੂੰ ਸਵਰਗ ਬਣਾਈ ਰੱਖਦੀ ਹੈ।
*****
(899)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)