BeantKGill7ਤੇ ਸੱਚਮੁੱਚ ਜੱਸ, ਹੁਣ ਤਾਂ ਤੂੰ ਸਮਝ ਗਈ ਹੋਵੇਂਗੀ ਕਿ ...
(8 ਅਕਤੂਬਰ 2017)

 

ਉਸ ਦਿਨ ਜਦੋਂ ਮੈਂ ਕੁੜੀਆਂ ’ਤੇ ਹੁੰਦੇ ਅੱਤਿਆਚਾਰ ਸੰਬੰਧੀ ਆਪਣੇ ਵਿਚਾਰ ਰੱਖਕੇ ਸਟੇਜ ਤੋਂ ਵਾਪਸ ਆਈ ਤਾਂ ਇੱਕ ਕੁੜੀ ਨੇ ਬਹੁਤ ਹੀ ਪਿਆਰੀ ਤੇ ਸੁਰੀਲੀ ਆਵਾਜ਼ ਵਿੱਚ ਮੇਰੇ ਕੋਲੋਂ ਮੋਬਾਇਲ ਨੰਬਰ ਮੰਗਿਆਨਾ ਚਾਹੁੰਦਿਆਂ ਹੋਇਆਂ ਵੀ ਮੈਂ ਆਪਣਾ ਨੰਬਰ ਉਸ ਕੁੜੀ ਨੂੰ ਦੇ ਦਿੱਤਾ।

ਸੋਹਣੀ ਸੁਨੱਖੀ, ਭਰ ਜਵਾਨ, ਉੱਚਾ ਲੰਬਾ ਕੱਦ, ਗੱਠਿਆ ਸਰੀਰ, ਗੋਰੀ ਚਿੱਟੀ, ਗੋਲ ਚਿਹਰੇ ਅਤੇ ਮੋਟੀਆਂ ਅੱਖਾਂ ਵਾਲੀ ਉਹ ਕੁੜੀ ਸਾਦੇ ਜਿਹੇ ਲਿਬਾਸ ਵਿੱਚ ਵੀ ਮੈਨੂੰ ਕੋਈ ਰਾਜਕੁਮਾਰੀ ਜਾਪੀ। ਉਹ ਰਾਜਕੁਮਾਰੀ ਜਿਸਦੇ ਪਿਤਾ ਦਾ ਰਾਜ ਖੋਹ ਲਿਆ ਗਿਆ ਹੋਵੇ ਜਾਂ ਉਹ ਰਾਜਕੁਮਾਰੀ ਜਿਸਦੀ ਮਤਰੇਈ ਮਾਂ ਨੇ ਉਸ ਨੂੰ ਦੈਂਤ ਲੋਕ ਭੇਜ ਦਿੱਤਾ ਹੋਵੇਜਾਂ ਫਿਰ ਉਹ ਰਾਜਕੁਮਾਰੀ ਜਿਸਨੇ ਰਾਜੇ ਪਿਤਾ ਦੇ ਸਾਹਮਣੇ ਕੋਈ ਗੁਸਤਾਖ਼ੀ ਕਰ ਦਿੱਤੀ ਹੋਵੇ।

ਸਾਡੀ ਵਾਪਸੀ ’ਤੇ ਉਸ ਕੁੜੀ ਨੇ ਮੈਨੂੰ ਘੇਰ ਜਿਹਾ ਲਿਆ, ਜਿਵੇਂ ਉਹ ਆਪਣੀ ਗਾਥਾ ਮੈਨੂੰ ਸੁਣਾਉਣਾ ਚਾਹੁੰਦੀ ਹੋਵੇ ਇੰਝ ਲੱਗਦਾ ਸੀ ਜਿਵੇਂ ਉਸ ਵੇਲੇ ਉਸ ਕੁੜੀ ਨੂੰ ਮੈਂ ਹੀ ਸਾਰੀ ਦੁਨੀਆਂ ਵਿੱਚੋਂ ਹਮਦਰਦ ਦਿਸਦੀ ਹੋਵਾਂ। ਪਰ ਉਸਦਾ ਦਿਲ ਉਸ ਵੇਲੇ ਕਿੰਨੀ ਜ਼ੋਰ ਨਾਲ ਧੜਕਿਆ ਹੋਵੇਗਾ, ਜਦ ਮੈਂ ਘਰ ਛੇਤੀ ਜਾਣ ਦਾ ਬਹਾਨਾ ਲਗਾ ਕੇ ਉੱਥੋਂ ਤੁਰ ਪਈ। ਮੈਨੂੰ ਪਤਾ ਹੈ ਉਸਨੇ ਇਹੀ ਸੋਚਿਆ ਹੋਵੇਗਾ ਕਿ ਸਟੇਜਾਂ ’ਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਇਹ ਲੋਕ ਦਿਲ ਦੇ ਕਿੰਨੇ ਪਾਪੀ ਹੁੰਦੇ ਹਨ। ਉਸ ਵੇਲੇ ਇਹੀ ਸੋਚਿਆ ਜਾ ਸਕਦਾ ਸੀ।

ਪਰ ਪਿਆਰੀ ਜੱਸ ਸੱਚ ਉਹ ਨਹੀਂ ਸੀ ਜੋ ਤੂੰ ਸੋਚਿਆ ਸੀ। ਸੱਚ ਉਹ ਸੀ ਜੋ ਮੈਂ ਸਟੇਜ ਤੋਂ ਬੋਲਿਆ ਸੀ, ਸੱਚ ਉਹ ਸੀ ਜੋ ਤੈਨੂੰ ਮੇਰੀਆਂ ਅੱਖਾਂ ਵਿੱਚੋਂ ਨਜ਼ਰ ਆਇਆ ਸੀ, ਸੱਚ ਉਹ ਸੀ ਜਿਸਨੇ ਤੈਨੂੰ ਮੇਰੀਆਂ ਅੱਖਾਂ ਵਿਚ ਹਮਦਰਦ ਦਿਖਾਇਆ ਸੀ। ਹਾਂ, ਪਿਆਰੀ ਜੱਸ, ਤੇਰਾ ਦਰਦ ਮੈਂ ਬਿਨਾਂ ਸੁਣਿਆ ਤੇਰੀਆਂ ਪੱਥਰ ਹੋ ਚੁੱਕੀਆਂ ਅੱਖਾਂ ਵਿੱਚੋਂ ਸਮਝ ਗਈ ਸੀ। ਤੇਰਾ ਦਰਦ ਸੁਣਨ ਲਈ ਪੱਥਰ ਦਾ ਦਿਲ ਚਾਹੀਦਾ ਹੈ। ਪਰ ਮੇਰਾ ਇਹ ਦਿਲ ਪੱਥਰ ਦਾ ਨਹੀਂ ਹੈ, ਇਹ ਮਾਸ ਦਾ ਉਹ ਟੁਕੜਾ ਹੈ, ਜਿਹੜਾ ਦਰਦ ਦੇਖ ਕੇ, ਸੁਣ ਕੇ, ਧੜਕਦਾ ਹੈ। ਕਦੇ-ਕਦੇ ਲੱਗਦਾ ਹੈ, ਇਹ ਮੈਨੂੰ ਸੱਚ ਬੋਲਣ ਤੋਂ ਰੋਕ ਲਵੇਗਾ।

ਮੈਂ ਨਹੀਂ ਚਾਹੁੰਦੀ ਕਿ ਮੇਰੇ ਦੇਸ਼ ਦੀਆਂ ਕਲੀਆਂ ਰੁਲਣ, ਮੈਂ ਤਾਂ ਉਹਨਾਂ ਨੂੰ ਫੁੱਲ ਬਣ ਕਿਸੇ ਬਗ਼ੀਚੀ ਵਿੱਚ ਮਹਿਕਦੇ ਦੇਖਣਾ ਚਾਹੁੰਦੀ ਹਾਂ। ਪਿਆਰੀ ਜੱਸ ਜਿਹੜੇ ਨਾਗ ਨੇ ਤੈਨੂੰ ਡੱਸਿਆ, ਉਸ ਨੂੰ ਅਸੀਂ ਕਿਸੇ ਸੋਟੀ ਜਾਂ ਪੱਥਰ ਨਾਲ ਨਹੀਂ ਮਾਰ ਸਕਦੇ ਇਹਨਾਂ ਸੱਪਾਂ ਨੇ ਹਜ਼ਾਰਾਂ ਪਰੀਆਂ ਤੇ ਰਾਜਕੁਮਾਰੀਆਂ ਨੂੰ ਡੱਸਿਆ ਹੈ। ਇਹਨਾਂ ਸੱਪਾਂ ਦਾ ਜ਼ਹਿਰ ਕੋਬਰੇ ਦੇ ਜ਼ਹਿਰ ਵਰਗਾ ਨਹੀਂ, ਜਿਸਦੇ ਡੱਸਦਿਆਂ ਹੀ ਇਨਸਾਨ ਮਰ ਜਾਵੇ। ਇਹਨਾਂ ਸੱਪਾਂ ਦੇ ਜ਼ਹਿਰ ਦਾ ਦਰਦ ਤਾਂ ਪਿਆਰੀਆਂ ਧੀਆਂ ਦੇ ਦਿਲਾਂ ਵਿੱਚੋਂ ਰਿਸਦਾ ਹੈ, ਜਿਹੜੇ ਦਿਲ ਕਦੇ ਪਿਆਰ ਦੀਆਂ ਬਾਤਾਂ ਪਾਉਂਦੇ ਸਨ। ਇਹ ਦਰਦ ਉਹਨਾਂ ਦੀਆਂ ਅੱਖਾਂ ਵਿੱਚੋਂ ਰਿਸਦਾ ਹੈ, ਜਿਹੜੀਆਂ ਅੱਖਾਂ ਕਦੇ ਕਿਸੇ ਰਾਜਕੁਮਾਰ ਦਾ ਹੱਥ ਫੜ ਪਰੀਆਂ ਦੇ ਦੇਸ਼ ਉੱਡ ਜਾਣ ਦੇ ਸੁਪਨੇ ਦੇਖਦੀਆਂ ਸਨ। ਉਹਨਾਂ ਫਰਕਦੇ ਹੋਏ ਕਾਲੇ ਹੋ ਚੁੱਕੇ ਸੂਹੇ ਗੁਲਾਬੀ ਬੁੱਲ੍ਹਾਂ ਵਿੱਚੋਂ ਰਿਸਦਾ ਹੈ ਜਿਹੜੇ ਕਹਿੰਦੇ ਸਨ, “ਇੱਕ ਤੂੰ ਹੋਵੇਂ, ਇੱਕ ਮੈ ਹੋਵਾਂ

