TarlochanSDupalpur6ਪ੍ਰੀਤੂ ਦੇ ਚੜ੍ਹਾਈ ਕਰ ਜਾਣ ’ਤੇ ਇਸ ਚੜ੍ਹ ਮਜਾਰੀਏ ਦੀਸ਼ ਨਾਂ ਦੇ ਮੁੰਡੇ ਨੇ ਜਾਡਲੇ ਆਪਣੀ ਦੁਕਾਨ ...9May2023Dupalpur
(9 ਮਈ 2023)
ਇਸ ਸਮੇਂ ਪਾਠਕ: 108.


9May2023Dupalpurਜਦ ਮੈਂ ਨੌਵੀਂ ਦਸਵੀਂ ਕਰਨ ਲਈ ਸੰਨ
1972 ਵਿੱਚ ਨਵਾਂ ਸ਼ਹਿਰ ਦੁਆਬੇ ਸਕੂਲੇ ਦਾਖਲਾ ਲਿਆ ਤਾਂ ਮੇਰੇ ਬਾਪ ਨੇ ਮੈਨੂੰ ਪੰਜਾਹ ਰੁਪਏ ਦਾ ਪੁਰਾਣਾ ਸਾਈਕਲ ਲੈ ਕੇ ਦਿੱਤਾ। ਸਾਈਕਲ ਵੀ ਨਵਾਂ ਸ਼ਹਿਰੋਂ ਹੀ ਖਰੀਦਿਆ ਸੀ। ਸੋ ਪਿੰਡ ਨੂੰ ਮੁੜਦੇ ਵਕਤ ਭਾਈਆ ਜੀ ਲਾਗਲੇ ਪਿੰਡ ਉਸਮਾਨ ਪੁਰ ਦੇ ਪ੍ਰੀਤੂ ਸਾਈਕਲਾਂ ਵਾਲ਼ੇ ਦੀ ਦੁਕਾਨ ’ਤੇ ਗਏ ਅਤੇ ਉਸ ਨੂੰ ‘ਨੋਟ ਕਰਾਇਆ’ ਕਿ ਆਹ ਮੇਰਾ ਮੁੰਡਾ ਜਦ ਵੀ ਆਪਣੇ ਸਾਈਕਲ ਦੀ ਮੁਰੰਮਤ ਵਗੈਰਾ ਕਰਾਉਣ ਤੇਰੇ ਕੋਲ ਆਵੇ ਤਾਂ ਇਹਦੇ ਕੋਲੋਂ ਪੈਸੇ ਨਹੀਂ ਮੰਗਣੇ, ਉਹ ਤੈਨੂੰ ਮੈਂ ਦੇ ਦਿਆ ਕਰਾਂਗਾ! ਪ੍ਰੀਤੂ ਮਿਸਤਰੀ ਦੀ ਖਾਸੀਅਤ ਇਹ ਹੁੰਦੀ ਸੀ ਕਿ ਉਹ ਸਾਈਕਲ ਨੂੰ ਅਚਾਨਕ ਪਿਆ ਨੁਕਸ ਠੀਕ ਕਰਕੇ ਗਾਹਕ ਦੇ ਬਿਨਾਂ ਕਹੇ ਤੋਂ, ਸਾਈਕਲ ਦੇ ਹੋਰ ਸਾਰੇ ਨਟ-ਬੋਲਟ ਅਤੇ ਚੱਕਿਆਂ ਨੂੰ ਪਈ ਡਲ਼੍ਹਕ ਵਗੈਰਾ ਚੈੱਕ ਕਰਦਾ ਤੇ ਲੋੜੀਂਦੀ ਮੁਰੰਮਤ ਆਪੇ ਹੀ ਕਰ ਦਿੰਦਾ ਹੁੰਦਾ ਸੀ।

ਜੇ ਕਦੇ ਸਕੂਲੇ ਆਉਂਦਿਆਂ-ਜਾਂਦਿਆਂ ਮੇਰੇ ਸਾਈਕਲ ਨੂੰ ਅਸਮਾਨ ਪੁਰ ਤੋਂ ਕਿਤੇ ਦੂਰ ਪੰਚਰ ਵਗੈਰਾ ਹੋ ਜਾਣਾ ਤਾਂ ਮੈਂ ਤੁਰ ਕੇ ਸਾਈਕਲ ਘੜੀਸਦੇ ਨੇ ਪ੍ਰੀਤੂ ਦੀ ਦੁਕਾਨ ‘ਤੇ ਹੀ ਪਹੁੰਚਣਾ। ਉਨ੍ਹਾਂ ਦਿਨਾਂ ਵਿੱਚ ਹੀ ਪ੍ਰੀਤੂ ਕੋਲ਼ ਪਿੰਡ ਚੜ੍ਹ ਮਜਾਰੇ ਦਾ ਇੱਕ ਗਰੀਬ ਜਿਹਾ ਮੁੰਡਾ ਵੀ ਸਾਈਕਲਾਂ ਦਾ ਕੰਮ ਸਿੱਖਣ ਆ ਲੱਗਾ। ਕੰਮ ਸਿਖਾਉਣ ਵੇਲੇ ਪ੍ਰੀਤੂ ਉਹਨੂੰ ਝਿੜਕੇ ਵੀ ਮਾਰਦਾ ਤੇ ਕਦੇ ਕਦੇ ਹਲਕੀ ਜਿਹੀ ਚਪੇੜ ਵੀ ਮਾਰ ਦਿੰਦਾ! ਮੈਨੂੰ ਬੜਾ ਤਰਸ ਆਉਣਾ ਮੇਰੇ ਦਸਵੀਂ ਪਾਸ ਕਰਨ ਵੇਲੇ ਤੱਕ ਉਹ ਮੁੰਡਾ ਕਾਫੀ ਨਿਪੁੰਨ ਹੋ ਗਿਆ ਤੇ ਪ੍ਰੀਤੂ ਵਾਂਗ ਹੀ ਸਾਈਕਲਾਂ ਦੀ ਮੁਰੰਮਤ ਕਰਨ ਲੱਗ ਪਿਆ।

ਪ੍ਰੀਤੂ ਦੇ ਚੜ੍ਹਾਈ ਕਰ ਜਾਣ ’ਤੇ ਇਸ ਚੜ੍ਹ ਮਜਾਰੀਏ ਦੀਸ਼ ਨਾਂ ਦੇ ਮੁੰਡੇ ਨੇ ਜਾਡਲੇ ਆਪਣੀ ਦੁਕਾਨ ਪਾ ਲਈ। ਮੇਰੇ ਕੋਲ ਉਹੀ Sunflower ਮਾਰਕਾ ਪੁਰਾਣਾ ਸਾਈਕਲ ਰਿਹਾ, ਜਿਸਦੀ ਗਾਹੇ ਬਗਾਹੇ ਮੁਰੰਮਤ ਕਰਾਉਣ ਲਈ ਮੈਂ ਜਾਡਲੇ ਦੀਸ਼ ਦੀ ਦੁਕਾਨ ’ਤੇ ਜਾਣਾ ਸ਼ੁਰੂ ਕਰ ਦਿੱਤਾ।

ਅੰਤਾਂ ਦੀ ਗਰੀਬੀ ਨਾਲ ਜੂਝਦੇ ਦੀਸ਼ ਦੀ ਦੁਕਾਨ ਕਾਮਯਾਬ ਨਾ ਹੋ ਸਕੀ। ਚੜ੍ਹੇ ਮਹੀਨੇ ਕਿਰਾਇਆ ਨਹੀਂ ਸੀ ’ਕੱਠਾ ਹੁੰਦਾ ਵਿਚਾਰੇ ਕੋਲ਼ੋਂ। ਉਸਨੇ ਮਜਬੂਰੀ ਵੱਸ ਆਪਣਾ ਸੰਦ-ਸੰਦੌੜਾ ਚੜ੍ਹ ਮਜਾਰੇ ਆਪਣੇ ਤਿੰਨ ਕੁ ਖਣਾਂ ਵਾਲ਼ੇ ਘਰ ਵਿੱਚ ਹੀ ਰੱਖ ਲਿਆ! ਇੱਧਰ ਮੈਂ ਵੀ ਗਰੀਬੀ ਕਾਰਨ ਹੋਰ ਨਵਾਂ ਸਾਈਕਲ ਖਰੀਦ ਨਾ ਸਕਿਆ। ਮੇਰੇ ਉਸੇ ਪੁਰਾਣੇ ਸਾਈਕਲ ਦਾ ਕੁਝ ਨਾ ਕੁਝ ਵਿਗੜਿਆ ਹੀ ਰਹਿੰਦਾ। ਚੂਲ਼ ਢਿੱਲੀ ਹੀ ਰਹਿੰਦੀ ਸੀ ਉਹਦੀ। ਮੈਂ ਵੀ ‘ਦੀਸ਼ ਦਾ ਦੀਵਾਨਾ’ ਉਹਦੇ ਮਗਰੇ ਮਗਰ ਚੜ੍ਹ ਮਜਾਰੇ ਜਾ ਕੇ ਸਾਈਕਲ ਦੀ ਮੁਰੰਮਤ ਕਰਾਉਣ ਲੱਗ ਪਿਆ। ਇੰਜ ਸਾਡੀ ਦੋਹਾਂ ਗਰੀਬਾਂ ਦੀ ਆਪਸੀ ਦੋਸਤੀ ਵੀ ਪੈ ਗਈ। ਕਿਉਂਕਿ ਆਮ ਕਾਰੀਗਰਾਂ ਨਾਲ਼ੋਂ ਉਹ ਮਿਹਨਤਾਨਾ ਬਹੁਤ ਘੱਟ ਲੈਂਦਾ ਸੀ ਤੇ ਮੇਰੇ ਨਾਲ ਕਦੇ ਕਦੇ ਉਧਾਰ ਵੀ ਕਰ ਲੈਂਦਾ। ਮੈਨੂੰ ਯਾਦ ਹੈ ਕਿ ਉਹਦੇ ਘਰੇ ਕੋਈ ਸਦਮਾ ਹੋਣ ’ਤੇ ਮੈਂ ਇੱਕ ਵਾਰ ਉਸਦੇ ਨਿੱਕੇ ਜਿਹੇ ਕੱਚੇ ਕੋਠੇ ਵਿੱਚ ਸਹਿਜ ਪਾਠ ਦਾ ਭੋਗ ਵੀ ਪਾਇਆ ਸੀ!

ਫਿਰ ਸਮੇਂ ਦਾ ਕਈ ਦਹਾਕਿਆਂ ਦਾ ਵਕਫਾ ਪੈ ਗਿਆ। ਅਸੀਂ ਦੋਵੇਂ ਆਪੋ ਆਪਣੀ ਕਬੀਲਦਾਰੀ ਦੇ ਗੇੜ ਵਿੱਚ ਫਸੇ ਇੱਕ-ਦੂਜੇ ਲਈ ਅਗਿਆਤ ਹੀ ਬਣ ਗਏ।

ਹੁਣ ਸੰਨ 2022 ਦੇ ਅਕਤੂਬਰ ਮਹੀਨੇ ਮੈਂ ਅਮਰੀਕਾ ਤੋਂ ਆਪਣੇ ਪਿੰਡ ਗਿਆ ਹੋਇਆ ਸਾਂ। ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਗੁਰਪੁਰਬ ਸਬੰਧੀ ਪਏ ਭੋਗ ਮੌਕੇ ਆਏ ਹੋਏ ਇੱਕ ਰਾਗੀ ਸਿੰਘ ਨੇ ਦੱਸਿਆ ਕਿ ਮੈਂ ਚੜ੍ਹ ਮਜਾਰੇ ਪਿੰਡ ਤੋਂ ਹਾਂ। ਚੜ੍ਹ ਮਜਾਰੇ ਦਾ ਨਾਂ ਸੁਣ ਕੇ ਮੈਨੂੰ ‘ਸਾਈਕਲ-ਮੁਰੰਮਤੀ ਮਿੱਤਰ’ ਦੀਸ਼ ਦਾ ਚੇਤਾ ਆ ਗਿਆ! ਉਸ ਰਾਗੀ ਸਿੰਘ ਨੂੰ ਮੈਂ ਦੀਸ਼ ਨਾਲ ਆਪਣੀ ਪੁਰਾਣੀ ਦੋਸਤੀ ਬਾਰੇ ਗੱਲਾਂ ਕਰਦਿਆਂ ਕਿਹਾ ਕਿ ਕਿਸੇ ਦਿਨ ਮੈਂ ਉਹਨੂੰ ਮਿਲਣ ਜਾਵਾਂਗਾ।

ਉਸ ਤੋਂ ਦੂਜੇ ਦਿਨ ਹੀ ਸਵਖਤੇ ਸਾਡਾ ਗੇਟ ਖੜਕਿਆ! ਹੱਥ ਵਿੱਚ ਡੱਬਾ ਅਤੇ ਕਾਰਡ ਲਈ ਦੀਸ਼ ਵਿਹੜੇ ਵਿੱਚ ਆ ਖੜ੍ਹਾ ਹੋਇਆ! ਮੈਂ ਉਹਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ! ਉਸ ਨੂੰ ਦੇਖਦਿਆਂ ਸਾਰ ਮੈਨੂੰ ‘ਵੈਲਡਿੰਗ’ ਕੀਤੇ ‘ਫਰੇਮ’ ਵਾਲ਼ਾ ਆਪਣਾ ਸਾਈਕਲ ਚੇਤੇ ਆ ਗਿਆ! ਨਾਲ਼ੇ ਅਸਮਾਨ ਪੁਰ, ਜਾਡਲੇ ਅਤੇ ਚੜ੍ਹ ਮਜਾਰੇ ਦੇ ਕਈ ਪੁਰਾਣੇ ਵਾਕਿਆਤ ਜ਼ਿਹਨ ਵਿੱਚ ਘੁੰਮਣ ਲੱਗ ਪਏ!

ਆਪਣੇ ਬੇਟੇ ਦੇ ਵਿਆਹ ਦਾ ਕਾਰਡ ਦੇਣ ਆਇਆ ਦੀਸ਼ ਜਦ ਮੈਨੂੰ ਵਾਰ ਵਾਰ ‘ਜਰੂਰ ਆਉਣ’ ਦੀ ਤਾਕੀਦ ਕਰਨ ਲੱਗਾ ਤਾਂ ਮੈਂ ਪਸੀਜਦਿਆਂ ਹੋਇਆਂ ਉਸ ਨੂੰ ਦੁਬਾਰਾ ਗਲਵਕੜੀ ਪਾਉਂਦਿਆਂ ਕਿਹਾ, “ਵੀਰਿਆ, ਸੌ ਰੁਝੇਵੇਂ ਛੱਡ ਕੇ ਵੀ ਮੈਂ ਤੇਰੇ ਘਰ ਜਰੂਰ ਪਹੁੰਚਾਂਗਾ!”

ਸਾਡੇ ਘਰੇ ਕਾਰ ਖੜ੍ਹੀ ਦੇਖ ਕੇ ਦੀਸ਼ ਨੇ ਖੁਸ਼ ਹੁੰਦਿਆਂ ਮੈਨੂੰ ਦੱਸਿਆ, “ਹੁਣ ਤੁਹਾਡੇ ਇਸ ਨਿਮਾਣੇ ਭਰਾ’ ’ਤੇ ਵੀ ਮਾਲਕ ਦੀ ਪੂਰੀ ਮਿਹਰ ਹੈ!”

ਸੱਚਮੁਚ ਜਦ ਮੈਂ ਦੀਸ਼ ਦੇ ਘਰੇ ਅਖੰਡ ਪਾਠ ਦੇ ਭੋਗ ਮੌਕੇ ਪਹੁੰਚਿਆ ਤਾਂ ਬਾਗੋਬਾਗ ਹੁੰਦਿਆਂ ਉਸਨੇ ਇਕੱਲੇ ਇਕੱਲੇ ਮਹਿਮਾਨ ਨਾਲ ਮੇਰਾ ਤੁਆਰਫ ਕਰਾਇਆ। ਇਸ ਮੌਕੇ ਉਹਦੇ ਚਿਹਰੇ ਦੇ ਹਾਵ-ਭਾਵ ਦੱਸ ਰਹੇ ਸਨ ਕਿ ਉਸ ਨੂੰ ਮੇਰੇ ਆਉਣ ਦਾ ਕਿੰਨਾ ਚਾਅ-ਉਮਾਹ ਚੜ੍ਹਿਆ ਹੋਇਆ ਸੀ। ਸਮਾਗਮ ਵਿੱਚ ਵੀ ਉਹ ਮੇਰੇ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਰਿਹਾ! ਉਸੇ ਦਿਨ ਇੱਕ-ਦੋ ਹੋਰ ਕਾਰਜਾਂ ’ਤੇ ਨਾ ਪਹੁੰਚ ਸਕਣ ਸਦਕਾ ‘ਖਿਮਾਂ ਮੰਗ ਲੈਣ’ ਦੀ ਸੋਚ ਕੇ ਮੈਂ ਦੀਸ਼ ਦੇ ਘਰ ਹੀ ਪੂਰੇ ਸਮਾਗਮ ਦਾ ਅਨੰਦ ਮਾਣਿਆ! ਲੰਗਰ ਛਕ ਕੇ ਤੁਰਨ ਵੇਲੇ ਜਦ ਦੀਸ਼ ਨੇ ਮੈਨੂੰ ਜਲੇਬੀਆਂ ਵਾਲ਼ੇ ਲਿਫਾਫੇ ਦੇ ਨਾਲ ਇੱਕ ਨੀਲੀ ਦਸਤਾਰ ਵੀ ਭੇਂਟ ਕੀਤੀ ਤਾਂ ਵੈਰਾਗ ਨਾਲ਼ ਮੇਰੀਆਂ ਅੱਖਾਂ ਛਲਕ ਪਈਆਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3960)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author