“ਚਲਾਕ ਸੰਤ ਨੇ ‘ਉਨ੍ਹਾਂ ਨੂੰ ਚਾਹ ਛਕਾਉ, ਚਾਹ ਛਕਾਉ ...’ ਦਾ ਰੌਲਾ ਜਿਹਾ ਪਾ ਕੇ ਸੇਵਾਦਾਰ ਦਾ ਫ਼ਿਕਰਾ ਵੀ ਪੂਰਾ ...”
(14 ਜੂਨ 2022)
ਮਹਿਮਾਨ: 201.
ਕਹਿੰਦੇ ਨੇ ਪੂਰੇ ਜੰਗਲ ਬੇਲੇ ਵਿੱਚ ਨਗਾਰੇ ਵਾਂਗ ਗੂੰਜਦੀ ਸ਼ੇਰ ਦੀ ਭੁੱਬ ਸੁਣ ਕੇ ਲਗਭਗ ਸਾਰੇ ਜਨੌਰ ਆਪੋ ਆਪਣੇ ਘੁਰਨਿਆਂ ਵਿੱਚ ਜਾ ਵੜਦੇ ਹਨ। ਕਿਸਮਤ ਮਾਰੇ ਇੱਕਾ-ਦੁੱਕਾ ਹੀ ਬਾਹਰ ਰਹਿ ਜਾਂਦੇ ਹੋਣਗੇ। ਇਸ ਜੰਗਲੀ ਜ਼ਾਬਤੇ ਦੇ ਉਲਟ ‘ਮਨੁੱਖੀ ਜੰਗਲ’ ਭਾਵ ਸਾਡੇ ਸਮਾਜ ਦਾ ਅਜੀਬ ਵਰਤਾਰਾ ਹੈ। ਇੱਥੇ ਸ਼ਿਕਾਰ ਕਰਨ ਵਾਲੇ ਸ਼ਾਮਾਂ ਨੂੰ ਨਹੀਂ ਉਡੀਕਦੇ। ਜਦ ਦਾਅ ਲੱਗਿਆ ਉਦੋਂ ਹੀ ਝਪਟ ਪੈਂਦੇ ਹਨ। ਸ਼ਿਕਾਰ ਬਣਨ ਵਾਲਿਆਂ ਦੇ ਕੰਨਾਂ ਵਿੱਚ ਭਾਵੇਂ ਕਿਸੇ ਆਦਮਖੋਰ ਦੀ ਆਮਦ ਦਾ ਨਗਾਰਾ ਵੱਜਦਾ ਪਿਆ ਹੋਵੇ, ਪਰ ਉਸ ਦੀ ਖ਼ੁਰਾਕ ਬਣਨ ਵਾਲੇ ਚਾਈਂ-ਚਾਈਂ ਉਹਦੇ ਵੱਲ ਭੱਜੇ ਜਾਂਦੇ ਹਨ। ਉਹਨਾਂ ਨੂੰ ਚਮੜੀ ਲੁਹਾਉਣ ਦਾ ਚਾਅ ਚੜ੍ਹ ਜਾਂਦਾ ਹੈ। ਧਰਮ-ਕਰਮ ਦੀ ਛਤਰ ਛਾਇਆ ਹੇਠ ਵਿਚਰਦੇ ਸੰਤ-ਬਾਬਿਆਂ ਵੱਲ ਹੀ ਦੇਖ ਲਉ, ਜਿਨ੍ਹਾਂ ਦੀ ਗਿਣਤੀ ਅਕਾਸ਼ ਵਿਚਲੇ ਤਾਰਿਆਂ ਵਾਂਗ ਅਣਗਿਣਤ ਹੋ ਚੁੱਕੀ ਹੈ। ਵੱਡੇ-ਵੱਡੇ ਢੌਂਗੀ ਬਾਬਿਆਂ ਦੇ ਢੋਲ ਦੇ ਪੋਲ ਰੋਜ਼ ਖੱਲਦੇ ਰਹਿੰਦੇ ਹਨ। ਜੰਗਲ ਦੇ ਸ਼ੇਰ ਦੀ ਭਬਕਾਰ ਵਾਂਗ ਪੂਰੇ ਸਮਾਜ ਵਿੱਚ ਇਹਨਾਂ ਦੇ ਕਾਰਨਾਮਿਆਂ ਦੀ ਗੂੰਜ ਪੈਂਦੀ ਹੈ। ਸਭ ਕੁਝ ਸੁਣਦਿਆਂ-ਪੜ੍ਹਦਿਆਂ ਲੋਕੀਂ ਇਹਨਾਂ ਮੋਹਰੇ ਨੂੰ ਦੁੜੰਗੇ ਮਾਰਦੇ ਹੁੱਬ-ਹੁੱਬ ਜਾਂਦੇ ਹਨ। ਐਸੀ ਹਾਲਤ ਵਿੱਚ ਕਸੂਰਵਾਰ ਇਹਨਾਂ ਨੂੰ ਨਿਗਲਣ ਵਾਲੇ ਨਹੀਂ, ਸਗੋਂ ਖ਼ਤਰੇ ਦੇ ਸਾਇਰਨ ਵੱਜਣ ਦੇ ਬਾਵਜੂਦ ਵੀ ਭੁੱਖੇ ਬਘਿਆੜਾਂ ਮੋਹਰੇ ਵਿਛ-ਵਿਛ ਪੈਣ ਵਾਲੇ ਖ਼ੁਦ ਗੁਨਾਹਗਾਰ ਮੰਨੇ ਜਾਣੇ ਚਾਹੀਦੇ ਹਨ। ਇਸ ਕਿਸਮ ਦੇ ਅੰਧ-ਵਿਸ਼ਵਾਸੀ ਅਤੇ ਬੁੱਧੀ ਦੇ ਵੈਰੀ ਲੋਕਾਂ ਦਾ ਨਮੂਨਾ ਦਿਖਾਉਣ ਲਈ ਇੱਕ ਵਾਕਿਆਤ ਪਾਠਕਾਂ ਦੀ ਨਜ਼ਰ ਕਰ ਰਿਹਾ ਹਾਂ।
ਦੋ ਕੁ ਦਹਾਕੇ ਪੁਰਾਣੀ ਗੱਲ ਹੈ। ਮੇਰੇ ਇੱਕ ਜਾਣਕਾਰ ਨੇ ਸੇਵਾ-ਮੁਕਤੀ ਤੋਂ ਬਾਅਦ ਆਪਣੇ ਪਿੰਡ ਦੇ ਲਾਗਲੇ ਸ਼ਹਿਰ ਵਿੱਚ ਸਰੀਆ-ਸੀਮੈਂਟ ਸਟੋਰ ਖੋਲ੍ਹਣ ਦੀ ਤਿਆਰੀ ਕਰ ਲਈ। ਵਾਜਬ ਜਿਹੇ ਕਿਰਾਏ ’ਤੇ ਬਜ਼ਾਰ ਵਿੱਚ ਦੁਕਾਨ ਵੀ ਥਾਂ ਸਿਰ ਹੀ ਮਿਲ ਗਈ। ਸਾਫ਼ ਸਫ਼ਾਈ ਕਰਕੇ ਉਸਨੇ ਸੀਮੈਂਟ ਦੇ ਥੋੜ੍ਹੇ ਜਿਹੇ ਬੋਰੇ ਵੀ ਸੁਟਵਾ ਲਏ। ਇੱਕ ਦਿਨ ਮੈਨੂੰ ਉਸਨੇ ਸੁਨੇਹਾ ਭੇਜਿਆ ਕਿ ਪਰਸੋਂ ਨੂੰ ਫਲਾਣੇ ਸੰਤਾਂ ਦੇ ਡੇਰੇ ਚੱਲਣਾ ਹੈ, ਸੰਤਾਂ ਨੂੰ ਪੁੱਛ ਕੇ ਸੀਮੈਂਟ ਸਟੋਰ ਦਾ ਨਾਂ ਰੱਖਣਾ ਹੈ। ਖਰੋੜ ਪਾਉਣ ਦੇ ਇਲਜ਼ਾਮ ਤੋਂ ਡਰਦਿਆਂ ਮੈਂ ਨਰਮ ਰੁਖ ਵਿੱਚ ਕਿਹਾ ਕਿ ਸੰਤਾਂ ਦਾ ਸੀਮੈਂਟ ਨਾਲ ਕੀ ਸਬੰਧ ਹੋਇਆ, ਆਪਾਂ ਸਲਾਹ ਕਰਕੇ ਆਪੇ ਹੀ ਕੋਈ ਢੁਕਵਾਂ ਜਿਹਾ ਨਾਂ ਰੱਖ ਲੈਂਦੇ ਹਾਂ?
“ਓ ਨਹੀਂ ਨਹੀਂ, ਮਹਾਂ ਪੁਰਸ਼ਾਂ ਦਾ ਅਸ਼ੀਰਵਾਦ ਲੈ ਆਵਾਂਗੇ ਨਾਲੇ।” ਕਹਿੰਦਿਆਂ ਉਸਨੇ ਮੈਨੂੰ ਨਾਲ ਜਾਣ ਲਈ ਤਿਆਰ ਕਰ ਲਿਆ।
ਪਰਸੋਂ ਆ ਗਈ। ਅਸੀਂ ਚਾਰ ਜਣੇ ਸੰਤਾਂ ਦੇ ਡੇਰੇ ਚਲੇ ਗਏ। ਅੱਗੇ ਸੰਤ ਜੀ ਡੇਰੇ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਕੁਝ ਹਦਾਇਤਾਂ ਦੇ ਰਹੇ ਸਨ। ਅਸੀਂ ਦੋ ਜਣੇ ਤਾਂ ਸੰਤਾਂ ਨੂੰ ‘ਸੁੱਕ-ਮ-ਸੁੱਕੀ’ ਫ਼ਤਿਹ ਬੁਲਾ ਕੇ ਲਾਗੇ ਵਿਛੀ ਦਰੀ ’ਤੇ ਬਹਿ ਗਏ, ਦੂਜੇ ਦੋਹਾਂ ਨੇ ਸੰਤ ਜੀ ਦੇ ਪੈਰੀਂ ਹੱਥ ਲਾਇਆ। ਸਟੋਰ ਦਾ ਨਾਂ ਪੁੱਛਣ ਗਏ ਦੋਸਤ ਨੇ ਸੌ ਸੌ ਦੇ ਦੋ ਨੋਟ ਵੀ ਭੇਟ ਕਰ ਦਿੱਤੇ।
“ਕਿੱਦਾਂ ਆਏ ਐਂ ਭਾਈ ਗੁਰਮੁਖੋ?” ਸੰਤਾਂ ਨੇ ਇਹ ਸਵਾਲ ਤਾਂ ਭਾਵੇਂ ਸਾਨੂੰ ਚੌਹਾਂ ਨੂੰ ਕੀਤਾ ਸੀ, ਪਰ ਉਹਨਾਂ ਆਪਣੀ ਨਜ਼ਰ ਪੈਰੀਂ ਪੈਣ ਵਾਲਿਆਂ ’ਤੇ ਹੀ ਕੇਂਦਰਿਤ ਰੱਖੀ। ਸੰਤਾਂ ਅੱਗੇ ਆਪਣਾ ਪ੍ਰਯੋਜਨ ਰੱਖਦਿਆਂ ਮੇਰੇ ਦੋਸਤ ਨੇ ਮਹਾਂ ਪੁਰਸ਼ਾਂ ਦੇ ‘ਦਰਸ਼ਣਾਂ ਦੀ ਇੱਛਾ’ ਵੀ ਨਾਲ ਹੀ ਜੋੜ ਦਿੱਤੀ। ਆਪਣੇ ਸੇਵਕ ਦਾ ਸਵਾਲ ਸੁਣ ਕੇ ਸੰਤ ਥੋੜ੍ਹਾ ਜਿਹਾ ਮੁਸਕਰਾਇਆ। ਸੋਚਦਾ ਹੋਣਾ ਹੈ ਕਿ ਇਹ ਕਿੱਡਾ ਕੁ ਭਾਰਾ ਕੰਮ ਸੀ ਜਿਹੜੇ ਤੁਸੀਂ ਚਾਰ ਜਣੇ ਪੁੱਛਣ ਆਏ ਐਂ।