ਜੱਸ, ਇਹ ਕਲਮ ਅੱਜ ਭਾਰੀ-ਭਾਰੀ ਲੱਗਦੀ ਹੈ, ਜਿਵੇਂ ਕਹਿੰਦੀ ਹੋਵੇ - ਇਹਨਾਂ ਪਿਆਰੀਆਂ ਕਲੀਆਂ ਦਾ ਦਰਦ ਮੈਂ ਹੋਰ ਨਹੀਂ ਲਿਖ ਸਕਦੀ। ਇੱਕ ਲੋਕ ਕਥਾ ਯਾਦ ਆਈ - ਇੱਕ ਪਿੰਡ ਵਿੱਚ ਕਾਕਾ ਗੁਣੀਂ ਨਾਂ ਦਾ ਇੱਕ ਆਦਮੀ ਸੀ, ਜਿਹੜਾ ਸਭ ਤੋਂ ਸਿਆਣਾ ਮੰਨਿਆ ਜਾਂਦਾ ਸੀ। ਇੱਕ ਦਿਨ ਉਸ ਪਿੰਡ ਵਿੱਚ ਅਚਾਨਕ ਰੌਲਾ ਪੈ ਗਿਆ ਕਿ ਫਲਾਣੇ ਦੀ ਕੱਚੀ ਕੰਧ ਦੇ ਉੱਪਰ ਜੋ ਘੜਾ ਲੱਗਿਆ ਹੋਇਆ ਸੀ ਉਸ ਵਿੱਚ ਇੱਕ ਬੱਕਰੇ ਨੇ ਸਿਰ ਪਾ ਲਿਆ, ਛੇਤੀ ਜਾ ਕੇ ਕਾਕੇ ਗੁਣੀਂ ਨੂੰ ਬੁਲਾ ਕੇ ਲਿਆਓ। ਕਾਕਾ ਗੁਣੀਂ ਆਇਆ, ਕਹਿੰਦਾ ਕੰਧ ਢਾਹ ਦਿਓ, ਕੰਧ ਢਾਹ ਦਿੱਤੀਕਹਿੰਦਾ, ਹੁਣ ਬੱਕਰੇ ਦਾ ਸਿਰ ਵੱਢ ਦਿਓ ਫਿਰ ਕਹਿੰਦਾ ਬੱਕਰੇ ਦਾ ਸਿਰ ਵੱਢ ਦਿੱਤਾ। ਕਹਿੰਦਾ, ਹੁਣ ਘੜਾ ਭੰਨ ਦਿਓ। ਘੜਾ ਭੰਨਣ ’ਤੇ ਕਾਕਾ ਗੁਣੀਂ ਬੜਾ ਖੁਸ਼ ਹੋਇਆ ਕਿ ਵੇਖੋ ਬੱਕਰੇ ਦਾ ਸਿਰ ਨਿੱਕਲ ਆਇਆਲੋਕ ਵੀ ਬੜੇ ਖੁਸ਼ ਹੋਏ ਕਿ ਵਾਹ ਕਾਕਾ ਗੁਣੀਂ, ਜੇ ਤੇਰੇ ਵਰਗਾ ਦਿਮਾਗੀ ਤੇ ਗੁਣੀਂ ਬੰਦਾ ਪਿੰਡ ਵਿੱਚ ਨਾ ਹੁੰਦਾ ਤਾਂ ਬੱਕਰੇ ਦਾ ਸਿਰ ਨਹੀਂ ਸੀ ਨਿੱਕਲਣਾ। ਸੋ ਸਾਡੇ ਕਾਨੂੰਨ ਤੇ ਕਾਨੂੰਨ ਦੇ ਰਾਖਿਆਂ ਦੀ ਹਾਲਤ ਬਿਲਕੁੱਲ ਕਾਕੇ ਗੁਣੀਂ ਵਰਗੀ ਹੈ। ਜਿਹੜੇ ਇਹਨਾਂ ਬੱਕਰੇ ਰੂਪੀ ਧੀਆਂ ਦਾ ਗਲ਼ਾ ਕੱਟ ਦਿੰਦੇ ਹਨ। ਚਪੜਾਸੀ ਤੋਂ ਲੈ ਕੇ ਜੱਜ ਤੱਕ (ਕੁਝ ਕੁ ਚੰਗੇ ਲੋਕਾਂ ਨੂੰ ਛੱਡ ਕੇ) ਇਹਨਾਂ ਧੀਆਂ ਦੇ ਕੇਸਾਂ ਵਿੱਚੋਂ ਕਾਫ਼ੀ ਮੋਟੀ ਕਮਾਈ ਕਰਦੇ ਹਨ। ਇਹਨਾਂ ਕੇਸਾਂ ਨੂੰ ਕਾਨੂੰਨ ਦਾ ਸਹਾਰਾ ਲੈ ਕੇ ਲੰਬੇ ਖਿੱਚਿਆ ਜਾਂਦਾ ਹੈ। ਪਰ ਜੇ ਜੱਜ ਵਕੀਲ ਚਾਹੁਣ ਤਾਂ ਪੰਜਾਹ ਪ੍ਰਤੀਸ਼ਤ ਤਲਾਕ ਹੋਣੋਂ ਰੁਕ ਸਕਦੇ ਹਨ। ਜੇ ਜੱਜ ਚਾਹੁਣ ਤਾਂ ਆਪਣੇ ਤਜਰਬਿਆਂ ਦੇ ਆਧਾਰ ’ਤੇ ਹਰ ਹਫ਼ਤੇ ਚਲਦੇ ਕੇਸਾਂ ਵਾਲੇ ਇੱਕ ਜੋੜੇ ਨੂੰ ਵੀ ਜੋੜਨ ਦੀ ਕੋਸ਼ਿਸ਼ ਆਪਣੇ ਨਿੱਜੀ ਸਮੇਂ ਵਿੱਚ ਕਰਨ ਤਾਂ ਇਹ ਮਾਸੂਮ ਕਲੀਆਂ ਬੇਘਰ ਹੋਣ ਤੋਂ ਬਚ ਸਕਦੀਆਂ ਹਨ।

ਉਸ ਵੇਲੇ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਸਮਾਜ ਇਹ ਕਿਉਂ ਭੁੱਲ ਜਾਂਦਾ ਹੈ ਕਿ ਜਿਸ ਹਵਾ ਦੇ ਬੁੱਲੇ ਨੇ ਇੱਕ ਕਲੀ ਨੂੰ ਤੋੜਿਆ, ਜੇ ਉਸ ਨੂੰ ਨਾ ਰੋਕਿਆ ਤਾਂ ਉਹ ਝੱਖੜ ਬਣ ਕੇ ਝੁੱਲਣ ਦਾ ਹੌਸਲਾ ਕਰ ਲਵੇਗਾ। ਤੇ ਫਿਰ ਇੱਕ ਨਹੀਂ, ਹਜ਼ਾਰਾਂ ਕਲੀਆਂ ਨੂੰ ਤੋੜੇਗਾ। ਸੋ ਇਹਨਾਂ ਤਿਤਲੀਆਂ ਦੇ ਨਾਜ਼ੁਕ ਪਰਾਂ ਨੂੰ ਨਾ ਤੋੜੋ, ਸਗੋਂ ਇਹਨਾਂ ਤਿਤਲੀਆਂ ਲਈ ਹਰੀਆਂ ਭਰੀਆਂ ਬਗੀਚੀਆਂ ਤਿਆਰ ਕਰੋ ਕਿਉਂਕਿ ਤਿਤਲੀਆਂ ਤਾਂ ਉੱਡਦੀਆਂ ਹੀ ਚੰਗੀਆਂ ਲੱਗਦੀਆਂ ਹਨ, ਨਾ ਕਿ ਤੜਫ਼ਦੀਆਂ। ਇਹਨਾਂ ਪਿਆਰੀਆਂ ਪਰੀਆਂ ਤੇ ਤਿਤਲੀਆਂ ਰੂਪੀ ਧੀਆਂ ਨੂੰ ਤੜਫਾ ਕੇ ਅਸੀਂ ਕਿਸ ਸੁਖ ਦੀ ਆਸ ਕਰਦੇ ਹਾਂ। ਇਨਸਾਨ ਗ਼ਲਤੀਆਂ ਦਾ ਪੁਤਲਾ ਹੈ, ਹੋ ਸਕਦਾ ਇਹਨਾਂ ਧੀਆਂ ਕੋਲੋਂ ਵੀ ਜਾਣੇ ਅਣਜਾਣੇ ਕੋਈ ਗ਼ਲਤੀ ਹੋ ਗਈ ਹੋਵੇ। ਪਰ ਕੀ ਤੁਸੀਂ ਦਰਦ ਕਰਦੇ ਕਿਸੇ ਅੰਗ ਦਾ ਇਲਾਜ ਕਰਨ ਦੀ ਬਜਾਇ ਉਸ ਨੂੰ ਕੱਟ ਕੇ ਸੁੱਟ ਦੇਵੇਗੋ? ਕੀ ਗੁਲਾਬ ਨਾਲ ਲੱਗੇ ਕੰਡਿਆਂ ਨੂੰ ਦੇਖ ਕੇ ਤੁਸੀਂ ਉਸ ਨੂੰ ਨਫ਼ਰਤ ਕਰਨ ਲੱਗੋਗੇ? ਜਾਂ ਗੁਲਾਬ ਦਾ ਬੂਟਾ ਪੁੱਟ ਦਿਓਗੇ?

