“ਸਟੇਜ ’ਤੇ ਬੋਲਦਿਆਂ ਵੀ ਮੈਂ ਇਹ ਚੇਤੇ ਕਰਕੇ ਥੋੜ੍ਹਾ ਉੱਖੜਿਆ ਜਿਹਾ ਰਿਹਾ ਕਿ ਸੰਗਤ ਵਿੱਚ ...”
(15 ਅਪਰੈਲ 2025)
ਸੰਨ 97-98 ਦੇ ਸਮਿਆਂ ਦੀ ਗੱਲ ਹੈ, ਮੈਂ ਉਦੋਂ ਢਾਹਾਂ-ਕਲੇਰਾਂ ਹਸਪਤਾਲ ਵਿੱਚ ‘ਪਬਲਿਕ ਰਿਲੇਸ਼ਨ’ ਵਿਭਾਗ ਵਿੱਚ ਜੌਬ ਕਰਦਾ ਹੁੰਦਾ ਸਾਂ। ਹਸਪਤਾਲ ਵਿੱਚ ਚਲਦੇ ਮਰੀਜ਼ਾਂ ਦੇ ਲੰਗਰ ਵਾਸਤੇ ਅਸੀਂ ਵਾਢੀਆਂ ਦੇ ਦਿਨੀਂ ਇਲਾਕੇ ਵਿੱਚ ਕਣਕ ਦੀ ਉਗਰਾਹੀ ਕਰਿਆ ਕਰਦੇ ਸਾਂ। ਰੋਜ਼ਾਨਾ ਹਸਪਤਾਲ਼ ਦੇ ਕੁਝ ਕਰਮਚਾਰੀ ਸੱਜਣ ਦੋ ਦੋ ਗੋਰਖਿਆਂ ਨੂੰ ਨਾਲ ਲੈ ਕੇ ਵੱਖ ਵੱਖ ਪਿੰਡਾਂ ਵਿੱਚ ਸਵਖਤੇ ਨਿਕਲ਼ ਜਾਂਦੇ। ਮੈਂ ਅਕਸਰ ਆਪਣੇ ਇਲਾਕੇ ਰਾਹੋਂ ਏਰੀਏ ਦੇ ਪਿੰਡਾਂ ਵਿੱਚ ਕਣਕ ਉਗਰਾਹੀ ਲਈ ਆਉਂਦਾ ਸਾਂ। ਘਟਾਰੋਂ ਪਿੰਡ ਰਹਿੰਦਾ ਹੱਦ ਸਿਰੇ ਦਾ ਸ਼ੁਗਲੀ ਸੁਭਾਅ ਇੱਕ ਡਾਕਟਰ, ਜੋ ਇਸ ਇਲਾਕੇ ਵਿੱਚ ਸਿਹਤ ਵਿਭਾਗ ਦੇ ਸਰਕਾਰੀ ਕਰਮਚਾਰੀ ਵਜੋਂ ਬਹੁਤ ਮਕਬੂਲ ਤੇ ਹਰਮਨ ਪਿਆਰਾ ਸੀ, ਮੇਰੇ ਨਾਲ ਨਿਸ਼ਕਾਮ ਸਹਾਇਕ ਵਜੋਂ ਉਗਰਾਹੀ ਕਰਵਾਉਂਦਾ ਹੁੰਦਾ ਸੀ। ਉਹ ਇੰਨਾ ਹਾਜ਼ਰ-ਜਵਾਬ ਤੇ ਲਤੀਫੇਬਾਜ਼ ਸੀ ਕਿ ਕਹਿਰਾਂ ਦੀ ਧੁੱਪ ਵਿੱਚ ਦਰ ਦਰ ਘੁੰਮਦਿਆਂ ਨੂੰ ਵੀ ਸਾਨੂੰ ਭੋਰਾ ਥਕਾਵਟ ਮਲੂਮ ਨਹੀਂ ਸੀ ਹੁੰਦੀ!
ਉਗਰਾਹੀ ਮਿਸ਼ਨ ’ਤੇ ਚੜ੍ਹੇ ਹੋਏ ਅਸੀਂ ਇੱਕ ਦਿਨ ਰਾਹੋਂ ਖੇਤਰ ਦੇ ਭਾਰੇ ਪਿੰਡ ਵਿੱਚ ਵੜੇ ਤਾਂ ਡਾਕਟਰ ਮੋਹਰੇ ਹੋ ਕੇ ਜਿਸ ਘਰ ਦਾ ਵੀ ਦਰਵਾਜਾ ਜਾਂ ਗੇਟ ਖੜਕਾਵੇ, ‘ਪ੍ਰਧਾਨ ਜੀ? ‘ਜਾਂ ‘ਪ੍ਰਧਾਨ ਸਾਹਬ?’ ਕਹਿ ਕੇ ਅਵਾਜ਼ ਮਾਰਿਆ ਕਰੇ!
ਦੁਪਹਿਰ ਕੁ ਤਕ ਤਾਂ ਮੈਂ ਉਹਦਾ ਇਹ ‘ਅਵਾਜਾ’ ਸੁਣੀ ਗਿਆ, ਸੁਣੀ ਗਿਆ। ਹਰੇਕ ਨੂੰ ‘ਪ੍ਰਧਾਨ ਜੀ’ ਸੁਣ ਸੁਣ ਕੇ ਅੱਕੇ ਹੋਏ ਨੇ ਮੈਂ ਡਾਕਟਰ ਨੂੰ ਪਾਸੇ ਜਿਹੇ ਕਰਕੇ ਹੈਰਾਨੀ ਨਾਲ ਪੁੱਛਿਆ, “ਮਾ’ਰਾਜ ਜੀ, ਪਿੰਡਾਂ ਵਿੱਚ ਕੋਈ ਇੱਕ-ਅੱਧ ਬੰਦਾ ਤਾਂ ਕਿਸੇ ਸਭਾ-ਸੋਸਾਇਟੀ ਦਾ ਪ੍ਰਧਾਨ ਹੁੰਦਾ ਐ, ਪਰ ਇਸ ਇੱਕੋ ਪਿੰਡ ਵਿੱਚ ਐਨੇ ਪ੍ਰਧਾਨ? ਕਿਆ ਇਹ ਸਾਰਾ ਪਿੰਡ ‘ਪ੍ਰਧਾਨਾਂ’ ਦਾ ਹੀ ਐ?”
ਕੋਈ ਉੱਤਰ ਦੇਣ ਦੀ ਬਜਾਏ ਉਹ ਮਿੰਨ੍ਹਾ ਜਿਹਾ ਮੁਸਕਰਾ ਕੇ ਕਹਿੰਦਾ, “ਇਹਦਾ ਜਵਾਬ ਵੀ ਦੇ ਦਿੰਨਾ ਤੁਹਾਨੂੰ … …।”
ਦੁਪਹਿਰ ਦੇ ਪ੍ਰਸ਼ਾਦੇ ਪਾਣੀ ਤੋਂ ਬਾਅਦ ਪਿੰਡ ਦੇ ਬਾਕੀ ਰਹਿੰਦੇ ਘਰਾਂ ਵਿੱਚ ਉਗਰਾਹੀ ਮੌਕੇ ਉਹਦੀ ‘ਪ੍ਰਧਾਨ ਸਾਬ੍ਹ, ਪ੍ਰਧਾਨ ਜੀ?’ ਵਾਲੀ ‘ਮੁਹਾਰਨੀ’ ਫਿਰ ਚੱਲੀ ਗਈ। ਜਦੋਂ ਤਿੰਨ ਕੁ ਵਜੇ ਬਾਅਦ ਦਿਨ ਢਲ਼ਿਆ ਤਾਂ ਉਸਨੇ ਪਹਿਲਾਂ ਵਾਂਗ ਹੀ ‘ਪ੍ਰਧਾਨ ਸਾਬ੍ਹ’ ਕਹਿ ਕੇ ਇੱਕ ਘਰ ਦਾ ਦਰਵਾਜਾ ਖੜਕਾਇਆ। ਅੰਦਰੋਂ ਇੱਕ ਕਮਜ਼ੋਰ ਲਿੱਸਾ ਜਿਹਾ ਬੰਦਾ ਨਿਕਲ਼ਿਆ ਤੇ ‘ਆਉ ਜੀ ਡਾਕਟਰ ਸਾਬ੍ਹ।’ ਕਹਿ ਕੇ ਉਹ ਹੱਥ ਜੋੜਦਿਆਂ ਬੋਲਿਆ, “ਭਰਾਵਾ, ਮੈਨੂੰ ਤਾਂ ਕੋਈ ਪਿੰਡ ਦਾ ਚੌਕੀਦਾਰ ਨੀ ਬਣਾਉਂਦਾ! ਮੈਨੂੰ ਕਾਹਨੂੰ ਭਰਦਾਨ ਸਾਬ੍ਹ ਕਹੀ ਜਾਨਾ ਐਂ ਮੁਫਤ ਦਾ?”
ਉਸ ਬੰਦੇ ਨੇ ਬੜੇ ਪ੍ਰੇਮ ਨਾਲ ਸਾਨੂੰ ਚਾਹ-ਪਾਣੀ ਵੀ ਪੁੱਛਿਆ ਤੇ ਸਾਡੀ ਬੋਰੀ ਵਿੱਚ ਦੋ ਪੀਪੇ ਦਾਣਿਆਂ ਦੇ ਉਲੱਦ ਦਿੱਤੇ!
ਉਹਦੇ ਘਰੋਂ ਨਿਕਲ਼ ਕੇ ਬਾਹਰ ਗਲ਼ੀ ਵਿੱਚ ਆਉਂਦਿਆਂ ਡਾਕਟਰ ਮੇਰੇ ਵੱਲ ਨੂੰ ਮੂੰਹ ਕਰਕੇ ਕਹਿੰਦਾ, “ਮਿਲ਼ ਗਿਆ ਜੀ ਜਵਾਬ ਤੁਹਾਨੂੰ ਆਪਣੇ ਸਵਾਲ ਦਾ?”
“ਇਸ ਪਿੰਡ ਵਿੱਚ ਵੱਡੇ ਵੱਡੇ ਮਹਿਲਾਂ ਵਰਗੀਆਂ ਕੋਠੀਆਂ ਵਾਲਿਆਂ ਵਿੱਚੋਂ ਕਿਸੇ ਇੱਕ ਜਣੇ ਨੇ ਵੀ ਆਹ ਭਾਈ ਵਾਲੀ ਗੱਲ ਕਹੀ ਐ?” ਡਾਕਟਰ ਮੈਨੂੰ ਹੋਰ ਖੋਲ੍ਹ ਕੇ ਸਮਝਾਉਂਦਿਆਂ ਕਹਿਣ ਲੱਗਾ, “ਬਾਕੀ ਸਾਰੇ ਮੇਰੇ ਮੂੰਹੋਂ ਆਪਣੇ ਆਪ ਨੂੰ ‘ਪ੍ਰਧਾਨ ਸਾਹਬ’ ਕਿਹਾ ਸੁਣ ਕੇ ਫੁੱਲ ਕੇ ਕੁੱਪਾ ਹੋ ਜਾਂਦੇ ਸਨ! ਇਸੇ ‘ਫੋਕੀ ਪ੍ਰਧਾਨਗੀ’ ਕਰਕੇ ਹੀ ਉਹ ਦੋਂਹ ਦੀ ਬਜਾਏ ਚਾਰ-ਪੰਜ ਪੀਪੇ ਦਾਣਿਆਂ ਦੇ ਪਾਉਂਦੇ ਰਹੇ ਸਾਨੂੰ!”
**
ਮੇਰਾ ਜਲੂਸ ਨਿਕਲਣੋ ਬਚਾਇਆ ਇੱਕ ਬੀਬੀ ਨੇ!
