TarlochanDupalpur7“ਅਸੀਂ ਸਾਰੇ ਇਕ ਦਮ ਭੱਜ ਕੇ ਬਾਹਰ ਆ ਗਏ! ਉਨ੍ਹਾਂ ਦਾ ਹੁਲੀਆ ਦੇਖ ਕੇ ਸਾਡੇ ਸਭ ਦੇ ਸਾਹ ਸੂਤੇ ਗਏ! ...”
(21 ਜੁਲਾਈ 2017)

 

ਹਥਲੇ ਲੇਖ ਵਿਚ ਵਰਣਨ ਕੀਤੀਆਂ ਜਾ ਰਹੀਆਂ ਦੋਵੇਂ ਘਟਨਾਵਾਂ ਗ਼ਰੀਬੀ ਹੰਢਾਅ ਰਹੇ ਦੋ ਜਿਊੜਿਆਂ ਦੀਆਂ ਹਨ। ਪਹਿਲੀ ਵਾਰਤਾ ਤਾਂ ਨਵੀਂ ਤਾਜ਼ੀ ਹੈ, ਜਿਹਦੇ ਸਦਕਾ ਮੈਨੂੰ ਦੂਸਰੀ ਘਟਨਾ ਯਾਦ ਆਈ। ਜੋ ਕਿ ਸੰਨ 1965 ਤੋਂ ਬਾਅਦ ਦੇ ਕਿਸੇ ਸਾਲ ਵਿਚ ਵਾਪਰੀ ਸੀ। ਦੋਹਾਂ ਦੇ ਨਾਇਕ-ਪਾਤਰ ਅਤੇ ਸਮਾਂ-ਸਥਾਨ ਬੇਸ਼ੱਕ ਅਲੱਗ ਅਲੱਗ ਹਨ, ਪਰ ਸਿੱਟਾ ਦੋਹਾਂ ਦਾ ਇੱਕੋ ਹੀ ਨਿਕਲਦਾ ਹੈ। ਦੋਵੇਂ ਕਥਾਵਾਂ ਇਕ ਦੂਸਰੀ ਦੀਆਂ ਪੂਰਕ ਹੀ ਹੋ ਨਿੱਬੜਦੀਆਂ ਹਨ।

ਸ਼ਹਿਰ ਦੀ ਅਮੀਰ ਮੰਨੀ ਜਾਂਦੀ ਕਲੋਨੀ ਵਿਚ ਰਹਿੰਦੇ ਮੇਰੇ ਭਰਾ ਦੀ ਕੋਠੀ ਤੋਂ ਰਤਾ ਹਟਵੀਂ ਹੋਰ ਕੋਠੀ ਦੇ ਬਗਲ਼ ਤੋਂ ਬਾਹਰ ਸੜਕ ਦੇ ਕਿਨਾਰੇ ਆਰਜ਼ੀ ਜਿਹਾ ਅੱਡਾ-ਗੱਡਾ ਬਣਾ ਕੇ ਇਕ ਬਿਹਾਰੀ ਧੋਬੀ ਬੈਠਾ ਹੈ, ਜੋ ਕੱਪੜੇ ਧੋਣ ਅਤੇ ਪ੍ਰੈੱਸ ਕਰਨ ਦਾ ਕਿੱਤਾ ਕਰਦਿਆਂ ਆਪਣੇ ਪਰਿਵਾਰ ਦਾ ਜੀਵਨ ਨਿਰਬਾਹ ਚਲਾ ਰਿਹਾ ਹੈ। ਵਰ੍ਹਿਆਂ ਤੋਂ ਬੈਠੇ ਇਸ ਧੋਬੀ ਤੋਂ ਆਸ ਪਾਸ ਦੇ ਨੌਕਰੀ ਪੇਸ਼ਾ ਲੋਕ ਸੁਬਾਹ-ਸਵੇਰੇ ਕੱਪੜੇ ਪ੍ਰੈੱਸ ਕਰਵਾਉਣ ਲਈ ਚੰਗਾ ਰਸ਼ ਪਾਈ ਰੱਖਦੇ ਹਨ।

ਭਰਾ ਦੇ ਦੱਸਣ ਅਨੁਸਾਰ ਇਕ ਦਿਨ ਉਹ ਆਪਣੇ ਅਤੇ ਬੱਚਿਆਂ ਦੇ ਕੱਪੜੇ ਪ੍ਰੈੱਸ ਕਰਵਾਉਣ ਲਈ ਉਸ ਧੋਬੀ ਕੋਲ ਗਿਆ। ਨਾਲ਼ ਹੀ ਉਸ ਦਾ ਕੁੱਝ ਪਿਛਲਾ ਰਹਿੰਦਾ ਮਿਹਨਤਾਨਾ ਧੋਬੀ ਨੂੰ ਜਾ ਫੜਾਇਆ। ਕਰਦਿਆਂ ਕਰਦਿਆਂ ਬੇਧਿਆਨੀ ਜਿਹੀ ਨਾਲ ਮੇਜ਼ ’ਤੇ ਵਿਛੇ ਕੱਪੜੇ ਦੇ ਇਕ ਖੂੰਜੇ ਹੇਠਾਂ ਰੱਖ ਦਿੱਤੇ। ਜਦੋਂ ਉਹ ਇੱਧਰ ਉੱਧਰ ਹੋ ਕੇ ਕੱਪੜਿਆਂ ਦੀ ਫਰੋਲਾ-ਫਰਾਲੀ ਕਰਨ ਲੱਗਾ ਤਾਂ ਕੋਲ ਸੜਕ ਵਗਦੀ ਜਾਣ ਕੇ ਮੇਰੇ ਭਰਾ ਨੇ ਧੋਬੀ ਨੂੰ ਚੌਕੰਨਾ ਕਰਦਿਆਂ ਆਖਿਆ ਕਿ ਗਲ਼ੀ ਵਿਚ ਆਂਦਕ-ਜਾਂਦਕ ਲੱਗੀ ਰਹਿੰਦੀ ਹੈ, ਇਸ ਲਈ ਪਹਿਲਾਂ ਇਹ ਪੈਸੇ ਚੰਗੀ ਤਰ੍ਹਾਂ ਸੰਭਾਲ ਕੇ ਰੱਖ ਭਰਾਵਾ।

ਕਹਿੰਦੇ ਉਸੇ ਬੇਫ਼ਿਕਰੀ ਦੇ ਆਲਮ ਵਿਚ ਉਹ ਥੋੜ੍ਹੀ ਗੰਭੀਰਤਾ ਵਾਲੀ ਮੁਸਕਰਾਹਟ ਬਿਖੇਰਦਿਆਂ ਮੇਰੇ ਭਰਾ ਨੂੰ ਕਹਿਣ ਲੱਗਾ-

“ਅਰੇ ਸਰਦਾਰ ਜੀ, ਬਾਤ ਆਪ ਕੀ ਠੀਕ ਹੈ, ਪਰ ਯਿਹ ਜੋ ਪੈਸੇ ਆਪ ਨੇ ਮੁਝੇ ਦੀਏ ਹੈਂ, ਯਿਹ ਮੇਰੇ ਖ਼ੂਨ-ਪਸੀਨੇ ਕੀ ਕਮਾਈ ਹੈ। ਅਗਰ ਕੋਈ ਉਠਾ ਕੇ ਲੇ ਭੀ ਗਯਾ ... ਮੁਝੇ ਦੁੱਖ ਤੋ ਹੋਗਾ ਕਿ ਮੇਰੀ ਹੱਕ-ਹਲਾਲ ਕੀ ਮਿਹਨਤ ਉੱਡ ਗਈ, ਚਲੋ, ਭਗਵਾਨ ਨੇ ਮੁਝੇ ਦੋ ਹਾਥ ਦੀਏ ਹੂਏ ਹੈਂ ... ਹਿੰਮਤ ਦੀ ਹੂਈ ਹੈ! ... ਮੈਂ ਤੋ ਔਰ ਕਮਾ ਲੂੰਗਾ। ਲੇਕਿਨ ਯਿਹ ਪੈਸੇ ਜਹਾਂ ... ਜਿਸ ਪਰਿਵਾਰ ਮੇਂ ਜਾਏਂਗੇ ਨਾ ...

ਮੇਰਾ ਭਰਾ ਦੱਸ ਰਿਹਾ ਸੀ ਕਿ ਮੈਂ ਇਕ ਬਿਹਾਰੀ ਅਨਪੜ ਧੋਬੀ ਮੂੰਹੋਂ ਫ਼ਲਸਫ਼ਾਨਾ ਅੰਦਾਜ਼ ਵਾਲੀਆਂ ਗੱਲਾਂ ਸੁਣ ਕੇ ਦੰਗ ਰਹਿ ਗਿਆ। ਉਹ ਬੜੇ ਸਿਦਕ-ਭਰੋਸੇ ਨਾਲ ਕਹਿੰਦਾ ਹੈ ਕਿ ਸਾਡੇ ਵਰਗੇ ਹੱਡ ਭੰਨਵੀਂ ਮਿਹਨਤ ਕਰਨ ਵਾਲ਼ੇ ਗ਼ਰੀਬਾਂ ਦੀ ਕਮਾਈ, ਜੇ ਕੋਈ ਛਲ਼ ਕਪਟ ਨਾਲ ਲੈ ਵੀ ਜਾਵੇ, ਤਾਂ ਉਸ ਨੂੰ ਵਫ਼ਾ ਨਹੀਂ ਕਰੇਗੀ। ਸਗੋਂ ਉਸ ਦਾ ਬੇੜਾ ਗ਼ਰਕ ਕਰਕੇ ਬਰਬਾਦੀ ਦਾ ਕਾਰਨ ਹੀ ਬਣੇਗੀ।

ਭਰਾ ਦੱਸੇ ਕਿ ਮੈਂ ਇਹ ਗ਼ਜ਼ਬ ਦੀ ਹਕੀਕਤ ਸੁਣ ਕੇ ਸੁੰਨ ਹੋਇਆ ਖੜ੍ਹਾ ਗ਼ਰੀਬ ਧੋਬੀ ਦੇ ਮੂੰਹ ਵੱਲ ਨੂੰ ਹੀ ਦੇਖਦਾ ਰਹਿ ਗਿਆ। ਟੀ. ਵੀ. ਚੈਨਲਾਂ ’ਤੇ ਚੱਲਦੇ ਅਧਿਆਤਮਵਾਦੀ ਕਥਾ-ਵਿਖਿਆਨਾਂ ਨੇ ਮੈਨੂੰ ਕਦੇ ਇੰਨਾ ਪ੍ਰਭਾਵਿਤ ਨਹੀਂ ਕੀਤਾ, ਜਿੰਨਾ ਉਸ ਗ਼ਰੀਬ ਕਿਰਤੀ ਦੇ ਸਹਿਜ-ਭਾਅ ਕਹੇ ਬੋਲਾਂ ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ। ਮੈਨੂੰ ਖੜ੍ਹੇ ਖੜ੍ਹੇ ਇਕ ਬੁੱਧੀਮਾਨ ਦਾ ਕਥਨ ਯਾਦ ਆਇਆ-

ਜਿਸ ਕਮਾਈਉੱਤੇ ਤੁਹਾਡਾ ਪਸੀਨਾ ਨਹੀਂ ਵਗਿਆ, ਉਹ ਤੁਹਾਨੂੰ ਵਫ਼ਾ ਨਹੀਂ ਕਰੇਗੀ

ਡੂੰਘੇ ਅਰਥਾਂ ਵਾਲੀ ਇਹ ਵਾਰਤਾ ਸੁਣਦਿਆਂ ਮੈਨੂੰ ਆਪਣੇ ਘਰ ਦੀ ਉਹ ਘਟਨਾ ਯਾਦ ਆ ਗਈ, ਜੋ ਕਿ ਸੰਨ ਪੈਂਹਠ ਦੇ ਅੱਗੜ-ਪਿੱਛੜ ਕਿਸੇ ਸਾਲ ਵਿਚ ਸਾਡੇ ਭਾਈਆ ਜੀ ਨਾਲ ਹੋਈ-ਵਾਪਰੀ ਸੀ। ਗਾਹੇ-ਬਗਾਹੇ ਘਰੇਲੂ ਵਰਤੋਂ ਦਾ ਸਮਾਨ ਤੇ ਹੋਰ ਕੋਈ ਕੱਪੜਾ-ਲੱਤਾ ਲੈਣ ਵਾਸਤੇ ਭਾਈਆ ਜੀ ਅਕਸਰ ਸਾਈਕਲ ’ਤੇ ਨਵਾਂ ਸ਼ਹਿਰ ਜਾਂਦੇ ਹੁੰਦੇ ਸਨ।

ਇਸੇ ਤਰ੍ਹਾਂ ਇਕ ਵਾਰ ਉਹ ਸਵੇਰੇ ਸਵੇਰੇ ਘਰੇਲੂ ਕੰਮ ਕਾਰ ਨਿਬੇੜ ਕੇ ਨਵਾਂ ਸ਼ਹਿਰੋਂ ਸੌਦੇ-ਪੱਤੇ ਲਿਆਉਣ ਲਈ ਤਿਆਰ ਹੋ ਗਏ। ਸਾਈਕਲ ਦੇ ਕੈਰੀਅਰ ਤੇ ਝੋਲ਼ੇ ਵਗੈਰਾ ਬੰਨ੍ਹ ਕੇ ਉਹ ਨਹਿਰੇ ਪੈ ਗਏ। ਇੰਜ ਨਵੇਂ ਸ਼ਹਿਰ ਗਏ ਹੋਏ ਉਹ ਅਕਸਰ ਸ਼ਾਮ ਪਈ ਘਰੇ ਮੁੜਦੇ ਹੁੰਦੇ ਸਨ ਪਰ ਉਸ ਦਿਨ ਉਨ੍ਹਾਂ ਸਾਨੂੰ ਸਾਰੇ ਟੱਬਰ ਨੂੰ ਹੈਰਾਨ ਕਰ ਦਿੱਤਾ! ਜਦ ਅਸੀਂ ਦੇਖਿਆ ਕਿ ਘਰੋਂ ਤੁਰਨ ਤੋਂ ਚਾਰ ਕੁ ਘੰਟਿਆਂ ਬਾਅਦ ਹੀ ਉਨ੍ਹਾਂ ਘਰ ਮੋਹਰੇ ਆ ਕੇ ਸਾਈਕਲ ਦੀ ਘੰਟੀ ਖੜਕਾ ਦਿੱਤੀ। ਅਸੀਂ ਸਾਰੇ ਇਕ ਦਮ ਭੱਜ ਕੇ ਬਾਹਰ ਆ ਗਏ! ਉਨ੍ਹਾਂ ਦਾ ਹੁਲੀਆ ਦੇਖ ਕੇ ਸਾਡੇ ਸਭ ਦੇ ਸਾਹ ਸੂਤੇ ਗਏ! ਉਘੜ-ਦੁਘੜੀ ਜਿਹੀ ਹੋਈ ਪੱਗ, ਮਿੱਟੀ-ਗਾਰੇ ਜਿਹੇ ਨਾਲ ਲਿੱਬੜੇ ਸਲਾਭੇ ਜਿਹੇ ਹੋਏ ਉਨ੍ਹਾਂ ਦੇ ਕੱਪੜੇ ਅਤੇ ਘਬਰਾਇਆ ਚਿਹਰਾ ਦੇਖ ਕੇ ਅਸੀਂ ਠਠੰਬਰ ਗਏ ਕਿ ਇਹ ਕੀ ਭਾਣਾ ਵਾਪਰ ਗਿਆ ਹੋਵੇਗਾ? ਬਹੁਤ ਨਿਮਰ-ਸੁਭਾਅ ਵਾਲ਼ੀ ਸਾਡੀ ਮਾਂ ਤਾਂ ਰੋਣ-ਹਾਕੀ ਜਿਹੀ ਹੋ ਕੇ ਕੀ ਹੋਇਆ ... ਕੀ ਹੋਇਆ?’ ਕਰਦੀ, ਇਕ ਤਰ੍ਹਾਂ ਨਾਲ ਸਾਈਕਲ ਦੇ ਹੈਂਡਲ ’ਤੇ ਡਿਗ ਹੀ ਪਈ!

“ਕੁਛ ਨਹੀਂ, ... ਬਚਾਅ ਹੋ ਗਿਆ!” ਸਾਈਕਲ ਕੰਧ ਨਾਲ ਲਾ ਕੇ ਕਮੀਜ਼ ਛੰਡਦਿਆਂ ਭਾਈਆਂ ਜੀ ਮੰਜੇ ਤੇ ਬੈਠ ਗਏ ਅਤੇ ਸਾਨੂੰ ਧੀਰਜ ਬੰਨ੍ਹਾਈ! ਉਨਾਂ ਦੇ ਪੈਰਾਂ ਵਿੱਚੋਂ ਜੁੱਤੀ ਵੀ ਗ਼ਾਇਬ ਦੇਖ ਕੇ ਅਸੀਂ ਹੋਰ ਹੱਕੇ ਬੱਕੇ ਹੋ ਗਏ। ਹੈਰਤ-ਅੰਗੇਜ਼ ਹੋਇਆ ਸਾਰਾ ਟੱਬਰ ਵੱਡੀ ਉਤਸੁਕਤਾ ਨਾਲ ਭਾਈਆ ਜੀ ਨਾਲ ਵਾਪਰੀ ਅਣਹੋਣੀ ਸੁਣਨ ਲਈ ਉਤਾਵਲਾ ਪੈ ਰਿਹਾ ਸੀ। ਭਾਈਆ ਜੀ ਮੂੰਹੋਂ ਸਾਰੀ ਦੁਰਘਟਨਾ ਦਾ ਵੇਰਵਾ ਸੁਣ ਕੇ ਸਾਡੇ ਲੂੰ ਕੰਡੇ ਖੜ੍ਹੇ ਹੋ ਗਏ। ਸਾਡੀ ਮਾਂ ਉਤਾਂਹ ਨੂੰ ਹੱਥ ਜੋੜ ਕੇ ਦਾਤੇ ਦਾ ਸ਼ੁਕਰਾਨਾ ਕਰਨ ਲੱਗੀ ਕਿ ਉਸ ਦੇ ਸਿਰ ਦਾ ਸਾਂਈ ਸਹੀ ਸਲਾਮਤ ਬਚ ਕੇ ਆ ਗਿਆ ਹੈ।

ਹੋਇਆ ਅਸਲ ਵਿੱਚ ਇਹ ਕਿ ਸਾਡੇ ਪਿੰਡੋਂ ਨਵਾਂ ਸ਼ਹਿਰ ਨੂੰ ਜਾਣ ਲਈ ਆਮ ਤੌਰ ’ਤੇ ਬਿਸਤ ਦੁਆਬ ਨਹਿਰ ਕੰਢੇ 6-7 ਮੀਲ ਸਫ਼ਰ ਕਰਨਾ ਪੈਂਦਾ ਹੈ। ਪਿੰਡ ਸੁਬਾਜਪੁਰ ਦੇ ਜਿਸ ਪੁਲ਼ ’ਤੇ ਹੈੱਡ-ਵਰਕਸ ਬਣਿਆ ਹੋਇਆ, ਜਿੱਥੋਂ ਖੱਬੇ-ਸੱਜੇ ਨੂੰ ਰਜਵਾਹੇ ਨਿਕਲ਼ਦੇ ਹਨ। ਨਹਿਰ ਦੇ ਪਾਣੀ ਦੀ ਰਫ਼ਤਾਰ ਰੋਕਣ ਲਈ ਪੁਲ ਦੇ ਮੋਹਰੇ ਰੋਕਾਂ ਬਣੀਆਂ ਹੋਈਆਂ ਹਨ। ਜਿਨ੍ਹਾਂ ਵਿੱਚ ਵੱਜ ਕੇ ਪਾਣੀ ਰਿੜਕ ਜਿਹਾ ਹੁੰਦਿਆਂ ‘ਝਲਾਰ’ ਬਣਦੀ ਹੈ। ਉਨ੍ਹਾਂ ਦਿਨਾਂ ਵਿਚ ਉੱਥੇ ਫੁੱਲ-ਬੂਟੇ ਲਗਾ ਕੇ ਉਹ ਥਾਂ ਖ਼ੂਬ ਸਜਾਈ ਹੁੰਦੀ ਸੀ। ਨਹਿਰ ਵਿੱਚ ਨੂੰ ਉੱਤਰਦੀਆਂ ਪੌੜੀਆਂ ਦੋਹੀਂ ਪਾਸੀਂ ਬਣੀਆਂ ਹੋਈਆਂ ਹਨ, ਜਿਨ੍ਹਾਂ ਥਾਣੀ ਉੱਤਰ ਕੇ ਰਾਹੀ-ਮੁਸਾਫਿਰ ਜਾਂ ਪੱਠੇ-ਦੱਥੇ ਵਾਲੀਆਂ ਬੀਬੀਆਂ ਪਾਣੀ ਪੀ ਲੈਂਦੀਆਂ ਸਨ। ਉਸ ਦਿਨ ਸਾਡੇ ਭਾਈਆ ਜੀ ਵੀ ਉੱਥੇ ਪਾਣੀ ਪੀਣ ਲਈ ਉੱਤਰੇ, ਪਰ ਪੌੜੀਆਂ ਤੋਂ ਪੈਰ ਤਿਲਕਣ ਕਰਕੇ ਧੜੰਮ ਨਹਿਰ ਵਿੱਚ ਡਿਗ ਪਏ।

