GurbachanBhullar7ਅਜੀਬ ਸੱਚ ਹੈ ਕਿ ਜਿਹੜੀ ਕਾਤਿਲ ਭੂਮਿਕਾ ਅੰਧਵਿਸ਼ਵਾਸੀ ਸਮਾਜ ਅੰਦਰ ਅੰਧਕਾਰੀ ਅਤੀਤ ਵਿਚ ਜੜ੍ਹਾਂ ਵਾਲ਼ੇ ਤਾਂਤਰਿਕ ਨਿਭਾਉਂਦੇ ਹਨ ...
(19 ਜਨਵਰੀ 2017)

 

Swarajbir1ਸਵਰਾਜਬੀਰ ਪੰਜਾਬੀ ਦਾ ਵਿਧਾ-ਸਮਰਪਿਤ, ਗਹਿਰ-ਗੰਭੀਰ ਅਤੇ ਮਹੱਤਵਪੂਰਨ ਨਾਟਕਕਾਰ ਹੈ ਜਿਸ ਨੂੰ ਭਾਰਤੀ ਸਾਹਿਤ ਅਕਾਦਮੀ ਨੇ 2016 ਦੇ ਇਨਾਮ ਨਾਲ ਸਨਮਾਨਿਆ ਹੈ। ਦੇਸ-ਕਾਲ ਦੇ ਸਭਨਾਂ ਪੁਰਸਕਾਰਾਂ ਬਾਰੇ ਕਈ ਵਾਰ ਪੈਂਦੇ ਰਹਿੰਦੇ ਰੌਲ਼ੇ ਅਤੇ ਛਿੜਦੇ ਰਹਿੰਦੇ ਵਿਵਾਦ ਵਿਚਕਾਰ ਸਾਹਿਤ ਅਕਾਦਮੀ ਦਾ ਇਹ ਇਕ ਅਜਿਹਾ ਸਵਾਗਤਜੋਗ ਫ਼ੈਸਲਾ ਹੈ ਜਿਸ ਬਾਰੇ ਕੋਈ ਕਿੰਤੂ-ਪ੍ਰੰਤੂ ਸੰਭਵ ਨਹੀਂ। ਅਕਾਦਮੀ ਦੇ ਪੰਜਾਬੀ ਇਨਾਮਾਂ ਦਾ ਸਿਲਸਿਲਾ 1955 ਵਿਚ ਭਾਈ ਵੀਰ ਸਿੰਘ ਨੂੰ ਕਵੀ ਵਜੋਂ ਸਨਮਾਨੇ ਜਾਣ ਨਾਲ ਸ਼ੁਰੂ ਹੋਇਆ। ਇਨਾਮ-ਪਰਾਪਤ ਪੰਜਾਬੀ ਨਾਟਕਕਾਰਾਂ ਦੀ ਗੱਲ ਕਰਦਿਆਂ ਜੇ 1962 ਵਿਚ ਨਾਟਕ-ਲੇਖਕ ਦੀ ਥਾਂ ਨਾਟਕ ਦੇ ਇਤਿਹਾਸਕਾਰ ਵਜੋਂ ਸਨਮਾਨੇ ਗਏ ਬਲਵੰਤ ਗਾਰਗੀ ਨੂੰ ਅਤੇ ਇਕ ਦਹਾਕਾ ਮਗਰੋਂ 1972 ਵਿਚ ਆਲੋਚਕ ਜਾਂ ਗਲਪਕਾਰ ਦੀ ਥਾਂ ਨਾਟਕ-ਲੇਖਕ ਵਜੋਂ ਸਨਮਾਨੇ ਗਏ ਸੰਤ ਸਿੰਘ ਸੇਖੋਂ ਨੂੰ ਰਹਿਣ ਦੇਈਏ, ਨਾਟਕਕਾਰਾਂ ਵਜੋਂ ਸਨਮਾਨਿਤ ਲੇਖਕਾਂ ਦੀ ਗਿਣਤੀ ਸਵਰਾਜਬੀਰ ਨੂੰ ਸ਼ਾਮਲ ਕਰ ਕੇ 62 ਸਾਲਾਂ ਵਿਚ ਕੁੱਲ ਅੱਧੀ ਦਰਜਨ ਬਣਦੀ ਹੈ। 1973 ਵਿਚ ਹਰਚਰਨ ਸਿੰਘ, 1984 ਵਿਚ ਕਪੂਰ ਸਿੰਘ ਘੁੰਮਣ, 2003 ਵਿਚ ਚਰਨ ਦਾਸ ਸਿੱਧੂ, 2006 ਵਿਚ ਅਜਮੇਰ ਸਿੰਘ ਔਲਖ ਤੇ 2009 ਵਿਚ ਆਤਮਜੀਤ ਸਿੰਘ ਮਗਰੋਂ ਸਵਰਾਜਬੀਰ ਛੇਵਾਂ ਨਾਂ ਹੈਇਹ ਵੀ ਇਕ ਦਿਲਚਸਪ ਤੱਥ ਹੈ ਕਿ ਜਿੱਥੇ ਪੰਜਾਬੀ ਵਿਚ ਹੋਰ ਵਿਧਾਵਾਂ ਦੇ ਸਾਹਿਤ ਅਕਾਦਮੀ ਪੁਰਸਕਾਰ ਕਈ ਵਾਰ ਵਾਦਵਿਵਾਦ ਛੇੜਦੇ ਰਹੇ ਹਨ, ਨਾਟਕ ਵਿਧਾ ਨਾਲ ਸੰਬੰਧਿਤ ਇਹ ਸਾਰੇ ਨਾਂ ਕਿਸੇ ਵੀ ਨੁਕਤਾਚੀਨੀ ਤੋਂ ਉੱਚੇ ਰਹੇ ਹਨ।

ਸਵਰਾਜਬੀਰ ਨੇ ਰਚਨਾਕਾਰੀ ਦਾ ਮੁੱਢ, ਬਹੁਤੇ ਲੇਖਕਾਂ ਵਾਂਗ, ਕਵਿਤਾ ਨਾਲ ਬੰਨ੍ਹਿਆ। ਉਹਦੇ ਤਿੰਨ ਕਾਵਿ-ਸੰਗ੍ਰਹਿ ਵੀ ਛਪੇ। ਫੇਰ ਉਹ ਨਾਟਕ-ਰਚਨਾ ਵਿਚ ਪ੍ਰਵੇਸ਼ ਕਰ ਗਿਆ ਅਤੇ ਇਕ ਤੋਂ ਮਗਰੋਂ ਇਕ ਚਰਰਿਤ ਨਾਟਕ ਰਚਣ ਲੱਗਿਆ। ‘ਮੱਸਿਆ ਦੀ ਰਾਤ’ ਤੋਂ ਪਹਿਲਾਂ ਜਦੋਂ ਜਦੋਂ ‘ਧਰਮ ਗੁਰੂ’, ‘ਕ੍ਰਿਸ਼ਨ’, ‘ਮੇਦਨੀ’, ‘ਸ਼ਾਇਰੀ’ ਤੇ ‘ਕੱਲਰ’ ਛਪੇ, ਹਰੇਕ ਨਾਟਕ ਪਾਠਕਾਂ ਦਾ ਅਤੇ ਮੰਚ-ਨਿਰਦੇਸ਼ਕਾਂ ਤੇ ਉਹਨਾਂ ਰਾਹੀਂ ਦਰਸ਼ਕਾਂ ਦਾ ਬਰਾਬਰ ਧਿਆਨ ਖਿੱਚਣ ਵਿਚ ਸਫਲ ਰਿਹਾ। ਲਿਖੇ ਜਾਣ ਦੇ ਪੱਖੋਂ ਸੰਪੂਰਨ ਹੋ ਚੁੱਕੇ ਉਹਦੇ ਕੁਝ ਹੋਰ ਨਾਟਕ ਅਜੇ ਛਾਪੇ ਦੇ ਜਾਮੇ ਦੀ ਉਡੀਕ ਕਰ ਰਹੇ ਹਨ।

ਉਹ ਨਾਟਕਕਾਰ ਵਜੋਂ ਆਪਣੀ ਵੱਖਰੀ, ਨਵੇਕਲੀ ਪਛਾਣ ਬਣਾਉਣ ਵਿਚ ਸਫਲ ਹੋਇਆ ਹੈ। ਇਸ ਦਾ ਆਧਾਰ ਮਨੁੱਖੀ ਸਮਾਜ ਦੇ ਇਤਿਹਾਸ ਦੇ ਨਾਲ ਨਾਲ ਮਿਥਿਹਾਸ, ਪਰੰਪਰਾਵਾਂ, ਰਹੁ-ਰੀਤਾਂ, ਵਿਸ਼ਵਾਸਾਂ ਤੇ ਅੰਧਵਿਸ਼ਵਾਸਾਂ ਦਾ ਉਹਦਾ ਡੂੰਘਾ ਅਧਿਅਨ ਹੈ। ਇਸੇ ਸਦਕਾ ਉਹਦੇ ਨਾਟਕ ਇਕ-ਕਾਲੀ ਤੇ ਇਕ-ਸਮੱਸਿਆਈ ਹੋਣ ਦੀ ਥਾਂ ਸਮੇਂ ਅਤੇ ਸਮਾਜ ਦੀਆਂ ਕਈ ਕਈ ਪਰਤਾਂ ਨੂੰ ਕਲਾਵੇ ਵਿਚ ਲੈਂਦੇ ਹਨ। ਪੁਸਤਕ ਰੂਪ ਵਿਚ ਅਜਿਹੇ ਨਾਟਕ ਵੀ ਮਿਲਦੇ ਹਨ ਜੋ ਪਾਠਕ ਨੂੰ ਤਾਂ ਚੰਗੇ ਲੱਗ ਸਕਦੇ ਹਨ ਪਰ ਨਿਰਦੇਸ਼ਕ ਉਹਨਾਂ ਦੀ ਮੰਚ ਉੱਤੇ ਪੇਸ਼ਕਾਰੀ ਨੂੰ ਜੇ ਅਸੰਭਵ ਨਹੀਂ ਤਾਂ ਔਖੀ ਤੇ ਸਮੱਸਿਆਵਾਂ-ਭਰੀ ਆਖ ਕੇ ਹੱਥ ਪਾਉਣੋਂ ਟਲਦੇ ਹਨ। ਰਚਨਾਕਾਰ ਵਜੋਂ ਸਵਰਾਜਬੀਰ ਇਹਨਾਂ ਦੋਵਾਂ ਪੱਖਾਂ ਦਾ ਧਿਆਨ ਰਖਦਾ ਹੈ। ਉਹਦੇ ਨਾਟਕ, ਖਾਸ ਕਰਕੇ ਉਹਨਾਂ ਦੀ ਕਾਵਿਕਤਾ ਸਦਕਾ, ਪੜ੍ਹਨ ਵਿਚ ਵੀ ਆਨੰਦ ਦਿੰਦੇ ਹਨ ਅਤੇ ਮੰਚ-ਪੇਸ਼ਕਾਰੀ ਸਮੇਂ ਦੇਖਣ ਵਿਚ ਵੀ ਤ੍ਰਿਪਤ ਕਰਦੇ ਹਨਉਹਦੇ ਨਾਟਕਾਂ ਵਿਚ ਸ਼ਾਮਲ ਅਨੇਕ ਕਾਵਿ-ਟੋਟੇ ਆਪਣੇ ਆਪ ਵਿਚ ਖ਼ੂਬਸੂਰਤ ਸੰਪੂਰਨ ਸੁਤੰਤਰ ਕਵਿਤਾਵਾਂ ਹੁੰਦੇ ਹਨ। ਸਨਮਾਨੇ ਗਏ ਨਾਟਕ ‘ਮੱਸਿਆ ਦੀ ਰਾਤ’ ਦੀ ਨਾਇਕਾ ਚੰਨੋ ਗਰਭਵਤੀ ਹੈ ਪਰ ਇਹ ਨਹੀਂ ਜਾਣਦੀ ਕਿ ਉਹਦੀ ਕੁੱਖ ਵਿਚ ਮੁੰਡਾ ਪਲ਼ ਰਿਹਾ ਹੈ ਜਾਂ ਕੁੜੀ। ਇਕੱਲ ਵਿਚ ਉਹ ਗਾਉਂਦੀ ਹੈ, “ਕੋਈ ਤਾਂ ਦੱਸੇ, ਕੋਈ ਤਾਂ ਦੱਸੇ/ ਮੇਰੀ ਕੁੱਖ ਵਿਚ ਕੇਹਾ ਮੋਤੀ/ ਬੂਰ ਪਿਆ ਹੈ ਤਨ ਦੀ ਟਾਹਣੀ, ਲਟ-ਲਟ ਬਲ਼ਦੀ ਜੋਤੀ, ਮੇਰੀ ਕੁੱਖ ਵਿਚ ਕੇਹਾ ਮੋਤੀ/ ਇਸ ਮੋਤੀ ਲਈ ਚੁੱਭੀਆਂ ਲਾਈਆਂ, ਦੇਹ ਸਰਾਂ ਵਿਚ ਧੋਤੀ, ਮੇਰੀ ਕੁੱਖ .../ ਦੇਹੀ ਦੇ ਵਿਚ ਅੱਗ ਸੁਲਘਦੀ, ਅੱਗ ਹੈ ਇਹ ਅਨੋਖੀ, ਮੇਰੀ ਕੁੱਖ .../ ਤਨ ਤੇ ਮਨ ਦੀਆਂ ਜੂਹਾਂ ਗਾਹੀਆਂ, ਦਰ ਆਸ ’ਤੇ ਆ ਖਲੋਤੀ, ਮੇਰੀ ਕੁੱਖ ਵਿਚ ਕੇਹਾ ਮੋਤੀ!”

ਹਰ ਲੇਖਕ ਆਪਣੀ ਰਚਨਾ ਦਾ ਆਧਾਰ ਬਣਨ ਵਾਲੀ ਗੱਲ ਨੂੰ ਸੋਚਦਾ-ਚਿਤਵਦਾ, ਛਿਲਦਾ-ਤਰਾਸ਼ਦਾ ਅਤੇ ਇੱਛਤ ਨੁਹਾਰ ਨਾਲ ਸਾਕਾਰ ਕਰਨ ਦਾ ਯਤਨ ਕਰਦਾ ਹੈ। ਸ਼ਬਦਾਂ ਦਾ ਜਾਮਾ ਪਾ ਕੇ ਪਰਗਟ ਹੋਈ ਉਹਦੀ ਸੋਚ ਤੇ ਚਿਤਵਣ ਨੈਣਾਂ ਦੇ ਬੂਹੇ ਰਾਹੀਂ ਪਾਠਕ ਦੇ ਮਨ ਵਿਚ ਪੁੱਜਦੀ ਹੈ। ਪੁਸਤਕੀ ਨਾਟਕ ਦਾ ਸੱਚ ਵੀ ਇਹੋ ਹੈ। ਪਰ ਸਵਰਾਜਬੀਰ ਦੇ ਨਾਟਕਾਂ ਦਾ ਪਾਠ ਕਰਦਿਆਂ ਮੇਰਾ ਅਨੁਭਵ ਬਿਲਕੁਲ ਵੱਖਰਾ ਰਿਹਾ ਹੈ। ਨਾਟਕ ਮੂਲ ਰੂਪ ਵਿਚ ਮੰਚ ਲਈ ਕੀਤੀ ਗਈ ਰਚਨਾ ਹੋਣ ਸਦਕਾ ਹਰ ਅਨੁਭਵੀ ਨਾਟਕਕਾਰ ਆਪਣੇ ਪਾਠਕ ਸਾਹਮਣੇ ਵੀ ਕਿਸੇ ਨਾ ਕਿਸੇ ਹੱਦ ਤੱਕ ਮੰਚੀ ਪ੍ਰਭਾਵ ਸਿਰਜਣ ਦਾ ਯਤਨ ਕਰਦਾ ਹੈ। ਸਵਰਾਜਬੀਰ ਇਸ ਪੱਖੋਂ ਬਹੁਤ ਸੁਚੇਤ ਦਿਸਦਾ ਹੈ। ਉਹਦੇ ਨਾਟਕ ਪੜ੍ਹਦਿਆਂ ਮੰਚ ਵਾਲਾ ਇਹ ਦਰਸ਼ਨੀ ਤੇ ਸਰਵਣੀ ਪ੍ਰਭਾਵ ਅਕਸਰ ਹੀ ਗੂੜ੍ਹੇ ਰਸ-ਰੰਗ ਨਾਲ ਉਜਾਗਰ ਹੁੰਦਾ ਹੈ।

ਮੱਸਿਆ ਦੀ ਰਾਤ’ ਦੇ ਦੂਸਰੇ ਅੰਕ ਦੇ ਪੰਜਵੇਂ ਦ੍ਰਿਸ਼ ਦੀ ਗੱਲ ਇਕ ਮਿਸਾਲ ਵਜੋਂ ਕੀਤੀ ਜਾ ਸਕਦੀ ਹੈ। ਪੁੱਤਰ-ਅਭਿਲਾਸ਼ੀ ਇਸਤਰੀਆਂ ਦੀ ਝੋਲ਼ੀ ਭਰਨ ਵਾਲ਼ੀ ਮਾਤਾ ਦਾ ਦਰਬਾਰ ਲੱਗਿਆ ਹੋਇਆ ਹੈ ਜਿੱਥੇ ਚੇਲੀਆਂ ਮਾਤਾ ਦਾ ਮਹਿਮਾ-ਗਾਨ ਕਰ ਰਹੀਆਂ ਹਨ। ਇਸ ਮਹਿਮਾ-ਗਾਨ ਨੇ ਲਗਾਤਾਰ ਤੇਜ਼, ਤਿੱਖਾ ਤੇ ਉੱਚਾ ਹੁੰਦਿਆਂ ਸੰਮੋਹਨ ਦਾ ਟੂਣੇਹਾਰਾ ਮਾਹੌਲ ਪੈਦਾ ਕਰਨਾ ਹੈ। ਇਸ ਮਾਹੌਲ ਵਿਚ ਅਭਿਲਾਸ਼ੀ ਔਰਤ ਨੇ ਹੌਲ਼ੀ ਹੌਲ਼ੀ ਆਪਣੀਆਂ ਮਾਨਸਿਕ ਜੇ-ਜੱਕਾਂ ਅਤੇ ਸਮਾਜਕ ਸੰਕੋਚਾਂ ਦੇ ਘੇਰੇ ਵਿੱਚੋਂ ਨਿਕਲਦੇ ਜਾਣਾ ਹੈ ਅਤੇ ਮਾਤਾ ਦੇ ਰਹੱਸਮਈ ਤਾਂਤਰਿਕ ਘੁਸਮੁਸੇ ਵਿਚ ਪ੍ਰਵੇਸ਼ ਕਰਦੇ ਜਾਣਾ ਹੈ। ਮਨ ਨੂੰ ਧੁੰਦਲਾਉਣ ਵਾਲ਼ੇ ਇਸ ਤਾਂਤਰਿਕੀ ਮਾਹੌਲ ਵਿਚ ਉਹਨੇ ਆਖ਼ਰ ਨੂੰ ਪੂਰੀ ਤਰ੍ਹਾਂ ਮਾਤਾ ਦੀ ਕੀਲ ਵਿਚ ਆ ਕੇ ਉਹ ਉਪੱਦਰ ਕਰਨ ਤੇ ਪਾਪ ਕਮਾਉਣ ਲਈ ਤਿਆਰ ਹੋ ਜਾਣਾ ਹੈ ਜੋ ਸਾਧਾਰਨ ਹਾਲਤ ਵਿਚ ਉਹਦੇ ਲਈ ਸੋਚਣਾ ਵੀ ਸੰਭਵ ਨਹੀਂ। ਇਸ ਸਾਰੇ ਵਰਤਾਰੇ ਦਾ ਪਾਠ ਕਰਦਿਆਂ ਪਾਠਕ ਸ਼ੁਰੂ ਤਾਂ ਪੜ੍ਹਤ ਨਾਲ ਹੀ ਕਰਦਾ ਹੈ ਪਰ ਜਿਉਂ ਜਿਉਂ ਉਹ ਅੱਗੇ ਵਧਦਾ ਹੈ ਅਤੇ ਚੇਲੀਆਂ ਨੂੰ ਗਾਉਂਦੀਆਂ, ਸਿਰ ਫੇਰ ਕੇ ਖੇਡਦੀਆਂ ਤੇ ਸੰਮੋਹਿਤ ਅਵਸਥਾ ਵਿਚ ਡੂੰਘੀਆਂ ਹੀ ਡੂੰਘੀਆਂ ਉੱਤਰਦੀਆਂ ਪੜ੍ਹਦਾ ਹੈ, ਉਹ ਵੀ ਨਾਲੋ-ਨਾਲ ਪੜ੍ਹਤ ਤੋਂ ਅੱਗੇ ਵਧਦਾ ਹੈ। ਪਾਠਕ ਦੀਆਂ ਅੱਖਾਂ ਸਾਹਮਣੇ ਪਹਿਲਾਂ ਦ੍ਰਿਸ਼ ਸਾਕਾਰ ਹੋਣ ਲਗਦਾ ਹੈ ਤੇ ਫੇਰ ਉਹਦੇ ਕੰਨਾਂ ਵਿਚ “ਮਾਤਾ ਦੇ ਦਰਬਾਰ, ਭਰਦੀ ਝੋਲ਼ੀ, ਜੋਤਾਂ ਜਗਦੀਆਂ ... ਮਾਤਾ ਦੇਵੇ ਲਾਲ, ਜੋਤਾਂ ਜਗਦੀਆਂ ... ਸ਼ਿਵ ਹੀ ਮਾਲਕ, ਸ਼ਿਵ ਹੀ ਮਾਲਕ ... ਮਾਤਾ ਮਾਤਾ ਮਾਤਾ ਮਾਤਾ ... ਮਾਤਾ ਮੇਰੀ ਝੋਲ ਭਰੇਗੀ ... ਪੁੱਤ ਜੰਮਾਂਗੀ, ਪੁੱਤ ਜੰਮਾਂਗੀ ... ਮਾਤਾ ਮਾਤਾ ਮਾਤਾ ਮਾਤਾ ...” ਦੇ ਟੂਣੇਹਾਰੇ ਬੋਲ ਗੂੰਜਣ ਲੱਗਦੇ ਹਨ। ਸ਼ਬਦਾਂ ਸਹਾਰੇ ਦ੍ਰਿਸ਼ ਅਤੇ ਧੁਨੀ ਸਿਰਜ ਸਕਣਾ ਸਵਰਾਜਬੀਰ ਦੀ ਬੇਮਿਸਾਲ ਕਲਮ-ਕਲਾ ਹੈ।

ਇਹ ਨਾਟਕ ਪੁਰਸ਼-ਪ੍ਰਧਾਨ ਸਮਾਜ ਵਿਚ ਧੀ ਦੀ ਬੇਕਦਰੀ ਦੇ ਮੁਕਾਬਲੇ ਪੁੱਤਰ ਦੀ ਕਦਰ ਨੂੰ ਦਰਸਾਉਂਦਾ ਹੈ। ਅਸਲ ਵਿਚ ਨਾਟਕਕਾਰ ਧੀ ਦੀ ਬੇਕਦਰੀ ਦੀ ਜੜ ਵੀ “ਘਰ-ਜਾਇਦਾਦ ਦੇ ਵਾਰਿਸ ... ਪਰਿਵਾਰ ਦੇ ਗੌਰਵ ... ਕੁਲ ਨੂੰ ਅੱਗੇ ਵਧਾਉਣ ਵਾਲ਼ੇ” ਵਜੋਂ ਪੁੱਤ ਦੀ ਅਸੀਮ ਕਦਰ ਵਿਚ ਹੀ ਲੱਗੀ ਹੋਈ ਦੇਖਦਾ-ਦੱਸਦਾ ਹੈ। ਚਾਰ ਧੀਆਂ ਵੇਖ ਵੇਖ ਕੇ ਅਤੇ ਸਭ ਦੇ ਕੌੜੇ ਬੋਲ ਸੁਣ ਸੁਣ ਕੇ ਅੱਕੀ ਪਈ ਘਰ ਦੀ ਮਾਲਕਣ ਪੰਜਵੀਂ ਥਾਂ ਹੋਏ ਪੁੱਤਰ ਦੇ ਜਨਮ ਨਾਲ ਬਦਲੇ ਹੋਏ ਮਾਹੌਲ ਦਾ ਜ਼ਿਕਰ ਇਉਂ ਕਰਦੀ ਹੈ, “ਜਗੀਰ ਸਿਓਂ ਜੰਮਿਆ ਤੇ ਏਦਾਂ ਲੱਗੇ, ਜਿਵੇਂ ਰਾਤੋ-ਰਾਤ ਦੁਨੀਆ ਬਦਲ ਗਈ ਹੋਵੇ। ... ਮੇਰੇ ਤੇ ਭੈਣੇ ਦਿਨ ਈ ਬਦਲ ਗਏ!” ਇਹ ਵਿਚਾਰ ਇੰਨਾ ਜ਼ੋਰਾਵਰ ਹੈ ਕਿ ਭਰਾਵਾਂ ਨੂੰ ਹੁੰਦੇ ਲਾਡ-ਪਿਆਰ ਦੇ ਮੁਕਾਬਲੇ ਆਪਣੇ ਨਾਲ ਹੁੰਦੇ ਦੁਰਵਿਹਾਰ ਦੇ ਬਾਵਜੂਦ ਖ਼ੁਦ “ਭੈਣਾਂ ਰੋਂਦੀਆਂ ਪਿਛੋਕੜ ਖੜ੍ਹ ਕੇ ਜਿਨ੍ਹਾਂ ਦੇ ਘਰ ਵੀਰ ਨਹੀਂ” ਤੇ ਉਹ ਤਰਲੇ-ਮਿੰਨਤਾਂ ਕਰਦੀਆਂ ਹਨ, “ਇਕ ਵੀਰ ਦੇਈਂ ਵੇ ਰੱਬਾ!”

ਨਾਟਕਕਾਰ ਚਿੱਟ-ਕੱਪੜੀਏ ਡਾਕਟਰ ਤੋਂ ਪਤਾ ਕਰ ਕੇ ਕੁੱਖ ਵਿਚ ਧੀ ਮਾਰਨ ਨੂੰ ਪੁੱਤਰ-ਪਰਾਪਤੀ ਵਾਸਤੇ ਅਖੌਤੀ ਮਾਤਾ ਤੇ ਉਹਦੀਆਂ ਕਾਲ-ਕੱਪੜੀਆਂ ਤਾਂਤਰਿਕੀ ਕਲਜੋਗਣਾਂ ਦੇ ਅਸਰ ਹੇਠ ਮੱਸਿਆ ਦੀ ਰਾਤੇ ਚੁਰਾਹੇ ਵਿਚ ਪਰਾਏ ਮੁੰਡੇ ਦੀ ਬਲੀ ਦਾ ਲਹੂ ਪਾਣੀ ਵਿਚ ਘੋਲ ਕੇ ਕੀਤੇ ਰੱਤ-ਇਸ਼ਨਾਨ ਜਿੰਨਾ ਹੀ ਭਿਆਨਕ ਅਣਮਨੁੱਖੀ ਕਾਰਾ ਦੱਸਦਾ ਹੈ। ਅਜੀਬ ਸੱਚ ਹੈ ਕਿ ਜਿਹੜੀ ਕਾਤਿਲ ਭੂਮਿਕਾ ਅੰਧਵਿਸ਼ਵਾਸੀ ਸਮਾਜ ਅੰਦਰ ਅੰਧਕਾਰੀ ਅਤੀਤ ਵਿਚ ਜੜ੍ਹਾਂ ਵਾਲ਼ੇ ਤਾਂਤਰਿਕ ਨਿਭਾਉਂਦੇ ਹਨ, ਹੂਬਹੂ ਉਹੋ ਕਾਤਿਲ ਭੂਮਿਕਾ ਆਪਣੇ ਆਪ ਨੂੰ ਪੜ੍ਹਿਆ-ਲਿਖਿਆ, ਜਾਗ੍ਰਿਤ ਤੇ ਸਭਿਅਕ ਕਹਾਉਣ ਵਾਲ਼ੇ ਸਮਾਜ ਅੰਦਰ ਉੱਚ-ਜੋਗਤਾ ਪਰਾਪਤ ਡਾਕਟਰ ਨਿਭਾਉਂਦੇ ਹਨ। ਇਸ ਕਤਲਗਾਹ ਵਿਚ ਅਣਮਨੁੱਖੀ ਅੰਧਵਿਸ਼ਵਾਸੀ ਅਤੀਤਮੁਖੀ ਤਾਂਤਰਿਕ ਅਤੇ ਵਿਗਿਆਨ ਦੀ ਸੋਝੀ ਦੇ ਦਾਅਵੇਦਾਰ ਆਧੁਨਿਕ ਡਾਕਟਰ ਹੱਥਾਂ ਵਿਚ ਇੱਕੋ ਜਿਹੇ ਦਾਤਰ ਫੜੀ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹੋਏ ਹਨ! ਤਾਂਤਰਿਕਾਂ ਦੀਆਂ ਡਰਾਉਣੀਆਂ ਰਹੁਰੀਤਾਂ ਡਾਕਟਰਾਂ ਦੇ ਅਲਟਰਾਸਾਊਂਡ ਤੇ ਐੱਮ ਆਰ ਆਈ ਟੈਸਟਾਂ ਦੇ ਬਰਾਬਰ ਆ ਖਲੋਂਦੀਆਂ ਹਨ! ਪੁੱਤਰ-ਮੋਹ ਅਤੇ ਜੰਮਣ ਤੋਂ ਪਹਿਲਾਂ-ਪਿੱਛੋਂ ਧੀ-ਹੱਤਿਆ ਅਜਿਹੇ ਵਰਤਾਰੇ ਹਨ ਜੋ ਸਾਡੇ ਸਮਾਜ ਦੇ ਨੈਣ-ਨਕਸ਼ਾਂ ਨੂੰ ਡੌਲਦੇ ਹਨ। ਇਹ ਹਰ ਰੋਜ਼ ਸਾਡੇ ਅੱਖਾਂ ਅੱਗੇ ਵਾਪਰਦੇ ਤੇ ਕੰਨਾਂ ਵਿਚ ਗੂੰਜਦੇ ਹਨ। ਸਵਰਾਜਬੀਰ ਦੀ ਨਵੇਕਲਤਾ ਇਸ ਮੁੱਦੇ ਦੀਆਂ ਜੜ੍ਹਾਂ ਦਾ ਅਤੀਤ ਦੀ ਗਹਿਰਾਈ ਵਿਚ ਅਤੇ ਵਰਤਮਾਨ ਦੇ ਪਸਾਰ ਵਿਚ ਦੂਰ ਦੂਰ ਤੱਕ ਫ਼ੈਲਿਆ ਹੋਇਆ ਜਾਲ ਸਾਡੇ ਸਾਹਮਣੇ ਨੰਗੇ-ਚਿੱਟੇ ਰੂਪ ਵਿਚ ਪੇਸ਼ ਕਰ ਦੇਣ ਵਿਚ ਹੈ।

ਪਤਾ ਨਹੀਂ, ਸਵਰਾਜਬੀਰ ਨੇ ਕਦੀ ਕਿਸੇ ਨਾਟਕ ਦਾ ਨਿਰਦੇਸ਼ਨ ਵੀ ਕੀਤਾ ਹੈ ਕਿ ਨਹੀਂ। ਪਰ ਉਹਦੇ ਨਾਟਕ ਦੇ ਪਾਠ ਦਾ ਬਰੈਕਟਾਂ ਵਿਚਲਾ ਵੇਰਵਾ ਉਹਦੀ ਨਿਰਦੇਸ਼ਕੀ ਨੀਝ ਦਾ ਅਹਿਸਾਸ ਭਲੀਭਾਂਤ ਕਰਵਾ ਦਿੰਦਾ ਹੈ। ਨਾਟਕਾਂ ਵਿਚ ਸ਼ਾਮਲ ਉਹਦੀਆਂ ਕਾਵਿ-ਟੁਕੜੀਆਂ ਦੀਆਂ ਸਤਰਾਂ ਤਾਂ ਛੋਟੀਆਂ ਹੁੰਦੀਆਂ ਹੀ ਹਨ, ਵਾਰਤਾਲਾਪ ਵੀ ਆਮ ਕਰਕੇ ਬਹੁਤਾ ਲੰਮਾ ਨਹੀਂ ਹੁੰਦਾ ਤੇ ਛੋਟੇ ਛੋਟੇ ਵਾਕਾਂ ਦਾ ਜੋੜ ਹੁੰਦਾ ਹੈ। ਇਹ ਛੋਟੀਆਂ ਸਤਰਾਂ ਤੇ ਛੋਟੇ ਵਾਕ ਅਭਿਨੇਤਾ-ਅਭਿਨੇਤਰੀ ਲਈ ਚੇਤੇ ਕਰਨੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨੇ ਸੌਖੇ ਰਹਿੰਦੇ ਹਨ। ‘ਮੱਸਿਆ ਦੀ ਰਾਤ’ ਨੂੰ ਨੀਤਾ ਮਹਿੰਦਰਾ ਨੇ ਕੋਈ ਪੰਜਾਹ ਵਾਰ ਅਤੇ ਕੇਵਲ ਧਾਲੀਵਾਲ ਨੇ ਕੋਈ ਤੀਹ ਵਾਰ ਮੰਚ ਉੱਤੇ ਸਫਲਤਾ ਨਾਲ ਪੇਸ਼ ਕੀਤਾ ਹੈ। ਕੇਵਲ ਤਾਂ ਇਹ ਨਾਟਕ ਪਾਕਿਸਤਾਨ ਵਿਚ ਵੀ ਪੇਸ਼ ਕਰ ਆਇਆ ਹੈ।

ਸਵਰਾਜਬੀਰ ਨੂੰ ‘ਮੱਸਿਆ ਦੀ ਰਾਤ’ ਵਰਗੀ ਸਮਾਜਮੁਖ ਰਚਨਾ ਕਰਨ ਲਈ ਤੇ ਇਸ ਰਚਨਾ ਸਦਕਾ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨੇ ਜਾਣ ਲਈ ਵਧਾਈ ਅਤੇ ਉਹਦੀ ਕਲਮ ਦੇ ਭਵਿੱਖ ਨੂੰ ਉਹੋ ਟਕਸਾਲੀ ਦੁਆ, “ਖ਼ੁਦਾ ਕਰੇ ਜ਼ੋਰ-ਏ-ਕਲਮ ਔਰ ਜ਼ਿਆਦਾ!”

*****

(566)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.m

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author