ਬੀਤੇ 24 ਮਾਰਚ ਦੀ ਹੀ ਗੱਲ ਹੈ। ਮੈਂ ਸਵੇਰੇ ਗਿਆਰਾਂ ਕੁ ਵਜੇ ਘਰੋਂ ਤਿਆਰ ਹੋ ਕੇ ਆਪਣੇ ਗਵਾਂਢ ਪਿੰਡ ਸਜਾਵਲ ਪੁਰ (ਜ਼ਿਲ੍ਹਾ ਨਵਾਂ ਸ਼ਹਿਰ) ਜਾ ਪਹੁੰਚਾ, ਜਿੱਥੇ ਇੰਗਲੈਂਡ ਤੋਂ ਆਪਣੇ ਪਿੰਡ ਆਏ ਹੋਏ ਮੇਰੇ ਦੋਸਤ ਸਰਦਾਰ ਓਂਕਾਰ ਸਿੰਘ ਵੱਲੋਂ ਰਖਾਏ ਅਖੰਡ ਪਾਠ ਦੇ ਭੋਗ ਉਪਰੰਤ ਢਾਡੀ ਸਿੰਘ ਵਾਰਾਂ ਗਾ ਰਹੇ ਸਨ। ਗੁਰਦੁਆਰਾ ਸਾਹਿਬ ਦੀ ਛੱਤ ਉੱਪਰ ਸਮਾਗਮ ਚੱਲ ਰਿਹਾ ਸੀ, ਹੇਠਾਂ ਚਾਹ-ਪਾਣੀ ਦਾ ਇੰਤਜ਼ਾਮ।
ਗੇਟ ਵੜਦਿਆਂ ਹੀ ਇੱਕ ਸੱਜਣ ਨੇ ਮੈਨੂੰ ਪਹਿਲਾਂ ਚਾਹ ਛਕਣ ਲਈ ਕਿਹਾ। ਜਦੋਂ ਮੈਂ ਟੇਬਲ ਤੋਂ ਪਲੇਟ ਚੁੱਕਣ ਲੱਗਾ ਤਾਂ ਇੱਕ ਬੀਬੀ ਮੇਰੇ ਵੱਲ ਦੇਖ ਕੇ ਮਿੰਨ੍ਹਾ ਜਿਹਾ ਹੱਸੀ ਤੇ ਪਰੇ ਨੂੰ ਚਲੇ ਗਈ! ਮੈਂ ਸੋਚਾਂ ਕਿ ਜਿਸ ਦੋਸਤ ਦਾ ਇਹ ਸਮਾਗਮ ਹੈ, ਇਹ ਬੀਬੀ ਉਹਦੀ ਘਰ ਵਾਲੀ ਤਾਂ ਹੈ ਨਹੀਂ, ਕਿਉਂਕਿ ਅਸੀਂ ਇੱਕ ਦੂਜੇ ਦੇ ਪ੍ਰਵਾਰਾਂ ਤੋਂ ਵਾਕਫ ਹਾਂ। ਫਿਰ ਇਹ ਬੀਬਾ ਜੀ ਕੌਣ ਹੋਣਗੇ ਤੇ ਮੇਰੇ ਵੱਲ ਨਜ਼ਰ ਜਿਹੀ ਮਾਰ ਕੇ ਹੱਸੇ ਕਿਉਂ ਹੋਣਗੇ?
ਇਵੇਂ ਹੀ ਇੱਕ ਵਾਰ ਫਿਰ ਉਸਨੇ ਮੇਰੇ ਵੱਲ ਆਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਸ਼ੱਕੀ ਜਿਹੀਆਂ ਨਜ਼ਰਾਂ ਮਾਰ ਕੇ ਪਿੱਛੇ ਨੂੰ ਪਰਤ ਗਈ।
ਉਲਝਣ ਜਿਹੀ ਵਿੱਚ ਪਿਆ ਹੋਇਆ ਪਲੇਟ ਵਿੱਚ ਪਕੌੜੇ ਰੱਖ ਕੇ ਜਦੋਂ ਮੈਂ ਚਾਹ ਦਾ ਕੱਪ ਭਰ ਰਿਹਾ ਸਾਂ ਤਾਂ ਉਸੇ ਬੀਬੀ ਨੇ ਪਿੱਛਿਉਂ ਆ ਕੇ ਮੇਰੀ ਕੂਹਣੀ ’ਤੇ ਪੋਲਾ ਜਿਹਾ ਹੱਥ ਮਾਰਿਆ।
“ਸਤਿ ਸ੍ਰੀ ਅਕਾਲ ਭੈਣ ਜੀ।” ਮੇਰੀ ਬੁਲਾਈ ਫਤਹਿ ਨੂੰ ਅਣਗੌਲ਼ਿਆ ਜਿਹਾ ਕਰਕੇ ਉਹ ਬੀਬੀ ਕਹਿੰਦੀ, “ਭਾਅ ਜੀ, ਮਾਈਂਡ ਨਾ ਕਰਿਉ, ਆਪਣੀ ਕਮੀਜ਼ ਦੇ ਬਟਨ ਠੀਕ ਕਰ ਲਵੋ।”
