“ਜੇ ਰਾਤ ਹੈ ਤਾਂ ਦਿਨ ਵੀ ਚੜ੍ਹੇਗਾ। ਔੜ ਲੱਗੀ ਹੈ ਤਾਂ ਬਰਸਾਤ ਵੀ ਹੋਵੇਗੀ। ਬੱਸ ਆਪਣੀ ...”
(2 ਸਤੰਬਰ 2021)
ਬੰਦੇ ਕੋਈ ਗੁਆਚੇ ਹੋਏ ਨਹੀਂ ਜਿਨ੍ਹਾਂ ਨੂੰ ਲੱਭਿਆ ਜਾਵੇ। ਇਹ ਖਿਆਲ ਉਦੋਂ ਆਇਆ ਜਦ ਸਵੇਰੇ ਚਾਹ ਪੀਂਦਿਆਂ ਟੀ ਵੀ ਲਾਇਆ ਤਾਂ ਉੱਥੇ ਘਮਸਾਨ ਚੱਲ ਰਿਹਾ ਸੀ। ਘਮਸਾਨ ਸੀ ਧਰਮ ਪਰਿਵਰਤਨ ਬਾਰੇ। ਹਿੰਦੂ ਨੇਤਾ ਕਹਿ ਰਿਹਾ ਸੀ, ਲਵ ਜਿਹਾਦ ਦੇਸ਼ ਲਈ ਖਤਰਾ ਹੈ। ਮੁਸਲਿਮ ਨੇਤਾ ਕਹਿ ਰਿਹਾ ਸੀ ਮੁਸਲਮਾਨਾਂ ਨੂੰ ਡਰਾ ਕੇ ਤੇ ਲਾਲਚ ਦੇ ਕੇ ਹਿੰਦੂ ਬਣਾਇਆ ਜਾ ਰਿਹਾ ਹੈ। ਇਹ ਦੇਖ ਕੇ ਮੈਂ ਹੋਰ ਹੀ ਸੋਚਾਂ ਵਿੱਚ ਪੈ ਗਿਆ। ਦੇਖੋ, ਇਨ੍ਹਾਂ ਚੌਰਿਆਂ ਨੂੰ ਧਰਮਾਂ ਦਾ ਕਿੰਨਾ ਫਿਕਰ ਹੈ ਪਰ ਆਪਣੇ ਹੀ ਧਰਮ ਵਾਲਿਆਂ ਦੀ ਦੁਰਦਸ਼ਾ ਦਾ ਕੋਈ ਫਿਕਰ ਨਹੀਂ। ਇਹਨਾਂ ਨੂੰ ਆਪਣੇ ਧਰਮਾਂ ਦੇ ਬੱਚੇ ਭੀਖ ਮੰਗਦੇ ਅਤੇ ਭੁੱਖ ਨਾਲ ਮਰਦੇ ਤਾਂ ਦਿਸਦੇ ਨੀ, ਬਣੇ ਫਿਰਦੇ ਆ ਧਰਮਾਂ ਦੇ ਰਾਖੇ। ਬੱਸ ਧਰਮਾਂ ਦੀ ਜ਼ੁਬਾਨੀ ਜਮ੍ਹਾਂ ਖਰਚ ਵਾਲੀ ਰੱਖਿਆ ਹੀ ਇੱਕੋ ਇੱਕ ਮੁੱਦਾ ਰਹਿ ਗਿਆ ਇਹਨਾਂ ਵਾਸਤੇ।
ਭੁੱਖ-ਨੰਗ, ਗਰੀਬੀ, ਬੇਰੁਜ਼ਗਾਰੀ, ਗੁੰਡਾਗਰਦੀ, ਦਹਿਸ਼ਤ, ਫਿਰਕਾ-ਪ੍ਰਸਤੀ ਇਹਨਾਂ ਲਈ ਕੋਈ ਮੁੱਦਾ ਨਹੀਂ। ਹੋਵੇ ਵੀ ਕਿਉਂ, ਫਿਰਕਾਪ੍ਰਸਤੀ ਤਾਂ ਇਹ ਲੋਕ ਆਪ ਫੈਲਾਉਂਦੇ ਨੇ ਤੇ ਆਪਣੇ ਚਹੇਤਿਆਂ ਦੀਆਂ ਗਲਤ ਪਾਲਸੀਆਂ ਤੋਂ ਲੋਕਾਂ ਦਾ ਧਿਆਨ ਹਟਾਉਂਦੇ ਨੇ। ਉਹਨਾਂ ਦੀਆਂ ਕੁਰਸੀਆਂ ਪੱਕੀਆਂ ਕਰ ਕੇ ਗੱਦੀਆਂ ਤੇ ਬਿਠਾਉਂਦੇ ਨੇ। ਬੰਦਿਆਂ ਨੂੰ ਹਿੰਦੂ, ਮੁਸਲਮਾਨ ਜਾਂ ਕਿਸੇ ਵੀ ਹੋਰ ਧਰਮ ਦਾ ਬਣਾਉਂਦੇ ਨੇ ਪਰ ਬੰਦਿਆਂ ਨੂੰ ਬੰਦੇ ਨਹੀਂ ਰਹਿਣ ਦਿੰਦੇ। ਉਹਨਾਂ ਦੇ ਹੱਥਾਂ ਵਿੱਚ ਤਿਰਸ਼ੂਲ ਤੇ ਖੰਜਰ ਫੜਾਉਂਦੇ ਨੇ। ਚੱਲੇ ਕੋਈ ਐਸੀ ਹਵਾ ਕਿ ਹਿੰਦੂ, ਸਿੱਖ ਜਾਂ ਮੁਸਲਮਾਨ ਬਣਨ ਦੀ ਥਾਂ ਬੰਦੇ ਬਣਿਆ ਜਾਵੇ ਤਾਂ ਹੀ ਬੰਦੇ ਲੱਭਣਗੇ।
ਇਨ੍ਹਾਂ ਲੋਕਾਂ ਨੂੰ ਕੋਈ ਫਿਕਰ ਨਹੀਂ ਕਿ ਕਾਲਜਾਂ, ਸਕੂਲਾਂ ਵਿੱਚ ਸਟਾਫ ਨਹੀਂ। ਕੋਈ ਫਿਕਰ ਨਹੀਂ ਕਿ ਬਿਨਾਂ ਟੀਚਰਾਂ ਤੋਂ ਬੱਚੇ ਕਿਵੇਂ ਪੜ੍ਹਨਗੇ। ਜੇ ਚਰਚਾ ਕਰਨਗੇ ਤਾਂ ਬੱਸ ਮਸਾਲੇਦਾਰ ਖਬਰਾਂ ਦੀ। ਆਪਣੀਆਂ ਧੀਆਂ ਭੈਣਾਂ ਨਾਲੋਂ ਹਨੀਪ੍ਰੀਤ ਬਾਰੇ ਜ਼ਿਆਦਾ ਸੋਚਣਗੇ। ਘਰੇ ਭਾਵੇਂ ਭਾਂਡੇ ਖਾਲੀ ਹੋਣ, ਗੱਲ ਕਰਨਗੇ ਡੇਰੇ ਦੇ ਅਰਬਾਂ ਰੁਪਇਆਂ ਦੀ। ਆਪੋ ਵਿੱਚੀ ਸਿੰਗ ਫਸਾਈ ਰੱਖਣਗੇ, ਇੱਕ ਜਾਂ ਦੂਜੀ ਪਾਰਟੀ ਦੇ ਹਿਮਾਇਤੀ ਬਣ ਕੇ ਤੇ ਖਾਈ ਜਾਣਗੇ ਦੋਹਾਂ ਤੋਂ ਛਿੱਤਰ। ਜੇ ਕਦੇ ਸੱਚ ਬੋਲਣਾ ਪੈ ਜਾਵੇ ਤਾਂ ਮੂੰਹ ਨੂੰ ਲਾ ਲੈਂਦੇ ਹਨ ਅਲੀਗੜ੍ਹ ਦੇ ਜਿੰਦਰੇ। ਅਖੌਤੀ ਵੱਡਿਆਂ ਬੰਦਿਆਂ ਮੂਹਰੇ ਲੰਮੇ ਪੈ ਜਾਣਗੇ ਅਤੇ ਆਪਣੇ ਵਰਗੇ ਹਮਾਤੜਾਂ ਨੂੰ ਰਾਮਪੁਰੀ ਚਾਕੂ ਦਿਖਾਉਣਗੇ। ਅਜਿਹੀ ਹਾਲਤ ਵਿੱਚ ਬੰਦੇ ਕਿੱਥੋਂ ਲੱਭਣੇ ਹਨ। ਪਰ ਜੇ ਰਾਤ ਹੈ ਤਾਂ ਦਿਨ ਵੀ ਚੜ੍ਹੇਗਾ। ਔੜ ਲੱਗੀ ਹੈ ਤਾਂ ਬਰਸਾਤ ਵੀ ਹੋਵੇਗੀ। ਬੱਸ ਆਪਣੀ ਜ਼ੁਬਾਨ ਖਾਮੋਸ਼ ਨਾ ਹੋਵੇ, ਸੁਪਨੇ ਨਾ ਮਰਨ, ਮਨ ਢਹਿੰਦੀ ਕਲਾ ਵਿੱਚ ਨਾ ਹੋਵੇ। ਬੰਦਿਆਂ ਦਾ ਕੋਈ ਘਾਟਾ ਨਹੀਂ ਰਹਿਣਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2985)
(ਸਰੋਕਾਰ ਨਾਲ ਸੰਪਰਕ ਲਈ: