TarlochanDupalpur7ਮੁੰਡਾ ਡੁੱਬ ਗਿਆ, ਉਏ ਲੋਕੋ ਮੁੰਡਾ ਖੂਹ ਵਿੱਚ ਡਿਗ ਪਿਆ ...’ ਉੱਚੀ ਉਚੀ ਰੌਲਾ ਪਾਇਆ ...
(24 ਦਸੰਬਰ 2021)

 

ਸਦਾ ਨਾ ਬਾਗੀਂ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ।

ਜੁਗੜਿਆਂ ਤੋਂ ਚੱਲਦੀਆਂ ਆਉਂਦੀਆਂ ਕਹਾਵਤਾਂ ਵਰਗਾ ਕਿਸੇ ਗੀਤ ਦਾ ਇਹ ਮੁੱਖੜਾ ਮੇਰੇ ਬੁੱਲ੍ਹਾਂ ਵਿੱਚੋਂ ਆਪ ਮੁਹਾਰੇ ਉਸ ਸਮੇਂ ਨਿਕਲ ਗਿਆ ਜਦੋਂ ਮੈਂ ਆਪਣੇ ਪਿੰਡੋਂ ਆਈਆਂ ਫੋਟੋਆਂ ਵਿੱਚ ਸ਼ਾਮਲ ਸੋਢੀਆਂ ਦੇ ਖੂਹ ਦੀ ਦੁਰਦਸ਼ਾ ਵਾਲੀ ਫ਼ੋਟੋ ਦੇਖ ਰਿਹਾ ਸਾਂ। ਅੱਜ ਜਿਹੜਾ ਖੂਹ ਖੰਡਰ ਬਣਿਆ ਨਜ਼ਰ ਆ ਰਿਹਾ ਹੈ ਅਤੇ ਜਿਸਦਾ ਆਲਾ-ਦੁਆਲਾ ਦੇਖ ਕੇ ਇੰਜ ਜਾਪਦਾ ਹੈ ਕਿ ਇਹ ਸਾਰਾ ਕੁਝ ਕਿਸੇ ਭੁਚਾਲ ਕਾਰਨ ਤਹਿਸ-ਨਹਿਸ ਹੋ ਗਿਆ ਹੋਵੇਗਾ ਇਹੀ ਖੂਹ ਕਿਸੇ ਸਮੇਂ ਸਾਡੇ ਪਿੰਡ ਦੀ ਸਾਰੀ ਖਲਕਤ ਨੇ ਸੋਢੀ ਖਾਨਦਾਨ ਦੀ ਬਜ਼ੁਰਗ ਮਾਤਾ ਭਗਵਾਨ ਕੌਰ ਦੀਆਂ ਮਿੰਨਤਾਂ ਕਰ ਕੇ ਖੁਦਵਾਇਆ ਸੀ। ਦਿਆਲੂ ਕ੍ਰਿਪਾਲੂ ਸੁਭਾਅ ਦੀ ਉਸ ਮਾਤਾ ਨੇ ਵੀ ਪੂਰੀ ਰੀਝ ਨਾਲ ਲੋਕਾਈ ਦੀ ਮੰਗ ਪੂਰੀ ਕੀਤੀ।

ਖੂਹ ਦੀ ਫੁੱਟ ਕੁ ਉੱਚੀ ਮੌਣ ਅਤੇ ਆਲੇ-ਦੁਆਲੇ ਸੀਮਿੰਟ ਨਾਲ ਲਿੱਪਿਆ ਗੋਲ ਦਾਇਰਾ ਬਣਵਾਇਆ। ਗੋਲ ਦਾਇਰੇ ਵਿੱਚ ਗੋਲਾਕਾਰ ਤਿੰਨ-ਚਾਰ ਚਲ੍ਹੇ ਬਣਵਾਏ। ਮੌਣ ਉੱਪਰ ਤਿੰਨ ਥਮਲੇ ਬਣਾ ਕੇ ਉੱਪਰ ਛੇ-ਭੁਜੀ ਆਕਾਰ ਦੀ ਲੈਂਟਰ ਵਾਲੀ ਛੱਤ ਪੁਆਈ। ਬੀਬੀਆਂ ਦੇ ਨਹਾਉਣ ਵਾਸਤੇ ਇੱਕ ਪਾਸੇ ਦਰਵਾਜ਼ੇ ਵਾਲਾ ਖੁਰਾ ਬਣਵਾਇਆ। ਆਂਢ-ਗੁਆਂਢ ਦੇ ਪਿੰਡਾਂ ਵਾਲੇ ਲੋਕ ਇਸ ਖੂਹ ਨੂੰ ਦੇਖਣ ਆਏ ਅਸ਼ ਅਸ਼ ਕਰ ਉੱਠਦੇ! ਕੰਨਾਂ ਵਿੱਚ ਰਸ ਘੋਲਦਾ ਲਾਲ ਚੰਦ ਯਮਲੇ ਦਾ ਮਿੱਠਾ ਜਿਹਾ ਗਾਉਣ ਤਾਂ ਅਸੀਂ ਨਿੱਕੇ ਹੁੰਦੇ ਵੀ ਸੁਣਦੇ ਹੁੰਦੇ ਸਾਂ,

ਜੰਗਲ ਦੇ ਵਿੱਚ ਖੂਹਾ ਲਵਾ ਦੇ
ਉੱਤੇ ਲਵਾ ਦੇ ਡੋਲ
,
ਸਖੀਆ ਨਾਮ ਸਾਈਂ ਦਾ ਬੋਲ।

ਪਰ ਮਾਤਾ ਭਗਵਾਨ ਕੌਰ ਨੇ ਪੁੰਨ ਦਾ ਇਹ ਕੰਮ ਇਸ ਗੀਤ ਦੇ ਜਨਮ ਤੋਂ ਕਿਤੇ ਪਹਿਲਾਂ ਦਾ ਹੀ ਕੀਤਾ ਹੋਇਆ ਸੁਣਿਆ ਹੈ। ਪਿੰਡ ਵਿੱਚੋਂ ਆਰ-ਪਾਰ ਜਾਂਦੇ ਮੁੱਖ ਰਾਹ ’ਤੇ ਇਹ ਖੂਹ ਸਥਿਤ ਹੋਣ ਕਰ ਕੇ ਹਾਲੀ-ਪਾਲੀ ਆਪਣੇ ਬਲਦਾਂ ਨੂੰ ਇੱਥੇ ਚਲ੍ਹਿਆਂ ਵਿੱਚ ਹੀ ਪਾਣੀ ਪਿਆਉਂਦੇ ਹੁੰਦੇ ਸਨ। ਦਰਿਆ ਵੱਲ ਨੂੰ ਚੁਗਣ ਵਾਸਤੇ ਛੱਡਿਆ ਜਾਂਦਾ ਸਾਡੇ ਪਿੰਡ ਦਾ ਸਾਰਾ ਵੱਗ ਵੀ ਇੱਥੇ ਪਾਣੀ ਪੀਂਦਾ ਹੁੰਦਾ ਸੀ। ਸ਼ਾਮ ਸਵੇਰੇ ਲੱਜਾਂ ਡੋਲ ਖੜਕਦੇ, ਕੁੜੀਆਂ-ਕੱਤਰੀਆਂ ਦੇ ਹਾਸੇ ਗੂੰਜਦੇ। ਘੁੰਮਦੀਆਂ ਘਿਰਲੀਆਂ ਦੀ ‘ਘੀਂ ਘੀਂ, ਚੀਂ ਚੀਂ’ ਦਾ ਸੰਗੀਤ ਉੱਥੇ ਕੁੜੀਆਂ-ਚਿੜੀਆਂ ਦੀ ਹਾਜ਼ਰੀ ਦਾ ਸੰਕੇਤ ਦਿੰਦਾ ਰਹਿੰਦਾ। ਸਕੂਲੋਂ ਆਉਂਦੇ-ਜਾਂਦੇ ਅਸੀਂ ਚਲ੍ਹਿਆਂ ਦੇ ਗੰਦੇ-ਮੰਦੇ ਪਾਣੀ ਵਿੱਚ ਫੱਟੀਆਂ ਧੋ ਕੇ ਗਾਚਨੀ ਨਾਲ ਪੋਚਦੇ। ਕਦੇ ਕਦੇ ਇੱਲਤਾਂ ਕਰਦਿਆਂ ਮੌਣ ’ਤੇ ਖਲੋ ਕੇ ਖੂਹ ਵਿੱਚ ਝਾਕ ਕੇ ‘ਹੂਅ-ਹੂਅ’ ਵੀ ਕਰਦੇ। ਮੈਂਨੂੰ ਯਾਦ ਹੈ ਕਿ ਮੌਣ ਤੋਂ ਪੰਜ-ਛੇ ਕੁ ਫੁੱਟ ਹੇਠਾਂ ਬਣੇ ਹੋਏ ਆਲੇ ਜਿਹੇ ਵਿੱਚ ਪੱਥਰ ਦੀ ਸਲੇਟ ਲੱਗੀ ਹੁੰਦੀ ਸੀ ਜਿਸਦੇ ਉੱਪਰ ਗੁਰਮੁਖੀ ਦੇ ਜੁੜਵੇਂ ਅੱਖਰਾਂ ਵਿੱਚ ਤਿੰਨ-ਚਾਰ ਕੁ ਸਤਰਾਂ ਲਿਖੀਆਂ ਹੁੰਦੀਆਂ ਸਨ। ਅਸੀਂ ਇੱਕ-ਦੂਜੇ ਨਾਲ ਜ਼ਿਦ-ਜ਼ਿਦ ਕੇ ਤੇ ਔਖੇ ਹੋ-ਹੋ ਕੇ ਕਾਲੇ ਅੱਖਰਾਂ ਵਿੱਚ ਲਿਖੀ ਹੋਈ ਉਹ ਇਬਾਰਤ ਪੜ੍ਹਨ ਦੀ ਕੋਸ਼ਿਸ਼ ਕਰਦੇ। ਕੁਝ ਖੂਹ ਵਿੱਚ ਹਨ੍ਹੇਰਾ ਹੋਣ ਕਾਰਨ, ਤੇ ਕੁਝ ‘ਲੜੀਵਾਰ’ ਲਿਖਣ ਦੀ ਪੁਰਾਤਨ ਸ਼ੈਲੀ ਉਦੋਂ ਪੜ੍ਹਨ ਦੀ ਸੋਝੀ ਨਾ ਹੋਣ ਕਰ ਕੇ, ਅਸੀਂ ਸਾਰਾ ਜ਼ੋਰ ਲਾ ਕੇ ਵੀ ਸਿਰਫ ਮਾਤਾ ਜੀ ਦਾ ਅੱਧ-ਪਚੱਧਾ ਨਾਂ ਹੀ ਉਠਾਲ ਸਕਦੇ। ਇਸ ਤੋਂ ਅੱਗੇ ਸਾਡੇ ਕੁਝ ਪੱਲੇ ਨਾ ਪੈਂਦਾ।

ਤਬਦੀਲੀ ਆਖੋ ਜਾਂ ਵਿਕਾਸ, ਖੂਹਾਂ ਦਾ ਵਿਨਾਸ਼ ਹੋ ਗਿਆ ਤੇ ਨਲਕੇ ਆ ਗਏ। ਸਾਡੇ ਦੇਖਦਿਆਂ-ਦੇਖਦਿਆਂ ਇੱਕ ਲੱਤ ਭਾਰ ਖੜ੍ਹੇ ਵਿਚਾਰੇ ਨਲਕੇ ਵੀ ਖੁੱਡੇ ਲਾਈਨ ਲੱਗਣ ਨੂੰ ਫਿਰਦੇ ਹਨ। ਖੇਤੀ ਦੀ ਸਿੰਜਾਈ ਵਾਸਤੇ ਬੰਬੀਆਂ-ਮੋਟਰਾਂ ਲੱਗ ਗਈਆਂ, ਪਰ ਖੂਹ ਸਾਡੇ ਸੱਭਿਆਚਾਰ ਵਿੱਚ ਇੰਜ ਖੂਹ ਵਾਂਗ ਹੀ ਡੂੰਘਾ ਧਸਿਆ ਹੋਇਆ ਹੈ ਕਿ ਖੇਤਾਂ ਵਿਚਲੇ ਖੂਹ ਭਾਵੇਂ ਪੂਰੇ ਜਾ ਚੁੱਕੇ ਹਨ, ਪਰ ਪਿੰਡਾਂ ਵਿੱਚ ਹਾਲੇ ਵੀ ‘ਖੂਹ ’ਤੇ ਜਾਣਾ’ ਹੀ ਆਖਿਆ ਜਾਂਦਾ ਹੈ। ਬੰਬੀਆਂ-ਸਬਮਰਸੀਬਲ ਟਿਊਬਵੈੱਲ ਸਾਰਾ ਜ਼ੋਰ ਲਾ ਕੇ ਵੀ ਖੂਹ ਦੇ ਨਾਮ ਨੂੰ ਹੜੱਪ ਨਹੀਂ ਕਰ ਸਕੇ!

‘ਜਿਤ ਆਸਣ ਹਮ ਬੈਠੇ ਕੇਤੇ ਬੈਸ ਗਏ’ ਵਾਲੇ ਬਾਬੇ ਫਰੀਦ ਦੇ ਬੋਲਾਂ ਮੁਤਾਬਕ ਇਸ ਖੂਹ ’ਤੇ ਪਤਾ ਨਹੀਂ ਕਿੰਨੀ ਕੁ ਦੁਨੀਆਂ ਆਪੋ-ਆਪਣੀ ਪਿਆਸ ਬੁਝਾ ਕੇ ਗਈ ਹੋਵੇਗੀ। ਖੂਹ ਦੀ ਮੌਣ ਉੱਪਰ ਪਤਾ ਨਹੀਂ ਕਿੰਨੀਆਂ ਕੁ ਧੀਆਂ-ਧਿਆਣੀਆਂ, ਸੱਜ ਵਿਆਹੀਆਂ ਜਾਂ ਬੁੱਢੀਆਂ ਮਾਈਆਂ ਨੇ ਆਪਣੇ ਪੱਬ ਧਰ ਧਰ ਕੇ ਪਾਣੀ ਦੇ ਘੜੇ ਘਰੋਟੀਆਂ ਭਰੇ ਹੋਣਗੇਕਿਸ ਕਿਸ ਬੰਦੇ ਨੇ ਖੂਹ ਵਿੱਚ ਡੋਲ ਫਰਾਹੇ ਹੋਣਗੇ ਪਰ ਇਸ ਖੂਹ ਨਾਲ ਜੁੜੀਆਂ ਦੋ ਘਟਨਾਵਾਂ ਦਾ ਜ਼ਿਕਰ ਸਾਡੇ ਪਿੰਡ ਜੁੜਦੀ ਹਰ ਖੁੰਢ ਚਰਚਾ ਵਿੱਚ ਕਦੇ ਕਦਾਈਂ ਹੁੰਦਾ ਰਹਿੰਦਾ ਹੈ।

ਪਹਿਲੀ, ਮੇਰੇ ਸੁਰਤ ਸੰਭਾਲਣ ਤੋਂ ਵੀ ਕਿਤੇ ਪਹਿਲੇ ਵੇਲਿਆਂ ਦੀ ਸੁਣੀਂਦੀ ਹੈ। ਕਹਿੰਦੇ ਨੇ, ਇੱਕ ਸ਼ਾਮ ਸੂਰਜ ਛਿਪਦੇ ਹੀ ਪਾਣੀ ਭਰਨ ਆਈਆਂ ਕੁੜੀਆਂ-ਬੁੜ੍ਹੀਆਂ ਦਾ ਖੂਹ ਦੁਆਲੇ ਝੁਰਮਟ ਪੈ ਗਿਆ। ਇੱਕ ਮਾਈ ਨੇ (ਮੈਂਨੂੰ ਉਸ ਦਾ ਨਾਮ ਵਿਸਰ ਗਿਆ ਹੈ, ਉਸ ਨੂੰ ਅਸੀਂ ‘ਬੋਬੋ’ ਭਾਵ ਦਾਦੀ ਕਹਿ ਕੇ ਬੁਲਾਉਂਦੇ ਹੁੰਦੇ ਸਾਂ) ਜਿਉਂ ਹੀ ਮੌਣ ’ਤੇ ਗੱਡੇ ਹੋਏ ਘਿਰਲੇ ਵਾਲੇ ਸਤਾਂਗੜ ਉੱਤੇ ਪੱਬ ਦਾ ਭਾਰ ਪਾ ਕੇ ਭਰੀ ਹੋਈ ਬਾਲਟੀ ਉੱਪਰ ਵੱਲ ਖਿੱਚੀ, ਸਣੇ ਸਤਾਂਗੜ, ਲੱਜ-ਬਾਲਟੀ ਬੁੜ੍ਹੀ ਖੂਹ ਵਿੱਚ ਧੜੰਮ ਜਾ ਡਿੱਗੀ ਕਿਉਂਕਿ ਸਤਾਂਗੜ ਦੀ ਲੱਕੜੀ ਨੂੰ ਘੁਣ ਲੱਗਾ ਹੋਇਆ ਸੀ। ਉਹ ਜੜ੍ਹੋਂ ਹੀ ਉੱਖੜ ਗਿਆ। ਸਾਰੇ ਪਿੰਡ ਵਿੱਚ ਰੌਲਾ ਪੈ ਗਿਆ। ਫਲਾਣਿਆਂ ਦੀ ਬੁੜ੍ਹੀ ਖੂਹ ਵਿੱਚ ਡਿਗ ਪਈ। ਪਿੰਡ ਦਾ ਜੀਆ-ਜੰਤ ਰੱਸੇ, ਲੱਜਾਂ, ਟੋਕਰੇ ਲੈ ਕੇ ਖੂਹ ਵੱਲ ਭੱਜਾ ਆਇਆ। ਮਾਈ ਦੀਆਂ ਦਰਾਣੀਆਂ-ਜਿਠਾਣੀਆਂ ਅਤੇ ਧੀਆਂ-ਪੁੱਤਾਂ ਨੇ ਰੋਣਾ-ਧੋਣਾ ਸ਼ੁਰੂ ਕਰ ਦਿੱਤਾ।

‘ਹਟੋ ਪਿੱਛੇ, ਹਟੋ ਪਿੱਛੇ’ ਕਰਦਾ ਹੋਇਆ ਸਾਡੇ ਪਿੰਡ ਦਾ ਇੱਕ ਗਾਲੜੀ ਜਿਹੇ ਸੁਭਾਅ ਦਾ ਬੰਦਾ ਅੱਗੇ ਵਧਿਆ। ਉਸ ਨੇ ਪੇਸ਼ਕਸ਼ ਕੀਤੀ ਕਿ ਉਹਨੂੰ ਟੋਕਰੇ ਵਿੱਚ ਬਿਠਾ ਕੇ ਖੂਹ ਵਿੱਚ ਫਰਾਹੋ, ਉਹ ਮਾਈ ਨੂੰ ਕੱਢ ਲਿਆਏਗਾ। ਮੋਟੇ ਰੱਸਿਆਂ ਨਾਲ ਟੋਕਰਾ ਬੰਨ੍ਹ ਕੇ ਉਸ ਨੂੰ ਖੂਹ ਵਿੱਚ ਉਤਾਰਿਆ ਗਿਆ। ਸਾਰਾ ਨਗਰ ਬਾਹਰ ਖੜ੍ਹਾ ਮਾਈ ਦੀ ਸਲਾਮਤੀ ਦੀਆਂ ਅਰਦਾਸਾਂ ਕਰਨ ਲੱਗਾ। ਖੂਹ ਵਿੱਚ ਉਤਾਰੇ ਗਏ ਬੰਦੇ ਨੇ ਪਾਣੀ ਦੇ ਤਲ ’ਤੇ ਜਾ ਕੇ ਗੋਤਾ ਮਾਰਿਆ। ਖੂਹ ਦੇ ਥੱਲੜੇ ਗੰਡ ਤਕ ਕਹਿੰਦੇ ਉਸ ਨੇ ਫੋਲਾ-ਫਾਲੀ ਕੀਤੀ। ਲੰਮੀ ਚੁੱਭੀ ਤੋਂ ਬਾਅਦ ਟੋਕਰੇ ਨੂੰ ਹੱਥ ਪਾਉਂਦਿਆਂ ਉਸ ਨੇ ਉੱਪਰ ਖੜ੍ਹਿਆਂ ਨੂੰ ਉੱਚੀ ਆਵਾਜ਼ ਮਾਰ ਕੇ ਦੱਸਿਆ ਕਿ ਫਲਾਣੀ ਕੌਰ ਤਾਂ ਖੂਹ ਵਿੱਚ ਹੈ ਹੀ ਨਹੀਂ।

ਪਿੰਡ ਦੇ ਬਜ਼ੁਰਗ ਚਟਖਾਰੇ ਲਾ-ਲਾ ਇਹ ਕਿੱਸਾ ਸੁਣਾਉਂਦਿਆਂ ਦੱਸਦੇ ਹੁੰਦੇ ਐ ਕਿ ਉਸ ਦੀ ਇਹ ਗੱਲ ਸੁਣ ਕੇ ਸਾਡੇ ਪਿੰਡ ਦਾ ਬਹੁਤ ਹੀ ਹਿੰਮਤੀ, ਪਰ ਗਾਲ੍ਹ-ਖੰਡਾ (ਗੱਲ ਗੱਲ ’ਤੇ ਗਾਲ੍ਹਾਂ ਕੱਢਣ ਵਾਲਾ ਕੁਰਖਤ ਸੁਭਾਅ ਵਾਲਾ) ਬੁੜ੍ਹਾ ਫੇਰੂ, ਇੱਕ ਦਮ ਆਪਣੇ ਗਲੋਂ ਕੱਪੜੇ ਲਾਹੁੰਦਾ ਹੋਇਆ ਤੀਵੀਂਆਂ ਦੇ ਝੁਰਮਟ ਵੱਲ ਇਸ਼ਾਰਾ ਕਰਦਿਆਂ ਗੱਜਿਆ, “ਮਾਂ ਦਿਓ ਖਸਮੋ, ਆਹ ਸਾਰਾ ‘ਤਮ੍ਹੌੜ’ ਕਹਿੰਦਾ ਕਿ ਉਹ ਸਾਡੇ ਸਾਹਮਣੇ ਖੂਹ ਵਿੱਚ ਡਿੱਗੀ ਐ, ਇਹ … ਸਿੰਹੁ ਕਹਿੰਦੈ ਖੂਹ ਵਿੱਚ ਹੈ ਈ ਨ੍ਹੀਂ … ਉਹਨੂੰ ਫਿਰ ਭੈਣ ਦੇਣਾ ਖੁਆਜਾ ਨਿਗਲ ਗਿਆ?”

ਫਟਾਫਟ ਪਹਿਲੇ ਨੂੰ ਬਾਹਰ ਕੱਢ ਕੇ ਪੀੜ੍ਹੀ ’ਤੇ ਬਹਾ ਕੇ ਫੇਰੂ ਨੂੰ ਉਤਾਰਿਆ ਗਿਆ। ਜਾਂਦਿਆਂ ਹੀ ਉਸ ਨੇ ਡੂੰਘੇ ਪਾਣੀ ਵਿੱਚ ਟੁੱਭੀ ਮਾਰੀ। ਕੁਝ ਪਲਾਂ ਬਾਅਦ ਹੀ ਉਤਲਿਆਂ ਨੇ ਖੂਹ ਵਿੱਚੋਂ ਆਈ ਆਵਾਜ਼ ਸੁਣੀ, “ਖਿੱਚੋ ਖਿੱਚੋ ਬਈ ‘ਤਾਂਹ ਨੂੰ … .ਲੱਭ ਗਈ ਐ … ਕੁਰ!”

ਗੱਲ ਦਾ ਅਗਲਾ ਹਿੱਸਾ ਸ਼ਾਇਦ ਮੰਨਣ ਵਿੱਚ ਆਵੇ ਨਾ, ਪਰ ਇਹ ਦਾਸਤਾਂ ਉਨ੍ਹਾਂ ਸਮਿਆਂ ਦੀ ਹੈ, ਜਦ ਲੋਕਾਂ ਨੂੰ ਹਾਲੇ ਨਾਟਕਾਂ-ਫਿਲਮਾਂ ਦਾ ‘ਪਾਹ’ ਨਹੀਂ ਸੀ ਲੱਗਾਭਾਵ ਉਦੋਂ ਲਗਦੀ ਵਾਹ ਝੂਠ ਫਰੇਬ ਤੋਂ ਗੁਰੇਜ਼ ਕੀਤਾ ਜਾਂਦਾ ਸੀ। ਖਾਸ ਕਰਕੇ ਸਾਂਝੀਆਂ ਮੁਹਿੰਮਾਂ ਜਾਂ ਲੋਕ-ਸੇਵਾ ਵਾਲੇ ਕੰਮਾਂ ਵੇਲੇ। ਇਸ ਲਈ ਇਸ ਨੂੰ ਗੱਪ ਨਹੀਂ ਮੰਨਿਆ ਜਾ ਸਕਦਾ। ਕਹਿੰਦੇ ਨੇ ਜਦੋਂ ਪਿੰਡ ਵਾਸੀ ਫੇਰੂ ਬੁੜ੍ਹੇ ਤੇ ਉਸ ਮਾਈ ਨੂੰ ਉੱਪਰ ਵੱਲ ਖਿੱਚ ਰਹੇ ਸਨ ਤਾਂ ਫੇਰੂ ਦੇ ਹੱਥਾਂ ਵਿੱਚ ਬਲੂੰਗੜੇ ਵਾਂਗ ਫੜੀ ਹੋਈ ਪੀੜ੍ਹੀ ’ਤੇ ਬੈਠੀ ਉਸ ਮਾਈ ਨੇ ਬੇਸੁਰਤੀ ਜਿਹੀ ਵਿੱਚ ਅੱਖ ਪੁੱਟੀ! ਖੁਦ ਨੂੰ ਸਮਾਜੀ ਤੌਰ ’ਤੇ ਪਿੰਡ ਵਿੱਚ ਜੇਠ ਲਗਦੇ ਬੰਦੇ ਦੇ ‘ਇੰਨੀ ਨਜ਼ਦੀਕ’ ਬੈਠੀ ਦੇਖ ਕੇ ਉਹ ਸ਼ਰਮਾਉਂਦੀ ਹੋਈ ਬੁੜ-ਬੁੜਾਈ, “ਆ … .ਓ … .ਪ … .ਪ … ਭਾਈਆ।”

ਕਹਿੰਦੇ, ਇਸੇ ਸ਼ਰਮਿੰਦਗੀ ਦੇ ਮਣਾਂ ਮੂੰਹੀਂ ਭਾਰ ਵਾਲੇ ਅਹਿਸਾਸ ਕਾਰਨ, ਜਿਉਂ ਹੀ ਉਸ ਨੂੰ ਬਾਹਰ ਕੱਢਿਆ ਗਿਆ … ਉਸ ਨੇ ਆਪਣੇ ਗਿੱਲੇ ਕੱਪੜੇ ਛੰਡਕੇ ਅਤੇ ਚਿਹਰੇ ’ਤੇ ਗਿੱਲਾ ਦੁਪੱਟਾ ਖਿੱਚਦੀ ਹੋਈ, ਬਿਨਾਂ ਆਲੇ-ਦੁਆਲੇ ਵੱਲ ਝਾਕਿਆਂ ਅਹੁ ਗਈ, ਅਹੁ ਗਈ।

ਦੂਜੇ ਵਾਕਿਆ ਦੇ ਅਸੀਂ ਚਸ਼ਮਦੀਦ ਗਵਾਹ ਹਾਂ। ਉਸੇ ਖੂਹ ਦੇ ਲਾਗੇ ਵਸਦੇ ਇੱਕ ਘਰ-ਪਰਿਵਾਰ ਵਿੱਚ ਉੱਪਰੋਥਲੀ ਤਿੰਨ-ਚਾਰ ਕੁੜੀਆਂ ਬਾਅਦ ਲੜਕਾ ਪੈਦਾ ਹੋਇਆ। ਮੁੰਡਾ ਸੋਹਣਾ ਸੁਨੱਖਾ ਰੱਜ ਕੇ, ਸਭ ਦੇ ਮਨ ਨੂੰ ਮੋਹਣ ਵਾਲਾ। ਉਸ ਦੇ ਤਿੱਖੇ ਤਿੱਖੇ ਨੈਣ-ਨਕਸ਼ ਦੇਖਦਿਆਂ ਅਸੀਂ ਉਹਦੀ ਤੁਲਨਾ ‘ਮਰਫੀ’ ਰੇਡੀਓ ’ਤੇ ਛਪੀ ਸੁੰਦਰ ਕਾਕੇ ਦੀ ਫੋਟੋ ਨਾਲ ਕਰਦੇ ਹੁੰਦੇ ਸਾਂ।

