“ਮੈਂ ਡਰਦੀ ਡਰਦੀ ਨੇ ਆਪਣਾ ਹੱਥ ਉਸਦੇ ਸਿਰ ’ਤੇ ਰੱਖਿਆ। ਉਹ ਮੇਰੇ ਨੇੜੇ ...”
(25 ਫਰਵਰੀ 2021)
(ਸ਼ਬਦ: 1190)
ਕੁੱਤਾ ਭਾਵੇਂ ਕਿੰਨਾ ਵੀ ਮਾੜਾ ਹੋਵੇ ਪਰ ਬੰਦੇ ਜਿੰਨਾ ਮਾੜਾ ਨਹੀਂ ਹੋ ਸਕਦਾ। ਕੁੱਤਾ ਜਦ ਵੀ ਵੱਢਦਾ ਹੈ ਜਾਂ ਤਾਂ ਭੁੱਖਾ ਹੋਵੇ ਤਾਂ ਵੱਢਦਾ ਹੈ, ਜਾਂ ਫਿਰ ਜੇ ਸੁੱਤਾ ਹੋਵੇ ਤਾਂ ਵੱਢਦਾ ਹੈ। ਬੰਦਾ ਭਾਵੇਂ ਕਿੰਨਾ ਵੀ ਬੰਦਾ ਬਣ ਜਾਵੇ, ਪਰ ਕੁੱਤੇ ਵਰਗਾ ਨਹੀਂ ਬਣ ਸਕਦਾ। ਕੁੱਤੇ ਦੇ ਜੇ ਪੰਜਾਹ ਫ਼ੀਸਦੀ ਗੁਣ ਵੀ ਬੰਦੇ ਵਿੱਚ ਆ ਜਾਣ ਤਾਂ ਅੱਧੇ ਮਸਲੇ ਹੱਲ ਹੋ ਜਾਣ, ਹਜ਼ਾਰਾਂ ਬਲਾਵਾਂ ਦੂਰ ਹੋ ਜਾਣ, ਅੱਧਿਓਂ ਵੱਧ ਝਗੜੇ ਦੂਰ ਹੋ ਜਾਣ। ਬੰਦਾ ਬੰਦੇ ਨੂੰ ਹੀ ਵੱਢਦਾ ਹੈ, ਆਪਣੀ ਜਾਤੀ ਨੂੰ ਹੀ ਵੱਢਦਾ ਹੈ ਤੇ ਵੱਢਦਾ ਵੀ ਉਦੋਂ ਹੈ ਜਦ ਰੱਜਿਆ ਹੋਵੇ ਤੇ ਜਾਂ ਜਦੋਂ ਜਾਗਦਾ ਹੋਵੇ। ਇਹ ਸਚਾਈ ਹੈ, ਇਸ ਬੰਦਾ ਸਵੀਕਾਰ ਵੀ ਨਹੀਂ ਕਰਦਾ।
ਗੱਲ ਉਦਾਸੀ ਦੀ ਹੈ। ਮੈਂ ਉਦਾਸ ਕਿਉਂ ਹਾਂ, ਦੱਸਦੀ ਹਾਂ। ਕੱਲ੍ਹ ਇੱਕ ਖ਼ਬਰ ਪੜ੍ਹੀ ਕਿ ਕੁੱਤਿਆਂ ਨੂੰ ਇੱਕ ਖਾਸ ਜਗ੍ਹਾ ਵਿੱਚ ਰੱਖਿਆ ਜਾਵੇਗਾ ਜੋ ਕੁੱਤਿਆਂ ਦਾ ਆਪਣਾ ਘਰ ਹੋਵੇਗਾ। ਕਹਿ ਸਕਦੇ ਹਾਂ- “ਡੌਗ ਹਾਊਸ। ਚਲੋ ਖੈਰ ਬਹੁਤ ਵਧੀਆ ਗੱਲ ਹੈ, ਕੁੱਤਿਆਂ ਨੂੰ ਆਪਣਾ ਘਰ ਮਿਲੇਗਾ। ਹੋ ਸਕਦਾ ਪਾਂ ਤੇ ਚਿੱਚੜ ਵਗੈਰਾ ਵਰਗੀਆਂ ਬੀਮਾਰੀਆਂ ਤੋਂ ਇਹ ਬਚ ਜਾਣਗੇ। ਡੰਗਰ ਹਸਪਤਾਲ ਹੋਣ ਦੇ ਬਾਵਜੂਦ ਵੀ ਸੈਂਕੜੇ ਜਾਨਵਰ ਜਿਨ੍ਹਾਂ ਦੇ ਕੀੜੇ ਤਕ ਪੈ ਜਾਂਦੇ ਉਹ ਗਲੀਆਂ ਵਿੱਚ ਬੇਵੱਸ ਫਿਰਦੇ ਹਨ। ਜੇ ਉਹਨਾਂ ਦੇ ਇਲਾਜ ਲਈ ਕਹੀਏ ਤਾਂ ਕਹਿੰਦੇ ਹਨ ਕਿ ਸਾਡੇ ਕੋਲ ਲਿਆਓ। ਹੁਣ ਕੁੱਤਿਆਂ, ਗਧਿਆਂ ਨੂੰ ਗੱਡੀ ਵਿੱਚ ਬਿਠਾ ਕੇ ਕਿਵੇਂ ਲਿਜਾਈਏ?
ਕੁਝ ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਤੇ ਕੁਝ ਲੋਕਾਂ ਨੂੰ ‘ਚਾਰਾ ਘੁਟਾਲੇ’ ਵਾਂਗ ਘਰ-ਬਾਰ ਸੰਗਮਰਮਰ ਦੇ ਬਣਾਉਣ ਦਾ ਸੁਨਹਿਰੀ ਮੌਕਾ, ਇਸਦੀ ਦੇਖ-ਰੇਖ ਵੀ ਤਾਂ ਆਖਰ ਬੰਦਿਆਂ ਦੇ ਹੀ ਹੱਥ ਆਉਣੀ ਐ।
ਮੇਰੀ ਗਲੀ ਵਿੱਚ ਹਰ ਸਾਲ ਕਤੂਰਿਆਂ ਦਾ ਜਨਮ ਹੁੰਦਾ, ਮੈਂਨੂੰ ਤਾਂ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ, ਕਦੇ ਪ੍ਰਸ਼ਾਦ, ਕਦੇ ਮਲਾਈ ਕਦੇ ਦੁੱਧ ਵਿੱਚ ਬਰੈੱਡ, ਮੈਂਨੂੰ ਉਹਨਾਂ ਕਤੂਰਿਆਂ ਦੀ ਮਾਂ ਦਾ ਬੜਾ ਪਿਆਰ ਆਉਂਦਾ, ਅੱਠ ਦਸ ਕਤੂਰੇ ਆਪਣੇ ਢਿੱਡੋਂ ਰਜਾਉਂਦੀ ਐ ਤਾਂ ਸਿਰ ਉਸਦੀ ਮਮਤਾ ਅੱਗੇ ਝੁਕ ਜਾਂਦਾ ਐ।
ਸਾਰੇ ਕਤੂਰੇ ਸਿਰੇ ਨਹੀਂ ਚੜ੍ਹਦੇ, ਚਾਰ ਕੁ ਮਹੀਨਿਆਂ ਤਕ ਇੱਕ ਦੋ ਕਤੂਰੇ ਰਹਿ ਜਾਂਦੇ ਹਨ, ਕਿਉਂਕਿ ਗਲੀ ਵਿੱਚੋਂ ਲੰਘਦੇ ਤੇਜ਼ ਰਫ਼ਤਾਰ ਸਕੂਟਰ, ਕਾਰਾਂ, ਮੋਟਰਸਾਈਕਲ ਤੋਂ ਫੇਟ ਵੱਜ ਇਹ ਤੜਫ਼-ਤੜਫ਼ ਮਰ ਜਾਂਦੇ ਹਨ।
