HarjitBedi7ਧਰਮਾਂ ਵਾਂਗ ਹੀ ਜਾਤਾਂ ਦੇ ਨਾਂ ’ਤੇ ਵਧੀ ਕੁੜੱਤਣ ਕਈ ਵਾਰ ...
(17 ਦਸੰਬਰ 2017)

 

RichPoor3

 

ਪ੍ਰਾਇਮਰੀ ਸਕੂਲ ਕਾਹਨੇਕੇ ਵਿੱਚੋਂ ਪੰਜਵੀਂ ਕਰਨ ਮਗਰੋਂ ਮੈਂ ਦੇਵ ਸਮਾਜ ਸਕੂਲ ਮੋਗਾ ਵਿੱਚ ਛੇਵੀਂ ਜਮਾਤ ਵਿੱਚ ਦਾਖਲਾ ਲਿਆ। ਮਾਸਟਰ ਹੰਸ ਰਾਜ ਜੀ ਸਾਡੇ ਹਿਸਾਬ ਮਾਸਟਰ ਸਨ। ਸਾਡੇ ਲਈ ਅਲਜਬਰਾ ਨਵਾਂ ਸੀ ਪਰ ਮਾਸਟਰ ਜੀ ਇੰਨੇ ਰੌਚਿਕ ਢੰਗ ਨਾਲ ਪੜ੍ਹਾਉਂਦੇ ਸਨ ਕਿ ਸਭ ਕੁੱਝ ਸਮਝ ਆ ਜਾਂਦਾ ਸੀ। ਸਮੀਕਰਣਾਂ ਦੇ ਹੱਲ ਸਮੇਂ ਉਹਨਾਂ ਸਮਝਾਇਆ ਕਿ ਦੋਨੋਂ ਪਾਸੇ ਬਰਾਬਰ ਹਨ ਅਤੇ ਜਦੋਂ ਇੱਕ ਪਾਸੇ ਕੁੱਝ ਕਰੀਏ ਤਾਂ ਦੂਜੇ ਪਾਸੇ ਵੀ ਉਹੀ ਕੁੱਝ ਕਰਨਾ ਪੈਂਦਾ ਹੈ, ਨਹੀਂ ਤਾਂ ਬਰਾਬਰਤਾ ਖਤਮ। ਇਹ ਬਰਾਬਰੀ ਦਾ ਸਵਾਲ ਅਲਜਬਰੇ ਦਾ ਹੀ ਨਹੀਂ ਅਲਜ਼ਬਰੇ ਵਾਂਗ ਸਾਡੀ ਜ਼ਿੰਦਗੀ ਦਾ ਵੀ ਹੈ। ਸਮੀਕਰਣਾਂ ਦੀ ਬਰਾਬਰੀ ਵਾਲੀ ਗੱਲ ਸੋਚ ਕੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਸੰਸਾਰ ਵਿੱਚ, ਸਮਾਜ ਵਿੱਚ ਅਤੇ ਸਾਡੇ ਘਰਾਂ ਵਿੱਚ ਸਮੀਕਰਣਾਂ ਵਿੱਚ ਗੜਬੜ ਹੋ ਗਈ ਹੈ ਤੇ ਬਰਾਬਰੀ ਖਤਮ। ਸਮੀਕਰਣਾਂ ਵਾਲੀ ਇਸ ਗੜਬੜ ਨੇ ਹਰ ਪਾਸੇ ਗੜਬੜ ਹੀ ਗੜਬੜ ਪੈਦਾ ਕਰ ਦਿੱਤੀ ਹੈ।

ਸਭ ਤੋਂ ਵੱਧ ਆਰਥਿਕ ਅਤੇ ਸਾਧਨਾਂ ’ਤੇ ਕੰਟਰੋਲ ਦੀ ਨਾ-ਬਰਾਬਰੀ ਨੇ ਦੁਨੀਆਂ ਵਿੱਚ ਘਮਸਾਣ ਛੇੜਿਆ ਹੋਇਆ ਹੈ। ਲੁਟੇਰੀਆਂ ਤੇ ਲੁੱਟੀਆਂ ਜਾਣ ਵਾਲੀਆਂ ਦੋ ਧਿਰਾਂ ਵਿੱਚ ਘਮਸਾਣ। ਬਹੁਤੇ ਦੇਸ਼ਾਂ ਦੇ ਸਿਸਟਮ ਵਿੱਚ ਪੈਦਾਵਾਰੀ ਸਾਧਨਾਂ ਅਤੇ ਸਰਮਾਏ ’ਤੇ ਕਾਬਜ਼ ਹੋਣ ਕਰ ਕੇ ਅਜੇ ਤੱਕ ਬਾਜ਼ੀ ਲੁਟੇਰਿਆਂ ਦੇ ਹੱਥ ਹੈ, ਜਿਸ ਕਰ ਕੇ ਬਹੁਗਿਣਤੀ ਲੋਕਾਂ ਦੀ ਜ਼ਿੰਦਗੀ ਦੇ ਸਮੀਕਰਣ ਵਿਗੜੇ ਹੋਏ ਹਨ। ਉਹਨਾਂ ਨੂੰ ਰੋਜ਼ਗਾਰ ਦਾ ਕੋਈ ਪੱਕਾ ਭਰੋਸਾ ਨਾ ਹੋਣ ਕਰ ਕੇ ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਹੋਣ, ਮਸ਼ੀਨੀਕਰਨ ਕਾਰਣ ਕੰਮ ਦੀ ਕਾਹਲ ਅਤੇ ਚਿੰਤਾ, ਕੰਪਨੀਆਂ ਦੇ ਮੂਵ ਹੋ ਜਾਣ ਦੀ ਚਿੰਤਾ ਨੇ ਘੇਰ ਕੇ ਚੌਵੀ ਘੰਟੇ ਪਰੇਸ਼ਾਨ ਕੀਤਾ ਹੋਇਆ ਹੈ। ਕਮਾਈ ਅਤੇ ਉਜਰਤ ਵਿੱਚ ਪਾੜਾ ਇੰਨਾ ਹੈ ਕਿ ਇੱਕ ਸੀਈਓ ਦੀ ਇੱਕ ਘੰਟੇ ਦੀ ਉਜਰਤ ਮਜਦੂਰ ਦੀ ਸਾਲ ਭਰ ਦੀ ਉਜਰਤ ਦੇ ਬਰਾਬਰ ਤਕ ਹੈ ਅਤੇ ਹੋਰ ਸਹੂਲਤਾਂ ਵੱਖਰੀਆਂ। ਇਹ ਹੈ ਸਮੀਕਰਣਾਂ ਦਾ ਭਿਆਨਕ ਰੂਪ ਵਿੱਚ ਵਿਗਾੜ।

ਧਰਮਾਂ ਨੇ ਤਾਂ ਹੋਰ ਵੀ ਰੋਲ ਘਚੋਲਾ ਪਾਇਆ ਹੋਇਆ, ਅਖੇ “ਸਾਡਾ ਧਰਮ ਸਿਰਮੌਰ, ਸਾਡਾ ਧਰਮ ਸਭ ਤੋਂ ਉੱਚਾ-ਸੁੱਚਾ।” ਮਾਣਸ ਕੀ ਜਾਤ ਸਭੈ ਏਕੋ ਪਹਿਚਾਣਬੋ” ਵਾਲਾ ਮੰਤਰ ਪਤਾ ਨਹੀਂ ਕਿਉਂ ਛੂ-ਮੰਤਰ ਹੋ ਜਾਂਦਾ ਹੈ।” “ਧਰਮ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਨਾ” ਦਾ ਰਾਗ ਅਲਾਪਣ ਵਾਲੇ ਵੱਢਣ-ਟੁੱਕਣ ’ਤੇ ਜਦੋਂ ਆ ਜਾਂਦੇ ਹਨ ਤਾਂ ਸਮੀਕਰਣਾਂ ਦੀ ਕੀ ਮਜ਼ਾਲ ਜੇ ਵਿਗੜਣ ਨਾ। ਘਰਾਂ ਦੇ ਘਰ ਤਬਾਹ, ਬੱਚੇ ਅਨਾਥ, ਔਰਤਾਂ ਵਿਧਵਾਵਾਂ, ਭੈਣਾਂ ਭਰਾਵਾਂ ਤੋਂ ਬਾਂਝੀਆਂ, ਮਾਵਾਂ ਦੀਆਂ ਕੁੱਖਾਂ ਸੁੰਨੀਆਂ, ਜ਼ਿੰਦਗੀ ਦੀਆਂ ਗਲੀਆਂ ਹਨੇਰੇ ਵਿੱਚ ਡੁੱਬੀਆਂ ਵਿਲਕਦੀਆਂ - ਭੁੱਬਾਂ ਮਾਰਦੀ ਜ਼ਿੰਦਗੀ ਬਤੀਤ ਕਰਨ ਲਈ ਲੋਕ ਮਜਬੂਰ।

ਇੱਕ ਸੀ ਮੰਨੂੰ ਜਿਸ ਦੀ ਜ਼ਿੰਦਗੀ ਦੇ ਸਮੀਕਰਣ ਵਿਗਾੜਣ ਦੇ ਖੇਤਰ ਵਿੱਚ ਸਰਦਾਰੀ ਹੈ। ਮਨੁੱਖਾਂ ਨੂੰ ਜਾਤਾਂ ਵਿੱਚ ਵੰਡ ਕੇ, ਉਹਨਾਂ ਵਿੱਚ ਵਖਰੇਵਾਂ ਪਾ ਕੇ ਉਹਨਾਂ ਦੀਆਂ ਸਮੀਕਰਣਾਂ ਦਾ ਸੰਤੁਲਨ ਐਸਾ ਵਿਗਾੜਿਆ ਕਿ ਪਤਾ ਨਹੀਂ ਕਿੰਨੀਆਂ ਸਦੀਆਂ ਲੱਗ ਜਾਣ ਸਮਤੋਲ ਕਰਨ ਲਈ। ਉਸ “ਭਲੇ ਪੁਰਖ” ਨੇ ਤਾਂ ਜਾਤਾਂ ਵਿੱਚ ਮਨੁੱਖਾਂ ਨੂੰ ਵੰਡਣ ਦੇ ਨਾਲ ਹੀ ਔਰਤਾਂ ਨੂੰ ਵੀ ਖੁੰਜੇ ਲਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ ਜਿਸ ਦਾ ਖਮਿਆਜ਼ਾ ਔਰਤਾਂ ਸਦੀਆਂ ਤੋਂ ਭੋਗ ਰਹੀਆਂ ਨੇ ਅਤੇ ਪਤਾ ਨਹੀਂ ਹੋਰ ਕਿੰਨਾ ਚਿਰ ਭੋਗਣਗੀਆਂ। ਜਾਤ-ਪਾਤ ਨੇ ਇੱਕੋ ਥਾਂ ਰਹਿੰਦੇ ਮਨੁੱਖਾਂ ਵਿੱਚ ਪਾੜਾ ਪਾ ਕੇ ਉਹਨਾਂ ਦੀਆਂ ਅੱਖਾਂ ’ਤੇ ਨਫਰਤ ਦਾ ਅਜਿਹੀ ਪੱਟੀ ਬੰਨ੍ਹੀ ਹੈ ਜਿਸ ਨੂੰ ਲਾਹੁਣਾ ਅਤੀ ਮੁਸ਼ਕਿਲ ਹੈ। ਧਰਮਾਂ ਵਾਂਗ ਹੀ ਜਾਤਾਂ ਦੇ ਨਾਂ ’ਤੇ ਵਧੀ ਕੁੜੱਤਣ ਕਈ ਵਾਰ ਦੰਗਿਆਂ ਦਾ ਰੂਪ ਧਾਰਨ ਕਰ ਕੇ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ ਤੇ ਉਹ ਹੈਵਾਨ ਬਣ ਕੇ ਇੱਕ ਦੂਜੇ ਨੂੰ ਮਾਰ ਮੁਕਾਉਂਦਾ ਹੈ। ਅਜਿਹੀ ਫੁੱਟ ਭਾਈਚਾਰਕ ਸਾਂਝ ਦੀ ਦੁਸ਼ਮਣ ਤੇ ਗੱਦੀਆਂ ’ਤੇ ਬੈਠਣ ਦੇ ਚਾਹਵਾਨਾਂ ਲਈ ਨਿਆਮਤ ਸਿੱਧ ਹੁੰਦੀ ਹੈ।

ਕੁਦਰਤ ਬਹੁ-ਰੰਗੀ ਹੈ। ਵਾਤਾਵਰਣ ਦਾ ਅੰਤਰ ਅਤੇ ਹੋਰ ਕਈ ਕਾਰਣਾਂ ਕਰਕੇ ਮਨੁੱਖਾਂ ਦੀ ਚਮੜੀ ਦਾ ਅੱਡ ਅੱਡ ਰੰਗ ਹੋਣਾ ਵੀ ਜੀਵਨ ਦੇ ਸਮੀਕਰਣ ਵਿਗੜ ਜਾਣ ਦਾ ਕਾਰਨ ਬਣਦਾ ਹੈ। ਜਿਵੇਂ ਗੋਰੀ ਚਮੜੀ ਵਾਲੇ ਸਮਝਦੇ ਹਨ ਕਿ ਉਹ ਪੈਦਾ ਹੀ ਦੂਜਿਆਂ ’ਤੇ ਰਾਜ ਕਰਨ ਲਈ ਹੋਏ ਹਨ ਅਤੇ ਇਸ ਗੱਲ ਨੂੰ ਪਰਚਾਰਦੇ ਵੀ ਬਹੁਤ ਹਨ। ਭੁੱਖ ਨੰਗ ਨਾਲ ਘੁਲਦੇ ਅਤੇ ਗੋਰੇ ਰੰਗ ਦੇ ਮਜ਼ਦੂਰ ਵੀ ਕਾਲੀ ਜਾਂ ਭੂਰੀ ਚਮੜੀ ਵਾਲੇ ਲੋਕਾਂ ਤੋਂ ਆਪਣੇ ਆਪ ਨੂੰ ਵਧੀਆ ਸਮਝਣ ਦਾ ਭਰਮ ਪਾਲ ਲੈਂਦੇ ਹਨ। ਸਰਮਾਏਦਾਰ ਲੋਕ ਇਸ ਗੱਲ ਦਾ ਲਾਭ ਉਠਾ ਕੇ ਕਿਰਤੀਆਂ ਨੂੰ ਧੜਿਆਂ ਵਿੱਚ ਵੰਡ ਕੇ ਉਹਨਾਂ ਦੀ ਲੁੱਟ ਕਰਨ ਲਈ ਆਪਣਾ ਰਾਹ ਪੱਧਰਾ ਕਰ ਲੈਂਦੇ ਹਨ।

ਅੱਡ ਅੱਡ ਖਿੱਤਿਆਂ ਅਤੇ ਦੇਸਾਂ ਦੇ ਹੋਣ ਕਰਕੇ ਲੋਕ ਇੱਕੋ ਮਨੁੱਖ ਜਾਤੀ ਦੇ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਇੱਕ ਦੂਜੇ ਤੋਂ ਅਲੱਗ ਸਮਝਦੇ ਹਨ, ਜਿਸ ਨਾਲ ਮਨੁੱਖੀ ਨਸਲ ਵਿੱਚ ਵੰਡੀਆਂ ਪੈ ਜਾਂਦੀਆਂ ਹਨ। ਇੱਕੋ ਮਨੁੱਖ ਜਾਤੀ ਹੋਣ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ। ਇਸ ਤਰ੍ਹਾਂ ਪੈਦਾ ਹੋਈ ਸਮਝ ਬੰਦੇ ਨੂੰ ਬੰਦੇ ਤੋਂ ਦੂਰ ਲੈ ਜਾਂਦੀ ਹੈ ਤੇ ਨਤੀਜਾ ਉਹੀ ਜ਼ਿੰਦਗੀ ਦੇ ਸਮੀਕਰਨ ਅਸੰਤੁਲਿਤ ਹੋਣ ਵਿੱਚ। ਸਮੀਕਰਣਾਂ ਨੂੰ ਸੰਤੁਲਿਤ ਕਰਨ ਲਈ ਹੰਸ ਰਾਜ ਜੀ ਦਾ ਦੱਸਿਆ ਤਰੀਕਾ ਜੇ ਇੱਕ ਪਾਸੇ ਵਿੱਚ ਕੁੱਝ ਜਮ੍ਹਾਂ ਕੀਤਾ ਜਾਵੇ ਤਾਂ ਬਰਾਬਰੀ ਕਾਇਮ ਰੱਖਣ ਲਈ ਦੂਜੇ ਪਾਸੇ ਵੀ ਉੰਨਾ ਹੀ ਜਮ੍ਹਾਂ ਕਰਨਾ ਪੈਂਦਾ ਹੈ ਅਤੇ ਇਹੀ ਘਟਾਓ, ਗੁਣਾਂ ਅਤੇ ਤਕਸੀਮ ਕਰਨ ’ਤੇ ਵੀ ਲਾਗੂ ਹੁੰਦਾ ਹੈ ਅਤੇ ਜਦੋਂ ਰਾਜਨੀਤਕ, ਧਾਰਮਿਕ, ਸਮਾਜਿਕ ਕਾਰਣਾਂ ਕਰਕੇ ਅਜਿਹਾ ਨਹੀਂ ਹੁੰਦਾ ਤਾਂ ਜ਼ਿੰਦਗੀ ਦੇ ਸਮੀਕਰਣ ਵਿਗੜ ਹੀ ਜਾਂਦੇ ਹਨ।

*****

(934)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author