“ਗੁਰੂ ਨਾਨਕ ਪਾਤਸ਼ਾਹ ਦੇ ਨਾਮ ’ਤੇ ਰੱਖ ਲੈਣਾ ਸੀ ਦੁਕਾਨ ਦਾ ਨਾਂ?” ਸੰਤ ਜੀ ਨੇ ਫੁਰਮਾਇਆ।
“ਮਹਾਰਾਜ ਇਸ ਨਾਂ ਵਾਲਾ ਇੱਕ ‘ਹਾਰਡ ਵੇਅਰ’ ਸਟੋਰ ਪਹਿਲੋਂ ਵੀ ਉਸ ਬਜ਼ਾਰ ਵਿੱਚ ਚੱਲ ਰਿਹਾ ਹੈ।” ਹੱਥ ਜੋੜੀ ਬੈਠੇ ਮੇਰੇ ਦੋਸਤ ਨੇ ਅਰਜ਼ ਗੁਜ਼ਾਰੀ।
“ਫਿਰ ਦਸਵੇਂ ਗੁਰੂ ਜੀ ਦੇ ਨਾਂ ’ਤੇ ਰੱਖ ਲਉ?” ਸੰਤਾਂ ਨੇ ਦੂਜਾ ਸੁਝਾਅ ਦਿੱਤਾ।
“ਦਸਮੇਸ਼ ਜਨਰਲ ਸਟੋਰ ਤਾਂ ਬਿਲਕੁਲ ਸਾਡੇ ਨਾਲ ਹੀ ਖੁੱਲ੍ਹਿਆ ਹੋਇਆ ਹੈ।” ਇਹ ਜਵਾਬ ਸੁਣ ਕੇ ਸੰਤ ਜ਼ਰਾ ਝੁੰਜਲਾ ਗਿਆ।
“ਫੇਰ ਭਾਈ ਐਇੰ ਕਰੋ … …। “ਸੰਤ ਜੀ ਨੇ ਹਾਲੇ ਅਧੂਰਾ ਵਾਕ ਹੀ ਉਚਾਰਿਆ ਸੀ ਕਿ ਕਾਹਲੇ ਪੈਰੀਂ ਤੁਰਦਾ ਆਉਂਦਾ ਇੱਕ ਸਿੱਧੜ ਜਿਹਾ ਸੇਵਾਦਾਰ, ਚਮ ਚਮ ਕਰਦੀ ਕੁਟੀਆ (ਸੰਤਾਂ ਦਾ ਰਿਹਾਇਸ਼ੀ ਕਮਰਾ) ਵੱਲ ਇਸ਼ਾਰਾ ਕਰਕੇ ਹੌਲੀ ਜਿਹੀ ਬੋਲਿਆ, “ਜੀ ਬਰਨਾਲੇ ਆਲੇ ਬੀਬੀ ਜੀ ਆਏ ਐ … … ਉਹ ਕਹਿੰਦੇ ਐ ਕਿ … …।”
ਚਲਾਕ ਸੰਤ ਨੇ ‘ਉਨ੍ਹਾਂ ਨੂੰ ਚਾਹ ਛਕਾਉ, ਚਾਹ ਛਕਾਉ ...’ ਦਾ ਰੌਲਾ ਜਿਹਾ ਪਾ ਕੇ ਸੇਵਾਦਾਰ ਦਾ ਫ਼ਿਕਰਾ ਵੀ ਪੂਰਾ ਨਾ ਹੋਣ ਦਿੱਤਾ।
ਸੇਵਾਦਾਰ ਉੱਥੋਂ ਹਾਲੇ ਤੁਰਨ ਹੀ ਲੱਗਾ ਸੀ ਕਿ ਹਰਫਲੇ ਹੋਏ ਸੰਤ ਨੇ ਉਸਦੀ ਡਿਊਟੀ ਸਾਡੇ ’ਤੇ ਲਾ ਦਿੱਤੀ, ਅਖੇ ਇਹਨਾਂ ਸਿੰਘਾਂ ਨੂੰ ਕੁਝ ਛਕਾ। ਆਪ ਉਹ ਦਗੜ ਦਗੜ ਕਰਦਾ ਕੁਟੀਆ ਵੱਲ ਨੂੰ ਇਉਂ ਤੁਰ ਪਿਆ ਜਿਵੇਂ ਠਾਣੇਦਾਰ ਦੇ ਦਫਤਰ ਵਿੱਚ ਕੋਈ ਵੱਡਾ ਅਫਸਰ ਅਚਾਨਕ ਆ ਗਿਆ ਹੋਵੇ। ਸੰਤ ਜੀ ਨੇ ਸੇਵਾਦਾਰ ਦੀ ਡਿਊਟੀ ਇਸ ਲਈ ‘ਬਦਲ ਦਿੱਤੀ’ ਹੋਵੇਗੀ ਕਿ ਤੂੰ ਇਹਨਾਂ ਸਿਧਰਿਆਂ ਨੂੰ ਚਾਹ ਛਕਾ, ਬਰਨਾਲੇ ਵਾਲੀ ਬੀਬੀ ਦੀ ‘ਚਾਹ ਦਾ ਇੰਤਜ਼ਾਮ’ ਮੈਂ ਖ਼ੁਦ ਕਰਦਾ ਹਾਂ।
ਸੰਤ ਨੂੰ ਤੁਰੇ ਜਾਂਦੇ ਨੂੰ ਹੀ ਸਟੋਰ ਦਾ ਨਾਮ ਕਰਨ ਵਾਲੀ ‘ਪਾਣੀ ਵਿੱਚ ਮਧਾਣੀ’ ਦਾ ਚੇਤਾ ਆ ਗਿਆ। ਤੁਰਿਆ ਜਾਂਦਾ ਹੀ ਉਹ ਹੁਕਮ ਕਰ ਗਿਆ, “ਓ ਭਾਈ ਸੱਜਣਾ, ਆਪਣੇ ਕਿਸੇ ਹਸਮੁੱਖ ਜਿਹੇ ਨਿਆਣੇ ਦੇ ਨਾਂ ’ਤੇ ਦੁਕਾਨ ਦਾ ਨਾਮ ਰੱਖ ਲਵੀਂ।”
ਹਮਾਤੜਾਂ ਦਾ ‘ਫਾਹਾ ਵੱਢ ਕੇ’ ਸੰਤ ਬਾਬਾ ਜੀ, ਆਪਣੇ ‘ਵੀ.ਆਈ.ਪੀ. ਕਸਟਮਰ’ ਕੋਲ ਚਲੇ ਗਏ।
ਖ਼ੈਰ ਅਸੀਂ ਚਾਹ ਦੀਆਂ ਬਾਟੀਆਂ ਪੀ ਕੇ ਵਾਪਸ ਮੁੜ ਪਏ। ਰਾਹ ਵਿੱਚ ਆਉਂਦਿਆਂ, ਪਹਿਲਾਂ ਤਾਂ ਅਸੀਂ ਕੁਟੀਆ ਵਿੱਚ ਆਈ ਬਰਨਾਲੇ ਵਾਲੀ ਬੀਬੀ ਅਤੇ ਉਸਦੀ ਆਮਦ ’ਤੇ ਸੰਤ ਬਾਬਾ ਜੀ ਦੀਆਂ ਅੱਖਾਂ ਵਿੱਚ ਆਈ ਚਮਕ ਬਾਰੇ ਹਾਸ-ਵਿਲਾਸ ਕਰਦੇ ਰਹੇ, ਪਰ ਸਾਡਾ ‘ਸਾਧ-ਸ਼ਰਧਾਲੂ’ ਮਿੱਤਰ, ਇਸ ਗੱਲ ਨੂੰ ਆਮ ਸਹਿਜ ਵਰਤਾਰੇ ਵਜੋਂ ਹੀ ਲੈ ਰਿਹਾ ਸੀ। ਉਹਦੇ ਭਾਅ ਦੀ ਇਹ ਕੋਈ ਖ਼ਾਸ ਗੱਲ ਨਹੀਂ ਸੀ। ਫਿਰ ਮੈਂ ਉਸਦੇ ਤਿੰਨਾਂ ਨਿਆਣਿਆਂ ਬਾਬਤ ਸੋਚਣ ਲੱਗ ਪਿਆ ਕਿ ਇਹ ਹੁਣ ਆਪਣੇ ਕਿਹੜੇ ਬੱਚੇ ਦੇ ਨਾਂ ’ਤੇ ਸਟੋਰ ਦਾ ਨਾਮ ਰੱਖੇਗਾ? ਸੰਤਾਂ ਦੇ ‘ਫੁਰਮਾਨ’ ਮੁਤਾਬਿਕ ਤਾਂ ਹਸਮੁਖ ਸੁਭਾਅ ਵਾਲੀ ਇਸਦੀ ਵੱਡੀ ਬੇਟੀ ਗੁਰਜੀਤ ਕੌਰ ਹੈ। ਦੂਜੇ ਦੋ ਮੁੰਡਿਆਂ ਵਿੱਚੋਂ ਇੱਕ ਬਿੱਕਰ ਸਿਹੁੰ ਦੇ ਮੱਥੇ ਉੱਪਰ ਸਦਾ ਤਿਊੜੀਆਂ ਪਈਆਂ ਰਹਿੰਦੀਆਂ ਨੇ। ਉਸਦੇ ‘ਹਸਮੁਖ’ ਹੋਣ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਤੀਜਾ ਬੇਟਾ ਹਾਲੇ ਅੰਞਾਣਾ ਹੋਣ ਕਰਕੇ, ਮੈਨੂੰ ਉਹਦੇ ਸੁਭਾਅ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਲਈ ਬੇਟੀ ਦੇ ਨਾਂ ’ਤੇ ‘ਗੁਰਜੀਤ ਸੀਮੈਂਟ ਸਟੋਰ’ ਹੀ ਠੀਕ ਰਹੇਗਾ।
ਉਸੇ ਪਲ਼ ਮੈਨੂੰ ਵਿਚਾਰ ਆਈ ਕਿ ਸਾਡੇ ਸੱਭਿਆਚਾਰ ਵਿੱਚ ਧੀਆਂ ਨੂੰ ਤਾਂ ‘ਬੇਗਾਨਾ ਧਨ’ ਹੀ ਆਖਿਆ ਜਾਂਦਾ ਹੈ। ਹੋ ਸਕਦਾ ਹੈ ਇਹ ਕੁੜੀ ਦੇ ਨਾਮ ਨੂੰ ਨਾ ਮੰਨੇ। ਇਸ ਹਾਲਤ ਵਿੱਚ ਮੈਂ ਉਸਦੇ ਛੋਟੇ ਬੇਟੇ ਸੂਰਤ ਸਿੰਘ ਬਾਰੇ ਚਿਤਵਿਆ ਕਿ ਉਸਦੀ ਸੂਰਤ ਵੀ ਸੋਹਣੀ ਹੈ। ਜੇ ਉਸਦੇ ਨਾਂ ’ਤੇ ‘ਸੂਰਤ ਸੀਮੈਂਟ ਸਟੋਰ’ ਬਣ ਜਾਏ ਤਾਂ ਇਹ ਥੋੜ੍ਹਾ ਕਾਵਿਕ ਜਿਹਾ ਹੋਣ ਕਰਕੇ ਜਚੇਗਾ ਵੀ।
