GurbachanSBhullar7ਕੋਈ ਕਿਸੇ ਨੂੰ ਛੋਟੇ ਕੰਮ ਉੱਤੇ ਲੱਗੇ ਹੋਣ ਦਾ ਮਿਹਣਾ ਨਹੀਂ ਮਾਰਦਾ। ਮੇਰੇ ਦੇਖਣ-ਸੁਣਨ ਵਿਚ ਇਕ ...
(11 ਅਗਸਤ 2023)

 

ਜਿਹੜੇ ਪੰਜਾਬੀ ਪੜ੍ਹਾਈ, ਰਿਸ਼ਤੇਦਾਰੀ ਜਾਂ ਹੋਰ ਕਿਸੇ ਵੀ ਬਹਾਨੇ ਪਰਦੇਸ ਚਲੇ ਜਾਂਦੇ ਹਨ, ਉਹਨਾਂ ਵਿੱਚੋਂ ਬਿਗਾਨੀ ਧਰਤੀ ਨੂੰ ਮੱਥਾ ਟੇਕ ਕੇ ਵਤਨ ਪਰਤਣ ਵਾਲਾ ਕੋਈ ਵਿਰਲਾ-ਟਾਂਵਾਂ ਹੀ ਭਾਵੇਂ ਹੋਵੇ। ਸਗੋਂ ਪਰਦੇਸ ਪਹੁੰਚ ਚੁੱਕੇ ਜਾਂ ਜਾਣ ਦੀ ਕੋਸ਼ਿਸ਼ ਕਰ ਰਹੇ ਪੰਜਾਬੀ ਨੌਜਵਾਨਾਂ ਦੇ ਜਿਨ੍ਹਾਂ ਮਾਪਿਆਂ ਨਾਲ ਮੇਰੀ ਗੱਲਬਾਤ ਹੁੰਦੀ ਹੈ, ਉਹ ਵੀ ਮੌਕਾ ਬਣੇ ਤੋਂ ਪਿੱਛੇ-ਪਿੱਛੇ ਜਾਣ ਲਈ ਔਲਾਦ ਤੋਂ ਵੱਧ ਉਤਾਵਲੇ ਹੁੰਦੇ ਹਨ। ਬਹੁਤ ਘੱਟ ਸੂਰਤਾਂ ਵਿਚ ਇਹ ਸੁਣਨ ਨੂੰ ਮਿਲਦਾ ਹੈ ਕਿ ਬੱਚੇ ਜਾਣ ਜੀ ਜਿੱਥੇ ਜਾਂਦੇ ਨੇ, ਅਸੀਂ ਤਾਂ ਇੱਥੇ ਹੀ ਰਹਾਂਗੇ। ਵਤਨ ਛੱਡਣਾ ਔਖਾ ਹੋਣ ਦੇ ਬਾਵਜੂਦ ਪਰਦੇਸਾਂ ਦੀ ਇਸ ਖਿੱਚ ਦੇ ਇੱਕ ਨਹੀਂ, ਕਈ ਕਾਰਨ ਹਨ।

ਸਭ ਤੋਂ ਪਹਿਲਾਂ ਕਮਾਈ ਦੀ ਗੱਲ ਕਰੀਏ। ਪਰਦੇਸ ਪਹੁੰਚਣ ਵਾਲੇ ਹਰ ਕਿਸੇ ਨੂੰ ਕੰਮ ਮਿਲ ਹੀ ਜਾਂਦਾ ਹੈ, ਭਾਵੇਂ ਕੁਛ ਸੂਰਤਾਂ ਵਿਚ ਉਹ ਉਹਨਾਂ ਦੀ ਇੱਛਾ ਅਤੇ ਆਸ ਤੋਂ ਛੋਟਾ ਹੀ ਹੋਵੇ। ਇੱਥੋਂ ਤੱਕ ਕਿ ਜਿਹੜੇ ਬੰਦੇ ਟੇਢੇ-ਵਿੰਗੇ ਢੰਗਾਂ ਨਾਲ ਜਾਂਦੇ ਹਨ ਅਤੇ ਕੰਮ ਕਰਨ ਦੇ ਕਾਨੂੰਨੀ ਹੱਕਦਾਰ ਨਹੀਂ ਹੁੰਦੇ, ਉਹਨਾਂ ਨੂੰ ਵੀ, ਖਾਸ ਕਰ ਕੇ ਆਪਣੇ ਦੇਸੀ ਕਾਰੋਬਾਰੀ ਘੱਟ ਦਿਹਾੜੀ ਨਾਲ ਰੱਖ ਲੈਂਦੇ ਹਨ। ਦੋਵਾਂ ਧਿਰਾਂ ਨੂੰ ਫ਼ਾਇਦਾ। ਨਵੇਂ ਪੰਛੀ ਨੂੰ ਆਖ਼ਰ ਰੋਟੀ ਅਤੇ ਰਿਹਾਇਸ਼ ਤਾਂ ਚਾਹੀਦੀ ਹੀ ਹੈ, ਜਿਸ ਕਰਕੇ ਉਹ ਘੱਟ ਮਜ਼ਦੂਰੀ ਨਾਲ ਹੀ ਬਾਗੋਬਾਗ ਹੋ ਜਾਂਦਾ ਹੈ। ਅਜਿਹੇ ਬੰਦਿਆਂ ਤੋਂ ਕੰਮ ਕਰਵਾਉਣ ਵਾਲੇ ਪੈਸੇ ਬਚਦੇ ਹੋਣ ਕਰਕੇ ਸੰਤੁਸ਼ਟ ਰਹਿੰਦੇ ਹਨ।

