TarlochanDupalpur7ਇਨ੍ਹਾਂ ਦੋਹਾਂ ਕਹਾਣੀਆਂ ਦੇ ਪਾਤਰ ਅਤੇ ਉਨ੍ਹਾਂ ਦੇ ਕਾਰ-ਵਿਹਾਰ ਮੈਂ ਨੇੜਿਉਂ ਦੇਖੇ ਹੋਏ ਹਨ ...
(ਫਰਵਰੀ 22, 2016)

 

ਕੋਈ ਯਕੀਨ ਕਰੇ ਚਾਹੇ ਨਾ, ਪਰ ਇਨ੍ਹਾਂ ਦੋਹਾਂ ਕਹਾਣੀਆਂ ਦੇ ਪਾਤਰ ਅਤੇ ਉਨ੍ਹਾਂ ਦੇ ਕਾਰ-ਵਿਹਾਰ ਮੈਂ ਨੇੜਿਉਂ ਦੇਖੇ ਹੋਏ ਹਨ। ਇਸ ਕਰਕੇ ਮੈਂ ਯਕੀਨ ਨਾਲ ਲਿਖ ਰਿਹਾ ਹਾਂ ਕਿ ਮਨੋਰੰਜਨ ਦੇ ਨਾਲ-ਨਾਲ ਪਾਠਕਾਂ ਦੀ ਰੂਹ ਵੀ ਜ਼ਰੂਰ ਝੰਜੋੜੀ ਜਾਏਗੀ। ਉਹ ਹੈਰਤ ਨਾਲ ਸੋਚਣਗੇ ਕਿ ਸਾਡੇ ਸਮਾਜ ਵਿੱਚ ਹਾਲੇ ਵੀ ਅਜਿਹਾ ਕੁਝ ਵਾਪਰ ਰਿਹਾ ਹੈ। ਅਸੀਂ, ਸਾਡੇ ਸਾਕ-ਸੰਬੰਧੀ ਜਾਂ ਸਾਡੇ ਜਾਣੂ-ਪਛਾਣੂ ਅਜਿਹੇ ਲੋਕਾਂ ਦੇ ਅੜਿੱਕੇ ਆ ਕੇ ਉਹਨਾਂ ਦੇ ਤੋਰੀ-ਫੁਲਕੇ ਦਾ ਜੁਗਾੜ ਬਣ ਰਹੇ ਨੇ। ਇਹ ਵੀ ਨਹੀਂ ਕਿ ਇਹ ਕੋਈ ਬਾਬੇ ਆਦਮ ਵੇਲੇ ਦੀਆਂ ਹੋਈਆਂ-ਬੀਤੀਆਂ ਕਹਾਣੀਆਂ ਹਨ ਅਤੇ ਇਹ ਵੀ ਮੇਰਾ ਦਾਅਵਾ ਹੈ ਕਿ ਮੈਂ ਕੁਝ ਕੁ ਨਾਂਵਾਂ-ਥਾਂਵਾਂ ਨੂੰ ਬਦਲਣ ਤੋਂ ਇਲਾਵਾ ਇਸ ਲਿਖਤ ਵਿੱਚ ਕਲਪਨਾ ਦੇ ਘੋੜਿਆਂ ਨੂੰ ਬਹੁਤਾ ਭੱਜਣ ਨਹੀਂ ਦਿੱਤਾ। ਜਾਂ ਇੰਜ ਕਹਿ ਲਉ ਕਿ ਆਟੇ ਵਿੱਚ ਸਵਾਦ ਮੁਤਾਬਕ ਹੀ ਲੂਣ ਪਾਇਆ ਹੈ, ਲੂਣ ਵਿੱਚ ਆਟਾ ਨਹੀਂ।

ਪਹਿਲੇ ਕਿੱਸੇ ਦਾ ਪਲਾਟ : ਆਮ ਪੇਂਡੂ ਕਿਸਾਨੀ ਪਰਵਾਰ। ਗੁਜ਼ਾਰੇ ਜੋਗੀ ਖੇਤੀਬਾੜੀ ਕਰ ਰਹੇ ਪਰਵਾਰ ਨੇ ਵੱਡੇ ਲੜਕੇ ਨੂੰ ਰੀਝ ਨਾਲ ਪੜ੍ਹਾਉਣਾ ਜਾਰੀ ਰੱਖਿਆ, ਪਰ ਛੋਟੇ ਨੂੰ ਨੌਵੀਂ ਵਿੱਚੋਂ ਫ਼ੇਲ੍ਹ ਹੋ ਜਾਣ ਤੋਂ ਬਾਅਦ ਸਕੂਲ ਨਹੀਂ ਭੇਜਿਆ। ਬਾਪ ਨੇ ਖੇਤੀ-ਬਾੜੀ ਦੇ ਧੰਦੇ ਵਿੱਚ ਛੋਟੇ ਨੂੰ ਸਾਥੀ ਬਣਾ ਲਿਆ। ਸਕੂਲੋਂ ਜੀਅ ਚੁਰਾਉਣ ਵਾਲਾ ਉਹ ਮੁੰਡਾ ਵੀ ਬੱਧਾ-ਰੁੱਧਾ ਨਹੀਂ, ਸਗੋਂ ਸਕੂਲ ਦਾ ਖਹਿੜਾ ਛੁੱਟਣਦੀ ਖੁਸ਼ੀ ਵਿੱਚ ਜੀਅ-ਜਾਨ ਨਾਲ ਬਾਪ ਦਾ ਹੱਥ ਵਟਾਉਣ ਲੱਗਾ। ਬਾਪ ਤੇ ਪੁੱਤ ਦੋਵੇਂ ਰਾਜ਼ੀ!

ਡਾਕਟਰ ਸਾਹਬਬਣਿਆਂ ਦੇਖਣ ਦੀ ਰੀਝ ਨਾਲ ਮਾਂ-ਬਾਪ ਵੱਡੇ ਮੁੰਡੇ ਨੂੰ ਬੀ ਐੱਸ ਸੀ ਦੀ ਪੜ੍ਹਾਈ ਕਰਵਾ ਰਹੇ ਸਨ। ਪੜ੍ਹਨ ਨੂੰ ਮੁੰਡਾ ਭਾਵੇਂ ਕਾਫੀ ਹੁਸ਼ਿਆਰ ਸੀ, ਪਰ ਘਰ ਦਾ ਅਨਪੜ੍ਹ ਜਿਹਾ ਮਾਹੌਲ ਅਤੇ ਮਾਇਕ ਤੰਗੀ-ਤੁਰਸ਼ੀ ਉਸ ਦੀ ਔਖੀ ਪੜ੍ਹਾਈ ਵਿੱਚ ਅੜਿੱਕਾ ਬਣਨ ਲੱਗੀ। ਉਸਾਰੂ ਦਿਮਾਗ਼ ਵਾਲੇ ਮੁੰਡੇ ਨੇ ਇਸ ਦਾ ਵੀ ਹੱਲ ਕੱਢ ਲਿਆ। ਆਪਣੇ ਪਿੰਡ ਤੋਂ ਸੱਤ-ਅੱਠ ਕੁ ਮੀਲ ਦੀ ਵਿੱਥ ਤੇ ਇੱਕ ਭਾਰੀ ਵੱਸੋਂ ਵਾਲੇ ਪਿੰਡ ਵਿੱਚ ਕਲੀਨਿਕ ਚਲਾ ਰਹੇ ਇੱਕ ਆਰ ਐੱਮ ਪੀ ਡਾਕਟਰ ਨਾਲ ਉਸ ਨੇ ਅੱਟੀ-ਸੱਟੀ ਲਾ ਲਈ। ਕਾਲਜੋਂ ਆ ਕੇ ਅਤੇ ਛੁੱਟੀ ਵਾਲੇ ਦਿਨ ਪਾਹੜੂ ਮੁੰਡਾ ਉਸ ਡਾਕਟਰ ਕੋਲ ਚਲਾ ਜਾਂਦਾ। ਦਿਨਾਂ ਵਿੱਚ ਹੀ ਮੁੰਡੇ ਨੇ ਟੀਕਾ ਲਾਉਣਾ ਵੀ ਸਿੱਖ ਲਿਆ ਅਤੇ ਹੋਰ ਦਵਾ-ਦਾਰੂ ਦਾ ਵੀ ਭੇਤ ਪਾ ਲਿਆ। ਪਹਿਲਾਂ-ਪਹਿਲ ਮਰੀਜ਼ ਉਸ ਨੂੰ ਕੰਪੋਡਰਕਹਿੰਦੇ ਰਹੇ ਤੇ ਥੋੜ੍ਹੇ ਅਰਸੇ ਬਾਅਦ ਹੀ ਉਹ ਛੋਟਾ ਡਾਕਟਰ ਸਾਹਬਬਣ ਗਿਆ।