ਮਨ ਹੀ ਮਨ ਚਿਤਵੀ ਹੋਈ ਇਹ ਬਣਤ ਮੈਂ ਦੋਸਤ ਅੱਗੇ ਰੱਖਦਿਆਂ ਆਖਿਆ ਕਿ ਸੂਰਤ ਦਾ ਨਾਮ ਵਧੀਆ ਰਹੇਗਾ। ਤਿੰਨੇ ‘ਸੱਸੇ’ ਅੱਖਰ ਇਕੱਠੇ ਹੋ ਗਏ। ‘ਊਂ … … ਆਂ … … ਹੂੰ’ ਜਿਹੀ ਕਰਦਿਆਂ ਉਸਨੇ ਲਮਕਵਾਂ ਜਵਾਬ ਦਿੱਤਾ, “ਨ … … ਹੀਂ … … ਈਂ … … ਈਂ … …, ਜੋ ਹੁਣ ਸੰਤਾਂ ਨੇ ਬਖ਼ਸ਼ੀਸ਼ ਕਰ ਦਿੱਤੀ, ਉਹਦੇ ਵਿੱਚ ਕਾਹਨੂੰ ਅਦਲਾ-ਬਦਲੀ ਕਰਨੀ ਐਂ।” ਇਹ ਗੱਲ ਸੁਣ ਕੇ ਅਸੀਂ ਤਿੰਨੇ ਜਣੇ ਹੈਰਾਨੀ ਨਾਲ ਉਹਦੇ ਮੂੰਹ ਵੱਖ ਦੇਖਣ ਲੱਗੇ ਕਿ ਸੰਤਾਂ ਨੇ ਤਾਂ ਕੋਈ ਇੱਕ ਨਾਂ ਸੁਝਾਇਆ ਹੀ ਨਹੀਂ ਸੀ, ਉਹਨਾਂ ਤਾਂ ਕਿਸੇ ਹਸਮੁਖ ਜਿਹੇ ਬੱਚੇ ਦੇ ਨਾਮ ਬਾਰੇ ਕਿਹਾ ਸੀ।
ਲਉ ਜੀ ਕਰ ਲਉ ਗੱਲ। ਉਸ ਅੰਨ੍ਹੇ ਸ਼ਰਧਾਲੂ ਲਾਈ-ਲੱਗ ਨੇ, ਸੰਤਾਂ ਦੇ ਆਖੇ ’ਤੇ ਆਪਣੇ ਕਿਸੇ ਬੱਚੇ ਦੇ ਨਾਂ ’ਤੇ ਸਟੋਰ ਦਾ ਨਾਮ ਰੱਖਣ ਦੀ ਬਜਾਏ, ਸੰਤ ਜੀ ਦੇ ‘ਪਵਿੱਤਰ ਮੁਖਾਰਬਿੰਦ’ ਤੋਂ ਉਚਰੇ ਹੋਏ ਸ਼ਬਦ ‘ਹਸਮੁਖ’ ਨੂੰ ਹੀ ਲੜ ਬੰਨ੍ਹ ਲਿਆ! ਥੋੜ੍ਹੇ ਦਿਨਾਂ ਬਾਅਦ ਸਟੋਰ ’ਤੇ ਲਟਕਦੇ ਬੋਰਡ ’ਤੇ ਲਿਖਿਆ ਗਿਆ- ‘ਹਸਮੁਖ ਸੀਮੈਂਟ ਸਟੋਰ’।
ਮੈਂ ਜਦ ਵੀ ਉਸ ਸਟੋਰ ਮੋਹਰਿਓਂ ਲੰਘਦਾ ਹੁੰਦਾ ਸਾਂ ਤਾਂ ਮੇਰਾ ਦਿਲ ਕਰਦਾ ਹੁੰਦਾ ਸੀ ਕਿ ਬੋਰਡ ਉੱਤੇ ਮੋਟਾ ਕਰਕੇ ਲਿਖ ਦਿਆਂ- ‘ਲਕੀਰ ਦੇ ਫ਼ਕੀਰ ਦਾ ਸਟੋਰ’।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3628)
(ਸਰੋਕਾਰ ਨਾਲ ਸੰਪਰਕ ਲਈ: