“ਵੱਡੇ-ਵੱਡੇ ਆਗੂਆਂ ਦੇ ਡਿੱਗੇ ਹੋਏ ਕਿਰਦਾਰਾਂ ਦੇ ਕਾਰਨਾਮੇ ਦੇਖ ਲੋਕ ਸ਼ਰਮਸਾਰ ...”
(13 ਜਨਵਰੀ 2018)
ਲੋਹੜੀ ਦੇ ਦਿਨ ਹਨ। ਮੈਨੂੰ ਦੁੱਲੇ ਭੱਟੀ ਦੀ ਯਾਦ ਨੇ ਵੀ ਲਿਖਣ ਲਈ ਮਜਬੂਰ ਕੀਤਾ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਪਿਆਰੇ ਬੱਚੇ ਦੁੱਲੇ ਭੱਟੀ ਦਾ ਜੱਸ ਗਾਉਂਦੇ ਅਤੇ ਲੋਹੜੀ ਮੰਗਦੇ ਹਨ:
ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਧੀ ਵਿਆਹੀ ਹੋ,
ਸੇਰ ਸ਼ੱਕਰ ਪਾਈ ਹੋ।
ਕਹਿੰਦੇ ਹਨ ਕਿ ਸੁੰਦਰੀ ਅਤੇ ਮੁੰਦਰੀ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਦੇ ਨਾਮ ਸਨ। ਉਹ ਦੋਵੇ ਭੈਣਾਂ ਬਹੁਤ ਸੁੰਦਰ ਸਨ, ਮੰਗੀਆਂ ਹੋਈਆਂ ਸਨ। ਜਾਬਰਾਂ ਨੂੰ ਉਹਨਾਂ ਦੀ ਸੁੰਦਰਤਾ ਦੀ ਭਿਣਕ ਲੱਗ ਗਈ ਸੀ। ਗਰੀਬ ਬ੍ਰਾਹਮਣ ਬਹੁਤ ਫਿਕਰਮੰਦ ਹੋਇਆ ਤੇ ਇਸ ਸੰਬੰਧ ਵਿੱਚ ਗੱਲ ਕਰਨ ਲਈ ਦੁੱਲੇ ਭੱਟੀ ਨੂੰ ਮਿਲਿਆ। ਦੁੱਲਾ ਭੱਟੀ ਰਾਜਪੂਤ ਕੁੱਲ ਵਿੱਚੋਂ ਸੀ ਅਤੇ ਜ਼ਿਮੀਦਾਰ ਘਰਾਣੇ ਨਾਲ ਸੰਬੰਧ ਰੱਖਦਾ ਸੀ। ਉਸਦੇ ਪਿਤਾ ਫਰੀਦ ਅਤੇ ਦਾਦੇ ਬਿਜਲੀ ਸਾਂਦਲ ਨੂੰ ਅਕਬਰ ਨੇ ਬਗਾਵਤ ਕਰਨ ਦੇ ਦੋਸ਼ ਹੇਠ ਮਰਵਾ ਕੇ ਸ਼ਹਿਰ ਦੀਆਂ ਦੀਵਾਰਾਂ ’ਤੇ ਟੰਗਵਾ ਦਿੱਤਾ ਸੀ ਕਿਉਂਕਿ ਇੱਕ ਤਾਂ ਉਹਨਾਂ ਨੇ ਆਪਣੀਆਂ ਜ਼ਮੀਨਾਂ ਦਾ ਟੈਕਸ ਦੇਣ ਤੋਂ ਨਾਂਹ ਕਰ ਦਿੱਤੀ ਸੀ ਤੇ ਦੂਸਰਾ ਦੁੱਲੇ ਭੱਟੀ ਦੇ ਦਾਦੇ ਬਿਜਲੀ ਸਾਂਦਲ (ਸਾਂਦਲ ਅਸਲ ਵਿੱਚ ਉਸ ਪਿੰਡ ਦਾ ਨਾਮ ਸੀ ਜਿੱਥੇ ਦੁੱਲੇ ਭੱਟੀ ਦਾ ਪਰਿਵਾਰ ਰਹਿੰਦਾ ਸੀ) ਨੇ ਰਾਵੀ ਦੀ ਜੰਗ ਵਿੱਚ ਮੁਗਲ ਸੈਨਿਕਾਂ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਦੁੱਲੇ ਦਾ ਜਨਮ ਪਿਓੁ-ਦਾਦੇ ਦੀ ਮੌਤ ਤੋਂ ਤਿੰਨ ਚਾਰ ਮਹੀਨੇ ਬਾਅਦ ਹੋਇਆ ਸੀ। ਠੀਕ ਉਸੇ ਦਿਨ ਹੀ ਅਕਬਰ ਦੇ ਪੁੱਤਰ ਸ਼ੇਖੂ (ਜਹਾਂਗੀਰ) ਦਾ ਜਨਮ ਹੋਇਆ ਸੀ। ਦੁੱਲੇ ਦੀ ਮਾਤਾ ਲੱਧੀ ਨੇ ਹੀ ਅਕਬਰ ਦੇ ਪੁੱਤਰ ਸ਼ੇਖੂ ਨੂੰ ਆਪਣਾ ਦੁੱਧ ਪਿਲਾਇਆ ਸੀ ਕਿਉਂਕਿ ਇੱਕ ਤਾਂ ਅਕਬਰ ਇਹ ਦੁਸ਼ਮਣੀ ਖਤਮ ਕਰਨੀ ਚਾਹੁੰਦਾ ਸੀ, ਅਤੇ ਦੂਸਰਾ ਵਜ਼ੀਰਾਂ ਅਤੇ ਅਹਿਲਕਾਰਾਂ ਨੇ ਅਕਬਰ ਨੂੰ ਸਾਲਾਹ ਦਿੱਤੀ ਸੀ ਕਿ ਸ਼ੇਖੂ ਨੂੰ ਬਹਾਦਰ ਅਤੇ ਸੂਰਬੀਰ ਬਣਾਉਣ ਲਈ ਕਿਸੇ ਰਾਜਪੂਤ ਔਰਤ ਦਾ ਦੁੱਧ ਪਿਲਾਇਆ ਜਾਵੇ। ਦੁੱਲਾ ਭੱਟੀ ਵੀ ਭਾਵੇਂ ਅਕਬਰ ਦੀ ਦੇਖ ਰੇਖ ਹੇਠ ਪਲ ਰਿਹਾ ਸੀ ਪਰ ਦੁੱਲੇ ਨੇ ਇਸ ਸ਼ਾਹੀ ਠਾਠ ਨੂੰ ਨਕਾਰਦਿਆਂ ਗਰੀਬਾਂ ਦਾ ਮਸੀਹਾ ਬਣਨ ਨੂੰ ਤਰਜੀਹ ਦਿੱਤੀ ਅਤੇ ਅਕਬਰ ਸਰਕਾਰ ਤੋਂ ਬਾਗੀ ਹੋ ਗਿਆ ਸੀ। ਉਹ ਜ਼ਾਲਮਾਂ ਦੁਆਰਾ ਜਬਰੀ ਚੁੱਕੀਆਂ ਲੜਕੀਆਂ ਨੂੰ ਛੁਡਾ ਕੇ ਆਪਣੇ ਹੱਥੀਂ ਵਰ ਲੱਭ ਕੇ ਉਹਨਾਂ ਦੇ ਵਿਆਹ ਕਰਦਾ ਸੀ। ਸੋ ਉਸ ਬ੍ਰਾਹਮਣ ਦੀ ਬੇਨਤੀ ਸੁਣ ਕੇ ਦੁੱਲੇ ਨੇ ਰਾਤੋ-ਰਾਤ ਉਹਨਾਂ ਲੜਕੀਆ ਦਾ ਵਿਆਹ ਕੀਤਾ। ਲੋਕਾਂ ਨੇ ਬਹੁਤ ਸਾਰਾ ਸਮਾਨ ਉਹਨਾਂ ਲੜਕੀਆਂ ਨੂੰ ਤੋਹਫੇ ਵਜੋਂ ਦਿੱਤਾ ਪਰ ਦੁੱਲੇ ਕੋਲ ਉਸ ਵੇਲੇ ਸਿਰਫ ਸ਼ੱਕਰ ਸੀ ਜੋ ਉਸਨੇ ਲੱਪ-ਲੱਪ ਸ਼ੱਕਰ ਸ਼ਗਨ ਵਜੋਂ ਲੜਕੀਆਂ ਦੀ ਝੋਲੀ ਪਾਈ। ਰਾਤ ਹੋਣ ਕਾਰਨ ਲੱਕੜਾਂ ਬਾਲ ਕੇ ਰੌਸ਼ਨੀ ਕੀਤੀ ਗਈ, ਜੋ ਰੀਤ ਹੁਣ ਤੱਕ ਚੱਲੀ ਆ ਰਹੀ ਹੈ। ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਇੱਕ ਸੁੰਦਰੀ ਨਾਮਕ ਲੜਕੀ ਨੂੰ ਦੁੱਲੇ ਨੇ ਜਾਬਰਾਂ ਤੋਂ ਛੁਡਵਾ ਕੇ ਆਪਣੀ ਧੀ ਬਣਾ ਕੇ ਵਿਆਹ ਕੀਤਾ।
ਭਾਵੇਂ 1599 ਨੂੰ ਭਾਵ 16ਵੀਂ ਸਦੀ ਦੇ ਅੰਤ ਵਿੱਚ ਦੁੱਲੇ ਭੱਟੀ ਨੂੰ ਲਾਹੌਰ ਵਿਖੇ ਸਭ ਦੇ ਸਾਹਮਣੇ ਫਾਂਸੀ ਦੇ ਦਿੱਤੀ ਗਈ ਸੀ, ਪਰ ਚਾਰ ਸਦੀਆਂ ਬੀਤ ਜਾਣ ਦੇ ਬਾਵਜੂਦ ਵੀ ਇਹ ਲੋਕ-ਨਾਇਕ ਲੋਕਾਂ ਦੇ ਚੇਤਿਆਂ ਵਿੱਚ ਸਤਿਕਾਰ ਸਹਿਤ ਵਸਿਆ ਹੋਇਆ ਹੈ। ਸੋ ਗੱਲ ਕਿਰਦਾਰਾਂ ਦੀ ਹੋ ਰਹੀ ਹੈ, ਸੱਚੇ-ਸੁੱਚੇ ਕਿਰਦਾਰਾਂ ਦੀ। ਹਰੀ ਸਿੰਘ ਨਲੂਆ ਜੀ ਦਾ ਨਾਮ ਇਤਿਹਾਸ ਵਿੱਚ ਅਤੇ ਸਿੱਖ ਧਰਮ ਵਿੱਚ ਬਹੁਤ ਹੀ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਕਿਉਂਕਿ ਹਰੀ ਸਿੰਘ ਨਲੂਆ ਸਿਰਕੱਢ ਯੋਧਾ ਅਤੇ ਮਹਾਨ ਦਾਨੀ ਸੀ, ਹਰੀ ਸਿੰਘ ਨਲੂਏ ਦੇ ਨਾਮ ਦਾ ਸਿੱਕਾ ਚਲਦਾ ਸੀ। ਨਲੂਏ ਦੇ ਦੁਸ਼ਮਣ ਵੀ ਉਸਦੀ ਸਿਫ਼ਤ ਕੀਤੇ ਬਿਨਾਂ ਨਹੀਂ ਸੀ ਰਹਿੰਦੇ। ਨਲੂਏ ਬਾਰੇ ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਪਠਾਣ ਦੀ ਭੈਣ. ਜਿਸਦੇ ਪਠਾਣ ਭਰਾ ਦਾ ਨਲੂਏ ਨੇ ਸਿਰ ਕਤਲ ਕੀਤਾ ਸੀ ਉਹ ਨਲੂਏ ਨੂੰ ਚਰਿੱਤਰ ਪੱਖੋਂ ਡੇਗਣਾ ਚਾਹੁੰਦੀ ਸੀ ਤਾਂ ਉਹ ਔਰਤ ਹਰੀ ਸਿੰਘ ਨਲੂਏ ਨੂੰ ਜਮਰੌਦ ਦੇ ਕਿਲੇ ਵਿੱਚ ਮਿਲਣ ਗਈ ਜਿਸਦਾ ਨਾਮ ਕੁਝ ਇਤਿਹਾਸਕਾਰ ‘ਬਾਨੋ’ ਦੱਸਦੇ ਹਨ। ਬਾਨੋ ਨੇ ਨਲੂਏ ਨੂੰ ਕਿਹਾ ਕਿ “ਹੇ ਸਰਦਾਰ ਮੈਂ ਚਾਹੁੰਦੀ ਹਾਂ ਕਿ ਮੇਰੇ ਘਰ ਮੇਰੀ ਕੁੱਖ ਤੋਂ ਤੁਹਾਡੇ ਵਰਗਾ ਸੂਰਬੀਰ ਪੁੱਤਰ ਪੈਦਾ ਹੋਵੇ।”
ਨਲੂਆ ਸਰਦਾਰ ਸਮਝ ਗਿਆ ਕਿ ਇਸ ਔਰਤ (ਬਾਨੋ) ਦਾ ਇਰਾਦਾ ਨੇਕ ਨਹੀਂ ਹੈ। ਨਲੂਏ ਨੇ ਬਿਨਾਂ ਦੇਰੀ ਕੀਤਿਆਂ ਇੱਕ ਚਾਦਰ ਬਾਨੋ ਦੇ ਸਿਰ ’ਤੇ ਦੇ ਕੇ ਕਿਹਾ ਕਿ “ਮਾਤਾ, ਅੱਜ ਤੋਂ ਤੂੰ ਮੈਨੂੰ ਪੁੱਤਰ ਕਹਿ ਸਕਦੀ ਹੈ।” ਸੋ ਇਹ ਤਾਂ ਇੱਕ ਸਿੱਖ ਕਿਰਦਾਰ ਦੀ ਗੱਲ ਸੀ। ਜੇਕਰ ਅਸੀਂ ਇੱਥੇ ਲੰਕਾ-ਪਤੀ ਰਾਵਣ ਦੀ ਗੱਲ ਨਾ ਕਰੀਏ ਤਾਂ ਇਹ ਇੱਕ ਸੂਰਬੀਰ ਯੋਧੇ, ਵੇਦਾਂ ਦੇ ਗਿਆਤਾ ਰਾਵਣ ਨਾਲ ਬੇਇਨਸਾਫੀ ਹੋਵੇਗੀ। ਭਾਵੇਂ ਲੋਕ ਹਰ ਸਾਲ ਰਾਵਣ ਦੇ ਪੁਤਲੇ ਬਦੀ ਉੱਪਰ ਨੇਕੀ ਦੀ ਜਿੱਤ ਵਜੋਂ ਸਾੜਦੇ ਹਨ ਪਰ ਅਸੀਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰ ਸਕਦੇ ਕਿ ਭਾਵੇਂ ਰਾਵਣ ਨੇ ਸੀਤਾ ਨੂੰ ਚੁੱਕ ਲਿਆਂਦਾ ਸੀ, ਆਪਣੀ ਭੈਣ (ਰੂਪ ਨਖਾਂ) ਨਾਲ ਹੋਈ ਜ਼ਿਆਦਤੀ ਦੇ ਰੋਸ ਵਜੋਂ। ਪਰ ਉਸਨੇ ਸੀਤਾ ਨੂੰ ਸੁੰਦਰ ਬਗੀਚੇ ਵਿੱਚ ਦਾਸੀਆਂ ਦੀ ਨਿਗਰਾਨੀ ਵਿੱਚ ਰੱਖਿਆ ਸੀ। ਕਿਸੇ ਬਲਵਾਨ ਯੋਧੇ ਦਾ ਆਪਣੇ ਦੁਸ਼ਮਣ ਦੀ ਔਰਤ ਨਾਲ ਇਸ ਤਰ੍ਹਾਂ ਦਾ ਸਤਿਕਾਰ ਵਾਲਾ ਸਲੂਕ ਉਸਦੇ ਕਿਰਦਾਰ ਨੂੰ ਹੋਰ ਵੀ ਉੱਚਾ ਚੁੱਕ ਦਿੰਦਾ ਹੈ। ਸੋ ਸੋਚਦੀ ਹਾਂ ਕਿ ਇਹ ਕੇਵਲ ਸਮਾਜਿਕ ਅਤੇ ਰਾਜਨੀਤਿਕ ਆਗੂ ਸਨ, ਪਰ ਇਹਨਾਂ ਦੇ ਕਿਰਦਾਰ ਇੰਨੇ ਉੱਚੇ ਸਨ ਕਿ ਅੱਜ ਵੀ ਅਸੀਂ ਇਹਨਾਂ ਦਾ ਨਾਮ ਬਹੁਤ ਹੀ ਸਤਿਕਾਰ ਨਾਲ ਲੈਂਦੇ ਹਾਂ। ਕੇਵਲ ਇਹ ਹੀ ਨਹੀਂ, ਇਤਿਹਾਸ ਵਿੱਚ ਹੋਰ ਵੀ ਸੈਂਕੜੇ ਅਜਿਹੇ ਮਹਾਨ ਲੋਕਾਂ ਦੇ ਨਾਮ ਦਰਜ ਹਨ। ਪਰ ਦੇਖੋ, ਗੁਰੂਆਂ ਪੀਰਾਂ ਦੀ ਇਸ ਧਰਤੀ ਦੇ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਦੇ ਕਿਰਦਾਰ ਕਿੰਨੇ ਗਿਰ ਚੁੱਕੇ ਹਨ, ਜਿਨ੍ਹਾਂ ਦਾ ਨਾਮ ਲੈਣ ਤੋਂ ਵੀ ਝਿਜਕ ਮਹਿਸੂਸ ਹੁੰਦੀ ਹੈ। ਅਖਬਾਰਾਂ ਅਤੇ ਸ਼ੋਸ਼ਲ ਮੀਡੀਆ ’ਤੇ ਵੱਡੇ-ਵੱਡੇ ਆਗੂਆਂ ਦੇ ਡਿੱਗੇ ਹੋਏ ਕਿਰਦਾਰਾਂ ਦੇ ਕਾਰਨਾਮੇ ਦੇਖ ਲੋਕ ਸ਼ਰਮਸਾਰ ਹੋ ਰਹੇ ਹਨ। ਇਹ ਆਗੂ ਕੀ ਸਵਾਰਨਗੇ ਦੇਸ਼ ਅਤੇ ਕੌਮਾਂ ਦਾ ਜਿਨ੍ਹਾਂ ਉੱਪਰ ਵਾਸ਼ਨਾਵਾਂ ਹਾਵੀ ਹੋ ਚੁੱਕੀਆਂ ਹਨ ਜਦੋਂ ਕਿ ਸਾਡੇ ਗੁਰੂਆਂ ਨੇ ਸਾਨੂੰ ਪਹਿਲਾਂ ਹੀ ਪੰਜ ਵਿਕਾਰਾਂ ਤੋਂ ਸੁਚੇਤ ਰਹਿਣ ਲਈ ਗੁਰਬਾਣੀ ਵਿੱਚ ਲਿਖਿਆ ਹੈ। ਪਰ ਅਸੀਂ ਨਹੀਂ ਸਮਝ ਸਕਾਂਗੇ ਕਿਉਂਕਿ ਅਸੀਂ ਗੁਰੁ ਸਹਿਬਾਨਾਂ ਦੇ ਬਚਨਾਂ ਨੂੰ ਪੜ੍ਹ-ਸੁਣ ਕੇ ਕਦੇ ਵਿਚਾਰਿਆ ਹੀ ਨਹੀਂ। ਆਮ ਹੀ ਅਸੀਂ ਵਿਦਵਾਨਾਂ ਪਾਸੋਂ ਇਹ ਗੱਲ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਬੂਟੇ ਮਾਰੂਥਲ ਵਿੱਚ ਹਨ ਕਦੇ ਨਾ ਕਦੇ ਪ੍ਰਮਾਤਮਾ ਦੀ ਦਯਾ ਰੂਪੀ ਬਰਸਾਤ ਉਹਨਾਂ ਬੂਟਿਆਂ ਜਾਂ ਬੀਜਾਂ ’ਤੇ ਹੋ ਗਈ ਤਾਂ ਉਹ ਉਹ ਵਧਣ ਫੁੱਲਣਗੇ। ਪਰ ਜਿਹੜੇ ਬੂਟੇ ਪਾਣੀ ਵਿੱਚ ਰਹਿੰਦਿਆਂ ਗਲ ਗਏ, ਉਹ ਕਦੇ ਹਰੇ ਨਹੀਂ ਹੋ ਸਕਦੇ। ਭਾਵ ਨਾਸਤਕ ਜਾਂ ਅਗਿਆਨੀ ਲੋਕਾਂ ਦਾ ਕਦੇ ਨਾ ਕਦੇ ਰੱਬ ਵੱਲ ਮੁੜਨਾ ਸੰਭਵ ਹੋ ਸਕਦਾ ਹੈ, ਰੱਬ ਉਹਨਾਂ ਤੇ ਦਯਾਵਾਨ ਹੋ ਕੇ ਉਹਨਾਂ ਨੂੰ ਆਪਣੇ ਨਾਲ ਜੋੜ ਸਕਦਾ ਹੈ ਪਰ ਜਿਹੜੇ ਲੋਕ ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਦੇ ਹਨ, ਗਿਆਨੀ ਸਮਝਦੇ ਹਨ ਪਰ ਮੰਦਰਾਂ ਮਸਜਿਦਾਂ ਅਤੇ ਗੁਰਦੁਆਰਿਆਂ ਵਿੱਚ ਕੁਕਰਮ ਕਰਦੇ ਹਨ, ਉਹ ਕਦੇ ਵੀ ਬਖਸ਼ੇ ਨਹੀਂ ਜਾ ਸਕਦੇ। ਉਹਨਾਂ ਦੀ ਲੋਕ ਅਤੇ ਪ੍ਰਲੋਕ ਵਿੱਚ ਦੋਹਾਂ ਜਗਾਹ ਤੇ ਇੱਜ਼ਤ ਘਟਦੀ ਹੈ। ਦੂਸਰੇ ਪਾਸੇ ਔਰਤ ਜਾਤੀ ਵੀ ਕੋਈ ਘੱਟ ਗੁਨਾਹਗਾਰ ਨਹੀਂ ਹੈ। ਔਰਤਾਂ ਅਪਸਰਾਂ ਬਣ ਕੇ ਇਹਨਾਂ ਆਗੂਆਂ ਦਾ ਸਤ ਤੋੜਨ ’ਤੇ ਲੱਗੀਆਂ ਹੋਈਆਂ ਹਨ। ਕਿਉਂ ਭੁੱਲ ਗਈਆਂ ਹਨ ਮੇਰੇ ਦੇਸ਼ ਦੀਆਂ ਪਿਆਰੀਆਂ ਔਰਤਾਂ ਇਹ ਗੱਲ ਕਿ ਉਹ ਇੰਦਰਲੋਕ ਦੀਆਂ ਅਪਸਰਾਂ ਨਹੀਂ ਹਨ ਉਹ ਮਾਈ ਭਾਗੋ ਦੀਆਂ ਵਾਰਿਸ ਹਨ, ਜਿਨ੍ਹਾਂ ਨੇ ਵਚਨਾਂ ਤੋਂ ਫਿਰੇ ਸਿੰਘਾਂ ਨੂੰ ਸੱਚਖੰਡ ਵਿੱਚ ਜਗਾਹ ਦਿਵਾਈ ਸੀ। ਕਿਉਂ ਨਹੀਂ ਸੋਚਦੀਆਂ ਕਿ ਔਰਤਾਂ ਸਿਰਫ ਅਪਸਰਾਂ ਹੀ ਨਹੀ ਹੁੰਦੀਆਂ, ਸਗੋਂ ਰਾਣੀ ਝਾਂਸੀ, ਮਦਰ ਟਰੇਸਾ ਤੇ ਪਿੰਗਲਵਾੜੇ ਵਰਗੀਆਂ ਸੰਸਥਾਵਾਂ ਦੀਆਂ ਸਰਪ੍ਰਸਤ ਇੰਦਰਜੀਤ ਕੌਰ ਵੀ ਹੁੰਦੀਆਂ ਹਨ। ਪਤੀ ਦੀ ਮੌਤ ਤੋਂ ਬਾਅਦ ਜੂਝਣ ਵਾਲੀਆ ਰਾਣੀ ਜਿੰਦ ਕੌਰ ਵੀ ਹੁੰਦੀਆ ਹਨ ਔਰਤਾਂ।
ਮੁੱਕਦੀ ਗੱਲ, ‘ਦੁੱਲਿਆ’ ਕਹਿਣਾ ਤਾਂ ਬਹੁਤ ਕੁਝ ਚਾਹੁੰਦੀ ਹਾਂ, ਉਹ ਵੀ ਅਜਿਹੇ ਸਮੇਂ ਜਦ ਸਾਡੇ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਧਾਰਮਿਕ ਆਗੂ ਆਪਣੇ ਇਤਿਹਾਸ ਨੂੰ ਚਮਕਾਉਣ ਦੀ ਬਜਾਇ ਧੁੰਦਲਾ ਕਰ ਰਹੇ ਹਨ। ਵੋਟਾਂ ਪਾ ਕੇ ਚੁਣੇ ਗਏ ਰਾਜੇ ਅਕਸਰ ਪਾਰਟੀਆਂ ਵਿੱਚ ਜਾਮ ਟਕਰਾਉੇਂਦੇ ਨਜ਼ਰ ਆਉਂਦੇ ਹਨ ਤੇ ਉਹਨਾਂ ਦੀਆਂ ਰਾਣੀਆਂ ਜਨਤਾ ਨੂੰ ਦਿਲਾਸੇ ਦਿੰਦੀਆਂ ਨਜ਼ਰ ਆਉਂਦੀਆ ਹਨ। ਸਮਾਜ ਲਈ ਕੁਝ ਚੰਗਾ ਕਰਨ ਵਾਲੇ ਨੌਜਵਾਨਾਂ ਦੇ ਪੈਰਾਂ ਵਿੱਚ ਬੇੜੀਆਂ ਵਰਗੀਆਂ ਮਜਬੂਰੀਆਂ ਹਨ। ਗਿੱਧਿਆਂ ਦੀਆਂ ਰਾਣੀਆਂ ਮੇਰੇ ਰੰਗਲੇ ਪੰਜਾਬ ਦੀਆਂ ਧੀਆਂ ਗੋਰਿਆਂ ਦੇ ਖੇਤਾਂ ਵਿਚ ਬੇਰੀ ਤੋੜਨ ਲਈ ਮਜਬੂਰ ਹਨ। ਸੰਮਾਂ ਵਾਲੀ ਡਾਂਗ ਲੈ ਕੇ ਦਰਵਾਜ਼ਿਆਂ ਵਿੱਚ ਬੈਠਣ ਵਾਲੇ ਬਜ਼ੁਰਗ ਕਰਜ਼ਾ ਮੁਆਫ ਕਰਵਾਉਣ ਲਈ ਰੁਲ ਰਹੇ ਹਨ। ਜ਼ਿੰ,ਮੇਵਾਰ ਅਹੁਦੇਦਾਰ, ਆਗੂ, ਲੀਡਰ, ਸਭ ਸਰਪ੍ਰਸਤੀ ਦੀਆਂ ਕਲਮਾਂ ਫੜੀ ਮੇਰੇ ਪੰਜਾਬ ਦਾ ਭਵਿੱਖ ਲਿਖ ਰਹੇ ਹਨ। ਤੇ ਜਿਨ੍ਹਾਂ ਲੇਖਕਾਂ ਨੇ ਲਿਖਣਾ ਸੀ ਮੇਰੇ ਪੰਜਾਬ ਦਾ ਦਰਦ, ਉਹ ਚੁੱਪ ਹਨ। ਗੌਰੀ ਲਾਕੇਸ਼ ਵਰਗੇ ਕਿਰਦਾਰ ਸਾਨੂੰ ਸੁਪਨਿਆਂ ਵਿੱਚ ਆ ਕੇ ਝੰਜੋੜਦੇ ਹਨ, ਜਗਾਉਂਦੇ ਹਨ ਕੁਝ ਲਿਖਣ, ਚੰਗਾ ਲਿਖਣ, ਸੱਚ ਲਿਖਣ ਲਈ, ਆਪ ਆਸਮਾਨ ’ਤੇ ਜਾ ਧਰੂ ਤਾਰੇ ਵਾਂਗ ਚਮਕਦੇ ਨਜ਼ਰ ਆਉਂਦੇ ਹਨ।
‘ਦੁੱਲਿਆ’ ਦਿਲ ਕਰਦਾ ਹੈ ਲੋਹੜੀ ਮੁਬਾਰਕ ਆਖਾਂ, ਪਰ ਕਿਸ ਨੂੰ ਆਖਾਂ? ਨਾ ਇਹ ਸੱਚੇ ਦਿਲਾਂ ਨਾਲ ਦਿੱਤੀਆਂ ਲੱਕੜਾਂ ਤੇ ਪਾਥੀਆਂ ਦੀ ਲੋਹੜੀ ਹੈ, ਨਾ ਹੀ ਸੱਚੇ ਸੁੱਚੇ ਕਿਰਦਾਰਾਂ ਤੋਂ ਮਿਲਦੀ ਗੁੜ ਦੀ ਰੋੜੀ ਹੈ। ਪਤਾ ਨਹੀਂ ਕਿਉਂ ਅੱਜਕਲ ਹਰ ਕਿਰਦਾਰ ਮੈਨੂੰ ਸ਼ੱਕੀ ਲੱਗਦਾ ਹੈ। ਮੈਨੂੰ ਪਤਾ ਹੈ, ਅੱਜ ਵੀ ਬਹੁਤ ਸਾਰੀਆਂ ਪਵਿੱਤਰ ਆਤਮਾਂ, ਬਹੁਤ ਸਾਰੇ ਬਜ਼ੁਰਗ ਕੰਬਦੇ ਹੱਥਾਂ ਨਾਲ, ਬਹੁਤ ਸਾਰੇ ਸਾਊ ਨੌਜਵਾਨ ਮੋਹ ਭਰੀਆਂ ਨਜ਼ਰਾਂ ਨਾਲ ਮੈਨੂੰ ਲੋਹੜੀ ’ਤੇ ਬੈਠੀ ਨੂੰ ਸੂਹੇ ਦੁਪੱਟੇ ਵਰਗੀਆਂ ਦੁਆਵਾਂ ਦੇਣਗੇ ਪਰ ਮੇਰੇ ਮਨ ਅੰਦਰ ਜਾਂ ਫਿਰ ਸ਼ਾਇਦ ਹਰ ਸਖਸ਼ ਦੇ ਮਨ ਅੰਦਰ ਡਿੱਗੇ ਕਿਰਦਾਰਾਂ ਨੇ ਇੰਨਾ ਹਨੇਰਾ ਕਰ ਦਿੱਤਾ ਹੈ ਕਿ ਮੈਨੂੰ ਲੋਹੜੀ ਦੀ ਰੌਸ਼ਨੀ ਵੀ ਧੁੰਦਲੀ ਨਜ਼ਰ ਆਵੇਗੀ।
*****
(968)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)