ਕਲੀਨਿਕ ਤੇ ਜਾਣਾ ਤਾਂ ਸ਼ੁਰੂ ਕੀਤਾ ਸੀ ਉਸ ਨੇ ਆਪਣੇ ਜੇਬ-ਖ਼ਰਚੇ ਲਈ, ਪਰ ਹੌਲੀ-ਹੌਲੀ ਉਸ ਨੂੰ ਪੈਸੇ ਕਮਾਉਣਦਾ ਲਾਲਚ ਪੈ ਗਿਆ। ਇਹ ਲਾਲਚ ਇਸ ਕਦਰ ਵਧ ਗਿਆ ਕਿ ਉਸ ਦੀ ਸਟਡੀ ਦਾ ਨੁਕਸਾਨ ਹੋਣ ਲੱਗਾ। ਇਸੇ ਕਾਰਨ ਉਹ ਸੈਕਿੰਡ ਯੀਅਰ ਵਿੱਚ ਫੇਲ ਹੋ ਗਿਆ। ਫੇਲ ਹੋਣ ਕਾਰਨ ਉਸ ਦਾ ਮਨ ਪੜ੍ਹਾਈ ਪੱਖੋਂ ਉਚਾਟ ਹੋ ਗਿਆ। ਉਸ ਦੇ ਘਰਦਿਆਂ ਨੂੰ ਰੋਜ਼ਾਨਾ ਨਕਦ ਪੈਸੇ ਆਉਂਦੇ ਚੰਗੇ ਲੱਗਦੇ ਸਨ, ਮੁੰਡੇ ਨੂੰ ਤਾਂ ਲੱਗਣੇ ਹੀ ਸਨ। ਗੱਲ ਕੀ, ਉਹ ਹੁਣ ਫੁੱਲ ਟਾਈਮਡਾਕਟਰ ਬਣ ਗਿਆ।

ਕੋਈ ਐਸਾ ਸਬੱਬ ਬਣਿਆ ਕਿ ਆਰ ਐੱਮ ਪੀ ਡਾਕਟਰ ਵਿਦੇਸ਼ ਚਲਾ ਗਿਆ ਤੇ ਜਾਂਦਾ ਹੋਇਆ ਉਹ ਆਪਣੇ ਕਲੀਨਿਕ ਦਾ ਮਾਲਕ ਬਨਾਮ ਵੱਡਾ ਡਾਕਟਰਉਸ ਮੁੰਡੇ ਨੂੰ ਹੀ ਬਣਾ ਗਿਆ। ਇੱਕ ਦਿਨ ਕੀ ਹੋਇਆ, ਕਲੀਨਿਕ ਤੇ ਜਾਂਦੇ ਵਕਤ ਡਾਕਟਰ ਮੁੰਡੇ ਦਾ ਸਕੂਟਰ ਸਲਿੱਪ ਕਰ ਗਿਆ ਤੇ ਉਸ ਦੇ ਕਾਫ਼ੀ ਸੱਟਾਂ ਲੱਗ ਗਈਆਂ। ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਉਸਦੀਆਂ ਲੱਤਾਂ-ਬਾਹਾਂ ਤੇ ਪਲੱਸਤਰ ਲੱਗ ਗਏ। ਬੈੱਡ ਤੇ ਪਏ ਡਾਕਟਰ ਨੇ ਸੋਚਿਆ ਕਿ ਜੇ ਮੇਰਾ ਕਲੀਨਿਕ ਬੰਦ ਰਿਹਾ ਤਾਂ ਗਾਹਕਕਿਸੇ ਹੋਰ ਡਾਕਟਰ ਦੇ ਕੋਲ ਜਾਣ ਲੱਗ ਪੈਣਗੇ। ਉਸ ਨੇ ਇਸ ਚਿੰਤਾ ਵਿੱਚ ਆਪਣੇ ਛੋਟੇ ਭਰਾ ਨੂੰ ਸਮਝਾ-ਬੁਝਾ ਕੇ ਕਲੀਨਿਕ ਤੇ ਭੇਜਣਾ ਸ਼ੁਰੂ ਕਰ ਦਿੱਤਾ।

ਛੋਟਾ ਮੁੰਡਾ ਭਾਵੇਂ ਖੇਤੀ-ਬਾੜੀ ਦੇ ਕੰਮ ਨੇ ਮਧੋਲਿਆ ਹੋਇਆ ਸੀ, ਪਰ ਚੁਸਤ-ਚਲਾਕ ਤੇ ਸਰੀਰਕ ਪੱਖੋਂ ਵੀ ਆਪਣੇ ਮਾੜਚੂ ਜਿਹੇ ਡਾਕਟਰ ਭਰਾ ਨਾਲੋਂ ਕਾਫੀ ਹੁੰਦੜ-ਹੇਲ ਸੀ। ਗੱਲੀਂਬਾਤੀਂ ਤੇਜ਼, ਪਰ ਜ਼ਬਾਨ ਦਾ ਮਿੱਠਾ ਛੋਟਾ ਮੁੰਡਾ ਇੱਕ-ਦੋ ਦਿਨ ਤਾਂ ਆਉਂਦੇ ਮਰੀਜ਼ਾਂ ਨੂੰ ਸੁੱਕੇਹੀ ਮੋੜੀ ਗਿਆ ਕਿ ਡਾਕਟਰ ਠੀਕ ਨਹੀਂ ਹਾਲੇ, ਪਰ ਹੌਲੀ-ਹੌਲੀ ਉਸ ਨੇ ਆਪਣੇ ਭਰਾ ਦੀਆਂ ਦੱਸੀਆਂ ਖ਼ਾਸ-ਖ਼ਾਸ ਜੁਗਤਾਂਵਰਤਦਿਆਂ ਮਰੀਜ਼ ਦੇਖਣੇਸ਼ੁਰੂ ਕਰ ਦਿੱਤੇ।

ਉਹੋ ਗੱਲ ਹੋਈ। ਸ਼ੇਖ ਸਾਅਦੀ ਨੇ ਲਿਖਿਆ ਹੋਇਆ ਹੈ ਕਿ ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ ਹੁੰਦਾ ਤੇ ਜਿਹਦੇ ਕੋਲ ਸ਼ਹਿਦ ਹੋਵੇ, ਉਹਦੇ ਕੋਲ ਕੀੜੀਆਂ ਆਪੇ ਹੀ ਆ ਜਾਂਦੀਆਂ ਹੁੰਦੀਆਂ ਹਨ। ਮਰੀਜ਼ ਨਵੇਂ ਡਾਕਟਰਦਾ ਹੱਥ-ਜੱਸਦੇਖ ਕੇ ਇੰਨੇ ਖੁਸ਼ ਹੋਏ ਕਿ ਹੱਸ-ਹੱਸ ਕਿਹਾ ਕਰਨ, “ਜੀ ਪਹਿਲੇ ਡਾਕਟਰ ਸਾਹਬ ਤਾਂ ਮੂੰਹ ਵਿੱਚ ਹੀ ਗੁਣਨ ਗੁਣਨਜਿਹਾ ਕਰਦੇ ਰਹਿੰਦੇ ਸਨ, ਐਸ ਡਾਕਟਰ ਦੀਆਂ ਤਾਂ ਗੱਲਾਂ ਹੀ ਅੱਧਾ ਦੁੱਖ ਦੂਰ ਕਰ ਦਿੰਦੀਆਂ ਨੇ।

ਸਾਰੀ ਜ਼ਮੀਨ ਠੇਕੇ-ਵਟਾਈ ਤੇ ਦੇ ਕੇ ਪਿੰਡ ਵਿੱਚ ਚਿੱਟੇ ਕੱਪੜੇ ਪਾਈ ਲੰਬੜਦਾਰੀਕਰਦਾ ਫਿਰਦਾ ਉਹਨਾਂ ਦੋਹਾਂ ਡਾਕਟਰਾਂਦਾ ਪਿਉ ਲੋਕਾਂ ਨੂੰ ਹੁੱਬ-ਹੁੱਬ ਦੱਸਦਾ ਹੁੰਦਾ ਸੀ, “ਫਲਾਣੇ ਪਿੰਡ ਚੱਲਦੇ ਸਾਡੇ ਹਸਪਤਾਲਵਿੱਚ ਮਰੀਜ਼ਾਂ ਦੀਆਂ ਲੈਣਾਂਲੱਗੀਆਂ ਰਹਿੰਦੀਆਂ।

**

ਕਿੱਸਾ ਨੰਬਰ ਦੋ ਦਾ ਪਹਿਲਾ ਪਾਤਰ ਵੀ ਇੱਕ ਪੇਂਡੂ ਕਿਸਾਨ ਹੀ ਹੈ, ਜੋ ਆਪਣੀ ਖੇਤੀਬਾੜੀ ਭਾਈਆਂ ਨੂੰ ਸੌਂਪ ਕੇ ਆਸਟਰੇਲੀਆ ਚਲਾ ਗਿਆ ਸੀ। ਮਿਜਾਜ਼ ਜਾਂ ਸੁਭਾਅ ਸਭ ਦਾ ਆਪੋ-ਆਪਣਾ ਹੀ ਹੁੰਦਾ ਹੈ। ਉਹ ਦੇਸੀ ਬੰਦਾ ਭਾਵੇਂ ਕਈ ਸਾਲ ਵਿਦੇਸ਼ ਰਿਹਾ, ਪਰ ਬੱਧਾ-ਰੁੱਧਾ। ਜਦ ਉਸ ਦੇ ਮੁੰਡੇ-ਕੁੜੀਆਂ ਵਿਦੇਸ਼ ਵਿੱਚ ਹੀ ਸੈੱਟ ਹੋ ਗਏ ਤਾਂ ਉਸ ਨੇ ਆਪਣੀ ਪਤਨੀ ਨੂੰ ਆਪਣੇ ਨਾਲ ਪੰਜਾਬ ਜਾ ਕੇ ਰਹਿਣ ਲਈ ਆਖਣਾ ਸ਼ੁਰੂ ਕਰ ਦਿੱਤਾ। ਪਤਨੀ ਐਸੀ ਬਦਲ ਚੁੱਕੀ ਸੀ ਕਿ ਉਹ ਨੱਕ-ਬੁੱਲ੍ਹ ਵੱਟਦਿਆਂ ਇੰਡੀਆ ਡਰਟੀਕਿਹਾ ਕਰੇ। ਪਤੀ-ਪਤਨੀ ਦਾ ਵਾਦ-ਵਿਵਾਦ ਇੱਥੋਂ ਤੱਕ ਵਧ ਗਿਆ ਕਿ ਗੱਲ ਤਲਾਕ ਤੱਕ ਪਹੁੰਚ ਗਈ। ਗੱਲ ਮੁੱਕੀ, ਪਤੀ ਸ੍ਰੀਮਾਨ ਭਰਿਆ ਮੇਲਾਛੱਡ ਕੇ ਆਪਣੇ ਦੇਸ ਪਰਤ ਆਇਆ।