ਪੁਲ ਦੇ ਮੋਹਰੇ ਪਾਣੀ ਦੀ ਡੂੰਘਾਈ ਵੀ ਅੱਠ ਦਸ ਫੁੱਟ ਅਤੇ ਵਹਾਅ ਵੀ ਤੇਜ਼। ਉੱਭੜਵਾਹੇ ਡਿੱਗਣ ਕਰਕੇ ਗੋਤੇ ਵੀ ਚੰਗੇ ਆ ਗਏ ਪਰ ਚੰਗੀ ਕਿਸਮਤ ਨੂੰ ਉਨ੍ਹਾਂ ਦਾ ਰੌਲ਼ਾ ਸੁਣ ਕੇ ਉੱਥੋਂ ਲੰਘਦੇ ਇੱਕ ਬੰਦੇ ਨੇ ਫਟਾਫਟ ਆਪਣੀ ਪੱਗ ਭਾਈਆ ਜੀ ਵੱਲ ਫਰਾਹੀ ਜਿਹਦੇ ਸਦਕਾ ਉਨਾਂ ਨੂੰ ਨਹਿਰ ਵਿੱਚੋਂ ਖਿੱਚ ਕੇ ਬਾਹਰ ਕੱਢ ਲਿਆ ਗਿਆ।

ਸਾਰਾ ਬਿਰਤਾਂਤ ਸੁਣ ਕੇ ਜਦੋਂ ਭਾਈਆ ਜੀ ਨੇ ਇਹ ਦੱਸਿਆ ਕਿ ਉਨਾਂ ਦਾ ਬਟੂਆ ਤੇ ਜੁੱਤੀ ਨਹਿਰ ਵਿਚ ਹੀ ਡਿੱਗ ਪਏ, ਤਾਂ ਸਾਡੀ ਮਾਤਾ ਨੂੰ ਪੈਸੇ ਜਾਣ ਦਾ ਝੋਰਾ ਖਾਣ ਲੱਗਾ। ਉਨ੍ਹਾਂ ਦਿਨਾਂ ਵਿਚ ਪੰਜਾਹ-ਸੱਠ ਰੁਪਏ ਵੀ ਅੱਜ ਦੇ ਅੱਠ-ਦਸ ਹਜ਼ਾਰ ਦੇ ਬਰਾਬਰ ਹੁੰਦੇ ਸਨ। ਜਦੋਂ ਬੀਬੀ ਜੀ ਬਹੁਤੀ ਹੀ ਚਿੰਤਾ ਕਰਦਿਆਂ ਕਹਿਣ ਲੱਗੇ ਕਿ ਹੁਣ ਖਰਚਾ ਕਿੱਥੋਂ ਕਰਨੈਂ? ਤਦ ਭਾਈਆਂ ਜੀ ਬੜੇ ਠਰ੍ਹੰਮੇ ਨਾਲ ਕਹਿਣ ਲੱਗੇ ਕਿ ਜੇ ਉਹ ਪੈਸੇ ਸਾਡੇ ਹੀਹੋਏ ਤਾਂ ਕਿਤੇ ਨਹੀਂ ਜਾਂਦੇ, ਸਾਨੂੰ ਅਵੱਸ਼ ਮਿਲ ਜਾਣਗੇ। ਰੁੜ੍ਹ ਗਏ ਪੈਸਿਆਂ ਨੂੰ ਝੂਰਦੀ ਤੇ ਗ਼ਰੀਬੀ ਕਾਰਨ ਦੁਖੀ ਹੁੰਦਿਆਂ ਜਦੋਂ ਸਾਡੀ ਮਾਂ ਨੇ ਕਿਹਾ ਕਿ ਨਹਿਰ ਵਿੱਚੋਂ ਤਾਂ ਡੁੱਬੇ ਹੋਏ ਬੰਦਿਆਂ ਦੀਆਂ ਲਾਸ਼ਾਂ ਨਹੀਂ ਲੱਭਦੀਆਂ ਹੁੰਦੀਆਂ, ਤੇਰਾ ਬਟੂਆ ਕਿੱਥੋਂ ਲੱਭਣੈ ਸਰਦਾਰ ਜੀ? ਤਦ ਭਾਈਆਂ ਜੀ ਨੇ ਆਪਣੇ ਵਿਸ਼ਵਾਸ ਦੇ ਪੱਖ ਵਿਚ ਉਹ ਦੋ ਸਤਰਾਂ ਦੁਹਰਾਈਆਂ ਜਿਹੜੀ ਉਹ ਅਕਸਰ ਹੀ ਗੁਣਗੁਣਾਉਂਦੇ ਰਹਿੰਦੇ ਸਨ:

ਕਬੀਰ ਕਮਾਈ ਆਪਣੀ ਬਿਰਥੀ ਕਦੇ ਨਾ ਜਾਏ।
ਸੱਤ ਸਮੁੰਦਰ ਟੱਪ ਜਾਏ ਫਿਰ ਵੀ ਮਿਲ਼ਦੀ ਆਏ।

(ਇਹ ਗੁਰਬਾਣੀ ਦਾ ਸਲੋਕ ਨਹੀਂ)

ਦਸ ਕੁ ਦਿਨਾਂ ਬਾਅਦ ਨਹਿਰ ਦਾ ਪਾਣੀ ਲੱਥੇ ਤੋਂ ਭਾਈਆਂ ਜੀ ਨੇ ਚੁੱਕਿਆ ਸਾਈਕਲ ਤੇ ਪਹੁੰਚੇ ਸੁਬਾਜਪੁਰ ਦੇ ਪੁਲ਼ ਉੱਤੇ। ਹੈੱਡ ਉੱਤੇ ਡਿਉਟੀ ਕਰਦੇ ਪਨਸਾਲੀਏ ਨੂੰ ਮਿਲੇ, ਜਿਸ ਨੂੰ ਉਹ ਉਸ ਦਿਨ ਆਪਣਾ ਬਟੂਆ ਡਿਗਣ ਬਾਰੇ ਦੱਸ ਆਏ ਸਨ।

“ਗਿਆਨੀ ਜੀ ਪਾਣੀ ਤਾਂ ਕੱਲ੍ਹ ਸ਼ਾਮ ਦਾ ਹੀ ਉੱਤਰਿਆ ਹੋਇਐ ...।” ਤਸੱਲੀ ਨਾਲ ਬੋਲਦਿਆਂ ਪਨਸਾਲੀਆ ਭਾਈਆ ਜੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ, ਜਿੱਥੇ ਉਸ ਨੇ ਭਿੱਜੇ ਬਟੂਏ ਵਿੱਚੋਂ ਨੋਟ ਕੱਢ ਕੇ ਪੁਰਾਣੀ ਅਖ਼ਬਾਰ ਉੱਤੇ ਸੁੱਕਣੇ ਪਾਏ ਹੋਏ ਸਨ।

ਉਸ ਇਮਾਨਦਾਰ ਮੁਲਾਜ਼ਮ ਦਾ ਸ਼ੁਕਰਾਨਾ ਕਰਦਿਆਂ ਭਾਈਆ ਜੀ ਆਪਣੀ ਕਮਾਈਲੈ ਕੇ ਕਿਸੇ ਜੇਤੂ ਖਿਡਾਰੀ ਵਾਂਗ ਮੁਸਕਰਾਉਂਦੇ ਹੋਏ ਘਰ ਆ ਗਏ।

*****

(772)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author