ਕੰਮ ਦਾ ਇਕ ਹੈਰਾਨ ਕਰਨ ਵਾਲਾ ਪੱਖ ਕਿਰਤ ਨੂੰ ਲੁੱਟਣ ਵਾਲੇ ਪੂੰਜੀਵਾਦੀ ਪ੍ਰਬੰਧ ਦੇ ਬਾਵਜੂਦ ਕਿਰਤ ਦੀ ਕਦਰ ਹੈ। ਫਰੈਜ਼ਨੋ ਵਿਚ ਮੈਂ ਤੇ ਮੇਰੀ ਭੂਆ ਦਾ ਪੁੱਤਰ ਭਰਾ ਉਹਦੇ ਘਰ ਦੇ ਬਾਹਰ ਖਲੋਤੇ ਗੱਲਾਂ ਕਰ ਰਹੇ ਸੀ। ਉਸ ਪੂਰੀ ਵਸੋਂ ਦੇ ਘਰ ਚਾਰ-ਦੀਵਾਰੀ ਤੋਂ ਮੁਕਤ ਸਨ। ਸੜਕ ਦੇ ਨਾਲ ਘਾਹ-ਬੂਟੇ ਸਨ ਤੇ ਉਸ ਤੋਂ ਅੱਗੇ ਮਕਾਨ ਸਨ। ਗੁਆਂਢੀ ਮਕਾਨ ਦਾ ਬੂਹਾ ਖੁੱਲ੍ਹਿਆਂ ਅੰਦਰ ਝਾਤ ਪੈ ਜਾਂਦੀ ਸੀ। ਗੁਆਂਢੀ ਘਰ ਵਿੱਚੋਂ ਨਿੱਕਲ ਕੇ ਕ੍ਰਿਕਟੀ ਟੋਪੀ ਤੇ ਟੀਸ਼ਰਟ-ਨਿੱਕਰ ਵਾਲੇ ਗੋਰੇ ਨੇ ਬਾਹਰੋਂ ਗੈਰਜ ਖੋਲ੍ਹਿਆ ਤੇ ਕਾਰ ਕੱਢ ਕੇ ਬਾਹਰ ਖੜ੍ਹੀ ਕਰ ਦਿੱਤੀ। ਅੰਦਰੋਂ ਕੰਧਾਂ ਨਾਲ ਟੰਗੇ ਨਾਲ਼ੀਆਂ-ਔਜ਼ਾਰਾਂ ਵਿੱਚੋਂ ਉਹਨੇ ਕਾਰ ਵਿਚ ਰੱਖਣੇ ਸ਼ੁਰੂ ਕਰ ਦਿੱਤੇ। ਮੈਂ ਪੁੱਛਿਆ, “ਇਹ ਇਹਨਾਂ ਦਾ ਡਰਾਈਵਰ ਹੈ ਕਿ ਕਿਰਾਏਦਾਰ ਪਲੰਬਰ?” ਉਹ ਹੱਸ ਕੇ ਕਹਿੰਦਾ, “ਇਹ ਇਸ ਕੋਠੀ ਦਾ ਮਾਲਕ ਹੈ ਤੇ ਇਹਦੇ ਕਈ ਐਪਾਰਟਮੈਂਟ ਕਿਰਾਏ ਉੱਤੇ ਚਾੜ੍ਹੇ ਹੋਏ ਹਨ। ਇਹ ਡਾਲਰਾਂ ਵਿਚ ਕਰੋੜਪਤੀ ਹੈ। ਜਦੋਂ ਕਿਸੇ ਕਿਰਾਏਦਾਰ ਦਾ ਬਿਜਲੀ ਜਾਂ ਪਾਣੀ ਖ਼ਰਾਬ ਹੋਣ ਦਾ ਫੋਨ ਆਉਂਦਾ ਹੈ, ਇਹ ਆਪ ਜਾ ਕੇ ਠੀਕ ਕਰ ਆਉਂਦਾ ਹੈ।” ਮੈਂ ਹੈਰਾਨ ਹੋ ਕੇ ਕਿਹਾ, “ਜੇ ਇਹ ਆਪਣੇ ਦੇਸ ਵਿਚ ਹੋਵੇ, ਬੂਟਾਂ ਦੇ ਫ਼ੀਤੇ ਵੀ ਨੌਕਰ ਤੋਂ ਬੰਨ੍ਹਾਵੇ!”

ਕੋਈ ਕਿਸੇ ਨੂੰ ਛੋਟੇ ਕੰਮ ਉੱਤੇ ਲੱਗੇ ਹੋਣ ਦਾ ਮਿਹਣਾ ਨਹੀਂ ਮਾਰਦਾ। ਮੇਰੇ ਦੇਖਣ-ਸੁਣਨ ਵਿਚ ਇਕ ਵੀ ਮੌਕਾ ਅਜਿਹਾ ਨਹੀਂ ਸੀ ਆਇਆ ਜਦੋਂ ਕਿਸੇ ਪੰਜਾਬੀ ਨੇ ਸਫ਼ਾਈ-ਸੇਵਕ ਜਿਹੇ ਕਿਸੇ ਹੋਰ ਪੰਜਾਬੀ ਬਾਰੇ ਨੱਕ ਚਾੜ੍ਹ ਕੇ ਟਿੱਪਣੀ ਕੀਤੀ ਹੋਵੇ। ਇਸ ਮਾਹੌਲ ਦਾ ਇਕ ਸਲਾਹੁਣਜੋਗ ਨਤੀਜਾ ਇਹ ਹੋਇਆ ਹੈ ਕਿ ਸਾਧਾਰਨ ਛੋਟੇ ਕੰਮਾਂ ਉੱਤੇ ਲੱਗੇ ਹੋਏ ਪੰਜਾਬੀ ਵੀ ਆਪਣੇ ਕੰਮ ਦੀ ਸੰਗ-ਸ਼ਰਮ ਨਹੀਂ ਮੰਨਦੇ। ਅਸੀਂ ਸਾਨ ਫਰਾਂਸਿਸਕੋ ਦੇ ਇਕ ਪੰਜਾਬੀ ਰੈਸਟੋਰੈਂਟ ਦੇ ਪਿਛਲੇ ਵਿਹੜੇ ਵਿਚ ਬੈਠੇ ਸੀ। ਕੁਛ ਚਿਰ ਮਗਰੋਂ ਪੰਜਾਬੀ ਦਿਸਦੇ ਇਕ ਨੌਜਵਾਨ ਨੇ ਆ ਕੇ ਬੁਰਸ਼ਾਂ, ਬੋਤਲਾਂ ਤੇ ਪੋਚਿਆਂ ਵਾਲੀ ਰੇੜ੍ਹੀ ਖੜ੍ਹੀ ਕੀਤੀ ਤੇ ਫ਼ਰਸ਼ ਉੱਤੇ ਡਾਂਗਦਾਰ ਪੋਚਾ ਮਾਰਨ ਲੱਗ ਪਿਆ। ਮੇਰੇ ਬੁਲਾਇਆਂ ਉਹ ਬੇਝਿਜਕ ਆਇਆ ਅਤੇ ਆਪਣਾ ਨਾਂ-ਥਾਂ ਦੱਸ ਕੇ ਬੋਲਿਆ, “ਮੈਨੂੰ ਆਏ ਨੂੰ ਕੁਛ ਹੀ ਮਹੀਨੇ ਹੋਏ ਨੇ। ਪਹਿਲਾਂ ਦੇ ਆਏ ਹੋਏ ਆਪਣੇ ਬੰਦਿਆਂ ਦੀ ਮਦਦ ਨਾਲ ਐਹ ਕੰਮ ਮਿਲ ਗਿਆ। ਗੁਜ਼ਾਰੇ ਜੋਗੇ ਵਧੀਆ ਪੈਸੇ ਮਿਲ ਜਾਂਦੇ ਨੇ।”

ਪਰਦੇਸੀ ਸਕੂਨ ਦਾ ਇਕ ਹੋਰ ਕਾਰਨ ਆਮ ਨਾਗਰਿਕ ਦੇ ਜੀਵਨ ਵਿਚ ਸਰਕਾਰੀ ਦਖ਼ਲ ਦੀ ਅਣਹੋਂਦ ਹੈ ਜੋ ਸਾਡੇ ਦੇਸ ਦੀ ਹਾਲਤ ਦੇ ਮੁਕਾਬਲੇ ਉੱਥੇ ਰਹਿਣ ਨੂੰ ਬਹੁਤ ਸਹਿਜ ਬਣਾ ਦਿੰਦੀ ਹੈ। ਇਕ ਸੱਜਣ ਨੇ ਮੇਰੇ ਨਾਲ ਗੱਲਾਂ ਕਰਦਿਆਂ ਕਿਹਾ, “ਬੰਦਾ ਕੋਈ ਕਾਨੂੰਨ ਨਾ ਤੋੜੇ, ਉਹਦਾ ਕਿਸੇ ਸਰਕਾਰੀ ਮਹਿਕਮੇ ਨਾਲ ਸਾਰੀ ਉਮਰ ਕੋਈ ਵਾਹ ਨਹੀਂ ਪੈਂਦਾ।” ਜੇ ਕੋਈ ਵਾਹ ਪੈ ਹੀ ਜਾਵੇ, ਸਾਡੀ ਕਲਰਕਸ਼ਾਹੀ ਵਾਲੀਆਂ ਮੁਸ਼ਕਲਾਂ ਬਿਲਕੁਲ ਨਹੀਂ ਆਉਂਦੀਆਂ। ਉੱਥੇ ਫਾਈਲ ਨੂੰ ਹੱਥ ਲਾਉਣ ਤੋਂ ਪਹਿਲਾਂ ‘ਚਾਹ-ਪਾਣੀ’ ਦੀ ਮੰਗ ਕਰਨ ਵਾਲੇ ਬਾਬੂ ਹੁੰਦੇ ਹੀ ਨਹੀਂ। ਇਸ ਤੋਂ ਵੀ ਵਧ ਕੇ ਹਰ ਕੋਈ ਮਦਦ ਲੋੜਦੇ ਬੰਦੇ ਦੀ ਮਦਦ ਲਈ ਤਿਆਰ ਰਹਿੰਦਾ ਹੈ। ਉਥੋੱ ਦੀਆਂ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਦਾ ਰਵਈਆ ਸਾਡੀਆਂ ਸੰਸਥਾਵਾਂ ਨਾਲੋਂ ਬਿਲਕੁਲ ਉਲਟ ਹੁੰਦਾ ਹੈ। ਮੈਂ ਆਪਣੇ ਵਾਹ ਦੇ ਆਧਾਰ ਉੱਤੇ ਕਹਿ ਸਕਦਾ ਹਾਂ ਕਿ ਆਪਣੇ ਦੇਸ ਵਿਚ ਉਹੋ ਜਿਹੇ ਵਿਹਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਮੈਨੂੰ ਵੀਜ਼ਾ ਵਧਾਉਣ ਦੀ ਲੋੜ ਪਈ। ਕੰਪਿਊਟਰ ਤੋਂ ਸੰਬੰਧਿਤ ਦਫ਼ਤਰ ਲੱਭਿਆ ਤਾਂ ਮੇਰੀ ਅੱਧੀ ਤਸੱਲੀ ਤਾਂ ਉਹਨਾਂ ਦੀਆ ਹਦਾਇਤਾਂ ਪੜ੍ਹ ਕੇ ਹੀ ਹੋ ਗਈ। ਲਿਖਿਆ ਹੋਇਆ ਸੀ: “ਤੁਸੀਂ ਸਾਡੇ ਦਫ਼ਤਰ ਨਹੀਂ ਆਉਣਾ ਹੋਵੇਗਾ; ਵੀਜ਼ਾ ਵਧਵਾਉਣ ਦਾ ਕਾਰਨ ਘੱਟ ਤੋਂ ਘੱਟ ਸ਼ਬਦਾਂ ਵਿਚ ਈਮੇਲ ਰਾਹੀਂ ਭੇਜ ਦਿਓ; ਉਸ ਪਿੱਛੋਂ ਸਾਨੂੰ ਕੋਈ ਚਿੱਠੀ-ਪੱਤਰ ਨਾ ਭੇਜਣਾ; ਸਾਡਾ ਹਾਂ-ਨਾਂਹ ਦਾ ਫ਼ੈਸਲਾ ਪਹਿਲੇ ਵੀਜ਼ੇ ਦੀ ਮੁਨਿਆਦ ਮੁੱਕਣ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇਗਾ।” ਮੈਂ ਕਾਰਨ ਲਿਖਿਆ, “ਮੈਂ ਆਪਣੀ ਭਾਸ਼ਾ ਦਾ ਜਾਣਿਆ-ਪਛਾਣਿਆ ਲੇਖਕ ਹਾਂ ਜਿਸ ਨੂੰ ਇਸੇ ਸਾਲ ਭਾਰਤ ਦਾ ਸਭ ਤੋਂ ਵੱਡਾ ਰਾਜਕੀ ਪੁਰਸਕਾਰ ਦਿੱਤਾ ਗਿਆ ਹੈ। ਮੈਂ ਸੋਚਿਆ ਸੀ ਕਿ ਜੋ ਕੁਛ ਮੈਂ ਦੇਖਣਾ ਹੈ, ਏਨੇ ਕੁ ਸਮੇਂ ਵਿਚ ਦੇਖ ਲਵਾਂਗਾ, ਪਰ ਇਥੇ ਮਿਊਜ਼ੀਅਮਾਂ, ਯੂਨੀਵਰਸਿਟੀਆਂ, ਆਰਟ ਗੈਲਰੀਆਂ, ਹੋਰ ਵੰਨਸੁਵੰਨੀਆਂ ਦੇਖਣਜੋਗ ਥਾਂਵਾਂ, ਕੁਦਰਤੀ ਦ੍ਰਿਸ਼ਾਂ, ਆਦਿ ਦੇ ਰੂਪ ਵਿਚ ਏਨਾ ਕੁਛ ਦੇਖਣ ਵਾਲਾ ਹੈ ਕਿ ਮੈਂ ਤਾਂ ਅਜੇ ਕੁਛ ਵੀ ਦੇਖ ਨਹੀਂ ਸਕਿਆ।” ਵਧਿਆ ਹੋਇਆ ਵੀਜ਼ਾ ਸਮੇਂ-ਸਿਰ ਮੇਰੇ ਕੰਪਿਊਟਰ ਵਿਚ ਆ ਪਹੁੰਚਿਆ।

ਇਹ ਤਾਂ ਰਹੀ ਸਰਕਾਰੀ ਸੰਸਥਾ ਦੀ ਗੱਲ, ਹੁਣ ਇਕ ਕਿੱਸਾ ਗ਼ੈਰ-ਸਰਕਾਰੀ ਸੰਸਥਾ ਦਾ ਵੀ ਸੁਣ ਲਵੋ। ਅਸੀਂ ਸਲੀਨਸ ਦਾ ਜ਼ਰਾਇਤੀ ਮਿਊਜ਼ੀਅਮ ਦੇਖਣ ਗਏ। ਸ਼ੁਰੂ ਵਿਚ ਹੀ ਇਕ ਫੱਟੇ ਉੱਤੇ ਗੋਲ ਚੱਕਰ ਵਿਚ ਟੋਪੀਆਂ-ਟੋਪ ਟੰਗੇ ਹੋਏ ਸਨ। ਮੈਨੂੰ ਲੱਗਿਆ, ਸਭ ਤੋਂ ਉਤਲੀ ਕਿੱਲੀ ਉੱਤੇ ਤਾਂ ਆਪਣੀ ਦਸਤਾਰ ਹੈ! ਵਿਚਕਾਰ ਲਿਖੇ ਵੇਰਵੇ ਵਿਚ ਦੱਸਿਆ ਹੋਇਆ ਸੀ ਕਿ ਇਹ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਇੱਥੋਂ ਦੀਆਂ ਨਵੀਆਂ ਜ਼ਮੀਨਾਂ ਨੂੰ ਵਾਹੀਜੋਗ ਬਣਾਉਣ ਵਿਚ ਵੱਡਾ ਹਿੱਸਾ ਪਾਉਣ ਵਾਲੇ ਪੰਜਾਬੀ ਸਿੱਖਾਂ ਦੀ ਨਿਸ਼ਾਨੀ ਦਸਤਾਰ ਹੈ। ਮੈਂ ਮੋਬਾਈਲ ਵਿਚ ਇਸ ਲਿਖਤ ਦੀ ਤਸਵੀਰ ਸਾਂਭ ਲਈ। ਅਗਲੇ ਦਿਨ ਮੈਂ ਉਹ ਲਿਖਤ ਕਾਗ਼ਜ਼ ਉੱਤੇ ਉਤਾਰਨੀ ਚਾਹੀ ਤਾਂ ਫਿੱਕੀ ਹੋਣ ਕਾਰਨ ਪੜ੍ਹੀ ਨਾ ਜਾ ਸਕੀ। ਮੇਰੀ ਬੇਟੀ ਕਹਿੰਦੀ ਮੈਂ ਮੇਲ ਕਰਦੀ ਹਾਂ। ਮੈਂ ਕਿਹਾ, ਮੇਰਾ ਲੇਖਕ ਹੋਣਾ ਵਧਾ-ਚੜ੍ਹਾ ਕੇ ਲਿਖ, ਉਹਨਾਂ ਉੱਤੇ ਰੁਅਬ ਪਵੇ। ਉਹ ਕਹਿੰਦੀ, ਮੈਂ ਬਿਲਕੁਲ ਸਾਧਾਰਨ ਮੇਲ ਕਰਦੀ ਹਾਂ, ਤੁਸੀਂ ਜਵਾਬ ਉਡੀਕੋ।

ਉਹਨੇ ਡਾਇਰੈਕਟਰ ਨੂੰ ਸਿਰਫ਼ ਏਨਾ ਲਿਖਿਆ, “ਅਸੀਂ ਕੱਲ੍ਹ ਟੋਪ-ਟੋਪੀਆਂ ਵਾਲੇ ਫੱਟੇ ਦੀ ਲਿਖਤ ਦੀ ਤਸਵੀਰ ਲੈ ਗਏ ਸੀ। ਉਹ ਪੜ੍ਹੀ ਨਹੀਂ ਜਾ ਸਕੀ। ਕੀ ਤੁਸੀਂ ਉਹ ਲਿਖਤ ਭੇਜਣ ਦੀ ਖੇਚਲ ਕਰੋਗੇ?” ਕੁਛ ਹੀ ਮਿੰਟਾਂ ਵਿਚ ਜਵਾਬ ਆਇਆ, “ਸਾਡੇ ਇੱਥੇ ਸੈਮੀਨਾਰ ਚੱਲ ਰਿਹਾ ਹੈ ਜਿਸ ਕਰਕੇ ਸਮਾਂ ਲੱਗ ਸਕਦਾ ਹੈ। ਮੈਂ ਮਾਫ਼ੀ ਚਾਹੁੰਦੀ ਹਾਂ।” ਮੈਂ ਕਿਹਾ, “ਆਪਾਂ ਨੂੰ ਕਿਹੜੀ ਏਨੀ ਕਾਹਲ ਹੈ, ਸੈਮੀਨਾਰ ਦੋ ਦਿਨ ਦਾ ਹੋਊ, ਤਿੰਨ ਦਾ ਹੋਊ!” ਬੇਟੀ ਬੋਲੀ, “ਨਹੀਂ ਪਿਤਾ ਜੀ, ਇੱਥੇ ਸਮਾਂ ਲੱਗਣ ਦਾ ਭਾਵ ਦਿਨਾਂ ਤੋਂ ਨਹੀਂ ਹੁੰਦਾ, ਮਿੰਟਾਂ-ਘੰਟਿਆਂ ਤੋਂ ਹੁੰਦਾ ਹੈ। ਇੱਥੇ ਦਿਨ ਦਾ ਕੋਈ ਕੰਮ ਦਫ਼ਤਰ ਤੋਂ ਜਾਣ ਸਮੇਂ ਅਣਕੀਤਾ ਛੱਡਣ ਦਾ ਰਿਵਾਜ ਨਹੀਂ।” ਠੀਕ ਹੀ ਅੱਧੇ ਘੰਟੇ ਮਗਰੋਂ ਮੇਲ ਆ ਗਈ, “ਮੈਨੂੰ ਸਾਡੀ ਡਾਇਰੈਕਟਰ ਨੇ ਇਹ ਲਿਖਤ ਤੁਹਾਨੂੰ ਭੇਜਣ ਲਈ ਕਿਹਾ ਹੈ। ਅਸੀਂ ਦੇਰ ਲਈ ਮਾਫ਼ੀ ਚਾਹੁੰਦੇ ਹਾਂ।”

ਇੱਥੇ ਸਾਡੀਆਂ ਸੰਸਥਾਵਾਂ ਉੱਤੇ ਇਕ ਝਾਤ ਪਾ ਲੈਣਾ ਵੀ ਠੀਕ ਰਹੇਗਾ। ਲਾਸ ਏਂਜਲਜ਼ ਦੇ ਜਗਤ-ਪ੍ਰਸਿੱਧ ਗੈਟੀ ਮਿਊਜ਼ੀਅਮ ਵਿੱਚੋਂ ਮੈਂ ਕੁਛ ਚਿੱਤਰਾਂ ਦਾ ਵੇਰਵਾ ਲਿਖ ਲਿਆਇਆ। ਉਹਨਾਂ ਵਿੱਚੋਂ ਕੁਛ ਨਾਂ ਫਰਾਂਸੀਸੀ ਸਨ। ਮੈਂ ਦੇਸ ਪਰਤ ਕੇ ਯਾਤਰਾਨਾਮਾ ਲਿਖਣ ਲੱਗਿਆਂ ਸੋਚਿਆ, ਜਿਸ ਫਰਾਂਸੀਸੀ ਬੁੱਤਕਾਰ ਨੂੰ ਅਸੀਂ ਮੈਡਮ ਤੂਸਾਦ ਕਹਿੰਦੇ ਹਾਂ, ਉੱਥੋਂ ਦੇ ਉਹਦੇ ਮਿਊਜ਼ੀਅਮ ਵਿਚ ਜਾ ਕੇ ਉਹਦਾ ਨਾਂ ਟੂਸਾਓ ਹੋਣ ਦਾ ਪਤਾ ਲੱਗਿਆ ਸੀ, ਇਹਨਾਂ ਫਰਾਂਸੀਸੀ ਚਿੱਤਰਕਾਰਾਂ ਦੇ ਨਾਂਵਾਂ ਦਾ ਉਚਾਰਨ ਵੀ ਪਤਾ ਕਰ ਲੈਣਾ ਚਾਹੀਦਾ ਹੈ। ਮੈਂ ਭਾਰਤੀ ਲਲਿਤ ਅਕਾਦਮੀ, ਦਿੱਲੀ ਆਰਟ ਕਾਲਜ ਅਤੇ ਫਰਾਂਸੀਸੀ ਦੇ ਜਾਣਕਾਰ ਇਕ ਪੰਜਾਬੀ ਪ੍ਰੋਫੈਸਰ ਨੂੰ ਸਾਰਾ ਮਾਜਰਾ ਦੱਸ ਕੇ ਉਹ ਪੰਜ-ਛੇ ਨਾਂ ਭੇਜ ਦਿੱਤੇ। ਮੇਰੀਆਂ ਤਿੰਨਾਂ ਚਿੱਠੀਆਂ ਵਿੱਚੋਂ ਕਿਸੇ ਇੱਕ ਦਾ ਵੀ ਕੋਈ ਜਵਾਬ ਨਹੀਂ ਆਇਆ; ਮੁਕੰਮਲ ਚੁੱਪ!

ਸਾਡੇ ਦੇਸ ਵਿਚ ਹਰ ਸ਼ਰੀਫ਼ ਆਦਮੀ ਅਮਾਨਵੀ ਪੁਲਸ ਨਾਲ ਵਾਹ ਤੋਂ ਬਚੇ ਰਹਿਣਾ ਚਾਹੁੰਦਾ ਹੈ। ਉਥੋੱ ਦੀ ਪੁਲਸ ਦੀ ਸਾਡੀ ਪੁਲਸ ਨਾਲ ਕੋਈ ਵੀ ਗੱਲ ਸਾਂਝੀ ਨਹੀਂ। ਪੰਜਾਬੀ ਯੂਨੀਵਰਸਿਟੀ ਦਾ ਪੜ੍ਹਿਆ ਸਿਆਸਤ ਸਿੰਘ ਪਹਿਲੀ ਵਾਰ ਅਮਰੀਕਾ ਮਿਲ ਕੇ ਮੇਰਾ ਮਿੱਤਰ ਬਣ ਗਿਆ। ਇਕ ਦਿਨ ਉਹ ਮੈਨੂੰ ਸਾਨ ਫਰਾਂਸਿਸਕੋ ਦਿਖਾਉਣ ਲੈ ਗਿਆ। ਕਹਾਣੀਕਾਰ ਅਜਮੇਰ ਸਿੱਧੂ ਵੀ ਉੱਥੇ ਗਿਆ ਹੋਇਆ ਸੀ, ਮੈਂ ਉਹਨੂੰ ਵੀ ਬੁਲਾ ਲਿਆ। ਸ਼ਹਿਰ ਵਿਚ ਹੀ ਇੱਕ ਥਾਂ ਜਾ ਕੇ ਸਿਆਸਤ ਰਾਹ ਭੁੱਲ ਗਿਆ। ਉਹਨੇ ਕਾਰ ਸੜਕ ਦੇ ਕਿਨਾਰੇ ਠੀਕ ਥਾਂ ਲਾਈ ਤੇ ਕਿਸੇ ਰਾਹ ਦੱਸਣ ਵਾਲੇ ਨੂੰ ਉਡੀਕਣ ਲੱਗਿਆ। ਏਨੇ ਨੂੰ ਸੜਕ ਦੇ ਦੂਜੇ ਪਾਸੇ ਇਕ ਪੁਲਸੀਆ ਆਪਣੀ ਗਡੀਰੀ ਜਿਹੀ ਕਾਰ ਵਿਚ ਆ ਗਿਆ। ਸਿਆਸਤ ਨੇ ਕੁਛ ਵੀ ਬੋਲੇ ਬਿਨਾਂ ਉਂਗਲ ਖੜ੍ਹੀ ਕਰ ਦਿੱਤੀ। ਉਹ ਦੇਖ ਕੇ ਲੰਘ ਗਿਆ। ਮੈਂ ਹੱਸਿਆ, “ਉਹ ਤਾਂ ਔਹ ਗਿਆ ਤੇਰੀ ਖੜ੍ਹੀ ਉਂਗਲ ਦੀ ਪਰਵਾਹ ਕੀਤੇ ਬਿਨਾਂ!” ਸਿਆਸਤ ਨੇ ਭਰੋਸੇ ਨਾਲ ਕਿਹਾ, “ਉਹ ਜ਼ਰੂਰ ਆਊਗਾ। ਇੱਥੇ ਪੁਲਸ ਵਾਲੇ ਵੀ ਨੇਮ ਤੋੜਨ ਦੀ ਖੁੱਲ੍ਹ ਨਹੀਂ ਲੈਂਦੇ। ਉਹ ਅਗਲੇ ਯੂ-ਟਰਨ ਤੋਂ ਮੁੜ ਕੇ ਆਊਗਾ।” ਉਹਨੇ ਕੁਛ ਹੀ ਪਲਾਂ ਵਿਚ ਆ ਕੇ ਦੁਆ-ਸਲਾਮ ਕੀਤੀ ਤੇ ਸਮੱਸਿਆ ਪੁੱਛੀ। ਰਾਹ ਚੰਗੀ ਤਰ੍ਹਾਂ ਸਮਝਾ ਕੇ ਤੇ ਸਿਆਸਤ ਦੇ ਸਮਝ ਗਏ ਹੋਣ ਦੀ ਤਸੱਲੀ ਕਰ ਕੇ ਉਹ ਮੁਸਕਰਾਹਟ ਵੰਡਦਾ ਆਪਣੀ ਗਡੀਰੀ ਵਿਚ ਜਾ ਚੜ੍ਹਿਆ।

ਕਾਰ ਵਿਚ ਬੈਠ ਕੇ ਮੈਂ ਕਿਹਾ, “ਸਿਆਸਤ, ਕੁਛ ਨਹੀਂ ਤੇਰੀ ਅਮਰੀਕੀ ਪੁਲਸ, ਲੋਗੜ ਦੀ ਬਣੀ ਹੋਈ! ... ਹੁੰਦਾ ਸਾਡਾ ਸ਼ੇਰ ਪੰਜਾਬੀ ਪੁਲਸੀਆ। ਪਹਿਲਾਂ ਤਾਂ ਉਹਨੇ ਕਿਸੇ ਯੂਟਰਨ ਤੱਕ ਜਾਏ ਬਿਨਾਂ ਸੜਕ ਐਥੇ ਹੀ ਸਿੱਧੀ ਲੰਘਣੀ ਸੀ ਕਿਉਂਕਿ ਸਾਡੇ ਪੁਲਸ ਲਈ ਕੋਈ ਨੇਮ-ਕਾਨੂੰਨ ਮੰਨਣਾ ਜ਼ਰੂਰੀ ਨਹੀਂ। ਆ ਕੇ ਉਹਨੇ ਪੁੱਛਣਾ ਸੀ, ਉਂਗਲ ਖੜ੍ਹੀ ਕਰ ਦਿੱਤੀ ਮੈਨੂੰ, ਮੈਂ ਤੇਰੇ ਪਿਓ ਦਾ ਨੌਕਰ ਹਾਂ ਉਇ? ਤੇ ਫੇਰ ਠੀਕ ਥਾਂ ਖੜ੍ਹਾਈ ਹੋਣ ਦੇ ਬਾਵਜੂਦ ਉਹਨੇ ਕਾਰ ਦੇ ਡੰਡਾ ਮਾਰ ਕੇ ਕਹਿਣਾ ਸੀ, ਇਹ ਆਬਦੀ ਮਾਂ ਇੱਥੇ ਕਿਉਂ ਖੜ੍ਹੀ ਕੀਤੀ ਐ?” ਸਿਆਸਤ ਮੁਸਕਰਾਇਆ, “ਇੱਥੇ ਇਉਂ ਨਹੀਂ ਹੁੰਦਾ।”

ਜਨਤਕ ਵਾਹ ਵਾਲਾ ਹਰ ਕੋਈ ਮੁਸਕਰਾ ਕੇ ਗੱਲ ਕਰਦਾ ਹੈ। ਸਟੋਰ ਵਿਚ ਕੰਮ ਕਰਦੀ ਇਕ ਪੰਜਾਬਣ ਨੇ ਦੱਸਿਆ, “ਸਾਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਜੇ ਘਰ-ਪਰਿਵਾਰ ਦੀ ਕੋਈ ਸਮੱਸਿਆ ਵੀ ਹੈ, ਉਹਨੂੰ ਦਰਵਾਜ਼ੇ ਉੱਤੇ ਛੱਡ ਆਓ। ਗਾਹਕ ਨੂੰ ਮੁਸਕਰਾ ਕੇ ਹੀ ਮਿਲਣਾ ਹੈ।” ਅਸੀਂ ਸਟੈਨਫੋਰਡ ਯੂਨੀਵਰਸਿਟੀ ਦੇਖ ਕੇ ਨਿੱਕਲੇ ਤਾਂ ਗੋਰੀ ਰਿਸੈਪਸ਼ਨਿਸਟ ਕਹਿੰਦੀ, “ਸਰ, ਕੇਹੋ ਜੇਹੀ ਲੱਗੀ ਸਾਡੀ ਯੂਨੀਵਰਸਿਟੀ?” ਮੈਂ ਕਿਹਾ, “ਜੇ ਤੁਸੀਂ ਵਿਦਿਆਰਥੀ ਬਣਾਉਣ ਦੀ ਕਿਰਪਾ ਕਰੋਂ, ਮੈਂ ਕੱਚੀ ਪਹਿਲੀ ਵਿਚ ਦਾਖ਼ਲ ਹੋਣ ਲਈ ਤਿਆਰ ਹਾਂ।” ਉਹ ਖੁੱਲ੍ਹ ਕੇ ਹੱਸੀ, “ਤੁਸੀਂ ਆਓ ਸਹੀ, ਅਸੀਂ ਤੁਹਾਨੂੰ ਡਾਕਟਰੇਟ ਵਿਚ ਦਾਖ਼ਲ ਕਰਾਂਗੇ।” ਜਨਤਕ ਵਾਹ ਵਾਲੇ ਲੋਕ ਹਰ ਥਾਂ ਇਸੇ ਤਰ੍ਹਾਂ ਮਿਲਦੇ ਹਨ।

ਜੇ ਮੈਂ ਕੂੜੇ-ਕਚਰੇ ਤੋਂ ਪੂਰੀ ਤਰ੍ਹਾਂ ਸਾਫ਼ ਸ਼ਹਿਰਾਂ ਤੇ ਬਾਹਰਲੀਆਂ ਸੜਕਾਂ, ਨਿਰਵਿਘਨ ਆਵਾਜਾਈ, ਕਣਚਈ ਨਿਰਮਲ ਪਾਣੀ, ਸ਼ਾਨਦਾਰ ਵਿੱਦਿਅਕ ਸੰਸਥਾਵਾਂ ਤੇ ਕਲਾ-ਸੰਗ੍ਰਹਿ ਭਵਨਾਂ ਦਾ ਸੰਖੇਪ ਜ਼ਿਕਰ ਵੀ ਕਰਨ ਲੱਗ ਪਿਆ, ਲੇਖ ਬਹੁਤ ਲੰਮਾ ਹੋ ਜਾਵੇਗਾ।

ਸਰਕਾਰ ਦੀ ਪੱਧਰ ਉੱਤੇ ਉਹਨਾਂ ਦੇਸਾਂ ਦੀਆਂ ਕੌਮਾਂਤਰੀ ਨੀਤੀਆਂ ਕਿੰਨੀਆਂ ਵੀ ਦਖ਼ਲਬਾਜ਼, ਜੰਗਬਾਜ਼, ਲੋਟੂ ਤੇ ਧੱਕੜ ਹੋਣ, ਉਹਨਾਂ ਨੇ ਪਰਵਾਸੀਆਂ ਸਮੇਤ ਆਪਣੇ ਨਾਗਰਿਕਾਂ ਲਈ ਵਧੀਆ ਮਾਹੌਲ ਤੇ ਚੰਗਾ ਜੀਵਨ-ਮਿਆਰ ਯਕੀਨੀ ਬਣਾਇਆ ਹੋਇਆ ਹੈ। ਇਸੇ ਕਰਕੇ ਪਰਦੇਸ ਦੇ ਦਰਸ਼ਨਾਂ ਮਗਰੋਂ ਪਰਵਾਸੀ ਆਪਣੇ ਮੂਲ ਦੇਸ ਨੂੰ ਦੂਰੋਂ ਦੂਰੋਂ ਪਿਆਰ ਕਰਨਾ ਹੀ ਠੀਕ ਸਮਝਦੇ ਹਨ। ਮਹਾਨ ਸ਼ਾਇਰ ਮੀਰ ਦਾ ਮਿਸਰਾ ਹੁਧਾਰਾ ਮੰਗ ਕੇ ਕਿਹਾ ਜਾ ਸਕਦਾ ਹੈ: ਕੌਨ ਆਏ ਮੀਰ ਪਰਦੇਸ ਕੀ ਗਲੀਆਂ ਛੋੜ ਕਰ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4145)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author