ਹੁਣ ਸਮੱਸਿਆ ਇਹ ਆ ਬਣੀ ਕਿ ਵਿਦੇਸ਼ ਵਿੱਚ ਰਿਹਾ ਹੋਣ ਕਰ ਕੇ ਉਹ ਦੇਹ-ਰੱਖ ਜਿਹਾ ਬਣ ਚੁੱਕਾ ਸੀ। ਪਿੰਡ ਆ ਕੇ ਮਸਰੂਫੀਅਤ ਕਾਹਦੀ ਰੱਖੇ? ਕੋਈ ਨਾ ਕੋਈ ਸ਼ੁਗਲ ਤਾਂ ਬੰਦੇ ਨੂੰ ਚਾਹੀਦਾ ਹੀ ਹੁੰਦਾ ਐ? ਖੇਤੀ ਕਰਨ ਨੂੰ ਉਹਦਾ ਜੀਅ ਨਾ ਮੰਨਿਆ। ਸੋ ਉਸ ਨੇ ਸੋਚ-ਸਾਚ ਕੇ ਸੰਤ ਬਣਨਦਾ ਫੈਸਲਾ ਕਰ ਲਿਆ। ਅਸਲ ਵਿਚ ਸੰਤ-ਗੀਰੀ ਅਪਣਾਉਣ ਦਾ ਸਿਰਫ਼ ਫੈਸਲਾ ਹੀ ਕਰਨਾ ਹੁੰਦਾ ਹੈ। ਕਿਸੇ ਨੂੰ ਸੰਤ ਬਣਾਉਣਦੀ ਸੇਵਾਤਾਂ ਸਾਡੇ ਅੰਧ-ਵਿਸ਼ਵਾਸੀ ਭੈਣ-ਭਰਾ (ਖ਼ਾਸ ਕਰ ਕੇ ਭੈਣਾਂ) ਆਪੇ ਹੀ ਕਰ ਦਿੰਦੇ ਹਨ।

ਥੋੜ੍ਹੀ ਹਿਚਕਚਾਹਟ ਤੋਂ ਬਾਅਦ ਉਸ ਨੇ ਪਜਾਮਾ ਉਤਾਰ ਕੇ ਲੱਤਾਂ ਨੰਗੀਆਂ ਕਰ ਲਈਆਂ। ਦੂਸਰਾ ਕੰਮ ਇਹ ਕੀਤਾ ਕਿ ਨੋਕਦਾਰ ਪੱਗ ਨੂੰ ਗੋਲ ਕਰ ਲਿਆ। ਬੱਸ, ਉਸ ਦਾ ਇਹ ਸਰੂਪਦੇਖ ਕੇ ਸੰਗਤਾਂ ਨੇ ਉਸ ਨੂੰ ਆਸਟਰੇਲੀਆ ਵਾਲੇ ਸੰਤਵਜੋਂ ਮਾਨਤਾਦੇ ਦਿੱਤੀ। ਲਾਇਆ ਤਾਂ ਉਸ ਨੇ ਝਕਦੇ-ਝਕਦੇ ਨੇ ਤੁੱਕਾਹੀ ਸੀ, ਪਰ ਉਹ ਦਿਨਾਂ-ਮਹੀਨਿਆਂ ਵਿੱਚ ਹੀ ਸ਼ੂਕਦਾ ਤੀਰਬਣ ਗਿਆ।

