GurbachanBhullar7ਮੈਥੋਂ ਤੇਰੀਆਂ ਸਰਗਰਮੀਆਂ ਬਾਰੇ ਰਿਪੋਰਟ ਮੰਗੀ ਗਈ ਹੈ। ਜੇ ਤੂੰ ਲਿਖ ਕੇ ਦੇ ਦੇਵੇਂ ਕਿ ...
(10 ਜਨਵਰੀ 2022)

 

ਇਹ 1966 ਦੀ ਗੱਲ ਹੈ। ਸਾਡੇ ਰਾਮਪੁਰਾ ਫੂਲ ਦੇ ਐੱਮ. ਐੱਲ. ਏ. ਮਾਸਟਰ ਬਾਬੂ ਸਿੰਘ ਤੇ ਮੈਂ ਬਠਿੰਡੇ ਦੇ ਬਾਜ਼ਾਰ ਵਿੱਚ ਜਾ ਰਹੇ ਸੀ। ਅੱਗੋਂ ਜਥੇਦਾਰ ਜੰਗੀਰ ਸਿੰਘ ਪੂਹਲਾ ਮਿਲ ਗਏ। ਉਹ ਕਾਫ਼ੀ ਵੱਡੇ ਅਕਾਲੀ ਆਗੂ ਸਨ। ਕਈ ਦਹਾਕਿਆਂ ਤਕ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ। ਜੇ ਮੈਂ ਭੁੱਲਦਾ ਨਹੀਂ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗ਼ਜ਼ੈਕਟਿਵ ਦੇ ਮੈਂਬਰ ਵੀ ਰਹੇ। ਮਾਸਟਰ ਜੀ ਕਮਿਊਨਿਸਟ ਪਾਰਟੀ ਦੇ ਆਗੂ ਸਨ ਅਤੇ ਫੂਲ ਹਲਕੇ ਤੋਂ ਕਈ ਵਾਰ ਐੱਮ. ਐੱਲ. ਏ. ਚੁਣੇ ਗਏ ਸਨ। ਉਹਨਾਂ ਦੀ ਜਿੱਤ ਵਿੱਚ ਕਮਿਊਨਿਸਟ ਪਾਰਟੀ ਦੇ ਉਸ ਸਮੇਂ ਦੇ ਲੋਕ-ਹਿਤੈਸ਼ੀ ਰੂਪ ਤੋਂ ਇਲਾਵਾ ਉਹਨਾਂ ਦਾ ਸ਼ਰੀਫ਼-ਸਾਊ ਇਨਸਾਨ ਹੋਣਾ ਵੀ ਵੱਡੀ ਭੂਮਿਕਾ ਨਿਭਾਉਂਦਾ ਸੀ। ਉਹਨਾਂ ਦੇ ਵਿਰੋਧੀ ਵੀ ਮੰਨਦੇ ਸਨ ਕਿ ਸਾਨੂੰ ਇੱਕ ਮਨੁੱਖ ਵਜੋਂ ਉਹਨਾਂ ਵਿਰੁੱਧ ਬੋਲਣ ਲਈ ਕੁਛ ਵੀ ਨਹੀਂ ਮਿਲਦਾ। ਮਾਸਟਰ ਜੀ ਨਾਲ ਮੇਰੀ ਹੀ ਨੇੜਤਾ ਨਹੀਂ ਸੀ ਸਗੋਂ ਸਾਡੇ ਪਰਿਵਾਰ ਵੀ ਇੱਕ ਦੂਜੇ ਦੇ ਨੇੜੇ ਸਨ।

ਸਾਡੇ ਤਿੰਨਾਂ ਦੇ ਪਿੰਡਾਂ, ਪੂਹਲਾ, ਫੂਲ ਤੇ ਪਿੱਥੋ, ਦਾ ਇੱਕ ਦੂਜੇ ਨਾਲੋਂ ਕੁਛ-ਕੁਛ ਕੋਹਾਂ ਦਾ ਫ਼ਾਸਲਾ ਸੀ। ਕੁਦਰਤੀ ਗੱਲ ਸੀ, ਮੈਂ ਤਾਂ ਪੂਹਲਾ ਜੀ ਨੂੰ ਇਲਾਕੇ ਦੇ ਇੱਕ ਜਾਣੇ-ਪਛਾਣੇ ਆਗੂ ਹੋਣ ਸਦਕਾ ਜਾਣਦਾ ਸੀ ਪਰ ਅਜਿਹਾ ਕੋਈ ਸਬੱਬ ਕਦੀ ਨਹੀਂ ਸੀ ਬਣਿਆ ਕਿ ਉਹ ਮੈਨੂੰ ਜਾਣਨ ਲਗਦੇ। ਮੈਂ ਉਹਨਾਂ ਨੂੰ ਫ਼ਤਿਹ ਬੁਲਾ ਚੁੱਪ ਕਰ ਕੇ ਥੋੜ੍ਹਾ ਜਿਹਾ ਪਾਸੇ ਖਲੋ ਗਿਆ ਅਤੇ ਉਹ ਦੋਵੇਂ ਗੱਲੀਂ ਲੱਗ ਗਏ।

ਮਾਸਟਰ ਬਾਬੂ ਸਿੰਘ ਤੇ ਜਥੇਦਾਰ ਜੰਗੀਰ ਸਿੰਘ ਪੂਹਲਾ ਸਨ ਤਾਂ ਵੱਖ-ਵੱਖ ਪਾਰਟੀਆਂ ਵਿਚ। ਜਥੇਦਾਰ ਪੂਹਲਾ ਤਾਂ, ਸਾਫ਼ ਹੀ ਹੈ, ਪੱਕੇ ਅਕਾਲੀ ਸਨ ਤੇ ਮਾਸਟਰ ਜੀ ਪੱਕੇ ਕਮਿਊਨਿਸਟ ਸਨ। ਪਰ ਦੋਵੇਂ ਸੁੱਚੇ ਪੰਜਾਬੀ ਸੱਭਿਆਚਾਰ ਦੇ ਵੀ ਪੱਕੇ ਸਨ ਜਿਸ ਵਿੱਚ ਰਿਸ਼ਤਿਆਂ ਨੂੰ ਇਨਸਾਨੀਅਤ ਦੀ ਸਾਂਝ ਮਿਥਦੀ ਹੈ, ਕੋਈ ਹੋਰ ਸੋਚ ਨਹੀਂ। ਉਦੋਂ ਅਜੇ ਸਿਆਸਤ ਹੁਣ ਵਾਂਗ ਨਿੱਜੀ ਦੁਸ਼ਮਣੀਆਂ ਦਾ ਆਧਾਰ ਵੀ ਨਹੀਂ ਸੀ ਬਣਨ ਲੱਗੀ। ਸਿਆਸੀ ਲੋਕਾਂ ਦੀ ਬੋਲ-ਬਾਣੀ ਵਿੱਚ ਇੰਨਾ ਨਿਘਾਰ ਨਹੀਂ ਸੀ ਆਇਆ, ਜਿੰਨਾ ਹੁਣ ਦੇਖਣ ਨੂੰ ਮਿਲਦਾ ਹੈ। ਕਿਸੇ ਵਿਰੋਧੀ ਸਿਆਸਤਦਾਨ ਵਿਰੁੱਧ ਮੰਦਾ ਬੋਲਣ ਤੋਂ ਪਹਿਲਾਂ ਉਹ ਆਪਣੀ ਇੱਜ਼ਤ ਦਾ ਖ਼ਿਆਲ ਕਰਦੇ ਸਨ। ਸੋਚਦੇ, ਲੋਕ ਮੇਰੇ ਬਾਰੇ ਕੀ ਕਹਿਣਗੇ ਕਿ ਕਿਹੋ ਜਿਹੀਆਂ ਘਟੀਆ ਗੱਲਾਂ ਕਰ ਰਿਹਾ ਹੈ। ਸਾਡੇ ਇਲਾਕੇ ਦੇ ਆਮ ਲੋਕਾਂ ਵਿੱਚ ਵੀ ਉਹਨਾਂ ਦੋਵਾਂ ਦਾ ਭਲੇ ਪੁਰਸ਼ਾਂ ਵਜੋਂ ਮਾਣ-ਸਤਿਕਾਰ ਸੀ।

ਕੁਛ ਸਮਾਂ ਪਹਿਲਾਂ ਕੈਰੋਂ ਸਰਕਾਰ ਨੇ ਮੈਂਨੂੰ ਪੰਜਾਬ ਵਿੱਚ ਟੀਚਰਜ਼ ਯੂਨੀਅਨ ਜਥੇਬੰਦ ਕਰਨ ਵਾਲ਼ੇ ਮੋਢੀਆਂ ਵਿੱਚੋਂ ਹੋਣ ਕਰਕੇ ਅਤੇ ਖੱਬੇਪੱਖੀ ਵਿਚਾਰਾਂ ਕਰਕੇ, ਖਾਸ ਕਰਕੇ ਮਾਸਟਰ ਜੀ ਨਾਲ ਨੇੜਤਾ ਸਦਕਾ, ਨੌਕਰੀਉਂ ਹਟਾ ਦਿੱਤਾ ਸੀ। ਰਾਮਪੁਰਾ ਫੂਲ ਦੇ ਇੱਕ ਸੀ. ਆਈ. ਡੀ. ਅਧਿਕਾਰੀ ਜਗਸੀਰ ਸਿੰਘ ਨੇ ਮੈਂਨੂੰ ਕਿਹਾ, ਤੇਰੇ ਬਾਰੇ ਉੱਪਰ ਰਾਏ ਚੰਗੀ ਨਹੀਂ ਤੇ ਮੈਥੋਂ ਤੇਰੀਆਂ ਸਰਗਰਮੀਆਂ ਬਾਰੇ ਰਿਪੋਰਟ ਮੰਗੀ ਗਈ ਹੈ। ਜੇ ਤੂੰ ਲਿਖ ਕੇ ਦੇ ਦੇਵੇਂ ਕਿ ਅੱਗੇ ਤੋਂ ਮਾਸਟਰ ਬਾਬੂ ਸਿੰਘ ਨਾਲ ਮੈਂ ਕੋਈ ਸੰਬੰਧ ਨਹੀਂ ਰੱਖਾਂਗਾ, ਮੈਂ ਰਿਪੋਰਟ ਤੇਰੇ ਪੱਖ ਵਿੱਚ ਭੇਜ ਦੇਵਾਂਗਾ। ਨਹੀਂ ਤਾਂ ਮੈਂ ਮਾਸਟਰ ਬਾਬੂ ਸਿੰਘ ਤੇ ਕਮਿਊਨਿਸਟ ਪਾਰਟੀ ਨਾਲ ਤੇਰੇ ਸੰਬੰਧਾਂ ਬਾਰੇ ਸੱਚੋ-ਸੱਚ ਲਿਖ ਭੇਜਾਂਗਾ ਤੇ ਇਉਂ ਸ਼ਾਇਦ ਤੇਰੀ ਨੌਕਰੀ ਵੀ ਚਲੀ ਜਾਵੇ!”

ਮੈਂ ਜਵਾਬ ਦਿੱਤਾ, “ਕੱਲ੍ਹ ਨੂੰ, ਮੰਨ ਲੈ, ਤੇਰੇ ਉੱਪਰਲੇ ਕਹਿ ਦੇਣ, ਮਾਂ-ਪਿਉ ਨਾਲ ਸੰਬੰਧ ਨਾ ਰੱਖ, ਭੈਣ-ਭਰਾਵਾਂ ਨਾਲ ਸੰਬੰਧ ਨਾ ਰੱਖ, ਮੈਂ ਸਭ ਨਾਲੋਂ ਸੰਬੰਧ ਤੋੜ ਲਵਾਂ?”

ਕੁਛ ਦਿਨਾਂ ਮਗਰੋਂ ਮੇਰੀ ਨੌਕਰੀ ਦੇ ਖ਼ਾਤਮੇ ਦਾ ਪੱਤਰ ਮੇਰੇ ਸਕੂਲ ਪਹੁੰਚ ਗਿਆ। ਮੈਂ ਕੋਈ ਦਸ ਸਾਲ ਤੋਂ ਸਰਕਾਰੀ ਅਧਿਆਪਕ ਲੱਗਿਆ ਹੋਇਆ ਸੀ ਅਤੇ ਅਜਿਹੇ ‘ਦੋਸ਼’ ਕਾਰਨ ਨੌਕਰੀਉਂ ਕੱਢਿਆ ਜਾਣ ਵਾਲ਼ਾ ਪੰਜਾਬ-ਭਰ ਵਿੱਚੋਂ ਪਹਿਲਾ ਅਧਿਆਪਕ ਸੀ। ਮੇਰੇ ਮਗਰੋਂ ਲੇਖਕ ਅਜੀਤ ਪੱਤੋ ਸਮੇਤ ਸਾਰੇ ਪੰਜਾਬ ਵਿੱਚੋਂ ਕਈ ਅਧਿਆਪਕ ਨੌਕਰੀਉਂ ਹਟਾ ਦਿੱਤੇ ਗਏ ਸਨ। ਜਦੋਂ ਕੋਈ ਮੇਰੀ ਨੌਕਰੀ ਚਲੀ ਜਾਣ ਦਾ ਅਫ਼ਸੋਸ ਕਰਦਾ, ਮੈਂ ਬਰਕਤ ਰਾਮ ਯੁਮਨ ਦਾ ਇਹ ਸ਼ਿਅਰ ਸੁਣਾ ਦਿੰਦਾ:

ਭਰੀ ਮਹਿਫ਼ਿਲ ’ਚੋਂ ਮੈਂਨੂੰ ਈ ਉਠਾਇਆ ਜਾ ਰਿਹਾ ਚੁਣ ਕੇ,
ਭਰੀ ਮਹਿਫ਼ਿਲ ’ਚੋਂ ਚੁਣਿਆ ਜਾਣ ਵਿੱਚ ਵੀ ਮਾਣ ਕਿੰਨਾ ਏ!

ਸਬੱਬ ਅਜਿਹਾ ਬਣਿਆ ਕਿ ਉਸ ਸਮੇਂ ਕੁੜੀਆਂ ਦੇ ਸਕੂਲਾਂ ਨੂੰ ਸਾਇੰਸ ਟੀਚਰ ਕੁੜੀਆਂ ਨਹੀਂ ਸਨ ਮਿਲਦੀਆਂ ਕਿਉਂਕਿ ਸਾਇੰਸ ਪੜ੍ਹੀ ਹੋਈ ਕੁੜੀ ਨੂੰ ਝੱਟ ਸਰਕਾਰੀ ਨੌਕਰੀ ਮਿਲ ਜਾਂਦੀ ਸੀ। ਬੀ. ਏ., ਬੀ. ਟੀ. ਕਰਨ ਤੋਂ ਪਹਿਲਾਂ ਮੈਂ ਐੱਫ.ਐਸ-ਸੀ. ਕੀਤੀ ਹੋਈ ਸੀ। ਮੰਡੀ ਫੂਲ ਛੋਟਾ ਜਿਹਾ ਸ਼ਹਿਰ ਸੀ, ਮੇਰੀ ਨੌਕਰੀ ਚਲੀ ਜਾਣ ਦੀ ਖ਼ਬਰ ਸਭ ਨੂੰ ਪਤਾ ਲੱਗ ਗਈ। ਛੇਤੀ ਹੀ ‘ਮੇਰੀ ਸ਼ਰਾਫ਼ਤ ਬਾਰੇ ਤਸੱਲੀ ਕਰ ਕੇ’ ਮੈਂਨੂੰ ਐੱਸ. ਡੀ. ਕੰਨਿਆ ਮਹਾਂਵਿਦਿਆਲਾ ਵਾਲਿਆਂ ਨੇ ਬੁਲਾ ਲਿਆ।

ਜਦੋਂ ਪੂਹਲਾ ਜੀ ਨਾਲ ਇਹ ਮੁਲਾਕਾਤ ਹੋਈ, ਉਦੋਂ ਮੈਂ ਕੰਨਿਆ ਮਹਾਂਵਿਦਿਆਲਾ ਵਿੱਚ ਸਾਇੰਸ ਅਧਿਆਪਕ ਲੱਗਿਆ ਹੋਇਆ ਸੀ। ਨੌਕਰੀਉਂ ਹਟਾਏ ਜਾਣ ਮਗਰੋਂ ਮੈਂ ਐੱਮ. ਏ. ਵੀ ਪਾਸ ਕਰ ਗਿਆ ਸੀ। ਗੱਲਾਂ ਕਰਦਿਆਂ ਸ਼ਾਇਦ ਜਥੇਦਾਰ ਜੀ ਨੂੰ ਮੇਰਾ ਚੁੱਪ ਕਰ ਕੇ ਪਾਸੇ ਜਿਹੇ ਖੜ੍ਹੇ ਰਹਿਣਾ ਠੀਕ ਨਾ ਲੱਗਿਆ। ਉਹਨਾਂ ਨੇ ਮੈਂਨੂੰ ਗੱਲਬਾਤ ਵਿੱਚ ਸ਼ਾਮਲ ਕਰਨ ਲਈ ਮਾਸਟਰ ਜੀ ਨੂੰ ਪੁੱਛਿਆ, “ਇਹ ਕਾਕਾ?”

ਮਾਸਟਰ ਜੀ ਮੇਰਾ ਨਾਂ ਤੇ ਪਿੰਡ ਦੱਸ ਕੇ ਕਹਿਣ ਲੱਗੇ, “ਇਹ ਆਪਣੀ ਮੰਡੀ ਦੇ ਕੁੜੀਆਂ ਦੇ ਸਕੂਲ ਵਿੱਚ ਪੜ੍ਹਾਉਂਦਾ ਹੈ ਤੇ ਇਹਨੇ ਹੁਣੇ-ਹੁਣੇ ਚੰਗੇ ਨੰਬਰਾਂ ਨਾਲ ਐੱਮ.ਏ. ਕੀਤੀ ਹੈ।”

ਮਾਸਟਰ ਜੀ ਦੀ ਗੱਲ ਸੁਣਦਿਆਂ ਹੀ ਪੂਹਲਾ ਜੀ ਨੇ ਮੇਰੇ ਮੋਢੇ ਉੱਤੇ ਹੱਥ ਰੱਖਿਆ, “ਕਾਕਾ, ਜੇ ਤੂੰ ਚੰਗੇ ਨੰਬਰਾਂ ਨਾਲ ਐੱਮ. ਏ. ਕੀਤੀ ਹੋਈ ਹੈ, ਸਕੂਲ ਵਿੱਚ ਕਿਉਂ ਲੱਗਿਆ ਹੋਇਆ ਹੈਂ? ਸੰਤ ਜੀ ਨੇ ਆਪਣੇ ਇਲਾਕੇ ਦੇ ਭਲੇ ਵਾਸਤੇ ਦਮਦਮਾ ਸਾਹਿਬ ਕਾਲਜ ਖੋਲ੍ਹਿਆ ਹੈ, ਤੂੰ ਆਪਣੇ ਕਾਲਜ ਵਿੱਚ ਆ। ... ਸਾਡੀ ਮੀਟਿੰਗ ਹੋਈ ਸੀ। ਪਰੋਫੈਸਰ ਰੱਖਣੇ ਨੇ। ਅਖ਼ਬਾਰਾਂ ਵਿੱਚ ਵੀ ਇਸ਼ਤਿਹਾਰ ਆ ਜਾਊ। ਤੂੰ ਅਰਜ਼ੀ ਭੇਜਣੀ ਨਾ ਭੁੱਲੀਂ। ... ਭਾਈ, ਜੇ ਤੇਰੇ ਵਰਗੇ ਆਪਣੇ ਇਲਾਕੇ ਦੇ ਮੁੰਡੇ ਆਪਣੇ ਕਾਲਜ ਵਿੱਚ ਪੜ੍ਹਾਉਣ ਨਹੀਂ ਲੱਗਣਗੇ, ਸ਼ਹਿਰੀਆਂ ਜਾਂ ਦੂਰ ਤੋਂ ਆਇਆਂ ਨੇ ਤਾਂ ਇੱਥੇ ਅਜੇ ਸੁਖ-ਸਹੂਲਤਾਂ ਦੀ ਘਾਟ ਦੇਖ ਕੇ ਟਿਕਣ ਤੋਂ ਪਹਿਲਾਂ ਭੱਜਣ ਦੀ ਤਿਆਰੀ ਕਰਨ ਲੱਗ ਪੈਣੀ ਹੈ। ਆਪਣੇ ਬੰਦੇ ਹੋਣਗੇ ਤਾਂ ਉਹਨਾਂ ਦੇ ਦਿਲ ਵਿੱਚ ਇਲਾਕੇ ਦੇ ਕਾਲਜ ਦਾ ਦਰਦ ਤਾਂ ਹੋਊ।”

ਮੈਂ ਨਵੀਂ-ਨਵੀਂ ਐੱਮ. ਏ. ਕੀਤੀ ਸੀ। ਕਿਸੇ ਕਾਲਜ ਵਿੱਚ ਲੈਕਚਰਾਰ ਲੱਗਣ ਦਾ ਤਾਂ ਸੁਪਨਾ ਵੀ ਅਜੇ ਮਨ ਵਿੱਚ ਜਾਗਿਆ ਨਹੀਂ ਸੀ। ਤੇ ਪੂਹਲਾ ਜੀ ਆਪ ਮੈਂਨੂੰ ਲੈਕਚਰਾਰ ਲੱਗਣ ਦਾ ਸੱਦਾ ਦੇ ਰਹੇ ਸਨ। ਮੈਂਨੂੰ ਭਲਾ ਹੋਰ ਕੀ ਚਾਹੀਦਾ ਸੀ! ਮੈਂ ਕਿਹਾ, “ਜੀ, ਇਸ਼ਤਿਹਾਰ ਆ ਜਾਵੇ, ਮੈਂ ਅਰਜ਼ੀ ਭੇਜ ਦੇਊਂ।”

ਸੰਤ ਜੀ ਤੋਂ ਉਹਨਾਂ ਦਾ ਭਾਵ ਸੰਤ ਫ਼ਤਿਹ ਸਿੰਘ ਤੋਂ ਸੀ। ਉਹ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਹੀ ਨਹੀਂ, ਸਰਬੋ-ਸਰਬਾ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਉਹਨਾਂ ਦੀ ਭਾਰੀ ਬਹੁਸੰਮਤੀ ਸੀ। ਉਹਨਾਂ ਨੇ ਆਪਣਾ ਟਿਕਾਣਾ ਭਾਵੇਂ ਰਾਜਸਥਾਨ ਵਿੱਚ ਗੁਰਦੁਆਰਾ ਸਾਹਿਬ ਬੁੱਢਾ ਜੌਹੜ ਬਣਾਇਆ ਹੋਇਆ ਸੀ, ਪਰ ਉਹਨਾਂ ਦਾ ਜਨਮ-ਨਗਰ ਬਦਿਆਲਾ ਮੇਰੇ ਪਿੰਡ ਪਿੱਥੋ ਤੋਂ ਕੁਲ ਦੋ ਕੋਹ ਵਾਟ ਸੀ। ਸਾਡੇ ਇਲਾਕੇ ਦਾ ਭਲਾ ਹਮੇਸ਼ਾ ਉਹਨਾਂ ਦੇ ਧਿਆਨ ਵਿੱਚ ਰਹਿੰਦਾ।

ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਲਾਕੇ ਦੇ ਲੋਕਾਂ ਦੀ ਚਿਰਾਂ-ਪੁਰਾਣੀ ਮੰਗ ਪੂਰੀ ਕਰਦਿਆਂ ਦਮਦਮਾ ਸਾਹਿਬ, ਤਲਵੰਡੀ ਸਾਬੋ ਨੂੰ ਤਖ਼ਤ ਵਜੋਂ ਮਾਨਤਾ ਦਿਵਾਈ। ਜਿਵੇਂ ਕਿ ਸਰਬ-ਗਿਆਤ ਹੈ, ਇੱਥੇ ਲਗਭਗ ਨੌਂ ਮਹੀਨੇ ਨਿਵਾਸ ਕਰ ਕੇ ਦਸਮੇਸ਼ ਪਿਤਾ ਨੇ ਪੰਜਵੇਂ ਗੁਰੂ ਜੀ ਦੀ ਸੰਪਾਦਿਤ ਬੀੜ ਵਿੱਚ ਨੌਂਵੇਂ ਗੁਰੂ ਸਾਹਿਬ ਦੀ ਬਾਣੀ ਜੋੜ ਕੇ ਗ੍ਰੰਥ ਸਾਹਿਬ ਦਾ ਹੁਣ ਪ੍ਰਕਾਸ਼ਮਾਨ ਹੁੰਦਾ ਸਰੂਪ ਤਿਆਰ ਕੀਤਾ। ਇੰਨੇ ਸਮੇਂ ਵਿੱਚ ਪੰਥ ਦੀ ਅਗਵਾਈ ਲਈ ਉਹਨਾਂ ਦਾ ਸਮੇਂ-ਸਮੇਂ ਹੁਕਮਨਾਮੇ ਜਾਰੀ ਕਰਨਾ ਤਾਂ ਸੁਭਾਵਿਕ ਸੀ ਹੀ। ਇਸੇ ਕਰਕੇ ਇਸ ਸਥਾਨ ਨੂੰ ਤਖ਼ਤ ਐਲਾਨੇ ਜਾਣ ਦੀ ਇਲਾਕੇ ਦੇ ਲੋਕਾਂ ਦੀ ਮੰਗ ਚਿਰਾਂ-ਪੁਰਾਣੀ ਸੀ।

ਦੂਜਾ ਵੱਡਾ ਕੰਮ ਸੰਤ ਜੀ ਨੇ ਦਸਮੇਸ਼ ਪਿਤਾ ਦੇ ਵਚਨ “ਕਿਸੇ ਸਮੇਂ ਇਹ ਸਥਾਨ ਗੁਰੂ-ਕੀ-ਕਾਸ਼ੀ ਬਣੇਗਾ ਤੇ ਗਿਆਨ ਦਾ ਚਾਨਣ ਫ਼ੈਲਾਵੇਗਾ” ਉੱਤੇ ਫੁੱਲ ਚੜ੍ਹਾਉਂਦਿਆਂ ਇੱਥੇ ਗੁਰੂ ਕਾਸ਼ੀ ਕਾਲਜ ਖੋਲ੍ਹਿਆ। ਸੰਤ ਜੀ ਦੇ ਇਸੇ ਬੁਨਿਆਦੀ ਕਦਮ ਦਾ ਫਲ ਹੈ ਕਿ ਅੱਜ ਦਮਦਮਾ ਸਾਹਿਬ ਉੱਚੀ ਵਿੱਦਿਆ ਦੀਆਂ ਕਈ ਸੰਸਥਾਵਾਂ ਦਾ ਕੇਂਦਰ ਬਣ ਚੁੱਕਿਆ ਹੈ।

ਪੂਹਲਾ ਜੀ ਦੀ ਸ਼ਹਿਰੀਆਂ ਤੇ ਦੂਰ ਦਿਆਂ ਪਰੋਫੈਸਰਾਂ ਦੇ ਨਾ ਟਿਕਣ ਦੀ ਗੱਲ ਦਾ ਵੀ ਨਰੋਆ ਆਧਾਰ ਸੀ। ਕਾਲਜ ਦੀ ਇਮਾਰਤ ਵੀ ਅਜੇ ਉੱਸਰ ਰਹੀ ਸੀ ਅਤੇ ਲੈਕਚਰਾਰਾਂ ਦੇ ਰਿਹਾਇਸ਼ੀ ਕੁਆਰਟਰ ਅਧੂਰੇ ਵੀ ਸਨ ਤੇ ਥੋੜ੍ਹੇ ਵੀ। ਪੈਰਾਂ ਹੇਠ ਰੇਤਲਾ ਖੇਤ ਸੀ। ਚਾਰ-ਦੀਵਾਰੀ ਤੋਂ ਸੱਖਣੇ ਤਿੰਨ ਕਮਰੀਏ ਕੁਆਰਟਰ ਦੇ ਰਸੋਈ-ਗੁਸਲਖਾਨੇ ਵਾਲੇ ਅਗਲੇ ਦੋ ਕਮਰੇ ਵਿਆਹੇ ਪ੍ਰੋਫ਼ੈਸਰਾਂ ਲਈ ਸਨ ਤੇ ਵੱਖਰੀ ਆਵਾਜਾਈ ਵਾਲਾ ਪਿਛਲਾ ਤੀਜਾ ਕਮਰਾ ਕਿਸੇ ਛੜੇ-ਛਾਂਟ ਪ੍ਰੋਫੈਸਰ ਨੂੰ ਦਿੱਤਾ ਜਾਂਦਾ ਸੀ। ਸਾਡੇ ਤੀਜੇ ਕਮਰੇ ਵਿੱਚ ਅੱਗੇ ਚੱਲ ਕੇ ਨਾਵਲਕਾਰ ਤੇ ਫਿਲਮ-ਨਿਰਮਾਤਾ ਬਣਿਆ ਬੂਟਾ ਸਿੰਘ ਸ਼ਾਦ ਰਹਿੰਦਾ ਸੀ ਜਿਸਦਾ ਉਦੋਂ ਵੀ ਕਹਾਣੀਕਾਰ ਵਜੋਂ ਵਾਹਵਾ ਨਾਂ ਸੀ।

ਸਭ ਤੋਂ ਡਰਾਉਣੀ-ਭਜਾਉਣੀ ਗੱਲ ਇਹ ਸੀ ਕਿ ਕੁਆਰਟਰਾਂ ਦੇ ਅੱਗੋਂ ਖੇਤਾਂ ਨੂੰ ਭੀੜਾ ਜਿਹਾ ਰੇਤਲਾ ਰਾਹ ਜਾਂਦਾ ਸੀ ਅਤੇ ਰਾਹ ਦੇ ਪਾਰ ਸ਼ਮਸ਼ਾਨ ਸੀ। ਵੱਡਾ ਪਿੰਡ ਹੋਣ ਕਰਕੇ ਮਹੀਨੇ ਵੀਹੀਂ ਦਿਨੀਂ ਚਿਤਾ ਬਲਦੀ ਹੀ ਰਹਿੰਦੀ ਜੋ ਖਾਸ ਕਰ ਕੇ ਰਾਤ ਨੂੰ ਬਹੁਤ ਭਿਆਨਕ ਲਗਦੀ। ਅਜਿਹੇ ਦਿਨ ਸਾਡੇ ਹਿੰਦੀ ਦੇ ਪਰੋਫੈਸਰ ਸੇਖੋਂ ਤਾਂ ਸੂਰਜ ਨੂੰ ਡੁੱਬਦਾ ਦੇਖ ਕੇ ਲੋਹੇ ਦਾ ਪੰਜ-ਫੁੱਟਾ ਸਰੀਆ ਫੜ ਲੈਂਦੇ ਸਨ ਤੇ ਸੌਣ ਲੱਗੇ ਵੀ ਉਹਨੂੰ ਆਪਣੇ ਨਾਲ ਹੀ ਬਿਸਤਰੇ ਵਿੱਚ ਪਾਉਂਦੇ ਸਨ। ਸਵੇਰੇ ਉੱਠ ਕੇ ਉਹ ਉਸ ਨੂੰ ਕਮਰੇ ਵਿੱਚ ਇੱਕ ਖੂੰਜੇ ਸਾਂਭ ਦਿੰਦੇ ਸਨ। ਉਹਨਾਂ ਨੂੰ ਕਿਸੇ ਨੇ ਦੱਸਿਆ ਹੋਇਆ ਸੀ ਕਿ ਸੂਰਜ ਛਿਪਦਾ ਦੇਖ ਕੇ ਪਰੇਤ ਬਾਹਰ ਨਿੱਕਲ ਆਉਂਦੇ ਹਨ ਜੋ ਸਿਰਫ਼ ਲੋਹੇ ਤੋਂ ਡਰਦੇ ਹੋਏ ਬੰਦੇ ਦੇ ਨੇੜੇ ਨਹੀਂ ਆਉਂਦੇ।

ਖ਼ੈਰ, ਇਸ਼ਤਿਹਾਰ ਛਪਿਆ, ਮੈਂ ਅਰਜ਼ੀ ਭੇਜੀ, ਇੰਟਰਵਿਊ ਹੋਈ ਅਤੇ ਮੈਂ ਲੈਕਚਰਾਰ ਲੱਗ ਗਿਆ। ਇੰਟਰਵਿਊ ਵੇਲੇ ਜਥੇਦਾਰ ਪੂਹਲਾ ਵੀ ਸ਼ਾਮਲ ਸਨ। ਉਹ ਕਾਲਜ ਕਮੇਟੀ ਦੇ ਖ਼ਜ਼ਾਨਚੀ ਸਨ।

ਤਿੰਨ-ਚਾਰ ਹਫ਼ਤਿਆਂ ਮਗਰੋਂ ਉਹ ਮੈਂਨੂੰ ਕਾਲਜ ਵਿੱਚ ਤੁਰੇ ਜਾਂਦੇ ਮਿਲ ਗਏ ਤਾਂ ਬੜੇ ਨਿੱਘ ਨਾਲ ਪੇਸ਼ ਆਏ। ਉਹ ਬਹੁਤ ਖ਼ੁਸ਼ ਸਨ ਕਿ ਇਲਾਕੇ ਦੇ ਇੱਕ ਮੁੰਡੇ ਨੂੰ ਚੰਗੀ ਨੌਕਰੀ ਮਿਲ ਗਈ ਸੀ ਤੇ ਕਾਲਜ ਨੂੰ ਇੱਕ ਅਜਿਹਾ ਪ੍ਰੋਫੈਸਰ ਮਿਲ ਗਿਆ ਸੀ ਜਿਸਦੇ ਛੇਤੀ ਕੀਤਿਆਂ ਕਾਲਜ ਛੱਡ ਕੇ ਜਾਣ ਦਾ ਡਰ ਨਹੀਂ ਸੀ। ਉਹਨਾਂ ਨੇ ਬੜੀ ਅਪਣੱਤ ਨਾਲ ਪੁੱਛਿਆ, “ਕਾਕਾ ਕੋਈ ਸਮੱਸਿਆ ਤਾਂ ਨਹੀਂ? ਜੇ ਕੋਈ ਤਕਲੀਫ਼ ਹੋਵੇ, ਦੱਸਣ ਤੋਂ ਸੰਗੀਂ ਨਾ।”

ਮੈਂ ਕਿਹਾ, “ਨਹੀਂ ਜੀ, ਕੋਈ ਤਕਲੀਫ਼ ਨਹੀਂ। ਸਭ ਠੀਕ ਹੈ।”

ਉਹਨਾਂ ਨੂੰ ਜਿਵੇਂ ਇਕਦਮ ਕੋਈ ਖ਼ਿਆਲ ਆਇਆ। ਕਹਿਣ ਲੱਗੇ, “ਕਾਕਾ, ਮੰਨ ਲਉ, ਕਿਸੇ ਕਾਰਨ ਤੈਨੂੰ ਕਦੇ ਮੇਰੀ ਲੋੜ ਪਵੇ, ਮੈਂ ਕੀ ਪਤਾ, ਕਿੱਥੇ ਹੋਵਾਂ। ਪਿੰਡ, ਅੰਮ੍ਰਿਤਸਰ, ਚੰਡੀਗੜ੍ਹ ਜਾਂ ਹੋਰ ਕਿਤੇ! ਮੈਂ ਇੱਕ ਕੰਮ ਕਰਦਾ ਹਾਂ ...”

ਉਹਨਾਂ ਨੇ ਹੱਥ ਵਿੱਚ ਫੜਿਆ ਹੋਇਆ ਛੋਟਾ ਜਿਹਾ ਬੈਗ ਖੋਲ੍ਹਿਆ ਅਤੇ ਉਸ ਵਿੱਚੋਂ ਇੱਕ ਨਵਾਂ ਪੋਸਟ ਕਾਰਡ ਕੱਢਿਆ। ਉਸ ਦੇ ਅੰਤ ਉੱਤੇ ਆਪਣੇ ਦਸਖ਼ਤ ਕਰ ਕੇ ਮੈਂਨੂੰ ਦਿੰਦਿਆਂ ਬੋਲੇ, “ਲੈ ਇਹ ਸਾਂਭ ਕੇ ਰੱਖ। ਜੇ ਪ੍ਰਿੰਸੀਪਲ ਸਾਹਿਬ ਤਾਈਂ ਕੋਈ ਕੰਮ ਹੋਵੇ ਤੇ ਮੈਥੋਂ ਕਹਾਉਣ ਦੀ ਲੋੜ ਹੋਵੇ, ਮੇਰੇ ਵੱਲੋਂ ਇਹ ਕਾਰਡ ਲਿਖ ਕੇ ਉਹਨਾਂ ਦੇ ਨਾਂ ਡਾਕ ਵਿੱਚ ਪਾ ਦੇਈਂ। ਜੇ ਉਹ ਮੈਂਨੂੰ ਪੁੱਛਣਗੇ, ਮੈਂ ਕਹਿ ਦੇਊਂ, ਹਾਂ, ਮੈਂ ਲਿਖਿਆ ਸੀ।”

ਉਹ ਮੇਰਾ ਮੋਢਾ ਥਾਪੜ ਕੇ ਤੁਰ ਗਏ। ਮੈਂ ਉਹਨਾਂ ਦੀ ਇਸ ਅਨੋਖੀ ਕਰਨੀ ਤੋਂ ਹੈਰਾਨ ਹੀ ਰਹਿ ਗਿਆ। ਮੈਂ ਸੋਚਿਆ, ਇਸ ਭਲੇ ਪੁਰਸ਼ ਨੂੰ ਇਹ ਅਹਿਸਾਸ ਹੈ, ਇਸ ਮੁੰਡੇ ਨੂੰ ਕਾਲਜ ਵਿੱਚ ਮੈਂ ਲੈ ਕੇ ਆਇਆ ਹਾਂ, ਇਸ ਕਰਕੇ ਇਹ ਧਿਆਨ ਰੱਖਣਾ ਮੇਰਾ ਫ਼ਰਜ਼ ਹੈ ਕਿ ਇਹਨੂੰ ਕਿਸੇ ਕਿਸਮ ਦੀ ਕੋਈ ਤਕਲੀਫ਼ ਨਾ ਹੋਵੇ! ਨਾਲ ਹੀ ਮੈਂ ਹੈਰਾਨ ਹੋਇਆ ਖਲੋਤਾ ਦਸਖ਼ਤ ਕਰ ਕੇ ਦਿੱਤੇ ਕੋਰੇ ਕਾਰਡ ਨੂੰ ਉਲਟ-ਪਲਟ ਕੇ ਦੇਖਣ ਲੱਗਿਆ। ਕੋਈ ਨਿਰਮਲ-ਚਿੱਤ ਮਨੁੱਖ ਹੀ ਇੱਕ ਅਣਜਾਣੇ ਬੰਦੇ ਉੱਤੇ ਇਉਂ ਭਰੋਸਾ ਕਰ ਸਕਦਾ ਹੈ। ਇੰਨਾ ਤਾਂ ਉਹ ਵੀ ਜਾਣਦੇ ਸਨ ਕਿ ਜੇ ਮੈਂ ਚਾਹਾਂ, ਕਾਰਡ ਦੀ ਦੁਰਵਰਤੋਂ ਵੀ ਕਰ ਸਕਦਾ ਹਾਂ ਤੇ ਇਉਂ ਉਹਨਾਂ ਨੂੰ ਵੀ ਕਿਸੇ ਕਸੂਤੀ ਹਾਲਤ ਵਿੱਚ ਫਸਾ ਸਕਦਾ ਹਾਂ। ਪਰ ਆਪ ਭਰੋਸੇਜੋਗ ਸੱਜਣ ਹੋਣ ਸਦਕਾ ਉਹਨਾਂ ਨੂੰ ਮਨੁੱਖ ਦੀ ਮੂਲ ਚੰਗਿਆਈ ਵਿੱਚ ਅਡੋਲ ਭਰੋਸਾ ਸੀ। ਉਹਨਾਂ ਦਾ ਮੱਤ ਸੀ, ਜੇ ਉਹ ਆਪ ਕਿਸੇ ਦਾ ਬੁਰਾ ਨਹੀਂ ਸਨ ਚਿਤਵਦੇ ਤੇ ਭਰੋਸਾ ਨਹੀਂ ਸਨ ਤੋੜਦੇ, ਕੋਈ ਉਹਨਾਂ ਦਾ ਬੁਰਾ ਕਿਉਂ ਚਿਤਵੇਗਾ ਤੇ ਭਰੋਸਾ ਕਿਉਂ ਤੋੜੇਗਾ!

ਅੱਜ ਦੇ ਗੰਧਲੇ ਹੋਏ ਸਮਾਜਕ ਹਾਲਾਤ ਵਿੱਚ ਜਦੋਂ ਮਨੁੱਖ ਤੋਂ ਭਰੋਸਾ ਡੋਲਣ ਲਗਦਾ ਹੈ, ਮੈਂ ਪੂਹਲਾ ਜੀ ਦਾ ਕਾਰਡ ਕੱਢ ਕੇ ਨਿਹਾਰਨ ਲਗਦਾ ਹਾਂ ਜੋ ਮੈਂ ਬੜੇ ਅਦਬ ਨਾਲ ਇੱਕ ਅਮੋਲ ਵਸਤ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3267)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 11 42502364)
Email: (bhullargs@gmail.com)

More articles from this author