“ਇਸ ਤੋਂ ਪਹਿਲਾਂ ਕਿ ਮੈਂ ਇਹ ਕਹਿੰਦੀ, “ਹਮ ਸਭ ਏਕ ਹੈ।”ਨੌਜਵਾਨਾਂ ਦਾ ਹਜੂਮ ...”
(12 ਅਗਸਤ 2019)
ਬਚਪਨ ਵਿੱਚ ਮੈਂ ਦੇਸ਼ ਦੀ ਵੰਡ ਦੀਆਂ ਬਹੁਤ ਦਰਦਮਈ ਗੱਲਾਂ ਸੁਣਿਆ ਕਰਦੀ ਸੀ। ਭਾਵੇਂ ਜਦ ਮੇਰਾ ਜਨਮ ਹੋਇਆ, ਉਦੋਂ ਵੰਡ ਨੂੰ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਹੋ ਚੁੱਕਾ ਸੀ, ਪਰ ਜਵਾਨ ਦਿਲਾਂ ਅਤੇ ਬਜੁਰਗ ਦਿਲਾਂ ਦੇ ਜਖ਼ਮ ਨਾਸੂਰ ਬਣ ਚੁੱਕੇ ਸਨ। ਜਿੱਥੇ ਬਜੁਰਗਾਂ ਨੇ ਆਪਣੇ ਹਮਸਫ਼ਰ ਦੋਸਤ ਗੁਆਏ ਸਨ, ਉੱਥੇ ਜਵਾਨੀਆਂ ਨੇ ਆਪਣੀ ਮੁਹੱਬਤ ਗੁਆ ਲਈ ਸੀ।
ਬਜੁਰਗਾਂ ਦਾ ਵਰਤਮਾਨ ਅਤੇ ਭੂਤਕਾਲ ਖੋ ਗਿਆ ਸੀ ਤੇ ਜਵਾਨਾਂ ਦਾ ਭਵਿੱਖ। ਸਭ ਦੀਆਂ ਅੱਖਾਂ ਦੇ ਸੁਪਨੇ ਅੱਖਾਂ ਦੇ ਸਾਹਮਣੇ ਤਾਰ-ਤਾਰ ਹੋ ਗਏ ਸਨ। ਉਹਨਾਂ ਦਰਦਮਈ ਗੱਲਾਂ ਦਾ ਅਸਰ ਮੇਰੇ ਬਚਪਨ ਉੱਪਰ ਵੀ ਹੋਇਆ ਕਿਉਂਕਿ ਜਿਸ ਪਿੰਡ ਵਿੱਚ ਮੈਂ ਪਲੀ ਤੇ ਵੱਡੀ ਹੋਈ ਉੱਥੇ ਸਾਰੀਆਂ ਜਾਤਾਂ, ਧਰਮਾਂ ਦੇ ਲੋਕ ਰਹਿੰਦੇ ਸਨ। ਅੱਜ ਵੀ ਉੱਥੇ ਬਾਬਾ ਸ਼ਾਹ ਸ਼ਕੂਰ ਨਾਮ ਦੇ ਪੀਰ ਦੀ ਜਗ੍ਹਾ ਤੋਂ ਲੋਕ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਹਨ। ਕਹਿੰਦੇ ਹਨ ਕਿ ਇਹ ਪਿੰਡ ਇਸੇ ਬਾਬਾ ਜੀ ਦੇ ਨਾਮ ’ਤੇ ਵਸਿਆ ਹੈ।
ਬਚਪਨ ਦਾ ਪਹਿਲਾ ਦਹਾਕਾ ਹੀ ਸੀ ਕਿ ਸੰਨ ਉਨੀ ਸੌ ਚੁਰਾਸੀ ਵੇਲੇ ਦਾ ਨਫਰਤੀ ਮਾਹੌਲ ਸੀਨੇ ਵਿੱਚ ਛੇਕ ਕਰ ਗਿਆ। ਜ਼ਿਆਦਾ ਸਮਝ ਤਾਂ ਨਹੀਂ ਸੀ ਪਰ ਕੁਦਰਤ ਵੀ ਉਦਾਸ-ਉਦਾਸ ਮਹਿਸੂਸ ਹੁੰਦੀ ਸੀ ਜਿਵੇਂ ਪੰਛੀਆਂ ਨੇ ਵੀ ਚਹਿਕਣਾ ਛੱਡ ਦਿੱਤਾ ਹੋਵੇ। ਬਚਪਨ ਕਿਲਕਾਰੀਆਂ ਭੁੱਲ ਗਿਆ, ਵਿਛੋੜਿਆ ਦਾ ਦਰਦ ਸੁਣਦੇ-ਸੁਣਦੇ ਕੰਨ ਬਿਰਹਾ ਹੋ ਗਏ। ਕੋਈ ਗਲੀ-ਗਵਾਂਢ ਆਪਸ ਵਿੱਚ ਵੀ ਲੜਦਾ ਤਾਂ ਦਿਲ ਦੀ ਧੜਕਣ ਵਧ ਜਾਂਦੀ। ਲੜਾਈ ਤੋਂ ਡਰ ਲੱਗਣ ਲੱਗਾ, ਹਿੰਸਾ ਡੈਣ ਜਾਪਣ ਲੱਗੀ।
ਸਾਡੇ ਪਿੰਡ ਤੋਂ ਵਾਹਗਾ ਬਾਰਡਰ ਜ਼ਿਆਦਾ ਨੇੜੇ ਤਾਂ ਨਹੀਂ ਸੀ ਪਰ ਦੂਰ ਵੀ ਨਹੀਂ ਸੀ। ਬਹੁਤ ਵਾਰ ਮੌਕੇ ਮਿਲੇ ਬਾਰਡਰ ਦੇਖਣ ਜਾਣ ਦੇ ਪਰ ਨਾ ਗਈ। ਉੱਥੇ ਜਾਣ ਲਈ ਹਿੰਮਤ ਚਾਹੀਦੀ ਸੀ। ਆਪਣੀ ਧਰਤੀ ਦੀ ਹਿੱਕ ਉੱਪਰ ਖਿੱਚੀ ਲਕੀਰ ਦੇਖਣਾ ਸੁਖਾਲਾ ਨਹੀਂ ਸੀ। ਮਾਪਿਆਂ ਨੂੰ ਦੋ ਪੁੱਤਰਾਂ ਵਿੱਚ ਦੀਵਾਰ ਅਤੇ ਭੈਣਾਂ ਨੂੰ ਦੋ ਵੀਰਾਂ ਦੇ ਘਰਾਂ ਵਿੱਚ ਦੀਵਾਰ ਚੰਗੀ ਨਹੀਂ ਲੱਗਦੀ, ਬੱਸ ਅਜਿਹਾ ਹੀ ਕੁਝ ਸੀ ਮੇਰੇ ਦਿਲ ਦਾ ਹਾਲ। ਵੱਡੀ ਹੋਈ, ਵਿਆਹੀ ਗਈ, ਹੁਣ ਤਾਂ ਇਸ ਲਕੀਰ ਦੀ ਉਮਰ ਵੀ ਤਿੰਨ ਦਹਾਕਿਆਂ ਤੋਂ ਉੱਪਰ ਹੋ ਚੱਲੀ ਸੀ। ਵੱਡੇ ਬੇਟੇ ਨਾਲ ਹੱਸਦੀ ਖੇਡਦੀ ਜ਼ਿੰਦਗੀ ਦੀਆਂ ਝਾਂਜਰਾਂ ਛਣਕਾਉਂਦੀ ਸਭ ਕੁਝ ਭੁੱਲ ਗਈ ਸੀ।
ਬਾਹਰਲੇ ਦੇਸ਼ ਤੋਂ ਇੱਕ ਅੰਗਰੇਜ਼ ਵੀਰ ਜੋ ਸਾਡਾ ਰਿਸ਼ਤੇਦਾਰ ਵੀ ਸੀ, ਪੰਜਾਬ ਆਇਆ ਤਾਂ ਉਸਦੀ ਇੱਛਾ ਬਾਰਡਰ ਦੇਖਣ ਦੀ ਸੀ। ਮੈਂ ਆਪਣੀ ਦੁਨੀਆਂ ਵਿੱਚ ਇੰਨੀ ਗੁਆਚੀ ਹੋਈ ਸੀ ਕਿ ਇਹੀ ਦੁਨੀਆਂ ਲੱਗਦੀ ਸੀ, ਪਰ ਸਭ ਦੇ ਕਹਿਣ ’ਤੇ ਅਸੀਂ ਵੀ ਚੱਲ ਪਏ। ਗੱਡੀ ਪਿੱਛੇ ਖੜ੍ਹੀ ਕਰ ਕੇ ਅਸੀਂ ਪੈਦਲ ਚੱਲਣ ਵਾਲਾ ਰਸਤਾ ਵੀ ਤੈਅ ਕਰ ਲਿਆ ਤੇ ਜਲਦੀ ਹੀ ਫੌਜੀ ਵੀਰਾਂ ਦੇ ਕੋਲ ਪਹੁੰਚ ਗਏ। ਪਰੇਡ ਸ਼ੁਰੂ ਹੋਣ ਹੀ ਵਾਲੀ ਸੀ, ਸਾਡੇ ਅੰਦਰ ਵੜਦਿਆਂ ਹੀ ਗੇਟ ਬੰਦ ਹੋ ਗਿਆ। ਟਾਵੇਂ-ਟਾਵੇਂ ਲੋਕ ਇਜਾਜ਼ਤ ਨਾਲ ਅਜੇ ਵੀ ਅੰਦਰ ਆ ਰਹੇ ਸਨ। ਬਹੁਤ ਜ਼ਿਆਦਾ ਭੀੜ ਸੀ। ਸਭ ਲੋਕ ਪੌੜੀਆਂ ਦੇ ਉੱਪਰ ਹੋਰ ਉੱਪਰ ਚੜ੍ਹ ਕੇ ਬੈਠ ਰਹੇ ਸਨ। ਮੈਂਨੂੰ ਸੀਟ ਨਹੀਂ ਮਿਲੀ ਸੀ ਜ਼ਿਆਦਾ ਉੱਪਰ ਜਾਣ ਤੋਂ ਮੈਂ ਝਿਜਕਦੀ ਸੀ। ਮੈਂ ਗੇਟ ਵੱਲ ਖੜ੍ਹ ਗਈ। ਸ਼ਾਇਦ ਬੱਚੇ ਦਾ ਖਿਆਲ ਕਰਦਿਆਂ ਕੋਲ ਬੈਠੇ ਪੁਲਿਸ ਮੁਲਾਜ਼ਿਮ ਨੇ ਕੁਰਸੀ ਮੈਂਨੂੰ ਦੇ ਦਿੱਤੀ। ਮੈਂ ਬਿਨਾਂ ਝਿਜਕ ਦੇ ਕੁਰਸੀ ਲੈ ਲਈ।
ਹੁਣ ਸ਼ੁਰੂ ਹੋਈ ਪਰੇਡ ਜਿਸ ਨੂੰ ਦੇਖਣ ਦੀ ਤਮੰਨਾ ਬਚਪਨ ਤੋਂ ਸੀ, ਪਰ ਹਿੰਮਤ ਨਹੀਂ। ਪਾਕਿਸਤਾਨ ਜਿੰਦਾਬਾਦ, ਹਿੰਦੋਸਤਾਨ ਜਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ। ਚਿੜੀਆਂ ਕਬੂਤਰਾਂ ਦੇ ਝੁੰਡ ਉਡਾਰੀਆਂ ਮਾਰ ਸਰਹੱਦਾਂ ਨੂੰ ਤੋੜਦੇ ਆਪਣੇ-ਆਪਣੇ ਆਹਲਣਿਆਂ ਨੂੰ ਚੱਲ ਪਏ ਸਨ। ਪਾਕਿਸਤਾਨ ਵਾਲੇ ਪਾਸੇ ਜ਼ਿਆਦਾ ਲੋਕ ਨਹੀਂ ਸਨ ਪਰ ਜਿੰਨੇ ਵੀ ਸਨ ਸ਼ਾਂਤ ਸਨ। ਫਿਰ ਅਚਾਨਕ ਇੱਕ ਅਵਾਜ਼ ਮੇਰੇ ਪਾਸਿਓਂ ਫੌਜੀ ਵੀਰਾਂ ਨੂੰ ਸੰਬੋਧਨ ਹੁੰਦਿਆਂ ਗੂੰਜੀ - ਹਿੰਦੋਸਤਾਨੀ ਸ਼ੇਰ ਜਿੰਦਾਬਾਦ, ਹਿੰਦੋਸਤਾਨੀ ਸ਼ੇਰ ਜਿੰਦਾਬਾਦ। ਦੂਸਰੇ ਪਾਸੇ ਦੀ ਸ਼ਾਂਤੀ ਨੇ ਚੈਲੇਂਜ ਕਬੂਲਦਿਆਂ ਪਾਕਿਸਤਾਨੀ ਬੱਬਰ ਸ਼ੇਰ ਦੇ ਨਾਅਰਿਆਂ ਨਾਲ ਅਸਮਾਨ ਹਿਲਾ ਦਿੱਤਾ। ਮੈਂ ਤੇ ਮੇਰਾ ਬੱਚਾ ਸਹਿਮੇ ਹੋਏ ਪਰਿੰਦੇ ਵਾਂਗ ਇਹ ਸਭ ਦੇਖ ਰਹੇ ਸੀ। ਮੈਂ ਆਪਣੇ ਬੇਟੇ ਨੂੰ ਦੁੱਧ ਪਿਲਾਉਣ ਦੇ ਬਹਾਨੇ ਛਾਤੀ ਨਾਲ ਘੁੱਟ ਲਿਆ।
ਇਹ ਦ੍ਰਿਸ਼ ਮੈਂਨੂੰ ਸੰਨ ਸੰਤਾਲੀ ਜਾਂ ਚੁਰਾਸੀ ਤੋਂ ਘੱਟ ਨਹੀਂ ਲੱਗ ਰਿਹਾ ਸੀ। ਦੋਹਾਂ ਪਾਸਿਆਂ ਦੇ ਜਵਾਨ ਇੱਕ ਦੂਸਰੇ ਨੂੰ ਲਾਲ ਅੱਖਾਂ ਕੱਢਕੇ ਘੂਰ ਰਹੇ ਸਨ। ਆਪਣੇ ਬੂਟਾਂ ਦੇ ਤਲੇ ਦੂਸਰੇ ਦੇਸ਼ ਦੇ ਫੌਜੀਆਂ ਨੂੰ ਇਸ ਤਰ੍ਹਾਂ ਦਿਖਾਉਣ ਦੀ ਗੱਲ ਮੇਰੀ ਸਮਝ ਤੋਂ ਬਾਹਰ ਸੀ। ਮੇਰੇ ਦੇਖਦਿਆਂ-ਦੇਖਦਿਆਂ ਫੌਜੀ ਵੀਰਾਂ ਦੀਆਂ ਜੁੱਤੀਆਂ ਦੇ ਤਲੇ ਅੱਧੇ ਲਮਕ ਗਏ ਸਨ। ਸਾਡੇ ਪਾਸੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀ ਸਨ। ਮੈਂ ਆਪਣਾ ਚਿਹਰਾ ਉਹਨਾਂ ਵੱਲ ਘੁਮਾਇਆ, ਉਹ ਤਾੜੀਆਂ ਮਾਰ ਰਹੇ ਸਨ। ਕੁਝ ਖੜ੍ਹੇ ਹੋ ਕੇ ਫੌਜੀ ਵੀਰਾਂ ਦੇ ਹੌਸਲੇ ਮਾਨੋਂ ਪਰਖ ਰਹੇ ਸਨ, ਅਜਮਾ ਰਹੇ ਸਨ ਜਾਂ ਉਕਸਾ ਰਹੇ ਸਨ। ਮੇਰਾ ਦਿਲ ਕੀਤਾ ਮੈਂ ਖੜ੍ਹੀ ਹੋ ਜਾਵਾਂ ਤੇ ਉੱਚੀ ਆਵਾਜ਼ ਵਿੱਚ ਆਖਾਂ, “ਹਮ ਸਭ ਏਕ ਹੈ, ਹਮ ਸਭ ਏਕ ਹੈ, - ਅਸੀਂ ਸਭ ਇੱਕ ਹਾਂ, ਬਾਬੇ ਨਾਨਕ ਦੀ ਸਾਂਝੀ ਬੋਲੀ ਦੇ ਵਾਰਿਸ ਹਾਂ।”
ਮੇਰਾ ਢਿੱਡ ਕੰਬਿਆ, ਆਵਾਜ਼ ਮੇਰੀ ਸਾਹ ਨਲੀ ਤੱਕ ਆਈ। ਮੇਰੇ ਸਰੀਰ ਵਿੱਚ ਹਰਕਤ ਹੋਈ। ਇਸ ਤੋਂ ਪਹਿਲਾਂ ਕਿ ਮੈਂ ਇਹ ਕਹਿੰਦੀ, “ਹਮ ਸਭ ਏਕ ਹੈ।” ਨੌਜਵਾਨਾਂ ਦਾ ਹਜੂਮ ਪੌੜੀਆਂ ਉੱਪਰ ਖੜ੍ਹਾ ਹੋ ਗਿਆ ਅਤੇ ਜ਼ੁਬਾਨ ਦੇ ਹਥਿਆਰਾਂ ਨਾਲ ਛਾਤੀਆਂ ਵਿੰਨ੍ਹੀਆਂ ਜਾਣ ਲੱਗੀਆਂ। ਮੈਂ ਸ਼ਰਮਾਈਆਂ ਅੱਖਾਂ ਨਾਲ ਅੰਗਰੇਜ਼ ਵੀਰ ਵੱਲ ਦੇਖਿਆ। ਉਸਦੇ ਦੋਨੋਂ ਹੱਥ ਕੈਮਰੇ ’ਤੇ ਸਨ ਪਰ ਉਹ ਫੋਟੋ ਲੈਣ ਦੀ ਬਜਾਏ ਹੈਰਾਨ ਹੋਇਆ ਹਜੂਮ ਨੂੰ ਦੇਖ ਰਿਹਾ ਸੀ। ਮੈਂ ਆਪਣੇ ਬੱਚੇ ਨੂੰ ਜ਼ੋਰ ਨਾਲ ਛਾਤੀ ਨਾਲ ਘੁੱਟ ਲਿਆ ਅਤੇ ਨੀਲੇ ਅਸਮਾਨ ਵੱਲ ਦੇਖ ਕਿਸੇ ਰੱਬੀ ਸ਼ਕਤੀ ਨੂੰ ਦਖਲ ਦੇਣ ਦੀ ਅਰਦਾਸ ਕਰਨ ਲੱਗੀ। ਮੇਰੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਨੇ ਅਸਮਾਨ ਵਿੱਚ ਸਰਹੱਦੋਂ ਆਰ-ਪਾਰ ਜਾਂਦਿਆਂ ਪੰਛੀਆਂ ਦੀਆਂ ਡਾਰਾਂ ਨੂੰ ਦੇਖਿਆ ਤੇ ਆਪਣੇ ਆਪ ਨੂੰ ਇਨਸਾਨ ਹੋਣ ਦਾ ਭਰਮ ਪਾਲੀ ਬੈਠੇ ਸ਼ੈਤਾਨ ਲੋਕਾਂ ਵਿੱਚੋਂ ਵਾਪਸ ਆਉਣ ਲਈ ਤੁਰ ਪਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1697)
(ਸਰੋਕਾਰ ਨਾਲ ਸੰਪਰਕ ਲਈ: