“ਇੱਕ ਹੋਰ ਸ਼੍ਰੇਣੀ ਹੁੰਦੀ ਹੈ ਅਤਿ ਖਤਰਨਾਕ ਵੋਟਰਾਂ ਦੀ। ਇਹ ਉਹ ਵੋਟਰ ਹੁੰਦੇ ਹਨ, ਜਿਹੜੇ ...”
(2 ਮਈ 2019)
ਲੱਗ ਗਿਆ ਪਤਾ ਤੇਰੀ ਖਾਨਦਾਨੀ ਦਾ
ਚਾਹ ਵਿੱਚ ਦੁੱਧ ਪਾਇਆ ਬੱਕਰੀ ਬੇਗਾਨੀ ਦਾ,
ਨਿੱਕੇ ਹੁੰਦੇ ਗੀਤ ਇਹ ਸੁਣਦੇ ਹੁੰਦੇ ਸੀ,
ਦੰਦਾਂ ਨਾਲ ਚਾਹ ਜਦੋਂ ਪੁਣਦੇ ਹੁੰਦੇ ਸੀ।
ਇਸ ਸਮੇਂ ਹਰ ਗਲੀ, ਮੁਹੱਲੇ, ਸ਼ਹਿਰ ਵਿੱਚ ਵੋਟਰਾਂ ਦੇ ਘਰਾਂ ਵਿੱਚ ਉਮੀਦਵਾਰਾਂ ਦਾ ਆਉਣਾ-ਜਾਣਾ ਬਣਿਆ ਹੋਇਆ ਹੈ। ਸਭ ਪਿੰਡਾਂ ਸ਼ਹਿਰਾਂ ਵਿੱਚ ਮੀਟਿੰਗਾਂ ਬੁਲਾਈਆਂ ਜਾ ਰਹੀਆਂ ਹਨ ਆਪਣੇ-ਆਪਣੇ ਉਮੀਦਵਾਰਾਂ ਦੀ ਲਾਊਡ ਸਪੀਕਰ ਲਗਾ ਕੇ ਮਸ਼ਹੂਰੀ ਕੀਤੀ ਜਾ ਰਹੀ ਹੈ। ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਹਨ। ਵੋਟਰ ਇਹਨਾਂ ਦਿਨਾਂ ਦਾ ਲਾਹਾ ਲੈਣ ਲਈ ਅੱਡੀਆਂ ਚੁੱਕੀ ਫਿਰਦੇ ਹਨ। ਵੋਟਰਾਂ ਦੀਆਂ ਵੀ ਕਈ ਕਿਸਮਾਂ ਹਨ। ਕੁਝ ਵੋਟਰ ਅਧੀਆ ਦਾਰੂ ਦਾ ਜਾਂ ਵੱਧ ਤੋਂ ਵੱਧ ਪੇਟੀ ਦਾਰੂ ਸ਼ਰਾਬ ਦੀ ਲੈ ਕੇ ਸਾਰੇ ਟੱਬਰ ਦੀ ਵੋਟ ਵੇਚ ਦਿੰਦੇ ਹਨ। ਕੁਝ ਵੋਟਰ ਥੋੜ੍ਹੇ ਜਿਹੇ ਇਸ ਤੋਂ ਅੱਗੋਂ ਹੁੰਦੇ ਹਨ, ਫਰਿੱਜ, ਕੂਲਰ ਜਾਂ ਵਾਸ਼ਿੰਗ ਮਸ਼ੀਨ ਲੈ ਕੇ ਸਾਰੇ ਟੱਬਰ ਨੂੰ. ਭਾਵ ਸਾਰੇ ਟੱਬਰ ਦੀਆਂ ਵੋਟਾਂ ਵੇਚ ਦਿੰਦੇ ਹਨ। ਕੁਝ ਵੋਟਰ ਮਹੀਨਾ ਵੀਹ ਦਿਨ ਵੋਟਾਂ ਵਾਲੇ ਮੇਲੇ ਦਾ ਹਿੱਸਾ ਬਣ ਕੇ ਹੀ ਵੋਟਾਂ ਵੇਚ ਦਿੰਦੇ ਹਨ।
ਸਭ ਤੋਂ ਚਲਾਕ ਕਿਸਮ ਦੇ ਵੋਟਰ ਉਹ ਹੁੰਦੇ ਹਨ ਜਿਹੜੇ ਵੋਟਾਂ ਵਾਲੇ ਮੇਲੇ ਦਾ ਆਨੰਦ ਵੀ ਖੂਬ ਮਾਣਦੇ ਹਨ, ਇਹਨਾਂ ਦਿਨਾਂ ਵਿੱਚ ਲੀਡਰਾਂ ਦੀਆਂ ਗੱਡੀਆਂ ਅਤੇ ਹੋਰ ਸਮੱਗਰੀ ਵੀ ਦੋਹੀਂ ਹੱਥੀਂ ਲੁੱਟਦੇ ਹਨ ਅਤੇ ਵੋਟ ਆਪਣੀ ਮਰਜ਼ੀ ਨਾਲ ਕਿਸੇ ਹੋਰ ਪਾਰਟੀ ਨੂੰ ਪਾ ਦਿੰਦੇ ਹਨ। ਕਿਸੇ ਵੀ ਉਮੀਦਵਾਰ ਵਾਸਤੇ ਅਜਿਹੇ ਵੋਟਰ ਬਹੁਤ ਖਤਰਨਾਕ ਹੁੰਦੇ ਹਨ। ਜਿਵੇਂ ਕਹਿੰਦੇ ਹਨ, ਸਾਈਆਂ ਕਿਤੇ ਵਧਾਈਆਂ ਕਿਤੇ। ਇੱਕ ਸ਼੍ਰੇਣੀ ਹੋਰ ਵੀ ਹੈ ਵੋਟਰਾਂ ਦੀ, ਜਿਨ੍ਹਾਂ ਨੂੰ ਮੂਰਖਾਂ ਤੋਂ ਵੱਧ ਕੁਝ ਨਹੀਂ ਕਿਹਾ ਜਾ ਸਕਦਾ। ਇਹ ਉਹ ਵੋਟਰ ਹੁੰਦੇ ਹਨ ਜਿਹੜੇ ਆਪਣੇ ਪਿੰਡ ਜਾਂ ਸ਼ਹਿਰ, ਨਿੱਕੀਆਂ ਮੋਟੀਆਂ ਦੁਸ਼ਮਣੀਆਂ ਕੱਢਣ ਲਈ ਉਮੀਦਵਾਰਾਂ ਦੀਆਂ ਗੱਡੀਆਂ ਦਾ ਸ਼ਿਗਾਰ ਬਣਦੇ ਹਨ। ਇਹ ਵੋਟਰ ਬਿਨਾਂ ਸੋਚੇ ਸਮਝੇ ਕਿਸੇ ਅਜਿਹੇ ਉਮੀਦਵਾਰ ਦੀ ਮਦਦ ਕਰਨਗੇ, ਜਿਹੜਾ ਲਾਈਲੱਗ ਹੋਵੇ, ਥੋੜ੍ਹਾ ਹੋਸ਼ਾ ਹੋਵੇ ਕਿ ਵੋਟਾਂ ਦੇ ਦਿਨਾਂ ਵਿੱਚ ਇਹਨਾਂ ਦੇ ਘਰਾਂ ਤੋਂ ਹੀ ਖਾ ਕੇ ਇਹਨਾਂ ਨੂੰ ਹੀ ਵਰਤਣਗੇ। ਬਾਅਦ ਵਿੱਚ ਨਜਾਇਜ਼ ਕੰਮ ਕਰਾਉਣਗੇ। ਆਪ ਨੂੰ ਅਤੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਅਜਿਹੇ ਆਦਮੀ (ਉਮੀਦਵਾਰ) ਦੀ ਮਦਦ ਲੈਣ ਲੱਗਿਆ ਵੀ ਸ਼ਰਮ ਮਹਿਸੂਸ ਨਹੀਂ ਕਰਨਗੇ। ਭਾਵੇਂ ਕਿ ਇਹ ਲੋਕ ਕਾਫੀ ਸਰਮਾਏਦਾਰ ਹੁੰਦੇ ਹਨ, ਅਕਸਰ ਹੀ ਇਹਨਾਂ ਨੇ ਨਜਾਇਜ਼ ਕੰਮਾਂ ਵਿੱਚ ਪੈਸਾ ਕਮਾਇਆ ਹੁੰਦਾ ਹੈ। ਇਹ ਨਿੱਕੀ ਤੋਂ ਨਿੱਕੀ ਗੱਲ ਦੀ ਵੀ ਦੁਸ਼ਮਣੀ ਕੱਢਦੇ ਹਨ ਤੇ ਸ਼ਰੀਫ ਲੋਕਾਂ ਦਾ ਜਿਊਣਾ ਦੁੱਭਰ ਕਰਦੇ ਹਨ।
ਇੱਕ ਹੋਰ ਸ਼੍ਰੇਣੀ ਹੁੰਦੀ ਹੈ ਅਤਿ ਖਤਰਨਾਕ ਵੋਟਰਾਂ ਦੀ। ਇਹ ਉਹ ਵੋਟਰ ਹੁੰਦੇ ਹਨ, ਜਿਹੜੇ ਸਰਮਾਏਦਾਰ ਵੀ ਹੁੰਦੇ ਹਨ, ਅਕਲਮੰਦ ਵੀ ਹੁੰਦੇ ਹਨ ਵੱਡੇ ਪਰਿਵਾਰਾਂ ਵਾਲੇ ਵੀ ਹੁੰਦੇ ਹਨ। ਭਾਵ ਪਿੰਡ ਦੀ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਲੋਕਾਂ ਨੂੰ ਜਿੱਥੇ ਕਹਿਣ ਵੋਟ ਪਵਾ ਸਕਦੇ ਹਨ ਪਰ ਅਫਸੋਸ ਇਹ ਲੋਕ ਆਪਣੇ ਪਰਿਵਾਰ ਤੋਂ ਅੱਗੇ, ਆਪਣੇ ਸਮਾਜ ਅਤੇ ਦੇਸ਼ ਬਾਰੇ ਕਦੇ ਨਹੀਂ ਸੋਚਦੇ। ਕਿਉਂਕਿ ਜੇ ਇਹ ਸਹੀ ਬੰਦੇ ਦੀ ਚੋਣ ਕਰਵਾਉਣਗੇ ਤਾਂ ਸਾਡੇ ਦੇਸ਼ ਦਾ ਵਿਕਾਸ ਹੋਵੇਗਾ ਪਰ ਇਹ ਲੋਕ ਕਦੇ ਨਹੀਂ ਚਾਹੁੰਦੇ ਕਿ ਗਰੀਬ ਅਤੇ ਲਿਤਾੜੇ ਲੋਕ ਅੱਗੇ ਆਉਣ ਅਤੇ ਸਾਡੀ ਪੀੜ੍ਹੀ ਦਰ ਪੀੜ੍ਹੀ ਚੱਲੀ ਆਉਂਦੀ ਸਰਦਾਰੀ ਨੂੰ ਢਾਹ ਲੱਗੇ। ਇਹ ਆਪਣੇ ਪਿੰਡ ਜਾਂ ਸ਼ਹਿਰ ਦੇ ਛੋਟੇ ਰਾਜੇ ਬਣੇ ਰਹਿਣਾ ਪਸੰਦ ਕਰਦੇ ਹਨ।
ਹੁਣ ਵਿਚਾਰਨ ਵਾਲੀ ਗੱਲ ਹੈ ਕਿ ਜੇ ਅਧੀਆ ਸ਼ਰਾਬ ਦਾ ਲੈ ਕੇ ਕੋਈ ਵੋਟ ਪਾ ਰਿਹਾ ਹੈ ਉਹਦੇ ਲਈ ਕੋਈ ਸ਼ਰਮ ਵਾਲੀ ਗੱਲ ਨਹੀਂ ਕਿਉਂਕਿ ਉਸ ਨੂੰ ਇਸ ਗੱਲ ਦੀ ਸੋਝੀ ਨਹੀਂ। ਪਰ ਜੋ ਅਧੀਆ ਸ਼ਰਾਬ ਦਾ ਦੇ ਕੇ ਵੋਟ ਭਾਵ ਇੱਕ ਇਨਸਾਨ ਦੇ ਹੱਕ ਖਰੀਦ ਰਿਹਾ ਹੈ ਉਸਨੂੰ ਜ਼ਰੂਰ ਵਿਚਾਰਨਾ ਚਾਹੀਦਾ ਹੈ। ਲਾਲਚ ਦੇ ਨਾਲ ਨਾਲ ਵੋਟਰਾਂ ਨੂੰ ਕਈ ਤਰ੍ਹਾਂ ਦੇ ਡਰਾਵੇ ਦਿੱਤੇ ਜਾਂਦੇ ਹਨ। ਜੇ ਵੋਟਰ ਨਹੀਂ ਮੰਨਦਾ ਤਾਂ ਉਸ ਦੇ ਰਿਸ਼ਤੇਦਾਰਾਂ ਨੂੰ ਵਿੱਚ ਪਾ ਕੇ ਉਸ ਤੋਂ ਵੋਟਾਂ ਖੋਹੀਆਂ ਜਾਂਦੀਆਂ ਹਨ। ਜੇ ਵੋਟਰ ਫਿਰ ਵੀ ਨਹੀਂ ਮੰਨਦਾ ਤਾਂ ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ “ਸੋਚ ਲੈ ਕੋਈ ਕੰਮ ਪਿਆ ਤਾਂ ਸਾਡੇ ਕੋਲ ਹੀ ਆਉਣਾ।” ਜਦੋਂ ਕਿ ਵੋਟ ਪਾਉਣ ਦਾ ਅਤੇ ਆਪਣੀ ਮਰਜ਼ੀ ਦਾ ਉਮੀਦਵਾਰ ਚੁਣਨ ਦਾ ਅਧਿਕਾਰ ਮਨੁੱਖੀ ਜਾਤੀ ਨਾਲ ਇਨਸਾਫ਼ ਕਰਦਾ ਹੈ। ਜੇਕਰ ਵੋਟ ਵੇਚਣਾ ਸ਼ਰਮਨਾਕ ਹੈ ਤਾਂ ਵੋਟ ਖਰੀਦਣਾ ਵੀ ਕੋਈ ਬਹਾਦਰੀ ਦੀ ਗੱਲ ਨਹੀਂ।
ਜਿੱਥੇ ਵੋਟ ਵੇਚਣਾ ਵੋਟ ਵੇਚਣ ਵਾਲੇ ਦੀ ਮਨੋਦਸ਼ਾ ਅਤੇ ਉਸਦੀ ਆਰਥਿਕ ਹਾਲਤ ਬਿਆਨ ਕਰਦਾ ਹੈ, ਉੱਥੇ ਵੋਟ ਖਰੀਦਣ ਵਾਲੇ ਦੀ ਵੀ ਖਾਨਦਾਨੀ ਨੂੰ ਵੀ ਉਜਾਗਰ ਕਰਦੀ ਹੈ। ਸੋ ਬਿਨਾਂ ਕਿਸੇ ਦੇਰੀ ਦੇ ਅਜਿਹਾ ਕਾਨੂੰਨ ਬਣਨਾ ਚਾਹੀਦਾ ਹੈ ਜਿੱਥੇ ਵੋਟ ਖਰੀਦਣ ਵਾਲੇ ਨੂੰ ਅਪਰਾਧ ਦੀ ਸ਼ਾਖਾ ਵਿੱਚ ਗਿਣਿਆ ਜਾਵੇ। ਅਤੇ ਜੇ ਉਹ ਵੋਟ ਖਰੀਦਦਾ ਫੜਿਆ ਜਾਂਦਾ ਹੈ ਜਾਂ ਕੋਈ ਸਬੂਤ ਮਿਲਦਾ ਹੈ ਤਾਂ ਉਸ ਤੋਂ ਸਦਾ ਲਈ ਉਮੀਦਵਾਰ ਦਾ ਹੱਕ ਖੋਹ ਲਿਆ ਜਾਵੇ। ਵੋਟਰਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਚੋਣਾਂ ਕੋਈ ਡਰਾਮਾ ਨਹੀਂ ਹਨ, ਇਸ ਉੱਤੇ ਲੱਖਾਂ ਕਰੋੜਾਂ ਰੁਪਏ ਖਰਚ ਹੁੰਦੇ ਹਨ ਜੋ ਕਿਸੇ ਨਾ ਕਿਸੇ ਟੈਕਸ ਦੇ ਰੂਪ ਵਿੱਚ ਅਸੀਂ ਸਰਕਾਰਾਂ ਨੂੰ ਅਦਾ ਕਰਦੇ ਹਾਂ। ਇਹਨਾਂ ਚੋਣਾਂ ਨਾਲ ਸਾਡਾ ਅਤੇ ਸਾਡੇ ਬੱਚਿਆਂ ਦਾ ਭਵਿੱਖ ਜੁੜਿਆ ਹੁੰਦਾ ਹੈ।
ਇੱਕ-ਦੂਸਰੀ ਪਾਰਟੀ ਦੀ ਮਿੱਟੀ ਪੁੱਟਣ ਵਾਲੇ ਉਮੀਦਵਾਰਾਂ ਨੂੰ ਅਜਿਹੀਆਂ ਹਰਕਤਾਂ ਬੰਦ ਕਰਕੇ ਰਾਜ ਦੇ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ। ਚੋਣ ਕਮਿਸ਼ਨਰ ਵੱਲੋਂ ਝੂਠੇ ਮੈਨੀਫੈਸਟੋ ਦੇ ਆਧਾਰ ਉੱਤੇ ਵੋਟਾਂ ਲੈਣ ਵਾਲਿਆਂ ਉੱਪਰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਉਦਾਹਰਣ ਦੇ ਤੌਰ ’ਤੇ ਜਦ ਕੋਈ ਮੁਲਾਜ਼ਮ ਆਪਣੇ ਪੇਸ਼ੇ ਨਾਲ ਇਨਸਾਫ਼ ਨਹੀਂ ਕਰਦਾ ਤਾਂ ਉਸਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪੈਂਦੇ ਹਨ, ਸੋ ਜੇ ਕੋਈ ਉਮੀਦਵਾਰ ਜਨਤਾ ਨੂੰ ਬੇਤੁਕੇ ਲਾਰੇ ਲਗਾਉਂਦਾ ਹੈ ਤਾਂ ਉਸ ਨੂੰ ਸੀਟ ਤੋਂ ਮੁਅੱਤਲ ਕਰਦਿਆਂ ਉਸ ਉੱਪਰ ਚਾਰ ਸੌ ਵੀਹ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1569)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)