ਕੁਝ ਸਿਰਫਿਰੇ ਲੋਕ ਇਹਨਾਂ ਮਗਰ ਡਾਂਗਾਂ ਚੁੱਕ ਕੇ ਇੱਦਾਂ ਮਾਰਨਗੇ ਜਿਵੇਂ ਇਹ ਦੁਨੀਆਂ ਇਹਨਾਂ ਦੇ ਪਿਓ ਦੀ ਹੋਵੇ, ਬਹੁਤ ਦੁੱਖ ਹੁੰਦਾ ਹੈ ਜਦੋਂ ਇਹ ਕਤੂਰੇ ਅਣਿਆਈ ਮੌਤ ਮਰ ਜਾਂਦੇ ਹਨ, ਬੰਦਿਆਂ ਵੱਲੋਂ ਮਾਰੇ ਜਾਂਦੇ ਹਨ।
ਫਿਰ ਵੀ ਬੰਦਾ ਅਕਸਰ ਬੰਦੇ ਦੀ ਮੌਤ ’ਤੇ ਕਹੇਗਾ ਫਲਾਣਾ ਕੁੱਤੇ ਦੀ ਮੌਤ ਮਰਿਆ ਭਾਵ ਬੰਦਾ ਇਹ ਅਣਜਾਣੇ ਵਿੱਚ ਹੀ ਸਹੀ, ਪਰ ਸਵੀਕਾਰ ਕਰ ਲੈਂਦਾ ਹੈ ਕਿ ਬੰਦੇ ਨੂੰ ਵੀ ਬੰਦਾ ਮਾਰ ਰਿਹਾ ਹੈ।
ਇੱਕ ਗੱਲ ਹੋਰ। ਇਹ ਆਵਾਰਾ ਕੁੱਤੇ ਜੰਗਲ ਪਾਣੀ ਵੀ ਦੂਰ ਜਾ ਕੇ ਕਰਦੇ ਪਰ ਪਾਲਤੂ ਕੁੱਤਿਆਂ ਨੂੰ ਬੰਦੇ ਸੁਬ੍ਹਾ-ਸੁਬ੍ਹਾ ਲਿਆ ਗਲੀ ਵਿੱਚ ਖੜ੍ਹਾ ਕਰ ਦਿੰਦੇ ਹਨ। ਲਓ ਜੀ, ਗਲੀ ਦੇ ਵਿੱਚ ਵਿਚਾਲੇ ਜੋ ਮਰਜ਼ੀ ਕਰੋ। ਸੰਗਲੀ ਬੰਦੇ ਦੇ ਹੱਥ ਐ, ਭਾਵੇਂ ਕੁੱਤਾ ਦਿਲ ਵਿੱਚੋਂ ਕਹਿ ਰਿਹਾ ਹੁੰਦਾ ਕਿ ਸਾਡੀ ਇਹ ਕਹਾਵਤ ਨਾ ਖਰਾਬ ਕਰ- “ਕੁੱਤਾ ਵੀ ਪੂਛ ਮਾਰ ਕੇ ਬਹਿੰਦਾ” ਵਾਲੀ ... ਪਰ ਉਸਦੀ ਕੌਣ ਸੁਣਦਾ ਹੈ, ਕਿਉਂਕਿ ਉਹ ਕੁੱਤਾ ਹੈ। ਤੇ ਕੁੱਤੇ ਦੀ ਬੰਦਾ ਕਿਉਂ ਸੁਣੇਗਾ। ਕਈ ਵਾਰ ਗੱਡੀਆਂ ਦੇ ਉੱਪਰ ਚੜ੍ਹ ਕੇ ਬਹਿ ਜਾਂਦੇ ਹਨ। ਫਿਰ ਸੋਚਦੀ ਹਾਂ, ਰੱਬ ਪਤਾ ਨਹੀਂ ਕਿਸਦੇ ਭਾਗਾਂ ਨੂੰ ਦਿੰਦਾ ਇਹ ਮਹਿਲ ਮੁਨਾਰੇ। ਗੱਡੀਆਂ ਕਾਰਾਂ ਇੱਥੇ ਹੀ ਰਹਿ ਜਾਣੀਆਂ, ਬੱਸ ਜੀਅ ਦਇਆ ਹੀ ਪ੍ਰਵਾਨ ਹੋਣੀ ਹੈ ਚੰਗਾ ਕਰਮ ਬਣਕੇ।
