“ਸਾਡੇ ਨਾਲ ਪੰਜਾਬ ਹੀ ਨਹੀਂ ਰੁੱਸਿਆ, ਸਗੋਂ ਸਾਡਾ ਇਤਿਹਾਸ ਵੀ ਰੁੱਸ ਬੈਠਾ ਹੈ! ਇਤਿਹਾਸ ਅਤੇ ...”
(12 ਦਸੰਬਰ 2025)
ਸ੍ਰੀ ਨਨਕਾਣਾ ਸਾਹਿਬ ਦੀ ਗੁਰਧਾਮ ਯਾਤਰਾ ਦੇ ਨਾਂ ਹੇਠ ਪਾਕਿਸਤਾਨ ਗਈ ਸਰਬਜੀਤ ਕੌਰ ਵੱਲੋਂ ਉੱਥੇ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਾ ਕੇ ‘ਨੂਰ ਹੁਸੈਨ’ ਬਣਨ ਵਾਲੀ ‘ਸਿੱਖ ਬੀਬੀ’ ਦੀਆਂ ਖਬਰਾਂ ਦੀ ਹਾਲੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਸੁੱਖਣ ਪੁਰਾ ਪਿੰਡ ਵਿੱਚ ਪਤੀ ਦੀ ਜਾਨ ਲੈਣ ਵਾਲੀ ਡੈਣ ਪਤਨੀ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਕਾਲੀ ਹਨੇਰੀ ਵਾਂਗ ਝੁੱਲ ਗਿਆ, ਜਿਸ ਨੂੰ ਪੜ੍ਹ ਸੁਣ ਕੇ ਦੇਸ਼ ਵਿਦੇਸ਼ ਰਹਿੰਦੇ ਪੰਜਾਬੀਆਂ ਦੇ ਦਿਲਾਂ ਨੂੰ ਡੋਬੂ ਪੈ ਰਹੇ ਹਨ। ਉਨ੍ਹਾਂ ਨੂੰ ਆਪੋ ਆਪਣੇ ਪਰਿਵਾਰਾਂ ਵਿੱਚ ਹੋ ਚੁੱਕੇ ਜਾਂ ਹੋਣ ਵਾਲੇ ਵਿਆਹਾਂ ਉੱਤੇ ‘ਗੰਭੀਰ ਸ਼ੱਕ’ ਹੋਣ ਲੱਗ ਪਿਆ ਹੈ! ਮਹਿਜ਼ ਦੋ ਸਾਲ ਪਹਿਲਾਂ ਹੀ ਵਿਆਹੀ ਗਈ ਪੜ੍ਹੀ ਲਿਖੀ ਅਤੇ ਸੋਹਣੀ ਸੁਨੱਖੀ ਮੁਟਿਆਰ, ਜਿਸਦੇ ਹੱਥਾਂ ਉੱਤੋਂ ਮਹਿੰਦੀ ਦਾ ਰੰਗ ਵੀ ਸ਼ਾਇਦ ਹਾਲੇ ਉੱਤਰਿਆ ਨਾ ਹੋਵੇ ਅਤੇ ਹਾਲੇ ਉਸਨੇ ਸ਼ਗਨਾਂ ਨਾਲ ਪਾਇਆ ਚੂੜਾ ਵੀ ਨਾ ਉਤਾਰਿਆ ਹੋਵੇ! ਮਾਂ-ਪਿਉ, ਭੈਣਾਂ ਭਾਈਆਂ ਨਾਲ ਆਪਣੇ ਇਸ਼ਟ ਸਾਹਮਣੇ ਉਸਨੇ ਜਿਸਦਾ ਲੜ ਫੜਿਆ, ਦੋ ਸਾਲ ਬਾਅਦ ਹੀ ਇਸ ਕਲਜੋਗਣ ਪਤਨੀ ਨੇ ਆਪਣੇ ਸੁਹਾਗ ਦਾ ਖੁਦ ਖੂਨ ਪੀ ਲਿਆ! … ਤੋਬਾ ਤੋਬਾ ਤੋਬਾ!!
ਥਾਮਸ ਫੁਲਰ ਦਾ ਇਹ ਕਥਨ ਇਸ ਅਭਾਗੇ ਪਤੀ ’ਤੇ ਇਨ-ਬਿਨ ਢੁਕ ਗਿਆ,
‘ਵਿਆਹ ਇੱਕ ਅਜਿਹਾ ਨਾਟਕ ਹੈ ਜਿਸ ਵਿੱਚ ਨਾਇਕ ਪਹਿਲੀ ਝਾਕੀ ਵਿੱਚ ਹੀ ਮਾਰਿਆ ਜਾਂਦਾ ਹੈ!’
ਇਸ ਕਲਜੋਗਣ ਪਤਨੀ ਪ੍ਰਤੀ ਭਰਥਰੀ ਹਰੀ ਦੇ ਵੀ ਇਹ ਬੋਲ ਸੱਚੇ ਹੋ ਗਏ,
ਦਾਮ ਕਾਢ ਬਾਘਨ ਲੈ ਆਇਆ
ਮਾਉਂ ਕਹੇ ਮੈਂ ਪੂਤ ਬਿਆਹਿਆ।
ਪੰਜਾਬ ਦੇ ਜਿਸ ਮਾਲਵਾ ਖਿੱਤੇ ਵਿੱਚ ਮੁੱਕਦੇ ਜਾਂਦੇ ਸੰਨ ਪੱਚੀ ਦੇ ਅਖੀਰਲੇ ਮਹੀਨੇ ਇੱਕ ਖੂਨੀ ਪਤਨੀ ਨੇ ਇਹ ਕਹਿਰ ਮਚਾਇਆ ਹੈ, ਉਸੇ ਮਾਲਵੇ ਵਿੱਚ ਲਗ ਭਗ ਇੱਕ ਸਦੀ ਪਹਿਲਾਂ ਇੱਕ ਐਸੀ ਸਤਿਯੁਗੀ ਪਤਨੀ ਵੀ ਹੋਈ ਹੈ, ਜਿਸਦਾ ਪਤੀ ਵਿਆਹ ਕਰਾਉਣ ਤੋਂ ਦੋ ਸਾਲ ਬਾਅਦ ਹੀ ਅਮਰੀਕਾ ਚਲਾ ਗਿਆ ਸੀ ਅਤੇ ਉਹ ਅਠਾਈ ਸਾਲ ਪਤੀਵਰਤਾ ਧਰਮ ਨਿਭਾਉਂਦਿਆਂ ਉਸਨੂੰ ਉਡੀਕਦੀ ਰਹੀ!
ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ ਪਰ ਲਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਪੰਜਾਬੀ ਅੰਨ੍ਹੇ ਵਾਹ ਧੜਾਧੜ ਪ੍ਰਵਾਸ ਕਰਦਿਆਂ ਆਪਣੇ ਪੁਰਖਿਆਂ ਦੀ ਧਰਤੀ ਦਾ ਸਰਾਪ ਲੈ ਰਹੇ ਹਾਂ। ਸਾਡੇ ਨਾਲ ਪੰਜਾਬ ਹੀ ਨਹੀਂ ਰੁੱਸਿਆ, ਸਗੋਂ ਸਾਡਾ ਇਤਿਹਾਸ ਵੀ ਰੁੱਸ ਬੈਠਾ ਹੈ! ਇਤਿਹਾਸ ਅਤੇ ਪੁਰਖਿਆਂ ਦੀ ਸਰਜ਼ਮੀਂ, ਦੋਵੇਂ ਸਾਡੇ ਨਾਲ ਰੁੱਸਣ ਵੀ ਕਿਉਂ ਨਾ, ਜਦੋਂ ਇੱਥੇ ਤੀਹ ਤੀਹ ਕਿੱਲਿਆਂ ਦੇ ਮਾਲਕ ਵੀ ਰੀਸੋ-ਰੀਸੀ ਵਿਦੇਸ਼ ਵਿੱਚ ਜਾ ਵਸੇ ਹਨ? ਸ਼ਾਇਦ ਇਸੇ ਕਰਕੇ ਇਤਿਹਾਸ ਖੁਦ ਨੂੰ ਦੁਹਰਾਉਣ ਦੀ ਬਜਾਏ ਇੱਥੇ ਅਭਾਗੀਆਂ ਅਣਹੋਣੀਆਂ ਵਰਤਾ ਰਿਹਾ ਹੈ।
“ਹਮਾਰੀ ਬੇਹਿਸੀ (ਸੰਵੇਦਨਹੀਣਤਾ) ਜਬ ਹਮਕੋ ਇੱਜ਼ਤ ਦੇ ਨਹੀਂ ਪਾਤੀ
ਹਮ ਅਪਨੇ ਹੀ ਬਜ਼ੁਰਗੋਂ ਕੀ ਨੁਮਾਇਸ਼ ਕਰਤੇ ਰਹਤੇ ਹੈਂ!” ... ਅਨਵਰ ਜਲਾਲਪੁਰੀ।
ਹੁਣ ਗੱਲ ਕਰੀਏ ਬੀਤੀ ਸਦੀ ਵਾਲੀ ਪਤੀਵਰਤਾ ਇੱਕ ਮਲਵੈਣ ਪੰਜਾਬਣ ਪਤਨੀ ਦੀ। ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਉਂ ਦੇ ਪਿੰਡ ਛੱਜਾ ਵਾਲ ਵਿੱਚ 1902 ਸੰਨ ਦੇ ਜੂਨ 21 ਨੂੰ ਜਨਮੇ ਬੱਗਾ ਸਿੰਘ ਸੰਘਾ ਦਾ ਬਿੰਜਲ ਪਿੰਡ ਦੀ ਕੁੜੀ ਬੀਬੀ ਇੰਦ ਕੌਰ (ਮੇਰੇ ਸਵਰਗੀ ਦੋਸਤ ਜਗਜੀਤ ਸਿੰਘ ਥਿੰਦ (ਕਰਮਨ ਸਿਟੀ) ਦੀ ਭੈਣ) ਨਾਲ ਵਿਆਹ ਹੋਇਆ 24 ਜੂਨ 1920 ਵਾਲੇ ਦਿਨ। ਵਿਆਹ ਤੋਂ ਦੋ ਸਾਲ ਬਾਅਦ ਹੀ ਬੱਗਾ ਸਿੰਘ ਸੰਘਾ ਅਮਰੀਕਾ ਚਲਾ ਗਿਆ। ਉੱਥੇ ਹੱਡ ਭੰਨਵੀਂ ਮਿਹਨਤ ਕਰਦਿਆਂ ਅਤੇ ਗੋਰਿਆਂ ਦੀ ਨਫਰਤ ਨਾਲ ਦਸਤਪੰਜਾ ਲੈਂਦਿਆਂ ਉਸਨੇ ਅਮਰੀਕਨ ਨਾਗਰਿਕਤਾ ਪ੍ਰਾਪਤ ਕਰ ਲਈ। ਪਿੱਛੇ ਪਿੰਡ ਰਹਿੰਦੀ ਬੀਬੀ ਇੰਦ ਕੌਰ ਉਸਨੂੰ ਅਜਿਹੇ ਬੈਂਤ ਚਿੱਠੀ ਵਿੱਚ ਲਿਖਕੇ ਆਪਣੇ ਦਿਲ ਦੇ ਵਲਵਲੇ ਭੇਜਦੀ ਰਹਿੰਦੀ,
ਤੁਸਾਂ ਬਿਨਾਂ ਜੋ ਮਰਦ ਜਹਾਨ ਉੱਤੇ,
ਪਿਤਾ ਭਾਈਆਂ ਸਮਾਨ ਮੈਂ ਜਾਣਦੀ ਜੀ।
ਲੱਗੇ ਹੱਥ ਨਾ ਦੂਸਰੇ ਆਦਮੀ ਦਾ,
ਮੈਂ ਤਾਂ ਤੁਸਾਂ ਦੇ ਵਰਤ ਨੂੰ ਧਾਰਦੀ ਜੀ।
ਤੁਸੀਂ ਆਪ ਹੀ ਚਤਰ ਚਲਾਕ ਭਾਰੇ,
ਚੰਗੇ ਮਾੜੇ ਦੀ ਚਾਲ ਨੂੰ ਜਾਣਦੇ ਜੀ।
ਪੇਕੀਂ ਜਿਨ੍ਹਾਂ ਨੇ ਇਸ਼ਕ ਨੂੰ ਦਾਗ਼ ਲਾਇਆ,
ਪੇਕੇ ਸੌਹਰੇ ਨਾ ਉਨ੍ਹਾਂ ਨੂੰ ਸਿਆਣਦੇ ਜੀ।
ਕੋਠੇ ਉੱਤੇ ਚੜ੍ਹਕੇ ਮੈਂ ਨਿੱਤ ਕਰਾਂ ਅਰਦਾਸ,
ਖੈਰ ਤੇਰੀ ਮੈਂ ਦਿਨ ਰਾਤ ਮੰਗਾਂ ਸਵਾਸ ਸਵਾਸ।
ਉਡ ਕਬੂਤਰ ਚਿੱਟਿਆ ਚਿੱਠੀ ਬੰਨ੍ਹਾ ਗਲ,
ਛੇਤੀ ਮਾਰ ਉਡਾਰੀਆਂ ਜਾਵੀਂ ਪ੍ਰੀਤਮ ਵੱਲ।
...
ਚਿੱਤ ਰਹੇ ਪ੍ਰਮਾਤਮਾ ਨਾਲ ਲੱਗਾ,
ਹੱਥਾਂ ਨਾਲ ਕਰ ਛੱਡੀਏ ਕਾਰ ਤਾਂ ਜੀ।
ਜਿਹੜੇ ਵਿੱਚ ਗਰਿਸਤ ਦੇ ਕਰਨ ਭਗਤੀ,
ਪਤੀ ਨੇਕ ਸੁਲੱਖਣੀ ਨਾਰ ਹੈ ਜੀ।
ਆ ਤੂੰ ਦਿਲਬਰ ਮੇਰਿਆ ਕਰਾਂ ਮੈਂ ਨਿੱਤ ਅਰਦਾਸ।
ਘੜੀ ਘੜੀ ਤੇ ਪਲ ਪਲ ਬੱਝ ਰਹੀ ਤੇਰੀ ਆਸ।
ਗਲਤੀ ਜੋ ਹੈ ਖਤ ਮੇਂ ਦਿਲ ਮੇ ਰੱਖੋ ਜਾਨ,
ਬੁਰਾ ਭਲਾ ਨਹੀਂ ਬੋਲਣਾ ਦਾਸੀ ਹੈ ਅਨਜਾਣ।
ਆਪਕੀ ਆਗਿਆ ਕਾਰ ਸਪਤਨੀ...
ਇੰਦ ਕੌਰ।
**
ਇਨ੍ਹਾਂ ਸਾਦੀਆਂ ਪਰ ਮੋਹ-ਪਿਆਰ, ਸਤਿਕਾਰ ਭਰੀਆਂ ਚਿੱਠੀਆਂ ਤੋਂ ਇੱਕ ਪਤੀਵਰਤਾ, ਆਗਿਆਕਾਰ ਅਤੇ ਉੱਚੇ ਆਚਰਣ ਵਾਲੀ ਔਰਤ ਦੀ ਗਵਾਹੀ ਮਿਲਦੀ ਹੈ। ਉਨ੍ਹਾਂ ਸਮਿਆਂ ਵਿੱਚ ਪ੍ਰਦੇਸ ਗਏ ਮਰਦਾਂ ਦੀਆਂ ਨਾਰਾਂ ਆਪਣੇ ਆਪ ਨੂੰ ਕਿਸੇ ਊਜ ਤੋਂ ਕਿਵੇਂ ਬਚਾ ਕੇ ਰੱਖਦੀਆਂ ਸਨ, ਇਹ ਬੀਬੀ ਇੰਦ ਕੌਰ ਦੀਆਂ ਚਿੱਠੀਆਂ ਤੋਂ ਭਲੀ ਭਾਂਤ ਜ਼ਾਹਿਰ ਹੁੰਦਾ ਹੈ। ਬਲਿਹਾਰ ਜਾਈਏ ਉਨ੍ਹਾਂ ਔਰਤਾਂ ਦੇ ਜੋ ਪ੍ਰਦੇਸ ਗਏ ਪਤੀ ਦੀ ਯਾਦ ਵਿੱਚ ਸਾਰੀ ਉਮਰ ਖੁਸ਼ੀ ਖੁਸ਼ੀ ਇਕੱਲਿਆਂ ਗੁਜ਼ਾਰ ਦਿੰਦੀਆਂ ਸਨ।
***
(ਗ਼ਦਰ ਦਾ ਦੂਜਾ ਪੱਖ, ਸਫਾ-249)
ਯਾਦ ਰਹੇ ਉਨ੍ਹਾਂ ਸਮਿਆਂ ਵਿੱਚ ਪੰਜਾਬੀ ਪਤਨੀਆਂ ਆਪਣੇ ਪਤੀਆਂ ਦੇ ਨਾਲ ਅਮਰੀਕਾ ਆ ਕੇ ਖੁਸ਼ ਨਹੀਂ ਸਨ ਕਿਉਂਕਿ ਉਹ ਪੰਜਾਬੀ ਭਾਈਚਾਰੇ ਵਿੱਚ ਰਹਿਣ ਗਿੱਝੀਆਂ ਹੋਈਆਂ ਸਨ। ਉਦੋਂ ਕਈ ਪੰਜਾਬਣ ਪਤਨੀਆਂ ਅਮਰੀਕੀ ਜਨ-ਜੀਵਨ ਤੋਂ ਨਾਖੁਸ਼ ਵਾਪਸ ਪੰਜਾਬ ਚਲੇ ਜਾਂਦੀਆਂ ਸਨ।