ਸ਼ਰਮਿੰਦਾ ਹੁੰਦਿਆਂ ਮੈਂ ਫਟਾਫਟ ਇੱਕ ਖੂੰਜੇ ਜਿਹੇ ਵਿੱਚ ਜਾ ਕੇ ਆਪਣੀ ਪੈਂਟ ਦੀ ਜ਼ਿੱਪ ਦੇਖੀ! ਇਹ ਸੋਚਦਿਆਂ ਕਿ ਉਸ ਬੀਬੀ ਨੇ ‘ਲੇਡੀ’ ਹੋਣ ਨਾਤੇ ਮੈਨੂੰ ਜ਼ਿੱਪ ਦੀ ਜਗ੍ਹਾ ‘ਸੱਭਿਅਕ ਇਸ਼ਾਰੇ’ ਨਾਲ ‘ਬਟਨ ਠੀਕ’ ਕਰਨ ਲਈ ਕਿਹਾ ਹੋਣਾ ਹੈ।
ਪਰ ਜ਼ਿੱਪ ਠੀਕਠਾਕ ਦੇਖ ਕੇ ਜਦੋਂ ਮੈਂ ਆਪਣੀ ਕਮੀਜ਼ ਦੇ ਬਟਨਾਂ ਵੱਲ ਧਿਆਨ ਮਾਰਿਆ ਤਾਂ ਮੈਂ ਕਾਲਰ ਹੇਠਲਾ ਪਹਿਲਾ ਇੱਕ ‘ਕਾਜ਼’ ਛੱਡ ਕੇ ਬਟਨ ਉਸ ਤੋਂ ਹੇਠਲੇ ਦੂਜੇ ਕਾਜ਼ ਨੂੰ ਲਾਇਆ ਹੋਇਆ ਸੀ। ਇੰਜ ਕਮੀਜ਼ ਦਾ ਬਟਨਾਂ ਵਾਲਾ ਇੱਕ ਪੱਲਾ, ਦੂਜੇ ਪੱਲੇ ਨਾਲੋਂ ਚੱਪਾ ਭਰ ਹੇਠਾਂ ਨੂੰ ਜੁਦਾ ਹੀ ਲਮਕ ਰਿਹਾ ਸੀ।
ਉਸ ਵੇਲੇ ਮੈਂ ਇੰਨਾ ਭੌਂਚਲ਼ਿਆ ਕਿ ਉਸ ਅਣਪਛਾਤੀ ਬੀਬੀ ਦਾ ਧੰਨਵਾਦ ਕਰੇ ਬਗੈਰ ਲਾਗਲੇ ਕਮਰੇ ਵਿੱਚ ਵੜਕੇ ਕਮੀਜ ਦੇ ਸਾਰੇ ਬਟਨ ਖੋਲ੍ਹ ਕੇ ਲਾਏ। ਫਿਰ ਉੱਤੇ ਸਮਾਗਮ ਵਿੱਚ ਗਿਆ। ਸਟੇਜ ’ਤੇ ਬੋਲਦਿਆਂ ਵੀ ਮੈਂ ਇਹ ਚੇਤੇ ਕਰਕੇ ਥੋੜ੍ਹਾ ਉੱਖੜਿਆ ਜਿਹਾ ਰਿਹਾ ਕਿ ਸੰਗਤ ਵਿੱਚ ਬੈਠੀ ਉਹ ਬੀਬੀ ਮਨ ਵਿੱਚ ਜ਼ਰੂਰ ਹੱਸਦੀ ਹੋਵੇਗੀ।
ਸਮਾਪਤੀ ਉਪਰੰਤ ਘਰੇ ਵਾਪਸ ਮੁੜਦਿਆਂ ਮੈਨੂੰ ਅਮਰੀਕਾ ਬੈਠੀ ਆਪਣੀ ਘਰ ਵਾਲੀ ਦੀ ਬੜੀ ਯਾਦ ਆਈ, ਜੋ ਘਰੋਂ ਤੁਰਨ ਵੇਲੇ ਅਕਸਰ ਮੇਰੀ ਪੱਗ ਦੇ ਕਿਸੇ ਢਿੱਲੇ ਲੜ ਜਾਂ ਮੇਰੇ ਪਹਿਰਾਵੇ ਵਿੱਚ ਕੋਈ ਹੋਰ ਦਿਸਦੀ ਊਣਤਾਈ ਝੱਟ ਦਰੁਸਤ ਕਰਵਾਉਂਦੀ ਹੁੰਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)







































































































