TarlochanSDupalpur6ਧਾਰਮਿਕ ਜਾਂ ਸਿੱਖ ਇਤਿਹਾਸ ਬਾਰੇ ਗੱਲਾਂਬਾਤਾਂ ਕਰਦਿਆਂ ਨੂੰ ਛੋਟੀ ਭੂਆ ਨੇ ਝੱਟ ਟੋਕ ਦੇਣਾ, “ਤੁਸੀਂ ਇੱਦਾਂ ਦੀਆਂ ਗੱਲਾਂ ...
(15 ਨਵੰਬਰ 2023)
ਇਸ ਸਮੇਂ ਪਾਠਕ: 442.


ਸਾਡੇ ਭਾਈਆ ਜੀ ਦੀਆਂ ਦੋ ਭੈਣਾਂ ਸਨ
, ਦੋਵੇਂ ਉਨ੍ਹਾਂ ਤੋਂ ਵੱਡੀਆਂਸੋਚ ਕੇ ਹੈਰਾਨੀ ਹੁੰਦੀ ਹੈ ਕਿ ਸਾਡਾ ਦਾਦਾ ਅੰਮ੍ਰਿਤਧਾਰੀ ਅਤੇ ਦਾਦੀ ਬੜੇ ਮਾਣ ਨਾਲ ਖੁਦ ਨੂੰ ਗੁਰਬਾਣੀ ਕੀਰਤਨੀਏਂ ‘ਰਾਗੀਆਂ ਦੀ ਧੀ’ ਕਹਿੰਦੀ ਹੁੰਦੀ ਸੀਸਿੰਘ ਸਭੀਏ ਸਾਡੇ ਬਾਪ ਤੇ ਵੱਡੀ ਭੂਆ, ਦੋਵਾਂ ਨੇ ਰੌਲ਼ਿਆਂ ਤੋਂ ਪਹਿਲਾਂ ਹੀ ਅੰਮ੍ਰਿਤਪਾਨ ਕਰ ਲਿਆ ਸੀ ਪਰ ਅਜਿਹੇ ਧਾਰਮਿਕ ਪ੍ਰਵਾਰ ਵਿੱਚ ਜੰਮੀਂ ਪਲ਼ੀ ਸਾਡੀ ਛੋਟੀ ਭੂਆ ਪਤਾ ਨਹੀਂ ਨਾਸਤਿਕ ਜਿਹੇ ਵਿਚਾਰਾਂ ਦੀ ਕਿਉਂ ਤੇ ਕਿਵੇਂ ਬਣ ਗਈ ਹੋਵੇਗੀ!

ਛੋਟਾ ਹੁੰਦਾ ਮੈਂ ਦੇਖਦਾ ਰਿਹਾਂ ਕਿ ਜਦੋਂ ਕਦੇ ਕਿਤੇ ਦੋਹਾਂ ਭੂਆ ਨੇ ਸਾਡੇ ਘਰੇ ਆਈਆਂ ਹੋਣਾ ਤਾਂ ਵੱਡੀ ਭੂਆ ਤੇ ਭਾਈਆ ਜੀ ਨੂੰ ਆਪਸ ਵਿੱਚੀਂ ਧਾਰਮਿਕ ਜਾਂ ਸਿੱਖ ਇਤਿਹਾਸ ਬਾਰੇ ਗੱਲਾਂਬਾਤਾਂ ਕਰਦਿਆਂ ਨੂੰ ਛੋਟੀ ਭੂਆ ਨੇ ਝੱਟ ਟੋਕ ਦੇਣਾ, “ਤੁਸੀਂ ਇੱਦਾਂ ਦੀਆਂ ਗੱਲਾਂ ਗੁਰਦੁਆਰੇ ਜਾ ਕੇ ਕਰ ਲਿਆ ਕਰੋ! ਭੈਣਾਂ ਭਰਾਵਾਂ ਦੇ ਸਬੱਬੀਂ ਕਿਤੇ ਮੇਲ਼-ਮਿਲ਼ਾਪ ਹੁੰਦੇ ਆ, ਇਸ ਮੌਕੇ ਤਾਂ ‘ਚੱਜ ਦੀਆਂ ਗੱਲਾਂ’ ਕਰ ਲਿਆ ਕਰੋ ਤੁਸੀਂ?”

ਉਹਦੇ ਟੋਕਣ ’ਤੇ ਭਾਈਆ ਜੀ ਨੇ ਹੱਸਦਿਆਂ ਉਹਨੂੰ ਸਿਰਫ ਇੰਨਾ ਹੀ ਕਹਿਣਾ-‘ਬਾਜੀ!’

ਬੜੀ ਸ਼ਰਧਾ ਭਾਵਨਾ ਨਾਲ ਸਾਈਕਲ ’ਤੇ ਕਈ ਵਾਰ ਸ੍ਰੀ ਅੰਮ੍ਰਿਤਸਰ ਦਰਸ਼ਣ ਕਰਨ ਜਾਂਦੇ ਰਹੇ ਸਾਡੇ ਭਾਈਆ ਜੀ ਨੇ ਭੂਆ ਨੂੰ ਕਹਿਣਾ ਕਿ ਬੀਬੀ ਤੈਨੂੰ ਕਿਰਾਏ ਦੇ ਪੈਸੇ ਮੈਂ ਦੇ ਦਿੰਨਾਂ, ਤੂੰ ਵੀ ਸ੍ਰੀ ਅੰਮ੍ਰਿਤਸਰ ਸਾਹਬ ਜਾਇਆ ਇੱਕ ਵਾਰ! ਬਣਾ ਸਵਾਰ ਕੇ ਭੂਆ ਨੇ ਜਵਾਬ ਦੇਣਾ, “ਬੀਰਾ, ਤੂੰ ਮੈਨੂੰ ਪੈਸੇ ਦੇ ਦੇ, ਮੈਂ ਆਪਣੀਆਂ ਕੁੜੀਆਂ ਦੇ (ਸਹੁਰੀਂ) ਜਾ ਆਊਂਗੀ! ਜਿਹੜੇ ਅੰਬਰਸਰ ਜਾਂਦੇ ਰਹਿੰਦੇ ਆ, ਉਹ ਕਿਹੜਾ ਮਰਦੇ ਨੀ ਹੈਗੇ!” ਜੇ ਕਿਤੇ ਉਹਨੂੰ ਭਾਈਆ ਜੀ ਨੇ ਪਾਠ ਕਰਨ ਜਾਂ ਵਾਹਿਗੁਰੂ ਦਾ ਸਿਮਰਨ ਕਰਨ ਲਈ ਕਹਿਣਾ ਤਦ ਵੀ ਉਸਦਾ ਘੜਿਆ ਘੜਾਇਆ ਇਹੋ ਉੱਤਰ ਹੁੰਦਾ ਕਿ ਪਾਠ ਕਰਨ ਵਾਲ਼ੇ ਵੀ ਤਾਂ ਮਰ ਈ ਜਾਂਦੇ ਆ!

ਭਾਈਆ ਜੀ ਨੂੰ ਉਹ ਮੋਹ ਪਿਆਰ ਵੀ ਰੱਜ ਕੇ ਕਰਦੀ ਸੀ ਪਰ ਇਲਾਕੇ ਭਰ ਵਿੱਚ ‘ਗਿਆਨੀ ਜੀ’ ਵਜੋਂ ਸਤਿਕਾਰੇ ਜਾਂਦੇ ਆਪਣੇ ਭਰਾ ਨੂੰ ਇੰਨਾ ਖੁਸ਼ਕ ਤੇ ਠੋਕਵਾਂ ਜਵਾਬ ਵੀ ਉਹ ਪੂਰੀ ਨਿਰਭੈਤਾ ਅਤੇ ਬੇਬਾਕੀ ਨਾਲ ਦੇ ਦਿੰਦੀ ਸੀ!