ਖੈਰ ਅੱਗੇ ਗੱਲ ਤੋਰਦੇ ਹਾਂ
ਮੇਰੀ ਗਲੀ ਵਿੱਚ ਕੁਝ ਮਹੀਨੇ ਪਹਿਲਾਂ ਕਤੂਰਿਆਂ ਦਾ ਜਨਮ ਹੋਇਆ। ਕੁਝ ਕੁ ਤਾਂ ਨਿਆਣੇ ਚੁੱਕ ਕੇ ਆਪਣੇ ਘਰੀਂ ਲੈ ਗਏ, ਤਿੰਨ ਕਤੂਰੇ ਬਚੇ, ਬੜੇ ਪਿਆਰੇ। ਮਾਂ ਦੇ ਨਾਲ ਤੇ ਕਦੇ ਮਾਂ ਤੋਂ ਦੂਰ ਖੇਡਣ। ਮਾਂ ਮਗਰ-ਮਗਰ ਫਿਰਦੀ ਰਹਿੰਦੀ। ਕਦੇ ਪਿਆਰ ਨਾਲ ਤੇ ਕਦੇ ਉਹਨਾਂ ਦੇ ਹਲਕੀ ਜਿਹੀ ਦੰਦੀ ਵੱਢ ਕੇ ਸਮਝਾਉਂਦੀ, ਪਰ ਫਿਰ ਸੜਕ ’ਤੇ ਆ ਕੇ ਖੇਡਣ ਲੱਗ ਜਾਂਦੇ। ਇੱਕ ਗੱਡੀ ਦੀ ਫੇਟ ਵੱਜੀ ਤੇ ਤਿੰਨਾਂ ਵਿੱਚੋਂ ਇੱਕ ਮਰ ਗਿਆ ਤੜਫ਼-ਤੜਫ਼ ਕੇ। ਮੈਂਨੂੰ ਪਤਾ ਲੱਗਾ, ਮੇਰੇ ਸਰੀਰ ਵਿੱਚ ਜਾਨ ਨਾ ਰਹੀ। ਹਿੰਮਤ ਕਰਕੇ ਗਈ, ਇੱਕ ਕੱਪੜਾ ਉੱਪਰ ਪਾ ਆਈ। ਪਾਸੇ-ਪਾਸੇ ਰੋੜੇ ਇੱਟਾਂ ਲਾ ਆਈ ਗਲੀ ਵਿੱਚੋਂ ਚੁੱਕ ਕੇ। ਪਰ ਦੇਖਿਆ, ਜਿਨ੍ਹਾਂ ਦੇ ਦਰਾਂ ਵਿੱਚ ਇਹ ਘਟਨਾ ਵਾਪਰੀ, ਉਹ ਬਿਲਕੁਲ ਆਮ ਵਾਂਗ ਸਨ। ਕੋਈ ਦੁੱਖ ਨਾ ਦਰਦ, ਸ਼ਾਇਦ ਉਹਨਾਂ ਲਈ ਉਹ ਕੁੱਤਾ ਸੀ ਪਰ ਮੇਰੇ ਲਈ ਇੱਕ ਬੱਚਾ, ਬੱਸ ਇੰਨਾ ਕੁ ਹੀ ਫਰਕ ਸੀ ਸ਼ਾਇਦ ਸੋਚ ਵਿੱਚ।
ਕਰਫਿਊ ਕਰਕੇ ਉਸ ਕਤੂਰੇ ਨੂੰ ਕੋਈ ਚੁੱਕ ਨਹੀਂ ਰਿਹਾ ਸੀ। ਪ੍ਰਸ਼ਾਸਨ ਨੂੰ ਵੀ ਫੋਨ ਕੀਤੇ। ‘ਬੱਸ ਜੀ, ਆਏ’ ਕਹਿ ਕੋਈ ਨਾ ਆਇਆ। ਮੈਂ ਵੀ ਬੇਵੱਸ। ਕਰਫਿਊ ਵਿੱਚ ਪੁਲਿਸ ਦਾ ਡੰਡਾ ਅਸਮਾਨੀ ਬਿਜਲੀ ਤੋਂ ਵੀ ਭੈੜਾ, ਫਿਰ ਮੁਰਗਾ ਬਣਨਾ, ਇਹ ਸਿਰਫ ਬਚਪਨ ਵਿੱਚ ਹੀ ਹੋ ਸਕਦਾ ਹੈ। ਸ਼ਾਮ ਹੋ ਚੱਲੀ ਸੀ, ਕਤੂਰੇ ਦੀ ਮਾਂ ਕਦੇ ਮਰੇ ਕਤੂਰੇ ਕੋਲ ਜਾਂਦੀ, ਕਦੇ ਦੂਸਰਿਆਂ ਕੋਲ ਪਰ ਜ਼ਿਆਦਾ ਸਮਾਂ ਉਹ ਮਰੇ ਕਤੂਰੇ ਦੇ ਕੋਲ ਹੀ ਰਹੀ। ਕਦੇ ਉਹ ਮੇਰੇ ਨਾਲ ਤੁਰ ਮੇਰੇ ਘਰ ਆ ਜਾਂਦੀ, ਫਿਰ ਮੁੜ ਜਾਂਦੀ। ਦੁੱਧ ਪਾਇਆ, ਉਹਨੇ ਨਾ ਪੀਤਾ, ਉਸਦੇ ਬੱਚਿਆਂ ਨੂੰ ਪਾਇਆ, ਉਹਨਾਂ ਨੇ ਪੀ ਲਿਆ। ਫਿਰ ਪਾਇਆ, ਨਾ ਪੀਤਾ। ਉਸਨੇ ਤਾਂ ਬੱਸ ਮੂੰਹ ਹੀ ਸੀ ਲੀਤਾ ਖਾਣ ਪੀਣ ਤੋਂ।
ਮੇਰੇ ਵੀ ਦਿਲ ਨੂੰ ਖੋਹ ਪਵੇ ਕਿ ਤੇਰਾ ਦੁੱਖ ਮੈਂ ਸਮਝਦੀ ਆਂ ਪਰ ਭੁੱਖੀ ਰਹਿ ਕੇ ਵੀ ਗੁਜ਼ਾਰਾ ਨਹੀਂ ਹੋਣਾ। ਮੈਂ ਘਰ ਕਿਹਾ ਕਿ ਕੁਝ ਕਰੋ, ਇਹ ਵਿਚਾਰੀ ਤੜਫਦੀ ਫਿਰਦੀ ਹੈ। ਜਦ ਇਸਦਾ ਕਤੂਰਾ ਪਾਸੇ ਹੋ ਗਿਆ ਤਾਂ ਆਪੇ ਸਬਰ ਕਰ ਲਊ। ਦੋ ਵਾਰ ਮੁੰਡੇ ਬੁਲਾਏ ਪਰ ਉਹਨਾਂ ਨੂੰ ਨੇੜੇ ਨਾ ਲੱਗਣ ਦੇਵੇ। ਕੀ ਕਰਾਂ, ਸੋਚ-ਸੋਚ ਹਾਰ ਗਈ। ਹਾਰ ਕੇ ਮੈਂ ਘਰ ਦੇ ਅੰਦਰਵਾਰ ਕੌਲੇ ਕੋਲ਼ ਬੈਠ ਗਈ। ਮੈਂ ਵੀ ਰੋ ਰਹੀ ਸੀ ਉਸਦੀ ਮਮਤਾ ਵੱਲ ਦੇਖ, ਬੱਚਾ ਤਾਂ ਬੱਚਾ ਹੈ, ਮੈਂ ਵੀ ਮਾਂ ਹਾਂ। ਬੱਚੇ ਦਾ ਕੁਝ ਦੁਖਦਾ ਹੋਵੇ, ਮਾਂ ਝੱਲ ਨਹੀਂ ਸਕਦੀ ਤੇ ਇਸਦਾ ਬੱਚਾ ਤਾਂ ਅੱਖਾਂ ਸਾਹਮਣੇ ਬੇਜਾਨ ਪਿਆ ਸੀ।
ਆ ਕੇ ਮੇਰੇ ਕੋਲ ਬੈਠ ਗਈ। ਮੈਂ ਜਾਨਵਰਾਂ ਨੂੰ ਪਿਆਰ ਕਰਦੀ ਹਾਂ ਪਰ ਉਹਨਾਂ ਨੂੰ ਛੂਹਣ ਤੋਂ ਡਰਦੀ ਹਾਂ। ਜੇ ਉਹ ਮੈਂਨੂੰ ਛੂਹਣ ਤਾਂ ਵੀ ਗੁਦਗੁਦੀ ਵਰਗਾ ਮਹਿਸੂਸ ਹੁੰਦਾ ਹੈ। ਉਹ ਮੇਰੀ ਇਸ ਆਦਤ ਬਾਰੇ ਜਾਣਦੀ ਹੈ। ਮੈਂ ਉਸ ਨੂੰ ਤੇ ਉਹ ਮੈਂਨੂੰ ਬਹੁਤ ਪਿਆਰ ਕਰਦੀ ਹੈ। ਮੈਂ ਡਰਦੀ ਡਰਦੀ ਨੇ ਆਪਣਾ ਹੱਥ ਉਸਦੇ ਸਿਰ ’ਤੇ ਰੱਖਿਆ। ਉਹ ਮੇਰੇ ਨੇੜੇ ਹੋ ਗਈ। ਮੈਂ ਸਿਆਣੀ ਅੰਮਾਂ ਵਾਂਗ ਉਸ ਨੂੰ ਬੋਲ ਕੇ ਕਹਿਣ ਲੱਗੀ, “ਕਮਲੀਏ ਖਾਵੇਂ ਪੀਂਵੇਗੀ ਨਹੀਂ ਤਾਂ ਦੂਜਿਆਂ ਨੂੰ ਕਿਵੇਂ ਪਾਲੇਂਗੀ? ਇਸ ਦੁਨੀਆਂ ’ਤੇ ਬਹੁਤ ਔਰਤਾਂ ਵੀ ਤੇਰੇ ਵਾਂਗ ਇਕੱਲੀਆਂ ਹੀ ਬੱਚੇ ਪਾਲਦੀਆਂ ਤੇ ਦੁੱਖ ਸੁਖ ਹੰਢਾਉਂਦੀਆਂ, ਕਮਲੀਏ ਹਿੰਮਤ ਕਰ।”
ਪਰ ‘ਹਿੰਮਤ’ ਸ਼ਬਦ ਕਹਿੰਦਿਆਂ ਮੈਂ ਬੱਚਿਆਂ ਵਾਂਗ ਰੋਣ ਲੱਗ ਗਈ। ਉਹ ਮੇਰੇ ਹੋਰ ਨੇੜੇ, ਤੇ ਫਿਰ ਬਹੁਤ ਨੇੜੇ ਹੋ ਮੇਰੇ ਨਾਲ ਲੱਗ ਗਈ। ਉਸਨੇ ਆਪਣਾ ਸਿਰ ਇਕੱਠੀ ਹੋ ਕੇ ਪਿਛਲੇ ਪੈਰਾਂ ਤੇ ਪੂਛ ਵਿੱਚ ਲੁਕਾ ਲਿਆ ਤੇ ਆਪਣੇ ਸਿਰ ਨੂੰ ਸੱਜੇ-ਖੱਬੇ ਹਿਲਾਉਂਦਿਆਂ ਊਂਅਅਅਅ-ਊਂਅਅਅਅ ਕਰਕੇ ਰੋਣ ਲੱਗੀ। ਮੇਰੇ ਤੋਂ ਵੀ ਆਪਣਾ ਆਪ ਕਾਬੂ ਵਿੱਚ ਨਾ ਰਿਹਾ। ਅਸੀਂ ਦੋਵੇਂ ਰੱਜ ਕੇ ਰੋਈਆਂ, ਸੱਚਮੁੱਚ ਰੱਜ ਕੇ।
ਮੇਰੇ ਬੱਚੇ ਵੀ ਭੱਜ ਕੇ ਬਾਹਰ ਆ ਗਏ ਪਰ ਉਹ ਚੁੱਪ ਚਾਪ ਸਾਨੂੰ ਦੇਖਣ ਲੱਗੇ। ਸ਼ਾਇਦ ਉਹ ਹੁਣ ਕੁਝ ਹਲਕਾ ਮਹਿਸੂਸ ਕਰ ਰਹੀ ਸੀ। ਮੈਂ ਬੱਚਿਆਂ ਨੂੰ ਇਸ਼ਾਰਾ ਕਰਕੇ ਦੁੱਧ ਮੰਗਵਾਇਆ ਤਾਂ ਉਹ ਪੀਣ ਲੱਗ ਪਈ। ਮੈਂ ਉੱਠ ਕੇ ਅੰਦਰੋਂ ਗੇਟ ਲਾ ਲਿਆ ਤੇ ਮੁੰਡਿਆਂ ਨੂੰ ਫੋਨ ਕਰਕੇ ਉਹ ਮਰਿਆ ਬੱਚਾ ਗਲੀ ਵਿੱਚੋਂ ਚੁਕਵਾ ਦਿੱਤਾ। ਸ਼ਾਇਦ ਉਹ ਵੀ ਸਾਡੇ ਇਸ਼ਾਰੇ ਸਮਝ ਗਈ ਸੀ ਕਿ ਅਸੀਂ ਕੁਝ ਕਰ ਰਹੇ ਹਾਂ। ਉਹ ਪੈਰਾਂ ਨਾਲ ਦਰਵਾਜ਼ਾ ਖੋਲ੍ਹਣ ਲੱਗੀ। ਮੈਂ ਫਿਰ ਉਸਦੇ ਸਿਰ ਨੂੰ ਪਲੋਸਿਆ ਤੇ ਦਰਵਾਜ਼ਾ ਖੋਲ੍ਹਦਿਆਂ ਕਿਹਾ, “ਆ ਜਾ, ਤੂੰ ਤਾਂ ਬਹੁਤ ਸਿਆਣੀ ਐਂ।” ਮੈਂ ਉਸਦੇ ਨਾਲ ਬਾਹਰ ਚਲੀ ਗਈ, ਉਹ ਉਸ ਜਗ੍ਹਾ ’ਤੇ ਗਈ ਤੇ ਮੇਰੇ ਨਾਲ ਹੀ ਵਾਪਸ ਆ ਗਈ। ਉਹ ਹੁਣ ਸ਼ਾਂਤ ਲੱਗ ਰਹੀ ਸੀ। ਰਾਤ ਕਾਫੀ ਹੋ ਗਈ ਸੀ। ਉਹ ਆਪਣੇ ਬੱਚਿਆਂ ਕੋਲ ਚਲੀ ਗਈ ਤੇ ਮੈਂ ਆਪਣੇ ਬੱਚਿਆਂ ਕੋਲ ਆ ਗਈ।
ਉਹ ਹੁਣ ਆਪਣੇ ਘਰ ਜਾਣਗੇ ਮੇਰੀ ਗਲੀ ਸੁੰਨੀ ਕਰਕੇ, ਮੇਰੇ ਦਿਲ ਦੇ ਵਿਹੜੇ ਵਿੱਚ ਉਦਾਸੀ ਕਰਕੇ।
ਤੁਹਾਡਾ ਘਰ ਤੁਹਾਨੂੰ ਮੁਬਾਰਕ ਹੋਵੇ ... ਅਲਵਿਦਾ ਦੋਸਤੋ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2606)
(ਸਰੋਕਾਰ ਨਾਲ ਸੰਪਰਕ ਲਈ: