“ਭਾਈ, ਜੇ ਸ਼ੀਸ਼ਾ ਸਾਫ਼ ਹੋਊ ਤਾਂ ਦੇਖਣ ਵਾਲੇ ਨੂੰ ਮੂੰਹ ਧੁੰਦਲਾ ਨਹੀਂ ਦਿਸਦਾ ...”
(1 ਜਨਵਰੀ 2020)
ਨਵਾਂ ਸਾਲ ਆਉਣ ਲਈ ਕਾਹਲਾ ਹੈ। ਹਰ ਕੋਈ ਨਵੇਂ ਸਾਲ ਦੀ ਉਡੀਕ ਬੇਸਬਰੀ ਨਾਲ ਕਰ ਰਿਹਾ ਹੈ। ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਇੱਕ ਮਹੀਨਾ ਪਹਿਲਾਂ ਹੀ ‘ਨਵਾਂ ਸਾਲ ਮੁਬਾਰਕ ਹੋਵੇ’ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਸਨ। ਆਖਿਰ ਨਵਾਂ ਸਾਲ ਸਾਡੇ ਲਈ ਢੇਰਾਂ ਸਾਰੇ ਤੋਹਫੇ ਵੀ ਲਿਆ ਸਕਦਾ ਹੈ। ਪਤਾ ਨਹੀਂ ਨਵਾਂ ਸਾਲ ਆਪਣੀ ਪਟਾਰੀ ਵਿੱਚ ਕਿਹੜੇ-ਕਿਹੜੇ ਤੋਹਫ਼ੇ ਅਤੇ ਕਿੰਨੀਆਂ ਖ਼ੁਸ਼ੀਆਂ ਸਮੋਈ ਬੈਠਾ ਹੋਵੇਗਾ? ਉਸਦੇ ਲਈ ਵੀ ਤਾਂ ਅਸੀਂ ਨਵੇਂ ਹੀ ਹਾਂ।
ਬੱਚੇ ਘਰਾਂ ਨੂੰ ਸਜਾ ਰਹੇ ਹਨ ਅਤੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਜਦ ਉਹ ਹਰ ਚੀਜ਼ ਨੂੰ ਨਵੇਂ ਤਰੀਕੇ ਨਾਲ ਸਜਾ ਰਹੇ ਹਨ ਤਾਂ ਇੱਕ ਦੂਜੇ ਨੂੰ ਨਸੀਹਤਾਂ ਵੀ ਦੇ ਰਹੇ ਹਨ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਆਪਣੇ ਅਤੀਤ ਵਿੱਚ ਗੁਆਚ ਗਈ ਹਾਂ। ਵੀਹ ਸਾਲ ਪਹਿਲਾਂ ਵਾਲਾ ਅਤੀਤ, ਜਦ ਵੀਰ ਦੇ ਵਿਆਹ ਦੀ ਤਿਆਰੀ ਹੋ ਰਹੀ ਸੀ। ਭਾਬੋ ਰਾਣੀ ਨਵੇਂ ਘਰ ਵਿੱਚ ਆਉਣ ਵਾਲੀ ਸੀ। ਘਰ ਨੂੰ ਸਜਾਇਆ ਜਾ ਰਿਹਾ ਸੀ। ਭਾਬੀ ਦੇ ਆਉਣ ਤੋਂ ਪਹਿਲਾਂ ਹੀ ਭਾਬੀ ਦੀ ਹੋਂਦ ਦਾ ਅਹਿਸਾਸ ਘਰ ਵਿੱਚ ਹੋਣ ਲੱਗਾ ਸੀ। ਘਰ ਦਾ ਹਰ ਕੋਨਾ ਮਹਿਕਦਾ ਮਹਿਸੂਸ ਹੁੰਦਾ ਸੀ। ਹਵਾ ਨਾਲ ਹਿੱਲਦੇ ਫੁੱਲ ਪੱਤੇ ਭਾਬੀ ਦੀਆਂ ਚੂੜੀਆਂ ਅਤੇ ਪੰਜੇਬਾਂ ਦੀ ਛਣਕਾਰ ਦਾ ਭੁਲੇਖਾ ਪਾਉਂਦੇ ਸਨ।
ਘਰ ਦਾ ਹਰ ਕੋਨਾ ਸਾਫ ਸੁਥਰਾ ਕਰਨ ਤੋਂ ਬਾਅਦ, ਹੁਣ ਵਾਰੀ ਸੀ ਘਰ ਦੇ ਜੀਆਂ ਨੂੰ ਆਪਣੇ ਮਨ ਸਾਫ਼ ਕਰਨ ਦੀ। ਘਰ ਦੇ ਬਜ਼ੁਰਗਾਂ ਵੱਲੋਂ ਹਰ ਰੋਜ਼ ਪਰਿਵਾਰ ਦੀ ਕਲਾਸ ਲੱਗਦੀ ਸੀ ਕਿ ਨਵੇਂ ਜੀਅ (ਭਾਬੀ) ਨੂੰ ਘਰ ਵਿੱਚ ਕਿਵੇਂ ਰੱਖਣਾ ਹੈ? ਉਸ ਨੂੰ ਕੋਈ ਤਕਲੀਫ਼ ਨਾ ਹੋਵੇ ਆਦਿ। ਸਾਡੇ ਬਹੁਤ ਹੀ ਪੁਰਾਣੇ ਅਤੇ ਵਫ਼ਾਦਾਰ ਸਾਂਝੀ (ਸੀਰੀ) ਨੇ ਹੱਸ ਕੇ ਕਹਿਣਾ ਕਿ ਨਵੇਂ ਜੀਅ ਨੂੰ ਕੌਣ ਸਿਖਾਊ ਇਹ ਗੱਲਾਂ? ਤਾਂ ਅੱਗੋਂ ਬਜ਼ੁਰਗਾਂ ਨੇ ਕਹਿਣਾ, “ਭਾਈ, ਜੇ ਸ਼ੀਸ਼ਾ ਸਾਫ਼ ਹੋਊ ਤਾਂ ਦੇਖਣ ਵਾਲੇ ਨੂੰ ਮੂੰਹ ਧੁੰਦਲਾ ਨਹੀਂ ਦਿਸਦਾ, ਇੱਕ ਜੀਅ ਬਾਕੀ ਜੀਆਂ ਨੂੰ ਦੇਖ ਆਪੇ ਸਮਝਦਾਰ ਹੋ ਜਾਊ। ਜਮੀਨ ਚੰਗੀ ਹੋਵੇ ਤਾਂ ਬੀਜ ਨੂੰ ਉੱਗਣ ਵਿੱਚ ਤਕਲੀਫ਼ ਘੱਟ ਹੁੰਦੀ ਹੈ।”
ਸੱਚਮੁੱਚ ਬਜ਼ੁਰਗਾਂ ਦਾ ਤਜਰਬਾ ਲੋਹੇ ’ਤੇ ਲਕੀਰ ਸਾਬਿਤ ਹੋਇਆ। ਅੱਜ ਵੀ ਸਾਰਾ ਪਰਿਵਾਰ ਭਾਬੋ ਦੀ ਮਹਿਕ ਵਿੱਚ ਮਹਿਕਦਾ ਹੈ। ਮੈਂ ਸੋਚਦੀ ਹਾਂ ਕਿ ਸਾਨੂੰ ਵੀ ਬਾਹਰੀ ਦਿਖਾਵੇ, ਸਾਫ-ਸਫਾਈ ਦੇ ਨਾਲ ਨਾਲ ਮਨ-ਅੰਦਰ ਵੀ ਬੱਤੀ ਜਗਾਉਣੀ ਚਾਹੀਦੀ ਹੈ। ਹਰ ਨਵੇਂ ਸਾਲ ਦੀ ਆਮਦ ਉੱਤੇ ਅਸੀਂ ਢੇਰਾਂ ਪਟਾਕੇ ਚਲਾਉਂਦੇ ਹਾਂ ਪਰ ਆਪਣੇ ਅੰਦਰ ਜਾਤੀਵਾਦ, ਨਸਲਵਾਦ, ਛੂਤ-ਛਾਤ, ਗਰੀਬੀ ਅਮੀਰੀ ਦੇ ਭੇਦਭਾਵ ਦੇ ਬਾਰੂਦ ਨੂੰ ਕਦੇ ਸਾੜਨ ਦੀ ਕੋਸ਼ਿਸ਼ ਨਹੀਂ ਕਰਦੇ। ਨਾ ਤਾਂ ਅਸੀਂ ਮੈਲੇ ਕੱਪੜਿਆਂ ਵਿੱਚ ਬੈਠੇ ਕਿਸੇ ਰਾਜਕੁਮਾਰ ਦਾ ਦਰਦ ਸਮਝਦੇ ਹਾਂ ਅਤੇ ਨਾ ਹੀ ਮਹਿਕਦੇ ਕੱਪੜਿਆਂ ਵਿੱਚ ਲੁਕੇ ਮੈਲੇ ਮਨਾਂ ਨੂੰ ਪਛਾਣ ਸਕੇ ਹਾਂ। ਨਵੇਂ ਸਾਲ ਨੂੰ ‘ਜੀ ਆਇਆਂ’ ਕਹਿਣ ਲਈ ਲੱਖਾਂ ਰੁਪਏ ਖਰਚ ਕਰਦੇ ਹਾਂ ਪਰ ਬੀਤ ਚੁੱਕੇ ਸਾਲ ਵਿੱਚ ਸਾਡੇ ਕਰਕੇ ਬਰਬਾਦ ਹੋਈਆਂ ਜ਼ਿੰਦਗੀਆਂ ਤੇ ਬਨਸਪਤੀ ਨੂੰ ਭੁੱਲ ਜਾਂਦੇ ਹਾਂ।
ਕਦੇ-ਕਦੇ ਲਗਦਾ ਹੈ ਕਿ ਨਵਾਂ ਸਾਲ ਵੀ ਉਸ ਧੂਮ-ਧੜੱਕੇ ਨਾਲ ਵਿਆਹੀ ਕੁੜੀ ਵਰਗਾ ਹੀ ਹੈ ਜਿਸ ਨੂੰ ਵਿਆਹੁਣ ਤੋਂ ਕੁਝ ਮਹੀਨੇ ਬਾਅਦ ਹੀ ਘਰੋਂ ਕੱਢ ਦਿੱਤਾ ਜਾਂਦਾ ਹੈ ਜਾਂ ਬਦਸਲੂਕੀਆਂ ਕੀਤੀ ਜਾਂਦੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਨਵਾਂ ਸਾਲ ਸਾਡੇ ਲਈ ਖੁਸ਼ੀਆਂ ਅਤੇ ਤੋਹਫੇ ਲੈ ਕੇ ਆਵੇ। ਪਰ ਦੋਸਤੋ, ਇਸ ਤੋਂ ਪਹਿਲਾਂ ਅਸੀਂ ਵੀ ਨਵੇਂ ਸਾਲ ਉੱਪਰ ਇੱਕ ਅਹਿਸਾਨ ਕਰ ਦੇਈਏ। ਕਿਉਂ ਨਾ ਅਸੀਂ ਇੱਕ ਇੱਕ ਬੱਚੇ ਨੂੰ ਪੜ੍ਹਾਉਣ ਦਾ ਜ਼ਿੰਮਾ ਲੈ ਲਈਏ? ਕਿਉਂ ਨਾ ਅਸੀਂ ਕਿਸੇ ਬੇਘਰ ਨੂੰ ਘਰ ਜਾਂ ਆਪਣੀ ਪਹੁੰਚ ਅਨੁਸਾਰ ਉਸਦੇ ਘਰ ਦਾ ਸਾਲ ਜਾਂ ਛੇ ਮਹੀਨੇ ਦਾ ਕਿਰਾਇਆ ਦੇ ਦੇਈਏ? ਕਿਉਂ ਨਾ ਅਸੀਂ ਕਿਸੇ ਬੇਸਹਾਰਾ ਬਜ਼ੁਰਗਾਂ, ਲਾਚਾਰ ਤੇ ਮਜਬੂਰ ਲੋਕਾਂ ਨੂੰ ਸਹਾਰਾ ਦੇ ਕੇ ਇੱਕ ਇੱਕ ਅਸੀਸ ਲੈ ਲਈਏ? ਕਿਉਂ ਨਾ ਅਸੀਂ ਦੋ ਚਾਹੁਣ ਵਾਲੇ ਦਿਲਾਂ ਨੂੰ ਜਾਤੀਵਾਦ ਅਤੇ ਨਸਲਵਾਦ ਤੋਂ ਉੱਪਰ ਉੱਠ ਕੇ ਇੱਕ ਮਾਲਾ ਵਿੱਚ ਪਰੋ ਦੇਈਏ? ਕਿਉਂ ਨਾ ਅਸੀਂ ਧਰਮਾਂ ਦੇ ਨਾਂ ਉੱਤੇ ਉੱਸਰਦੀਆਂ ਨੀਹਾਂ ਨੂੰ ਤੋੜ ਕੇ ਮੁਹੱਬਤਾਂ ਦੀ ਖੇਤੀ ਕਰੀਏ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1870)
(ਸਰੋਕਾਰ ਨਾਲ ਸੰਪਰਕ ਲਈ: