“ਤ੍ਰਾਸਦੀ ਇਹ ਹੈ ਕਿ ਨਿੱਜੀ ਆਜ਼ਾਦੀ ਦੇ ਗਲਤ ਅਰਥ ਲਏ ਜਾ ਰਹੇ ਹਨ ਤੇ ਇਸ ਕਰਕੇ ...”
(24 ਸਤੰਬਰ 2017)
ਜ਼ਮਾਨੇ ਨੇ ਬਹੁਤ ਤਰੱਕੀ ਕਰ ਲਈ ਹੈ। ਵਿੱਦਿਆ ਦਾ ਫੈਲਾਅ, ਨਵੀਆਂ ਕਾਢਾਂ, ਜੀਵਨ ਦੇ ਨਵੇਂ ਤੌਰ ਤਰੀਕੇ, ਗੱਲ ਕੀ ਨਵੀਆਂ ਗੁੱਡੀਆਂ ਨਵੇਂ ਪਟੋਲੇ। ਜੇ ਇਸ ਨਵੀਨਤਾ ਨੂੰ ਅੰਦਰੋਂ ਫਰੋਲਿਆ ਜਾਵੇ ਤਾਂ ਲੀਰਾਂ ਦੀ ਖਿੱਦੋ ਵਾਲੀ ਹਾਲਤ ਹੈ। ਉੱਪਰੋਂ ਪਿੜੀਆਂ ਬੜੇ ਸਲੀਕੇ ਨਾਲ ਚਿਣੀਆਂ ਜਾਪਦੀਆਂ ਹਨ ਪਰ ਅੰਦਰਲਾ ਬਾਹਰ ਆਉਣ ’ਤੇ ਚਿੱਤ ਘਾਊਂ ਮਾਊਂ ਹੋਣ ਲਗਦਾ ਹੈ। ਉੱਤੋਂ ਹੋਰ ਤੇ ਵਿੱਚੋਂ ਹੋਰ ਵਾਲੀ ਗੱਲ ਬਾਵ੍ਹੜ ਕੇ ਸਾਡੇ ਸਨਮੁੱਖ ਆਣ ਖਲੋਂਦੀ ਹੈ। ਮਨੁੱਖ ਸਰਪਟ ਦੌੜਦਾ ਜਾ ਰਿਹਾ ਹੈ ਅਤੇ ਸਾਹ ਚੜ੍ਹੇ ਤੋਂ ਸਾਫ ਸਪਸ਼ਟ ਕੁੱਝ ਦਿਖਾਈ ਨਹੀਂ ਦੇ ਰਿਹਾ। ਜੀਵਨ ਦੇ ਹਰ ਖੇਤਰ ਵਿੱਚ ਭੰਬਲਭੂਸਾ ਹੈ। ਇਨ੍ਹਾਂ ਗੱਲਾਂ ਦਾ ਅਸਰ ਸਾਰੇ ਪਾਸੇ ਸਾਫ ਦਿਖਾਈ ਦੇ ਰਿਹਾ ਹੈ।
ਮਨੁੱਖ ਨੇ ਚੰਦ ਉੱਤੇ ਆਪਣੇ ਪੈਰ ਟਿਕਾ ਦਿੱਤੇ ਨੇ ਅਤੇ ਉਸ ਨਾਲ ਸਾਂਝ ਬਣਾ ਲਈ ਹੈ, ਪਰ ਉਹ ਆਪਣੇ ਗਵਾਂਢੀਆਂ ਤੋਂ ਬੇਖਬਰ ਹੁੰਦਾ ਜਾ ਰਿਹਾ ਹੈ। ਬਿਲਕੁਲ ਹੀ ਨਜ਼ਦੀਕ ਰਹਿ ਰਹੇ ਮਨੁੱਖਾਂ ਨਾਲ ਸਾਂਝ ਖਤਮ ਹੁੰਦੀ ਜਾ ਰਹੀ ਹੈ। ਸਾਂਝ ਤਾਂ ਕਿੱਥੋਂ ਰਹਿਣੀ ਸੀ ਹਾਲਤ ਤਾਂ ਇੱਥੋਂ ਤੱਕ ਪਹੁੰਚ ਰਹੇ ਹਨ ਕਿ ਹੁਣ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਗੁਆਂਢ ਵਿੱਚ ਰਹਿ ਕੌਣ ਰਿਹਾ ਹੈ। ਹਮਸਾਇਆ ਮਾਂ ਪਿਉ ਜਾਇਆ ਤਾਂ ਬੀਤੇ ਦੀ ਗੱਲ ਹੀ ਬਣ ਕੇ ਰਹਿ ਜਾਵੇਗੀ। ਮਨੁੱਖੀ ਸਾਂਝ ਉੱਡ ਪੁੱਡ ਜਾ ਰਹੀ ਨਜ਼ਰ ਆਉਂਦੀ ਹੈ।
ਪਰਿਵਾਰਾਂ ਦੀਆਂ ਆਮਦਨਾਂ ਬੇਸ਼ੱਕ ਵਧ ਰਹੀਆਂ ਹਨ ਪਰ ਮਾਨਸਿਕ ਸ਼ਾਂਤੀ ਉਡੰਤਰ ਹੁੰਦੀ ਜਾ ਰਹੀ ਹੈ। ਮਾਨਸਿਕ ਉਲਝਣਾਂ ਵਿੱਚ ਵਾਧਾ ਹੋਣਾ ਫਿਕਰ ਵਾਲੀ ਗੱਲ ਹੈ। ਪਰਿਵਾਰਾਂ ਵਿੱਚ ਖੁਸ਼ਹਾਲੀ ਦੇ ਬਾਵਜੂਦ ਖਿੱਚੋਤਾਣ ਵਧ ਰਹੀ ਹੈ। ਘਰੇਲੂ ਕਲੇਸ਼, ਪਰਿਵਾਰਾਂ ਦਾ ਟੁੱਟਣਾ, ਇੱਕ ਦੂਜੇ ਪ੍ਰਤੀ ਸਨੇਹ ਦੀ ਘਾਟ, ਅਪਣੱਤ ਨਾ ਹੋਣਾ ਆਮ ਹੋ ਗਿਆ ਹੈ। ਆਪਣੇ ਆਪ ਵਿੱਚ ਮਸਤ ਪਰਿਵਾਰਕ ਮੈਂਬਰਾਂ ਦਾ ਇੱਕੋ ਘਰ ਵਿੱਚ ਰਹਿੰਦੇ ਹੋਏ ਕਈ ਕਈ ਦਿਨ ਇੱਕ ਦੂਜੇ ਨਾਲ ਜ਼ੁਬਾਨ ਸਾਂਝੀ ਨਾ ਕਰਨਾ ਬਦਲੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਹੈ। “ਪਹਿਲਾਂ ਵਾਲੀ ਗੱਲ ਨਹੀਂ ਰਹੀ” ਅਨੁਸਾਰ ਆਪਸੀ ਸਾਂਝ ਨੂੰ ਗ੍ਰਹਿਣ ਲੱਗਿਆ ਜਾਪਦਾ ਹੈ। ਘਰਾਂ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੀ ਬਹੁਲਤਾ ਹੋਣ ਦੇ ਬਾਵਜੂਦ ਨੀਤਾਂ ਮਾੜੀਆਂ ਹੋ ਰਹੀਆਂ ਹਨ। ਹਰ ਪਾਸੇ ਨਿੱਜਤਾ ਭਾਰੂ ਹੈ। ਪਹਿਲਾਂ ਵਾਂਗ ਪਾਲੋ ਪਾਲ ਮੰਜੇ ਡਾਹ ਕੇ ਸੌਣ ਵੇਲੇ ਪਰਿਵਾਰਕ ਗੱਲਾਂ ਕਰਨੀਆਂ ਬੀਤੇ ਦੀ ਗੱਲ ਹੈ। ਹੁਣ ਤਾਂ ਆਪਣੋ ਆਪਣੇ ਬੈੱਡਰੂਮਾਂ ਵਿੱਚ ਵੜ ਕੇ ਡੋਰ ਬੰਦ ਕਰ ਕੇ ਸੌਣ ਦਾ ਰਿਵਾਜ ਹੈ। ਕੋਈ ਕਿਸੇ ਨੂੰ ਬੌਦਰ ਨਹੀਂ ਕਰਦਾ, ਮਤਲਬ ਆਪਸੀ ਗੱਲਬਾਤ ਕਰਨਾ ਵੀ ਇੱਕ ਦੂਜੇ ਨੂੰ ਬੌਦਰ ਕਰਨਾ ਹੋ ਗਿਆ ਹੈ।
ਗਿਆਨ ਦਾ ਪਸਾਰਾ ਹੋਣ ਦੇ ਬਾਵਜੂਦ ਸਿਆਣਪ ਘਟਦੀ ਜਾ ਰਹੀ ਹੈ। ਸਿਆਣਪ ਦੇ ਤਾਂ ਅਰਥ ਹੀ ਬਦਲ ਗਏ ਜਾਪਦੇ ਹਨ। ਹੁਣ ਓਹੀ ਸਿਆਣਾ ਜੋ ਨਿੱਜ ਨੂੰ ਪਹਿਲ ਦੇਵੇ। ਆਪਣਾ ਮਤਲਬ ਕੱਢਣਾ ਤੇ ਫਿਰ ਤੂੰ ਕੌਣ ਤੇ ਮੈਂ ਕੌਣ? ਦੋ ਨੰਬਰ ਦੇ ਧੰਦੇ ਕਰ ਕੇ ਧਨ ਕਮਾਉਣ ਨੂੰ ਸਿਆਣਪ ਸਮਝਿਆ ਜਾਣ ਲੱਗ ਪਿਆ ਹੈ। ਹੇਰਾਫੇਰੀ ਨੂੰ ਕਲਾਕਾਰੀ ਕਹਿ ਕੇ ਨਿਵਾਜਿਆ ਜਾ ਰਿਹਾ ਹੈ। ਸਿਆਣਪ ਵਰਤ ਕੇ ਸਮਾਜ ਨੂੰ ਹੋਰ ਚੰਗੇਰਾ ਬਣਾਉਣ ਦੀ ਥਾਂ ਤਿਕੜਮਬਾਜ਼ੀ ਨੇ ਲੈ ਲਈ ਹੈ। ਸਿਆਣਪ ਦੀ ਕੋਈ ਪ੍ਰੀਭਾਸ਼ਾ ਨਹੀਂ ਰਹੀ, ਦੁਨੀਆ ਦਾ ਹਰ ਬੰਦਾ ਆਪਣੇ ਆਪ ਨੂੰ ਸਭ ਤੋਂ ਸਿਆਣਾ ਮਨੁੱਖ ਸਮਝਦਾ ਹੈ। ਜੇ ਕੋਈ ਆਪਣਾ ਹਿਤ ਮੂਹਰੇ ਰੱਖਣ ਦੀ ਥਾਂ ’ਤੇ ਸਮਾਜ ਦੇ ਭਲੇ ਲਈ ਕੋਈ ਸਿਆਣੀ ਗੱਲ ਕਰਦਾ ਹੈ ਤਾਂ ਉਸ ਨੂੰ ਸਗੋਂ ਮੂਰਖ ਸਮਝਿਆ ਜਾਂਦਾ ਹੈ। ਇਹਨਾਂ ਗੱਲਾਂ ਕਰ ਕੇ ਸਮਾਜ ਦਾ ਤਾਣਾ-ਬਾਣਾ ਉਲਝ ਰਿਹਾ ਹੈ। ਰਹਿੰਦੀ ਖੂੰਹਦੀ ਕਸਰ ਸਾਡੇ ਸਿਆਸਤਦਾਨ ਕੱਢ ਰਹੇ ਹਨ। ਉਹ ਰਹਿਬਰ ਬਣਨ ਦੀ ਥਾਂ ’ਤੇ ਠੱਗਾਂ ਦੇ ਟੋਲੇ ਬਣਦੇ ਜਾ ਰਹੇ ਹਨ। ਲੋਕਾਂ ਨੂੰ ਆਪਣੇ ਪਿੱਛੇ ਲਾਉਣ ਨੂੰ ਉਹ ਆਪਣੀ ਸਿਆਣਪ ਸਮਝਦੇ ਹਨ, ਜਦੋਂ ਕਿ ਇਹ ਨਿਰੋਲ ਚੁਸਤੀ, ਚਲਾਕੀ ਅਤੇ ਮੱਕਾਰੀ ਹੁੰਦੀ ਹੈ।
ਕਹਿਣ ਨੂੰ ਤਾਂ ਦੁਨੀਆਂ ਵਿੱਚ ਮਨੁੱਖਾਂ ਦੀ ਗਿਣਤੀ ਵਧ ਰਹੀ ਹੈ ਪਰ ਮਨੁੱਖਾਂ ਦੀ ਗਿਣਤੀ ਦੇ ਵਾਧੇ ਦੀ ਅਨੁਪਾਤ ਦੀ ਦਰ ਨਾਲ ਹੀ ਮਨੁੱਖਤਾ ਘਟ ਰਹੀ ਹੈ। ਮਨੁੱਖ ਦਿਨੋਂ ਦਿਨ ਨਿੱਜਵਾਦੀ ਹੋ ਰਿਹਾ ਹੈ। ਉਸ ਨੂੰ ਆਪਣੇ ਆਪ ਤੋਂ ਬਿਨਾਂ ਕੁੱਝ ਹੋਰ ਦਿਖਾਈ ਦੇਣੋਂ ਹਟਦਾ ਜਾ ਰਿਹਾ ਹੈ। ਮਸੀਨਾਂ ’ਤੇ ਕੰਮ ਕਰ ਕੇ ਬੰਦਾ, ਬੰਦਾ ਨਾ ਰਹਿ ਕੇ ਮਸ਼ੀਨ ਹੀ ਬਣਦਾ ਜਾ ਰਿਹਾ ਹੈ। ਨਿੱਜੀ ਆਜ਼ਾਦੀ ਦੇ ਸੌੜੇ ਸੰਕਲਪ ਨੇ ਮਨੁੱਖ ਨੂੰ ਮਨੁੱਖ ਨਾਲੋਂ ਲਗਭਗ ਤੋੜ ਹੀ ਦਿੱਤਾ ਹੈ। ਹਰੇਕ ਬੰਦੇ ਦੀ ਇਹੀ ਚਾਹਨਾ ਹੈ ਕਿ ਮੇਰੀ ਨਿੱਜੀ ਆਜ਼ਾਦੀ ਕਾਇਮ ਰਹਿਣੀ ਚਾਹੀਦੀ ਹੈ, ਦੂਜੇ ਭਾਵੇਂ ਢੱਠੇ ਖੂਹ ਵਿੱਚ ਪੈਣ। ਤ੍ਰਾਸਦੀ ਇਹ ਹੈ ਕਿ ਨਿੱਜੀ ਆਜ਼ਾਦੀ ਦੇ ਗਲਤ ਅਰਥ ਲਏ ਜਾ ਰਹੇ ਹਨ ਤੇ ਇਸ ਕਰਕੇ ਆਪਣੇ ਆਪ ਨਾਲ ਵੀ ਇਨਸਾਫ ਨਹੀਂ ਹੋ ਰਿਹਾ। ਜੇ ਗਲਤ ਧਾਰਨਾਵਾਂ ਮਨ ਵਿੱਚ ਬਿਠਾ ਕੇ ਮਨੁੱਖ ਆਪਣੇ ਆਪ ਨਾਲ ਵੀ ਬੇਇਨਸਾਫੀ ਕਰਨ ’ਤੇ ਤੁਲਿਆ ਹੋਇਆ ਹੈ ਤਾਂ ਉਸ ਤੋਂ ਦੂਜਿਆਂ ਨਾਲ ਇਨਸਾਫ ਦੀ ਆਸ ਕਿੱਥੋਂ ਰੱਖੀ ਜਾ ਸਕਦੀ ਹੈ। ਮਨੁੱਖਤਾ ਦਾ ਘਾਣ ਤਾਂ ਹੋਣਾ ਹੀ ਹੋਇਆ। ਸਹਿਹੋਂਦ ਅਤੇ ਸਹਿਣਸ਼ੀਲਤਾ ਬੰਦੇ ਦੇ ਸੁਭਾਅ ਵਿੱਚੋਂ ਖਤਮ ਹੋ ਰਹੀਆਂ ਹਨ। ਇਹਨਾਂ ਦੋਹਾਂ ਗੁਣਾਂ ਤੋਂ ਸੱਖਣੇ ਬੰਦਿਆਂ ਤੋਂ ਚੰਗੇ ਸਮਾਜ ਦੀ ਸਿਰਜਣਾ ਦੀ ਉੱਕਾ ਹੀ ਆਸ ਨਹੀਂ ਹੋ ਸਕਦੀ।
ਅੱਜ ਫੇਸ-ਬੁੱਕ ਤੇ ਸਾਡੇ ਮਿੱਤਰਾਂ ਦੀ ਗਿਣਤੀ ਬੇਸ਼ੁਮਾਰ ਹੋ ਸਕਦੀ ਹੈ। ਪਰ “ਬੈੱਸਟ ਫਰੈਂਡਜ਼" ਦਾ ਕਾਲ ਪੈਂਦਾ ਜਾ ਰਿਹਾ ਹੈ। ਮਿੱਤਰ ਹੀ ਮਿੱਤਰ, ਪਰ ਪੱਕਾ ਮਿੱਤਰ ਕੋਈ ਨਹੀਂ। ਉਂਝ ਤਾਂ ਸਾਡੇ ਕੋਲ ਸਮਾਂ ਨਹੀਂ ਪਰ ਸਮਾਂ ਲੰਘਾਉਣ ਲਈ ਲੰਬਾ ਸਮਾਂ ਫੇਸ-ਬੁੱਕ ਖੋਲ੍ਹ ਕੇ ਬੈਠੇ ਰਹਿੰਦੇ ਹਾਂ। ਫੇਸ-ਬੁੱਕ ਖੋਲ੍ਹਣ ਸਾਰ ਨਵੀਆਂ ਪੋਸਟਾਂ ’ਤੇ ਕਲਿੱਕ ਕਰਕੇ “ਲਾਈਕ” ਕਰਦੇ ਹਾਂ ਪਰ ਬਹੁਤੀ ਵਾਰ ਪੜ੍ਹੇ ਤੋਂ ਬਿਨਾਂ ਹੀ। ਜਿਹੜੀਆਂ ਪੋਸਟਾਂ ਵਿੱਚ ਸਿਰਫ ਹਰ ਰੋਜ਼ ਆਪਣੀਆਂ ਨਵੀਆਂ ਫੋਟੋ ਹੀ ਪਾਈਆਂ ਹੁੰਦੀਆਂ ਹਨ। “ਲਾਈਕ” ਦੀ ਗਿਣਤੀ ਉਹਨਾਂ ’ਤੇ ਵਧੇਰੇ ਤੇ ਕੁੰਮੈਂਟਸ ਵੀ ਵਧੇਰੇ ਤੇ ਹਾਸੋ ਹੀਣੇ “ਬਹੁਤ ਸੁੰਦਰ”, "ਘੈਂਟ”, “ਅੱਤ ਕਰਤੀ”, “ਸਿਰਾ ਕਰਤਾ”, “ਸੁਹਣੇ”। ਝੂਠੀ-ਮੂਠੀ ਫੂਕ ਛਕਾਉਣ ਵਾਲੇ ਵੀ ਖੁਸ਼ ਤੇ ਛਕਣ ਵਾਲਾ ਵੀ ਖੁਸ਼। ਦੂਜਿਆਂ ਕੋਲ ਸ਼ੇਖੀਆਂ ਮਾਰਨਗੇ ਕਿ ਮੇਰੀ ਪੋਸਟ ਨੂੰ ਐਨੇ “ਲਾਈਕ” ਮਿਲੇ ਨੇ। ਆਮ ਤੌਰ ’ਤੇ ਜਿਨ੍ਹਾਂ ਨੇ ਕੋਈ ਸਾਰਥਕ ਪੋਸਟਾਂ ਪਾਈਆਂ ਹੁੰਦੀਆਂ ਹਨ, ਉਨ੍ਹਾਂ ਨੂੰ ਪਤਾ ਨਹੀਂ ਪੜ੍ਹਨਾ ਪੈਂਦਾ ਕਰਕੇ ਬਹੁਤ ਘੱਟ ਗਿਣਤੀ ਵਿੱਚ “ਲਾਈਕ” ਮਿਲਦੇ ਹਨ। ਫੇਸ-ਬੁੱਕ ਨੇ ਭੇਡ-ਚਾਲ ਦਾ ਰੂਪ ਧਾਰਨ ਕਰ ਲਿਆ ਹੈ। ਫੇਸ-ਬੁੱਕ ਫੈਸ਼ਨ ਬੁੱਕ ਹੈ ਬੱਸ। ਬਹੁਤ ਘੱਟ ਲੋਕ ਹਨ, ਜੋ ਇਸ ਦੀ ਸਹੀ ਵਰਤੋਂ ਕਰਦੇ ਹਨ। ਬਹੁਤੀਆਂ ਹਾਲਤਾਂ ਵਿੱਚ ਤਾਂ-
ਕੰਪਿਊਟਰ ਦੇ ਨਾਲ ਪਾ ਲਈ ਜਿਸ ਬੰਦੇ ਨੇ ਦੋਸਤੀ,
ਮਿੱਤਰ ਜਿਉਂਦਾ ਜਾਗਦਾ ਸਮਝੋ ਉਸ ਲਈ ਮਰ ਗਿਆ।
ਕੋਈ ਕਿਵੇਂ ਸਮਝ ਲਊ ਫੇਸ-ਬੁੱਕ ਦੇ ਮਿੱਤਰਾਂ ਨੂੰ,
ਮਿੱਤਰ ਫੇਸ-ਬੁੱਕ ਦਾ ਇਸੇ ਲਈ ਠੱਗੀ ਕਰ ਗਿਆ।
ਫੇਸ-ਬੁੱਕ, ਵੱਟਸ-ਅੱਪ, ਫੋਨ ਅਤੇ ਹੋਰ ਟੈਕਨੋਲੋਜੀ ਦੀ ਬਹੁਤ ਜ਼ਿਆਦਾ ਦੁਰਵਰਤੋਂ ਹੋ ਰਹੀ ਹੈ। ਆਮ ਘਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਘਰ ਦੇ ਜੀਅ ਘਰੇ ਹੋਣ ਦੇ ਬਾਵਜੂਦ ਵੀ ਇੱਕ ਦੂਜੇ ਲਈ ਘਰੇ ਨਹੀਂ ਹੁੰਦੇ। ਇੱਕ ਦੂਜੇ ਤੋਂ ਬੇ-ਖਬਰ ਆਪੋ ਆਪਣੇ ਕੰਪਿਊਟਰ ’ਤੇ ਫੇਸ-ਬੁੱਕ, ਵੱਟਸ-ਐਪ, ਈ-ਮੇਲ ਜਾਂ ਕਿਸੇ ਹੋਰ ਅਜਿਹੇ ਕੰਮ ਵਿੱਚ ਉਲਝੇ ਹੁੰਦੇ ਹਨ।
ਅੱਜ ਦਾ ਸਾਡਾ ਜੀਣਾ ਅਸਲ ਘੱਟ ਤੇ ਨਕਲ ਵੱਧ ਬਣਦਾ ਜਾ ਰਿਹਾ ਹੈ। ਬੱਸ ਸਭ ਕੁੱਝ ਪੇਤਲਾ ਪੇਤਲਾ ਸਭ ਕੁੱਝ ਓਪਰਾ ਓਪਰਾ, ਯਥਾਰਥ ਤੋਂ ਕੋਹਾਂ ਦੂਰ। ਇਹ ਸਮਾਂ ਸਾਨੂੰ ਬੇਸ਼ੁਮਾਰ ਨਵੀਆਂ ਨਵੀਂਆਂ ਚੀਜ਼ਾਂ ਦੇ ਰਿਹਾ ਹੈ। ਬਹੁਤ ਸਾਰੀਆਂ ਸਹੂਲਤਾਂ ਸਾਡੇ ਲਈ ਹਨ ਪਰ ਮਾਨਸਿਕ ਤਸੱਲੀ ਨਹੀਂ। ਇਹ ਸਾਡੇ ਸਮੇਂ ਦੀ ਸਚਾਈ ਹੈ।
*****
(840)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