ਇਹਨਾਂ ਕੇਸਾਂ ਵਿੱਚ ਪੁਲਿਸ ਵੀ ਵਗਦੀ ਗੰਗਾ ਵਿਚ ਨਹਾਉਣ ਵਾਗੂੰ ਕੋਈ ਕਸਰ ਨਹੀਂ ਛੱਡਦੀ। ਪਰ ਕੀ ਇਸ ਵਗ ਰਹੀ ਕਾਲੀ-ਬੋਲੀ ਹਨੇਰੀ ਵਿੱਚ ਧੁੰਦਲੇ ਹੋ ਚੁੱਕੇ ਕਾਨੂੰਨ ਦੇ ਅਕਸ ਨੂੰ ਸੁਧਾਰ ਸਕਣਗੀਆਂ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ? ਕੀ ਕਚਹਿਰੀਆਂ ਵਿਚ ਰੁਲਦੀਆਂ ਬੁੱਢੀਆਂ ਹੋ ਚੁੱਕੀਆਂ ਮੁਟਿਆਰਾਂ ਦੀ ਜਵਾਨੀ ਵਾਪਿਸ ਲਿਆ ਸਕੇਗਾ ਕਾਨੂੰਨ? ਕੀ ਠਾਣਿਆਂ ਵਿਚ ਰੁਲਦੇ ਕੁੰਢੀ ਮੁੱਛ ਵਾਲੇ ਬੁੱਢੇ ਹੋ ਚੁੱਕੇ ਪਿਤਾ ਨੂੰ ਬੁਢਾਪਾ ਪੈਨਸ਼ਨ ਦੇ ਕੇ ਉਸਦੀ ਧੀ ਦਾ ਦਰਦ ਦੂਰ ਕਰ ਸਕੇਗਾ ਕਾਨੂੰਨ? ਕਿਸੇ ਮਰ ਚੁੱਕੀ ਧੀ ਦਾ ਪੋਸਟ-ਮਾਰਟਮ ਕਰਵਾਉਣ ਗਏ ਬਾਪੂ ਦੀ ਉਂਗਲੀ ਵਿੱਚੋਂ ਲੱਥਦੀ ਉਹ ਅੰਗੂਠੀ, ਜੋ ਉਸਨੇ ਆਪਣੇ ਦੋਹਤੇ ਨੂੰ ਪਾਉਣ ਲਈ ਰੱਖੀ ਹੋਵੇਗੀ, ਉਸਦਾ ਮੁੱਲ ਮੋੜ ਸਕੇਗਾ ਕਾਨੂੰਨ? ਕਿਸੇ ਜੱਜ ਦੀ ਆਵਾਜ਼ ਨਾ ਸੁਣਨ ’ਤੇ ਝਿੜਕਾਂ ਖਾਂਦੇ ਬੁੱਢੇ ਪਿਉ ਦੇ ਉਹ ਦਿਨ ਮੋੜ ਸਕੇਗਾ ਕਾਨੂੰਨ, ਜਿਹੜੇ ਇਸ ਬੱਚੀ ਦੇ ਬੁੱਲ੍ਹਾਂ ਵਿੱਚੋਂ ਨਿਕਲਿਆ ‘ਪਾਪਾ’ ਬੋਲ ਪਿਤਾ ਨੂੰ ਖੇਤ ਜਾਂ ਨੌਕਰੀ ਜਾਂਦੇ ਨੂੰ ਦਸ ਗਜ਼ ਪਿਛਾਂਹ ਖਿੱਚ ਲੈਂਦਾ ਸੀ? ਕੀ ਰੋ-ਰੋ ਕੇ ਅੰਨ੍ਹੀ ਹੋ ਚੁੱਕੀ ਬੁੱਢੀ ਮਾਂ ਦੀਆਂ ਅੱਖਾਂ ਦੀ ਜੋਤ ਮੋੜ ਸਕੇਗਾ ਕਾਨੂੰਨ? ਵੀਰ ਦੇ ਉਹਨਾਂ ਪੈਰਾਂ ਨੂੰ ਨਾਪ ਸਕੇਗਾ ਕਾਨੂੰਨ ਜਿਹੜਾ ਆਪਣੇ ਪਰਿਵਾਰ ਦੇ ਨਾਲ ਨਾਲ ਭੈਣ ਅਤੇ ਉਸਦੇ ਬੱਚਿਆਂ ਨੂੰ ਪਾਲਦਿਆਂ ਵਿੰਗੇ ਹੋਏ ਹੋਣਗੇ?

ਕੀ ਉਸ ਧੀ ਦੀ ਪੁਕਾਰ ਸੁਣ ਸਕੇਗਾ ਕਾਨੂੰਨ ਜਿਹੜੀ ਆਪਣੀ ਮਾਂ ਦੀ ਰੁਲ਼ਦੀ ਤਕਦੀਰ ਨੂੰ ਦੇਖ ਕੇ ਜੁਆਨ ਹੋਣੋ ਡਰਦੀ ਹੋਵੇਗੀ? ਕੀ ਉਸ ਬੱਚੇ ਦਾ ਦਰਦ ਸਮਝ ਸਕੇਗਾ ਕਾਨੂੰਨ ਜਿਹੜਾ ਕਿਸੇ ਹੋਟਲ ਵਿੱਚ ਪਾਣੀ ਵਰਤਾਉਂਦਿਆ ਡੀ-ਹਾਈਡਰੇਸ਼ਨ (ਪਾਣੀ ਦੀ ਕਮੀ) ਨਾਲ ਬਿਮਾਰ ਹੋਇਆ ਹੋਵੇਗਾ? ਤੇ ਸੱਚਮੁੱਚ ਜੱਸ, ਹੁਣ ਤਾਂ ਤੂੰ ਸਮਝ ਗਈ ਹੋਵੇਂਗੀ ਕਿ ਮੇਰੇ ਕੋਲ ਸਿਰਫ਼ ਸਵਾਲ ਸਨ, ਉਹਨਾਂ ਦੇ ਜਵਾਬ ਨਹੀਂ। ਜਿਸ ਦਿਨ ਇਹਨਾਂ ਸੁਆਲਾਂ ਦੇ ਜੁਆਬ ਮਿਲ ਜਾਣਗੇ, ਮੈਂ ਤੈਨੂੰ ਮਿਲਣ ਜ਼ਰੂਰ ਆਵਾਂਗੀ, ਸ਼ਾਇਦ ਕੋਈ ਵਾਰਿਸ ਸ਼ਾਹ ਆਵੇ ਤੇ ਧੀਆਂ ਦੇ ਦਰਦ ਨੂੰ ਸਮਝ ਸਕੇ।

ਤੇਰੀ ਹਮਦਰਦ,

ਬੇਅੰਤ ਕੌਰ ਗਿੱਲ।

*****

(856)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬੇਅੰਤ ਕੌਰ ਗਿੱਲ

ਬੇਅੰਤ ਕੌਰ ਗਿੱਲ

Moga, Punjab, India.
Phone: (91 - 94656 - 06210)

Email: (gillbeant49@gmail.com)

More articles from this author