ਆਪਣੇ ਡੇਰੇ ਦੀ ਸ਼ੁਰੂਆਤ ਤਾਂ ਉਸ ਨੇ ਇੱਕ-ਦੋ ਸਧਾਰਨ ਜਿਹੇ ਕਮਰਿਆਂ ਨਾਲ ਹੀ ਕੀਤੀ ਸੀ, ਪਰ ਸ਼ਰਧਾਲੂਆਂ ਨੇ ਉਸ ਡੇਰੇ ਨੂੰ ਵਿਸ਼ਾਲ ਤੇ ਆਲੀਸ਼ਾਨ ਬਣਾਉਣ ਵਿਚ ਕੋਈ ਕਸਰ ਨਾ ਛੱਡੀ। ਡੇਰੇ ਨੂੰ ਆਉਂਦੀ ਸੜਕ ਤੇ ਲਿਸ਼ਕਦੇ ਅੱਖਰਾਂ ਵਿੱਚ ਰੂਹਾਨੀ ਕੁਟੀਆਸਮੇਤ ਪੂਰੇ ਸਿਰਨਾਵੇਂ ਦੇ, ਵੱਡਾ ਸਾਰਾ ਬੋਰਡ ਗੱਡਿਆ ਗਿਆ। ਉੱਥੇ ਉਹ ਸਭ ਕੁਝਹੋਣ ਲੱਗ ਪਿਆ, ਜੋ ਨਿਖੱਟੂਆਂ ਦੇ ਡੇਰਿਆਂ ਵਿੱਚ ਹੁੰਦਾ ਹੀ ਹੈ। ਕੋਤਰੀਆਂ ਚੱਲ ਪਈਆਂ, ‘ਜਪੁ ਤਪੁ ਸਮਾਗਮਸ਼ੁਰੂ ਹੋ ਗਏ। ਲੈਚੀਆਂ ਪੜ੍ਹ ਕੇਦਿੱਤੀਆਂ ਜਾਣ ਲੱਗੀਆਂ। ਆਪਣੀ ਅਰਧਾਂਗਣੀ ਨੂੰ ਅੱਧ-ਵਾਟੇ ਛੱਡ ਆਉਣ ਵਾਲਾ ਮਹਾਂ-ਪੁਰਖਦੂਸਰਿਆਂ ਨੂੰ ਬਾਂਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਂਹ ਨਾ ਛੋੜੀਐਦਾ ਉਪਦੇਸ਼ ਦੇਣ ਲੱਗ ਪਿਆ। ਕੁਝ ਸਿਆਸੀ ਆਗੂਆਂ ਲਈ ਇਹ ਡੇਰਾ ਵੋਟ ਭੰਡਾਰਵੀ ਬਣ ਗਿਆ।

ਇਸ ਲੇਖ ਦੇ ਪਹਿਲੇ ਕਿੱਸੇ ਦੇ ਦੋ ਜਿਸਮਾਨੀ ਡਾਕਟਰਾਂ ਨੇ ਤਾਂ ਇੱਕ-ਦੂਜੇ ਨਾਲ ਲੱਗ ਕੇ ਹੱਥ ਸਿੱਧੇਕੀਤੇ ਹੀ ਸਨ, ਪਰ ਉਹ ਤੀਸਰਾ ਰੂਹਾਨੀ ਡਾਕਟਰਖ਼ੁਦ-ਬ-ਖ਼ੁਦ ਹੀ ਸ਼ਰਧਾਲੂਆਂ ਦੇ ਦੁੱਖ-ਦਲਿੱਦਰ ਦੂਰ ਕਰਨ ਦੇ ਨਾਲ-ਨਾਲ ਹਰ ਤਰ੍ਹਾਂ ਦੀਆਂ ਮਨੋਕਾਮਨਾਵਾਂ ਵੀ ਪੂਰੀਆਂ ਕਰਨਲੱਗ ਪਿਆ।

ਦੋ ਜਿਸਮਾਨੀ ਤੇ ਇੱਕ ਰੂਹਾਨੀ, ਤਿੰਨਾਂ ਡਾਕਟਰਾਂ ਦਾ ਕਾਰੋਬਾਰ ਚੱਲਦਾ ਮੈਂ ਅੱਖੀਂ ਦੇਖਿਆ ਹੋਇਆ ਹੈ।

*****

(194)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author