ਇੱਕ ਦੁਪਹਿਰ ਢਲੀ ’ਤੇ ਮਾਂ-ਬਾਪ ਖੇਤਾਂ ਨੂੰ ਚਲੇ ਗਏ। ਪਿੱਛੋਂ ਕੁੜੀਆਂ ਆਪਣੀਆਂ ਹੋਰ ਸਹੇਲੀਆਂ ਨੂੰ ਨਾਲ ਲੈ ਕੇ ਵਿਹੜੇ ਵਿੱਚ ਖੇਡਣ ਲੱਗ ਪਈਆਂ। ਖੇਡਦੀਆਂ ਖੇਡਦੀਆਂ ਉਹ ਆਪਣੇ ਤਿੰਨ, ਸਾਢੇ ਤਿੰਨ ਕੁ ਸਾਲ ਦੇ ਸੁੱਖਾਂ ਲੱਧੇ ਭਰਾ ਨੂੰ ਨਾਲ ਲੈ ਕੇ ਘਰ ਤੋਂ ਬਾਹਰ ਵੱਲ ਆ ਗਈਆਂ ਤੇ ਖੇਡਣ ਵਿੱਚ ਮਸਤ ਹੋ ਗਈਆਂ। ਅਚਾਨਕ ਇੱਕ ਜਣੀ ਨੇ ਇੱਦਾਂ ਦਾ ਖੜਾਕ ਸੁਣਿਆ, ਜਿੱਦਾਂ ਖੂਹ ਵਿੱਚ ਇੱਟ ਡਿੱਗੀ ਹੋਵੇ। ਉਹਨੇ ਝੱਟ ਆਲੇ-ਦੁਆਲੇ ਨਜ਼ਰ ਦੁੜਾਉਂਦਿਆਂ ਭੈਣਾਂ ਨੂੰ ਪੁੱਛਿਆ, “ਕੁੜੇ, ਸਾਡਾ ਕਾਕਾ ਕਿੱਥੇ ਐ?”

ਕੋਲੋਂ ਲੰਘ ਰਹੇ ਇੱਕ ਬੰਦੇ ਨੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ‘ਮੁੰਡਾ ਡੁੱਬ ਗਿਆ , ਉਏ ਲੋਕੋ ਮੁੰਡਾ ਖੂਹ ਵਿੱਚ ਡਿਗ ਪਿਆ ...’ ਉੱਚੀ ਉਚੀ ਰੌਲਾ ਪਾਇਆ। ਉਸ ਦਾ ਰੌਲਾ ਸੁਣ ਕੇ ਸਾਰਾ ਮੁਲਖਈਆ ਖੂਹ ’ਤੇ ਇਕੱਠਾ ਹੋ ਗਿਆ। ਲਾਗਲੇ ਘਰ ਵਿੱਚ ਸ਼ੇਖੂਪੁਰੀਆ ਤਰਸੇਮ ਮਿਸਤਰੀ ਲੱਕੜੀ ਦਾ ਕੰਮ ਕਰ ਰਿਹਾ ਸੀ। ਸਿਰੇ ਦੇ ਫੁਰਤੀਲੇ ਤਰਸੇਮ ਨੇ ਸਣੇ ਕੱਪੜੀਂ ਖੂਹ ਵਿੱਚ ਛਾਲ ਮਾਰ ਦਿੱਤੀ। ਬੰਦਿਆਂ ਨੇ ਰੱਸਿਆਂ ਨਾਲ ਬੰਨ੍ਹ ਕੇ ਪੀੜ੍ਹੀ ਥੱਲੇ ਨੂੰ ਫਰਾਹੀ। ਥੱਲਿਉਂ ਆਵਾਜ਼ ਆਈ ਕਿ ਮੁੰਡਾ ਲੱਭ ਪਿਆ ਹੈ। ਪਿੰਡ ਦੇ ਦੋ-ਤਿੰਨ ਹੋਰ ਨੌਜਵਾਨ ਗੱਭਰੂ ਫਟਾਫਟ ਆਪਣੇ ਸਾਈਕਲ ਤਿਆਰ ਕਰ ਕੇ ਖੜ੍ਹ ਗਏ ਤਾਂ ਕਿ ਬਿਨਾਂ ਦੇਰ ਕੀਤਿਆਂ ਮੁੰਡੇ ਨੂੰ ਜਾਡਲੇ ਜਾ ਕੇ ਡਾਕਟਰੀ ਸਹਾਇਤਾ ਦਿਵਾਈ ਜਾ ਸਕੇ।

ਤਰਸੇਮ ਦੇ ਦੱਸੇ ਹੋਏ ਤਰੀਕੇ ਅਨੁਸਾਰ ਇੱਕ ਜਨਾਨੀ ਮੁੰਡੇ ਨੂੰ ਆਪਣੇ ਪੱਟਾਂ ’ਤੇ ਮੂੰਧੇ ਮੂੰਹ ਲਿਟਾ ਕੇ, ਸਾਈਕਲ ਦੇ ਕੈਰੀਅਰ ’ਤੇ ਬੈਠ ਗਈ ਅਤੇ ਇਹ ਸਾਈਕਲ ਸਵਾਰ ਵਾਹੋ-ਦਾਹੀ ਜਾਡਲੇ ਡਾਕਟਰ ਮਲਕੀਅਤ ਸਿੰਘ ਦੀ ਦੁਕਾਨ ’ਤੇ ਜਾ ਪਹੁੰਚੇ। ਖੇਤਾਂ ਵਿੱਚ ਕੰਮ ਕਰਦੇ ਮਾਂ-ਬਾਪ ਨੂੰ ਪਤਾ ਲੱਗਿਆ, ਉਹ ਵੀ ਜਾਡਲੇ ਨੂੰ ਭੱਜ ਉੱਠੇ।

ਉਸ ਵੇਲੇ ਸਾਰੇ ਪਿੰਡ ਵਿੱਚ ਸੰਨਾਟਾ ਛਾਇਆ ਹੋਇਆ ਸੀ। ਸੋਢੀਆਂ ਦਾ ਉਹ ਖੂਹ ਲਵਾਉਣ ਵਾਲੀ ਮਾਤਾ ਭਗਵਾਨ ਕੌਰ ਦੀ ਪੋਤੀ ਜਾਂ ਪੜਪੋਤੀ ਨੌਜਵਾਨ ਲੜਕੀ ਬੀਬੀ ਪਾਲੋ ਗੱਲ ਵਿੱਚ ਚੁੰਨੀ ਪਾ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਮੂੰਹ ਕਰ ਕੇ ਅਰਦਾਸ ’ਤੇ ਅਰਦਾਸ ਕਰੀ ਜਾ ਰਹੀ ਸੀ, “ਹੇ ਮੇਰੇ ਪਿਤਾ, ਨੌਂਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ! ਬੱਚਾ ਰਾਜ਼ੀ ਖੁਸ਼ੀ ਆਪਣੇ ਘਰ ਆਵੇ।”

ਇੰਨੇ ਨੂੰ ਜਾਡਲੇ ਗਏ ਸਾਈਕਲ ਸਵਾਰ ਵਾਪਸ ਪਿੰਡ ਆ ਗਏ। ਵਿਹੜੇ ਵਿੱਚ ਅਲਾਣੀ ਮੰਜੀ ’ਤੇ ਫੁੱਲ ਜਿਹੇ ਬੱਚੇ ਦੀ ਲਾਸ਼ ਪਾ ਦਿੱਤੀ ਗਈ। ਡਾਕਟਰ ਦੇ ਕਹੇ ਮੁਤਾਬਕ ਉਹ ਪਾਣੀ ਵਿੱਚ ਅੱਧਾ ਘੰਟਾ ਡੁੱਬਿਆ ਰਿਹਾ ਹੋਣ ਕਰ ਕੇ ਖੂਹ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ। ਬੱਚੇ ਦੀ ਮਾਂ ਜਦ ਦੁਹੱਥੜਾਂ ਮਾਰਦੀ ਹੋਈ ਪੁੱਤ ਦੀ ਲਾਸ਼ ਨਾਲ ਲਿਪਟ ਰਹੀ ਸੀ, ਤਾਂ ਮੁੰਡੇ ਦੀ ਜੇਬ ਵਿੱਚੋਂ ਉਹੀ ਮੱਕੀ ਦੀ ਰੋਟੀ ਦਾ ਚੱਪਾ ਕੁ ਟੁੱਕ ਸਿੱਗਲਿਆ-ਫੁੱਲਿਆ ਹੋਇਆ ਨਿਕਲਿਆ, ਜਿਹੜਾ ਉਹ ਖੇਤਾਂ ਨੂੰ ਜਾਣ ਵਾਲੇ ਚੰਦਰੇ ਸਮੇਂ ਪੁੱਤ ਨੂੰ ਪਰਚਾਉਣ ਲਈ ਦੇ ਗਈ ਸੀ।

****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3225)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author