ਮੈਥੋਂ ਵੱਡੀਆਂ ਭੈਣਾਂ ਹੱਸ ਹੱਸ ਕੇ ਦੱਸਦੀਆਂ ਹੁੰਦੀਆਂ ਕਿ ਕਿਤੇ ਸਿਆਲ਼ ਦੇ ਮੌਸਮ ਵਿੱਚ ਸਾਡੇ ਘਰੇ ਆਈ ਭੂਆ ਨੇ ਇਸ਼ਨਾਨ-ਪਾਨ ਕਰਨ ਲਈ ਤੜਕੇ ਉੱਠੇ ਭਾਈਆ-ਬੀਬੀ ਨੂੰ ਕਹਿਣਾ ਕਿ ਕਿਉਂ ਹੱਡ ਠਾਰਦੇ ਆਂ ਤੁਸੀਂ? ਜੇ ਧੁੱਪ ਚੜ੍ਹੇ ਨਹਾ ਲਊਂਗੇ ਤਾਂ ‘ਰੱਬ ਨਰਾਜ’ ਹੋਣ ਲੱਗਾ ਐ ਤੁਹਾਡੇ ਨਾਲ?

ਮੈਂ ਜਦੋਂ ਨਵਾਂ ਨਵਾਂ ਸਾਈਕਲ ਚਲਾਉਣਾ ਸਿੱਖਿਆ ਤਾਂ ਚਾਅ ਨਾਲ ਫਿਲੌਰ ਲਾਗੇ ਭੂਆ ਦੇ ਪਿੰਡ ਥਲ਼ੇ ਚਲਾ ਗਿਆਬੜੇ ਲਾਡ ਪਿਆਰ ਨਾਲ ਮੇਰਾ ਮੂੰਹ-ਮੱਥਾ ਚੁੰਮਣ ਤੋਂ ਬਾਅਦ ਮੇਰੇ ਸਿਰ ’ਤੇ ਨੀਲੀ ਪੱਗ ਬੱਧੀ ਦੇਖ ਕੇ ਉਹ ਲੱਗ ਪਈ ਭਾਈਆ ਜੀ ਨੂੰ ਖਿਝਣ ਕੋਸਣ! ਅਖੇ ਮੇਰੇ ਭਤੀਜੇ ਨੂੰ ਵੀ ‘ਪੁੱਠੇ ਰਾਹ’ ਤੋਰਨਾ ਚਾਹੁੰਦਾ ਐ ਬੀਰਾ!

ਉਸੇ ਵੇਲੇ ਉਹ ਆਪਣੇ ਮੁੰਡਿਆਂ ਨੂੰ ਲੱਗ ਪਈ ‘ਵਾਜਾਂ ਮਾਰਨ, “ਵੇ ਮੋਹਣਿਆਂ … ਵੇ ਮਿੰਦ੍ਹਰਾ, ਲਿਆਉ ਹੈਥੋਂ ਕੋਈ ਲਾਲ-ਉਣਾਭੀ ਪੱਗ, ਬੰਨ੍ਹੋਂ ਮੇਰੇ ਸੋਹਣੇ ਪੁੱਤ ਦੇ!”

ਮੇਰੀ ਵਾਪਸੀ ’ਤੇ ਭੂਆ ਨੇ ਮੇਰਾ ਝੋਲ਼ਾ ਮੂੰਗਫਲ਼ੀ ਨਾਲ ਭਰ ਦਿੱਤਾ ਤੇ ਨੀਲੀ ਪੱਗ ਹੇਠਾਂ ਗੁੱਬ ਦਿੱਤੀ!

ਇਹੀ ਮੋਹਣ ਅਤੇ ਮਹਿੰਦਰ ਗਭਰੇਟ ਜਿਹੇ ਹੋਏ ਤਾਂ ਦਾੜ੍ਹੀ ਕੱਟਣ ਲੱਗ ਪਏਉੱਥੇ ਗਏ ਹੋਏ ਭਾਈਆ ਜੀ ਨੇ ਦੋਹਾਂ ਜਣਿਆਂ ਨੂੰ ਬਹੁਤ ਦਬਕਿਆਇੱਥੋਂ ਤਕ ਕਹਿ ਦਿੱਤਾ ਕਿ ਇੱਦਾਂ ਦੀ ‘ਬਜਾ ਬਣਾ ਕੇ’ ਨਾਨਕੀਂ ਨਾ ਵੜਿਉ ਉਏ! ਭੂਆ ਕਹਿੰਦੀ, “ਵੇ ਬੀਰਾ ਛੱਡ ਪਰੇ, ਮੁੰਡੇ-ਖੁੰਢੇ ਆ … ਬੜੇ ਹੋ ਕੇ ਆਪੇ ਈ ‘ਸਿੱਖ’ ਬਣ ਜਾਣਗੇ!

ਸੰਨ ਪੈਂਹਠ ਵਿੱਚ ਸਾਡੀ ਦਾਦੀ ਦੇ ਭੋਗ ਵੇਲੇ ਕਰਮਕਾਂਡਾਂ ਤੋਂ ਕੋਹਾਂ ਦੂਰ ਰਹਿਣ ਵਾਲੇ ਭਾਈਆ ਜੀ ਨੇ ਮ੍ਰਿਤਕ ਨਮਿੱਤ ਵਸਤਰ ਭਾਂਡੇ ਬਗੈਰਾ ਨਹੀਂ ਸਨ ਲਿਆਂਦੇ ਪਰ ਭੂਆ ਨੇ ਭਾਈਆ ਜੀ ਨੂੰ ਬੜੇ ਰੋਹਬ ਨਾਲ ਕਹਿ ਦਿੱਤਾ, “ਮੇਰੇ ਨਾਲ ਸਹੁਰਿਆਂ ਤੋਂ ਸਾਡਾ ਸ਼ਰੀਕਾ ਵੀ ਆਇਆ ਹੋਇਆ ਐ, ਮੈਂ ‘ਨੱਕ ਨੀ ਵਢਾਉਣਾ’! ਜਾ ਕੇ ਸੂਟ ਤੇ ਭਾਂਡੇ ਹੁਣੇ ਲੈ ਕੇ ਆ, ਸਾਡੀ ਮਾਂ ਨੇ ਰੋਜ ਰੋਜ ਨੀ ਮਰਨਾ!”

ਭਾਈਆ ਜੀ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਭੋਗ ਤੋਂ ਪਹਿਲਾਂ ਖੜ੍ਹੇ ਪੈਰ ਜਾਡਲੇ ਤੋਂ ਉਕਤ ਸਮਾਨ ਲਿਆਉਣਾ ਪਿਆ ਸੀ!

ਸੰਨ ਉਣਾਸੀ ਵਿੱਚ ਮੇਰੇ ਵਿਆਹ ਮੌਕੇ ਆਈ ਭੂਆ ਨੇ ਕੁੜੀਆਂ, ਵਹੁਟੀਆਂ ਨਾਲ ਘੋੜੀਆਂ-ਸਿੱਠਣੀਆਂ ਗਾ ਗਾ ਅਤੇ ਗਿੱਧਾ ਪਾ ਕੇ ਪੂਰਾ ਅਨੰਦ ਮਾਣਿਆ! ਦੂਜੇ ਤੀਜੇ ਦਿਨ ਜਦੋਂ ਭੂਆ ਹੁਰੀਂ ਵਾਪਸ ਮੁੜਨਾ ਸੀ ਤਾਂ ਮੇਰੀਆਂ ਭੈਣਾਂ ਦੱਸਦੀਆਂ ਕਿ ਅਸੀਂ ਸਵਖਤੇ ਮੂੰਹ-ਹਨੇਰੇ ਨਲ਼ਕਾ ਗੇੜ ਗੇੜ ਬੀਬੀਆਂ ਨੂੰ ਨੁਹਾ ਰਹੀਆਂ ਸਾਂ ਜਦੋਂ ਭੂਆ ਨਲ਼ਕੇ ਹੇਠ ਹੋਈ ਤਾਂ ਰੱਬ ਜਾਣੇ ਉਹ ਭਾਵੁਕ ਕਿਉਂ ਹੋ ਗਈ! ਮੇਰੀਆਂ ਭੈਣਾਂ ਨੂੰ ਕਹਿੰਦੀ, “ਕੁੜੇ ਜਿਊਂਦੀਆਂ ਵਸਦੀਆਂ ਰਹੋ ਭਤੀਜੀਓ … … 'ਵਾਖਰੂ-ਵਾਖਰੂ’ ਮੈਂ ਤਾਂ ਆਪਣੇ ਬਾਬਲ ਦੇ ਵਿਹੜੇ ਵਿੱਚ ਲੱਗੇ ਹੋਏ ਨਲ਼ਕੇ ਹੇਠ ਅੱਜ ਆਹ ਆਖਰੀ ਵਾਰ ਨਹਾ ਲਿਆ ਐ!”

ਉਹੀ ਗੱਲ ਹੋਈ! ਫਰਵਰੀ ਵਿੱਚ ਮੇਰੇ ਵਿਆਹ ਤੋਂ ਚਾਰ ਮਹੀਨੇ ਬਾਅਦ ਜੂਨ ਵਿੱਚ ਸਾਨੂੰ ਥਲ਼ੇ ਪਿੰਡੋਂ ਡਾਕ ਰਾਹੀਂ ਕਾਰਡ ਆਇਆ ਕਿ ਭੂਆ ਸਖਤ ਬਿਮਾਰ ਹੈ ਆ ਕੇ ਮਿਲ਼ ਜਾਉ! ਦੂਜੇ ਦਿਨ ਸਾਝਰੇ ਭਾਈਆ ਜੀ ਬੀਬੀ ਨੂੰ ਨਾਲ ਲੈ ਕੇ ਥਲ਼ੇ ਪਿੰਡ ਜਾ ਪਹੁੰਚੇ

ਕਹਿੰਦੇ ਭੂਆ ਨਿਢਾਲ਼ ਜਿਹੀ ਤਾਂ ਸੀ ਪਰ ਉਸ ਨੂੰ ਸੁਰਤ ਪੂਰੀ ਸੀ! “ਆ ਗਈ ਭਰਜਾਈ?” ਉਸਦੇ ਇੰਜ ਕਹਿਣ ’ਤੇ ਸਾਡੀ ਬੀਬੀ ਉਹਦੇ ਮੂੰਹ ਵਿੱਚ ਅੰਗੂਰ ਘੁੱਟ ਘੁੱਟ ਕੇ ਪਾਉਣ ਲੱਗ ਪਈ! ਦੋ ਤਿੰਨ ਕੁ ਅੰਗੂਰ ਅੰਦਰ ਲੰਘਾਉਣ ਤੋਂ ਬਾਅਦ ਉਸਨੇ ਬੀਬੀ ਦਾ ਹੱਥ ਫੜ ਲਿਆ ਤੇ ਟੁੱਟਵੀਂ ਜਿਹੀ ਵਾਜ਼ ਵਿੱਚ ਉਸ ਨੂੰ ਮਨ੍ਹਾਂ ਕਰਦਿਆਂ ਕਹਿੰਦੀ, “ਭਰਜਾਈ, ਤੂੰ … … ਹੁਣ ਮੇਰਾ ਬੀਰਾ ਪਾਵੇ!”

ਭਾਈਆ ਜੀ ਨੇ ਭੈਣ ਦੇ ਸਿਰ ਹੇਠ ਬਾਂਹ ਦੇ ਕੇ ਉਸ ਨੂੰ ਬੱਚਿਆਂ ਵਾਂਗ ਪੁਚਕਾਰ ਕੇ ਕਿਹਾ, “ਲੈ ਤਾਂ, ਆਪਣੀ ਬੀਬੀ ਭੈਣ ਨੂੰ ਮੈਂ ਅੰਗੂਰ ਖੁਆਉਂਦਾ ਹਾਂ …!”

ਕਹਿੰਦੇ ਭਾਈਆ ਜੀ ਦੇ ਹੱਥੋਂ ਵੀ ਕੁਝ ਕੁ ਅੰਗੂਰ ਮੂੰਹ ਵਿੱਚ ਪੁਆ ਕੇ ਭੂਆ ਨੇ ਆਪਣੇ ਭਰਾ ਨੂੰ ਗਲਵਕੜੀ ਪਾਉਣ ਦੇ ਯਤਨ ਵਜੋਂ ਇੱਕ ਬਾਂਹ ਉੱਤੇ ਨੂੰ ਚੁੱਕੀ ਪਰ ਉਹ ਭਾਈਆ ਜੀ ਦੀ ਦਾਹੜੀ ਤਕ ਹੀ ਪਹੁੰਚ ਸਕੀ ਤੇ ਲੁੜ੍ਹਕ ਕੇ ਮੁੜ ਛਾਤੀ ’ਤੇ ਡਿਗ ਪਈ … …

ਹੰਝੂ ਭਰੀਆਂ ਅੱਖਾਂ ਨਾਲ ਭੂਆ ਦਾ ਸਿਰ ਪਲੋਸਦਿਆਂ ਭਾਈਆ ਜੀ ਦੇ ਮੂੰਹੋਂ ਬੱਸ ਇੰਨਾ ਹੀ ਨਿਕਲ਼ਿਆ, “ਬੀਬੀ … … ਭੈਣੇ ਤੂੰ ਸੌਂ ਗਈ!”

ਭੂਆ ਦੇ ਭੋਗ ਮਗਰੋਂ ਸਾਡੇ ਘਰੇ ਵੀ ਪਿੰਡ ਦੇ ਲੋਕ ਬੀਬੀ-ਭਾਈਆ ਜੀ ਨਾਲ ਅਫਸੋਸ ਕਰਨ ਆਉਂਦੇ ਰਹੇਪਿੰਡ ਦੀਆਂ ਮਾਈਆਂ ਨਾਲ ਭੂਆ ਦੀਆਂ ਗੱਲਾਂ ਕਰਦਿਆਂ ਪਾਕਿਸਤਾਨ ਦੇ ਜ਼ਿਲ੍ਹਾ ਸਰਗੋਧਾ ਤੋਂ ਵਿਆਹੀ ਆਈ ਹੋਈ, ਬਾਣੀ ਦਾ ਪਾਠ ਨਿੱਤਨੇਮ ਨਾਲ ਕਰਨ ਵਾਲੀ ਸਾਡੀ ਬੀਬੀ ਨੇ ਗੱਲ ਸੁਣਾਈ, ਅਖੇ ਇੱਕ ਵਾਰ ਆਪਣੇ ਮੁੰਡੇ ਦੀ ਜੰਜ ਚੜ੍ਹਨ ਤੋਂ ਬਾਅਦ ਬੀਬੀ (ਭੂਆ) ਦੇ ਵਿਹੜੇ ਵਿੱਚ ਕੁੜੀਆਂ-ਵਹੁਟੀਆਂ ਨੇ ਗਿੱਧੇ ਦਾ ਧਮੱਚੜ ਪਾਇਆ ਹੋਇਆ ਸੀ! ਨੱਚ ਨੱਚ ਕੇ ਦੋਹਰੀ ਹੁੰਦੀ ਜਾਂਦੀ ਬੀਬੀ ਮੇਰੇ ਕੋਲ ਆ ਕੇ ਬਾਗੋ ਬਾਗ ਹੁੰਦਿਆਂ ਬੋਲੀ, “ਭਰਜਾਈ! ਇਸ ਵੇਲੇ ਮੈਂ ‘ਸੱਚਖੰਡ’ ਵਿੱਚ ਖੜ੍ਹੀ ਆਂ!”

ਗਿੱਧੇ ਦੇ ਪਿੜ ਨੂੰ ‘ਸੱਚਖੰਡ’ ਕਿਹਾ ਸੁਣ ਕੇ ਸਾਡੀ ਬੀਬੀ ਤੇ ਕਈ ਮਾਈਆਂ ਹੱਸ ਪਈਆਂ ਸਨ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4482)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author