HarjitBedi7ਇਸ ਜਿੰਦਗੀ ਨੂੰ ਹੀ ਵਧੀਆ ਢੰਗ ਨਾਲ ਜਿਉਣ ਦੇ ਕਾਬਲ ਬਣਾਉਣ ਬਾਰੇ ਸੋਚਣਾ ਅਤੇ ਉਸ ਲਈ ...
(18 ਅਗਸਤ 2021)

 

ਆਮ ਲੋਕਾਂ ਦੇ ਮਨ ਵਿੱਚ ਮੌਤ ਤੋਂ ਬਾਦ ਕਾਲਪਨਿਕ ਸਵਰਗ ਅਤੇ ਨਰਕ ਦੀ ਧਾਰਨਾ ਬਹੁਤ ਡੂੰਘੀ ਵਸੀ ਹੋਈ ਹੈ। ਇਹੀ ਧਾਰਨਾ ਕੁਝ ਲੋਕਾਂ ਲਈ ਇੱਕ ਬਹੁਤ ਵੱਡਾ ਧੰਦਾ ਬਣੀ ਹੋਈ ਹੈ। ਕਿਹਾ ਜਾਂਦਾ ਹੈ ਕਿ ਮੌਤ ਤੋਂ ਬਾਦ ਧਰਮਰਾਜ ਅੱਗੇ ਪੇਸ਼ ਹੋਣ ਲਈ ਬਹੁਤ ਔਝੜ ਰਾਹਾਂ ਵਿੱਚੋਂ ਲੰਘਣਾ ਪੈਂਦਾ ਹੈ। ਲਹੂ ਅਤੇ ਮਿੱਝ ਨਾਲ ਭਰੀ ਬੈਤਰਨੀ ਨਦੀ ਪਾਰ ਕਰਨੀ ਪੈਂਦੀ ਹੈ। ਧਰਮਰਾਜ ਵਲੋਂ ਬੰਦੇ ਦੇ ਇਸ ਜਨਮ ਦੇ ਪੁੰਨ ਪਾਪ ਦੇ ਅਧਾਰ ’ਤੇ ਸਵਰਗ ਜਾਂ ਨਰਕ ਦੀ ਅਲਾਟਮੈਂਟ ਕੀਤੀ ਜਾਂਦੀ ਹੈ।

ਇਹ ਵੀ ਕਿਹਾ ਜਾਂਦਾ ਹੈ ਕਿ ਮੌਤ ਤੋਂ ਬਾਦ ਬੰਦੇ ਦੀ ਰੂਹ ਜਾਂ ਆਤਮਾ, ਸਰੀਰ ਰੂਪੀ ਚੋਲਾ ਛੱਡ ਜਾਂਦੀ ਹੈ। ਉਹ ਹਵਾ, ਪਾਣੀ, ਆਕਾਸ਼ ਕਿਤੇ ਵੀ ਜਾ ਸਕਦੀ ਹੈ। ਸਰੀਰ ਨੂੰ ਤਾਂ ਜਲਾ ਦਿੱਤਾ ਜਾਂਦਾ ਹੈ। ਵਿਹਲੜ ਲੁਟੇਰਿਆਂ ਵਲੋਂ ਮੌਤ ਪਿੱਛੋਂ ਬੈਤਰਨੀ ਨਦੀ ਪਾਰ ਕਰਨ ਲਈ ਗਊ ਦਾਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇ ਆਤਮਾ ਕਿਤੇ ਵੀ ਬੇ ਰੋਕ ਟੋਕ ਜਾ ਸਕਦੀ ਹੈ ਤਾਂ ਉਸ ਨੂੰ ਦਾਨ ਕੀਤੀ ਹੋਈ ਗਊ ਦੀ ਪੂਛ ਫੜ ਕੇ ਬੈਤਰਨੀ ਨਦੀ ਪਾਰ ਕਰਨ ਦੀ ਕੀ ਲੋੜ ਹੈ? ਇਹ ਗੱਲਾਂ ਆਪਾ ਵਿਰੋਧੀ ਹਨ। ਪੁੰਨ ਕਰਨ ਵਾਲਿਆਂ ਲਈ ਤਾਂ ਅਜਿਹੀ ਨਦੀ ਹੋਣੀ ਹੀ ਨਹੀਂ ਚਾਹੀਦੀ। ਜਾਂ ਫਿਰ ਧਰਮਰਾਜ ਕੋਲ ਪਹੁੰਚਣ ਵਾਸਤੇ ਦੋ ਜਾਂ ਵੱਧ ਰੂਟ ਹੋਣਗੇ। ਇਹੀ ਗੱਲਾਂ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਇਹ ਸਭ ਕੁਝ ਮਨਘੜਤ ਹੈ।

ਡਰ ਅਤੇ ਲਾਲਚ ਮਨੁੱਖੀ ਸੁਭਾਅ ਦਾ ਅੰਗ ਹਨ। ਇਸ ਗੱਲ ਨੂੰ ਮੁੱਖ ਰੱਖ ਕੇ ਦਾਨ ਉੱਤੇ ਪਲਣ ਵਾਲੇ ਵਿਹਲੜ ਲੋਕਾਂ ਨੇ ਘਾੜਤਾਂ ਘੜ ਲਈਆਂ ਨੇ ਤਾਂ ਜੋ ਭੋਲੇ ਭਾਲੇ ਲੋਕਾਂ ਦੀ ਕਮਾਈ ਦੀ ਲੁੱਟ ਕਰਕੇ ਵਿਹਲੇ ਰਹਿ ਕੇ ਐਸ਼ਪ੍ਰਸਤੀ ਕੀਤੀ ਜਾ ਸਕੇ। ਨਰਕ ਦਾ ਡਰ ਪਾ ਕੇ ਦਾਨ ਪੁੰਨ ਦੇ ਨਾਂ ’ਤੇ ਲੋਕਾਂ ਦੀ ਸਖਤ ਮਿਹਨਤ ਨਾਲ ਕੀਤੀ ਕਮਾਈ ਦੀ ਲੁੱਟ ਕੀਤੀ ਜਾਂਦੀ ਹੈ।

ਮਨੁੱਖ ਦਾ ਸੁਭਾਅ ਲਾਲਚੀ ਹੋਣ ਕਾਰਣ ਉਸ ਨੂੰ ਸਵਰਗ ਦਾ ਲਾਲਚ ਦਿੱਤਾ ਜਾਂਦਾ ਹੈ। ਮੌਤ ਤੋਂ ਬਾਦ ਦੇ ਸਵਰਗ ਦਾ ਐਸਾ ਨਕਸ਼ਾ ਖਿੱਚਿਆ ਜਾਂਦਾ ਹੈ ਕਿ ਆਮ ਬੰਦਾ ਉਸ ਅਖੌਤੀ ਸਵਰਗ ਦੀ ਪ੍ਰਾਪਤੀ ਲਈ ਤਰਲੋਮੱਛੀ ਹੋਣ ਲਗਦਾ ਹੈ। ਲੋਕਾਂ ਨਾਲ ਉਵੇਂ ਠੱਗੀ ਵੱਜਦੀ ਹੈ ਜਿਵੇਂ ਕਨੇਡਾ ਅਮਰੀਕਾ ਭੇਜਣ ਦਾ ਲਾਰਾ ਲਾ ਕੇ ਠੱਗ ਟਰੈਵਲ ਏਜੰਟ ਲੱਖਾਂ ਰੂਪੈ ਠੱਗ ਲੈਂਦੇ ਹਨ। ਬਿਨਾਂ ਕੰਮ ਕੀਤੇ ਲੋਕਾਂ ਤੋਂ ਕੁਝ ਨਾ ਕੁਝ ਭੋਟਦੇ ਰਹਿਣਾ ਪਖੰਡੀ ਠੱਗਾਂ ਦਾ ਇੱਕੋ ਇੱਕ ਕੰਮ ਹੈ।

ਮੌਤ ਤੋਂ ਬਾਦ ਦੇ ਮਨਘੜਤ ਸਵਰਗ ਦੀ ਲਾਲਸਾ ਨਾਲ ਦੂਹਰਾ ਨੁਕਸਾਨ ਹੁੰਦਾ ਹੈ। ਅਖੌਤੀ ਸਵਰਗ ਦੀ ਖਾਤਰ ਪਖੰਡੀ, ਲੁਟੇਰਿਆਂ ਤੋਂ ਲੁਟ ਅਤੇ ਇਸ ਜਨਮ ਵਿੱਚ ਆਪਣੇ ਜੀਵਨ ਨੂੰ ਸਵਰਗ ਵਰਗਾ ਬਣਾਉਣ ਤੋਂ ਅਵੇਸਲਾ ਹੋਣਾ। ਵਰਤਮਾਨ ਜੀਵਨ ਹੀ ਸਾਡਾ ਅਸਲੀ ਜੀਵਨ ਹੈ। ਇਸ ਤੋਂ ਪਰੇ ਕੋਈ ਨਰਕ ਸਵਰਗ ਨਹੀਂ। ਇਸ ਜ਼ਿੰਦਗੀ ਨੂੰ ਨਰਕ ਵਾਂਗ ਭੋਗਣਾ ਚੇਤਨਾ ਦੀ ਘਾਟ ਦਾ ਨਤੀਜਾ ਹੈ। ਮੌਤ ਤੋਂ ਬਾਦ ਸਵਰਗ ਦੀ ਗੱਲ ਕਰਨ ਵਾਲਿਆਂ ਨੇ ਕਦੇ ਨਹੀਂ ਦੱਸਣਾ ਕਿ ਆਮ ਲੋਕਾਂ ਦੇ ਇਸ ਜੀਵਨ ਨੂੰ ਨਰਕ ਕੌਣ ਬਣਾ ਰਿਹਾ ਹੈ? ਅਗਲੇ ਜੀਵਨ ਦੇ ਸਵਰਗ ਦਾ ਰਾਹ ਦੱਸਣ ਵਾਲੇ ਇਸ ਜੀਵਨ ਨੂੰ ਚੰਗੇਰਾ ਬਣਾਉਣ ਦਾ ਕੋਈ ਰਾਹ ਕਿਉਂ ਨਹੀਂ ਦੱਸਦੇ? ਮੌਤ ਤੋਂ ਬਾਅਦ ਸਵਰਗ ਦੀ ਥਾਂ ਸਾਨੂੰ ਇਸ ਜਿੰਦਗੀ ਨੂੰ ਹੀ ਵਧੀਆ ਢੰਗ ਨਾਲ ਜਿਉਣ ਦੇ ਕਾਬਲ ਬਣਾਉਣ ਬਾਰੇ ਸੋਚਣਾ ਅਤੇ ਉਸ ਲਈ ਯਤਨ ਕਰਨਾ ਹੀ ਮਨੁੱਖੀ ਕਾਰਜ ਹੈ। ਇਹ ਸਾਨੂੰ ਖੁਦ ਹੀ ਸੋਚਣਾ ਪਵੇਗਾ, ਕਿਸ ਹੋਰ ਨੇ ਨਹੀਂ ਦੱਸਣਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2960)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author