ਆਖਰ ਸਤਾਈ ਅਠਾਈ ਸਾਲ ਬਾਅਦ ਸੰਨ 1949 ਦੇ ਅੱਧ ਵਿੱਚ ਬੱਗਾ ਸਿੰਘ ਸੰਘਾ ਸਮੁੰਦਰੀ ਰਸਤੇ ਦੇਸ ਪਹੁੰਚਿਆ। ਜਦੋਂ ਉਹ ਦਿੱਲੀ ਸਥਿਤ ਅਮਰੀਕਨ ਸਫਾਰਤਖਾਨੇ ਵਿੱਚ ਵਾਈਸ ਕੌਂਸਲਰ ਮਿਸਜ਼ ਵਰਜਿਨੀਆਂ ਐਲਸ ਨੂੰ ਮਿਲਿਆ ਅਤੇ ਪੰਜਾਬ ਰਹਿ ਰਹੀ ਆਪਣੀ ਪਤਨੀ ਇੰਦ ਕੌਰ ਲਈ ਵੀਜ਼ੇ ਬਾਰੇ ਪੁੱਛ-ਗਿਛ ਕੀਤੀ ਤਾਂ ਕੌਂਸਲਰ ਮੈਡਮ ਨੇ ਬਹੁਤ ਹੈਰਾਨੀ ਨਾਲ ਸ਼ੰਕਾ ਪ੍ਰਗਟਾਇਆ, “ਮਿਸਟਰ ਸੰਘਾ, ਤੈਨੂੰ ਕਿਵੇਂ ਪਤਾ ਹੈ ਕਿ ਅਠਾਈ ਸਾਲ ਤਕ ਤੁਹਾਡੀ ਪਤਨੀ ਤੁਹਾਡੀ ਉਡੀਕ ਵਿੱਚ ਪਿੰਡ ਬੈਠੀ ਹੈ?”
ਹੋ ਸਕਦਾ ਹੈ ਕਿ ਕੌਂਸਲਰ ਦੇ ਇਸ ਸਵਾਲ ਦੇ ਜਵਾਬ ਵਿੱਚ ਸੰਘਾ ਜੀ ਨੇ ਆਪਣੇ ਧਰਮ, ਇਤਿਹਾਸ ਅਤੇ ਉੱਚੇ ਇਖਲਾਕ ਵਾਲੇ ਸਮਾਜਿਕ ਤਾਣੇਬਾਣੇ ਦੀਆਂ ਮਿਸਾਲਾਂ ਦਿੱਤੀਆਂ ਹੋਣ, ਜਿਨ੍ਹਾਂ ਨੂੰ ਸੁਣਕੇ ਕੌਂਸਲਰ ਨੇ ਕਿਹਾ ਕਿ ਜੇ ਇਹ ਠੀਕ ਹੈ ਤਾਂ ਸਬੰਧਤ ਕਾਗਜ਼-ਪੱਤਰ ਤਿਆਰ ਕਰਕੇ ਆ ਜਾਉ ਤਾਂ ਮੈਂ ਉਸੇ ਵਕਤ ਵੀਜ਼ਾ ਦੇ ਦੇਵਾਂਗੀ!
(ਸ੍ਰੋਤ: ਕਿਤਾਬ ‘ਗ਼ਦਰ ਦਾ ਦੂਜਾ ਪੱਖ’, ਲੇਖਕ-ਡਾਕਟਰ ਗੁਰੂਮੇਲ ਸਿੱਧੂ, ਛਾਪਕ-ਚੇਤਨਾ ਪ੍ਰਕਾਸ਼ਨ ਪੰਜਾਬੀ, ਭਵਨ ਲੁਧਿਆਣਾ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (