GurbachanBhullar7ਨਹੀਂ ਕਾਕਾ, ਮੈਂ ਅੰਦਰ ਨਹੀਂ ਆਉਣਾ। ਹੁਣੇ ਖੇਤੋਂ ਆਇਆ ਸੀ। ਅਜੇ ਨ੍ਹਾ ਕੇ ਰੋਟੀ ਵੀ ...
(31 ਜਨਵਰੀ 2022)


ਮਨੁੱਖ ਦੇ ਜੀਵਨ ਉੱਤੇ ਬਚਪਨ ਤੋਂ ਹੀ ਆਲੇ-ਦੁਆਲੇ ਦਾ
, ਖਾਸ ਕਰਕੇ ਉਹਨਾਂ ਲੋਕਾਂ ਦਾ ਪ੍ਰਭਾਵ ਪੈਣ ਲੱਗ ਜਾਂਦਾ ਹੈ ਜਿਨ੍ਹਾਂ ਨਾਲ ਉਹਦਾ ਵਾਹ ਪੈਂਦਾ ਹੈਪ੍ਰਭਾਵ ਕਬੂਲਣ ਦਾ ਇਹ ਅਮਲ ਪੂਰਾ ਜੀਵਨ ਬਣਿਆ ਰਹਿੰਦਾ ਹੈਕੁਦਰਤੀ ਹੈ, ਚੰਗੇ ਲੋਕਾਂ ਦਾ ਚੰਗਾ ਪ੍ਰਭਾਵ ਪੈਂਦਾ ਹੈ, ਮਾੜੇ ਲੋਕਾਂ ਦਾ ਮਾੜਾਜਿਨ੍ਹਾਂ ਵੇਲਿਆਂ ਦੀ ਮੈਂ ਗੱਲ ਕਰਨ ਲੱਗਿਆ ਹਾਂ, ਲੋਕ ਬਹੁਤ ਭੋਲੇ ਅਤੇ ਛਲ-ਵਲ ਤੋਂ ਮੁਕਤ ਹੁੰਦੇ ਸਨਉਹਨਾਂ ਨੇ ਅਣਪੜ੍ਹ ਹੋਣ ਕਰਕੇ ਪੋਥੀਆਂ-ਪੁਸਤਕਾਂ ਭਾਵੇਂ ਨਾ ਵਾਚੀਆਂ ਹੋਣ ਪਰ ਜੀਵਨ ਦੀ ਪੁਸਤਕ ਪੜ੍ਹ ਕੇ ਉਹ ਆਪਣੀ ਕਿਸਮ ਦੇ ਗਿਆਨੀ ਬਣ ਜਾਂਦੇ ਸਨਆਪਣੇ ਪਰਿਵਾਰ ਵਿੱਚ ਤੇ ਫੇਰ ਆਪਣੇ ਮਾਹੌਲ ਵਿੱਚ ਮਿੱਠਤ, ਸਚਾਈ ਅਤੇ ਇਮਾਨਦਾਰੀ ਜਿਹੇ ਗੁਣ ਉਹ ਸੁਤੇ ਸਿੱਧ ਹੀ ਵੰਡਦੇ-ਸਿਖਾਉਂਦੇ ਰਹਿੰਦੇ ਸਨਇਸੇ ਕਰਕੇ ਸਮਾਜ ਵਿੱਚ ਉਦੋਂ ਅਜਿਹੇ ਗੁਣਾਂ ਦੀ ਹੀ ਪ੍ਰਧਾਨਤਾ ਬਣੀ ਰਹਿੰਦੀ ਸੀ

ਸਾਡੇ ਘਰ ਦੀ ਇੱਕ ਪਾਸੇ ਦੀ ਕੰਧ ਮੇਰੇ ਸਕੇ ਚਾਚਾ ਜੀ ਨਾਲ ਸਾਂਝੀ ਸੀ ਅਤੇ ਦੂਜੇ ਪਾਸੇ ਗੁਰਦਿੱਤੇ ਬੁੜ੍ਹੇ ਦਾ ਘਰ ਲਗਦਾ ਸੀਉਹ ਵੈਰਾਗੀ ਸਾਧ ਵਜੋਂ ਜਾਣੇ ਜਾਂਦੇ ਸਨਕਿਸੇ ਵੇਲੇ ਉਹਨਾਂ ਦੇ ਵੱਡ-ਵਡੇਰੇ ਜ਼ਰੂਰ ਵੈਰਾਗੀ ਸਾਧ ਰਹੇ ਹੋਣਗੇ ਪਰ ਮੇਰੇ ਦੇਖਣ ਵੇਲੇ ਹਾਲਤ ਪੂਰੀ ਤਰ੍ਹਾਂ ਵੱਖਰੀ ਬਣ ਚੁੱਕੀ ਸੀਉਹਨਾਂ ਦਾ ਪਹਿਰਾਵਾ ਕਿਸੇ ਗੇਰੂਏ-ਭਗਵੇਂ ਦੀ ਥਾਂ ਬਿਲਕੁਲ ਸਾਡੇ ਵਾਲਾ ਸੀਉਹ ਆਮ ਕਿਸਾਨਾਂ ਵਰਗੇ ਕੱਪੜੇ ਪਾਉਂਦੇ ਸਨ, ਪੱਗਾਂ ਬੰਨ੍ਹਦੇ ਸਨ ਅਤੇ ਦਾੜ੍ਹੀ-ਕੇਸ ਰੱਖਦੇ ਸਨਜਦੋਂ ਕਦੇ ਅਸੀਂ ਖੇਡਦੇ ਹੋਏ ਬਾਬੇ ਗੁਰਦਿੱਤੇ ਦੇ, ਸਾਡੇ ਹਾਣੀ, ਪੋਤਿਆਂ ਨਾਲ ਉਹਨਾਂ ਦੇ ਘਰ ਚਲੇ ਜਾਂਦੇ, ਸਾਨੂੰ ਇੱਕ ਵੀ ਚੀਜ਼ ਜਾਂ ਇੱਕ ਵੀ ਗੱਲ ਅਜਿਹੀ ਨਹੀਂ ਸੀ ਦਿਸਦੀ ਜੋ ਸਾਡੇ ਘਰਾਂ ਤੋਂ ਵੱਖਰੀ, ਸਾਧਾਂ ਵਾਲੀ ਹੋਵੇ

ਪਿੰਡ ਦੇ ਆਮ ਕਿਸਾਨਾਂ ਨਾਲੋਂ ਉਹਨਾਂ ਦਾ ਜੇ ਕੋਈ ਫ਼ਰਕ ਬਾਕੀ ਸੀ, ਉਹ ਸਾਡੀਆਂ ਅੱਖਾਂ ਸਾਹਮਣੇ ਖ਼ਤਮ ਹੋ ਗਿਆ ਸੀਇਹ ਫ਼ਰਕ ਵੀ ਕਿਸੇ ਦਬਾਅ ਕਾਰਨ ਨਹੀਂ ਸੀ ਮਿਟਿਆ ਸਗੋਂ ਆਲੇ-ਦੁਆਲੇ ਦੀ ਰੀਸ ਨਾਲ ਸਹਿਜ-ਸੁਭਾਵਿਕ ਹੀ ਮਿਟ ਗਿਆ ਸੀਇਹ ਸੀ ਨਾਂਵਾਂ ਦਾ ਫ਼ਰਕਘਰ ਦੇ ਵਡੇਰੇ ਦਾ ਨਾਂ ਦਾੜ੍ਹੀ, ਕੇਸਾਂ ਤੇ ਪੱਗ ਦੇ ਹੁੰਦਿਆਂ ਵੀ ਗੁਰਦਿੱਤਾ ਰਾਮ ਸੀਉਹਨੂੰ ਅਸੀਂ ਨਿਆਣੇ ਮੁੰਡੇ-ਕੁੜੀਆਂ ਬਾਬਾ ਆਖਦੇਸਾਥੋਂ ਵਡੇਰੀ ਉਮਰ ਦੇ ਲੋਕ ਉਹਨੂੰ ਗੁਰਦਿੱਤਾ ਬੁੜ੍ਹਾ ਆਖਦੇਉਹਦੀ ਘਰਵਾਲੀ, ਸਾਡੀ ਅੰਬੋ, ਨੂੰ ਸਭ ਪਰਸੀ ਬੁੜ੍ਹੀ ਆਖਦੇਉਹਨਾਂ ਦੇ ਇਕਲੌਤੇ ਪੁੱਤਰ, ਜਿਸ ਨੂੰ ਅਸੀਂ ਚਾਚਾ ਕਹਿੰਦੇ ਸੀ, ਦਾ ਨਾਂ ਚੇਤ ਰਾਮ ਸੀਉਹਦੇ ਵੀ ਦਾੜ੍ਹੀ-ਕੇਸ ਸਨ ਤੇ ਉਹ ਵੀ ਪੱਗ ਬੰਨ੍ਹਦਾ ਸੀਉਹਦੀ ਘਰਵਾਲੀ, ਸਾਡੀ ਚਾਚੀ ਸੀ ਤਾਂ ਵੈਰਾਗੀ ਪਰਿਵਾਰ ਵਿੱਚੋਂ ਹੀ, ਪਰ ਨਾਂ ਉਹਦਾ ਭਗਵਾਨ ਕੌਰ ਸੀਉਹਦੇ ਪੇਕੇ ਗੁਰੂ-ਵੰਸ਼ੀ ਸੋਢੀਆਂ ਦੀ ਬਹੁਲਤਾ ਵਾਲ਼ੇ ਕਿਸੇ ਪਿੰਡ ਸਨਸ਼ਾਇਦ ਇਸੇ ਸਮਾਜਕ-ਸੱਭਿਆਚਾਰਕ ਪ੍ਰਭਾਵ ਸਦਕਾ ਉਹ ਭਗਵਾਨ ਕੌਰ ਹੋ ਗਈ ਸੀਸ਼ਾਇਦ ਉਹਦੇ ਸਦਕਾ ਹੀ ਮੁੰਡਿਆਂ ਦੇ ਨਾਂ ਸਿੰਘ ਤੇ ਕੁੜੀਆਂ ਦੇ ਨਾਂ ਕੌਰ ਹੋ ਗਏ ਸਨਉਹਨਾਂ ਦੇ ਪੁੱਤਰਾਂ, ਸਾਡੇ ਹਾਣੀਆਂ-ਬੇਲੀਆਂ ਦੇ ਨਾਂ ਪ੍ਰੀਤਮ ਸਿੰਘ ਤੇ ਕਰਨੈਲ ਸਿੰਘ ਅਤੇ ਕੁੜੀਆਂ ਦੇ ਨਾਂ ਗੁਰਦਿਆਲ ਕੌਰ, ਤੇਜ਼ ਕੌਰ ਤੇ ਕਰਤਾਰ ਕੌਰ ਸਨਰਹਿਣੀ-ਬਹਿਣੀ ਵਿੱਚ ਸਾਰਾ ਟੱਬਰ ਪੂਰਾ ਜੱਟ ਸੀ

ਕਿੱਤਾ ਵੀ ਉਹਨਾਂ ਦਾ ਖੇਤੀਬਾੜੀ ਸੀਉਹਨਾਂ ਕੋਲ ਆਪਣੀ ਜ਼ਮੀਨ ਤਾਂ ਹੈ ਹੀ ਸੀ, ਕੁਛ ਜ਼ਮੀਨ ਉਹ ਹੋਰ ਅਜਿਹੇ ਲੋਕਾਂ ਤੋਂ ਅੱਧੋ-ਅੱਧ ਉੱਤੇ ਲੈ ਲੈਂਦੇ ਜੋ ਜ਼ਮੀਨ ਦੇ ਮਾਲਕ ਤਾਂ ਹੁੰਦੇ ਸਨ ਪਰ ਕਿਸੇ ਕਾਰਨ ਖੇਤੀ ਨਹੀਂ ਸਨ ਕਰਦੇਅੱਧੋ-ਅੱਧ ਦਾ ਮਤਲਬ ਇਹ ਹੁੰਦਾ ਸੀ ਕਿ ਉਸ ਜ਼ਮੀਨ ਵਿੱਚੋਂ ਜਿੰਨੀ ਪੈਦਾਵਾਰ ਹੁੰਦੀ, ਉਹਦਾ ਅੱਧਾ ਹਿੱਸਾ ਜ਼ਮੀਨ ਦੇ ਮਾਲਕ ਦਾ ਹੁੰਦਾ ਅਤੇ ਅੱਧਾ ਹਿੱਸਾ ਉਸ ਜ਼ਮੀਨ ਉੱਤੇ ਖੇਤੀ ਕਰਨ ਵਾਲਾ ਕਿਸਾਨ ਰੱਖ ਲੈਂਦਾਮੇਰੇ ਪਿਤਾ ਜੀ ਫ਼ੌਜ ਵਿੱਚ ਸਨ ਅਤੇ ਅਸੀਂ ਤਿੰਨੇ ਭਾਈ ਪੜ੍ਹਨ ਦੇ ਰਾਹ ਪੈ ਗਏ ਸੀਇਸ ਕਰਕੇ ਸਾਡਾ ਪਰਿਵਾਰ ਖੇਤੀ ਨਹੀਂ ਸੀ ਕਰਦਾਕਈ ਸਾਲ ਸਾਡੀ ਕੁਛ ਜ਼ਮੀਨ ਸਾਡੇ ਇਹਨਾਂ ਗੁਆਂਢੀਆਂ ਦੀ ਵਾਹੀ ਹੇਠ ਰਹੀ

ਹੁਣ ਉਸ ਕਥਾ-ਵਾਰਤਾ ਵੱਲ ਆਈਏ ਜਿਹੜੀ ਮੈਂ ਅਸਲ ਵਿੱਚ ਸੁਣਾਉਣੀ ਚਾਹੀ ਹੈ1953 ਦੀ ਗੱਲ ਹੈਅਪਰੈਲ ਦਾ ਮਹੀਨਾ ਸੀਮੈਂ ਕਾਲਜ ਦਾ ਐਫ਼. ਐੱਸ-ਸੀ. ਦਾ ਇਮਤਿਹਾਨ ਦੇ ਕੇ ਮੋਗੇ ਤੋਂ ਪਿੰਡ ਆਇਆ ਹੋਇਆ ਸੀ ਤੇ ਨਤੀਜੇ ਦੀ ਉਡੀਕ ਕਰ ਰਿਹਾ ਸੀਇੱਕ ਸ਼ਾਮ ਜਦੋਂ ਖਾਸਾ ਹਨੇਰਾ ਹੋ ਚੱਲਿਆ ਸੀ, ਬਾਹਰੋਂ ਆਵਾਜ਼ ਆਈ, “ਓ ਭਾਈ, ਕੋਈ ਹੈ?

ਬਿਜਲੀ ਅਜੇ ਸਾਡੇ ਪਿੰਡ ਆਈ ਨਹੀਂ ਸੀਇੱਕ ਲਾਲਟੈਣ ਸੀ ਜੋ ਅੰਦਰ ਜਗ ਰਹੀ ਸੀਮੈਂ ਜਾ ਕੇ ਕੁੰਡੀ ਖੋਲ੍ਹੀ ਤਾਂ ਚੰਦ ਦੇ ਘੁਸਮੁਸੇ ਚਾਨਣ ਵਿੱਚ ਬਾਬਾ ਗੁਰਦਿੱਤਾ ਖੜ੍ਹਾ ਸੀਉਹਨੇ ਹੱਥ ਵਿੱਚ ਕੋਈ ਭਾਂਡਾ ਜਿਹਾ ਚੁੱਕਿਆ ਹੋਇਆ ਸੀ

ਮੈਂ ਕਿਹਾ, “ਆਉ, ਬਾਬਾ ਜੀ, ਅੰਦਰ ਲੰਘ ਆਉਐਸ ਵੇਲੇ ਕਿਵੇਂ ਆਉਣਾ ਹੋਇਆ?

ਉਹ ਬੋਲਿਆ, “ਨਹੀਂ ਕਾਕਾ, ਮੈਂ ਅੰਦਰ ਨਹੀਂ ਆਉਣਾਹੁਣੇ ਖੇਤੋਂ ਆਇਆ ਸੀਅਜੇ ਨ੍ਹਾ ਕੇ ਰੋਟੀ ਵੀ ਖਾਣੀ ਹੈਅੱਜ ਦਿਨੇ ਮੈਂ ਵਿਹਲਾ ਬੈਠਾ ਸੀਪਿੜ ਵਿੱਚ ਜਿੱਥੇ ਥੋਡੇ ਵਾਲੀ ਕਣਕ ਕੱਢੀ ਸੀ, ਮੈਂਨੂੰ ਕੋਈ ਕੋਈ ਦਾਣਾ ਪਿਆ ਦਿਸਿਆਮੈਂ ਚੁਗਣ ਲੱਗ ਪਿਆਕੋਈ ਚਾਰ ਲੱਪਾਂ ਦਾਣੇ ਹੋ ਗਏ” ਬਾਬੇ ਦੇ ਬੋਲ ਵਿੱਚ ਮਿਹਨਤ ਦੇ ਫਲ ਦੀ ਖੁਸ਼ੀ ਸੀਉਹਨੇ ਹੱਥ ਵਾਲਾ ਛੋਟਾ ਜਿਹਾ ਕਟੋਰਾ ਅੱਗੇ ਕੀਤਾ, “ਐਹ ਲੈ, ਬਚੜਿਆ, ਆਬਦੇ ਹਿੱਸੇ ਦੇ ਅੱਧੇ, ਦੋ ਲੱਪਾਂ ਦਾਣੇ!”

ਅੱਜ ਜਦੋਂ ਸਾਡੇ ਸਮਾਜ ਵਿੱਚ ਥੁੜੀ ਹੋਈ ਵਸਤੂ ਬਣ ਚੁੱਕੀ ਇਮਾਨਦਾਰੀ ਬਾਰੇ ਸੋਚਦਾ ਹਾਂ, ਇਹ ਘਟਨਾ ਅਕਸਰ ਚੇਤੇ ਆਉਂਦੀ ਹੈਦੋ ਲੱਪ ਦਾਣਿਆਂ ਦਾ ਇੰਨਾ ਮਹੱਤਵ ਜਾਂ ਮੁੱਲ ਨਾ ਉਦੋਂ ਸੀ ਤੇ ਨਾ ਹੁਣ ਹੈ ਕਿ ਕੋਈ ਕਿਸੇ ਨੂੰ ਦੇਣ ਲਈ ਉਚੇਚਾ ਚੱਲ ਕੇ ਜਾਵੇ, ਉਹ ਵੀ ਕੁਵੇਲੇ ਜਿਹੇਨਾਲ਼ੇ ਖੇਤ ਦੇ ਦਾਣਿਆਂ ਦੇ ਬੋਹਲ ਦੀ ਵੰਡ ਤਾਂ ਇੱਕ ਦਿਨ ਪਹਿਲਾਂ ਹੋ ਚੁੱਕੀ ਸੀਜੇ ਬਾਬੇ ਗੁਰਦਿੱਤੇ ਨੇ ਕਣਕ ਕੱਢੀ ਵਾਲੀ ਥਾਂ ਤੋਂ ਨਹੁੰਆਂ ਨਾਲ ਚੁਗ-ਚੁਗ ਕੇ ਚਾਰ ਲੱਪ ਦਾਣੇ ਇਕੱਠੇ ਕਰ ਵੀ ਲਏ ਸਨ, ਉਹਦਾ ਇਹ ਫ਼ਰਜ਼ ਤਾਂ ਵਾਹੀਵਾਨ ਹੋਣ ਦੇ ਨਾਤੇ ਵੀ ਨਹੀਂ ਸੀ ਬਣਦਾ ਕਿ ਉਹਨਾਂ ਦਾ ਅੱਧ ਵੀ ਜ਼ਮੀਨ-ਮਾਲਕ ਨੂੰ ਜ਼ਰੂਰ ਦੇਵੇਮੇਰਾ ਮੰਨਣਾ ਹੈ ਜੇ ਚਾਰ ਲੱਪਾਂ ਦਾਣਿਆਂ ਦੀ ਥਾਂ ਇੱਕ ਲੱਪ ਵੀ ਹੁੰਦੇ, ਉਹਨੇ ਉਸ ਇੱਕ ਲੱਪ ਵਿੱਚੋਂ ਵੀ ਅੱਧੀ ਲੱਪ ਸਾਨੂੰ ਦੇਣ ਆ ਜਾਣਾ ਸੀਇਹ ਸਭ ਸੋਚ ਕੇ ਮਹਿਸੂਸ ਹੁੰਦਾ ਹੈ, ਬਾਬੇ ਗੁਰਦਿੱਤੇ ਨੇ ਜੋ ਮੈਂਨੂੰ ਫੜਾਏ ਸਨ, ਉਹ ਛੋਟੇ ਜਿਹੇ ਕਟੋਰੇ ਵਿੱਚ ਕਣਕ ਦੇ ਦਾਣੇ ਨਹੀਂ ਸਨ, ਇੱਕ ਨਿਰਮਲ-ਚਿੱਤ ਇਨਸਾਨ ਦੇ ਚਾਂਦੀ ਦੀ ਤਸ਼ਤਰੀ ਵਿੱਚ ਦਿੱਤੇ ਅਸ਼ੀਰਵਾਦੀ ਸੁੱਚੇ ਮੋਤੀ ਸਨ ਜਿਨ੍ਹਾਂ ਨੇ ਮੈਂਨੂੰ ਪਰਾਏ ਹੱਕ ਲਈ ਇਮਾਨਦਾਰ ਰਹਿਣ ਦੇ ਅਰਥ ਉਮਰ-ਭਰ ਵਾਸਤੇ ਸਮਝਾ ਦਿੱਤੇ!

ਮੈਂ ਨਹੀਂ ਸਮਝਦਾ, ਬਾਬੇ ਗੁਰਦਿੱਤੇ ਨੂੰ ਖੇਤੀ ਅਤੇ ਕਬੀਲਦਾਰੀ ਦੇ ਖਲਜਗਣ ਨੇ ਕਦੀ ਬਾਣੀ ਸੁਣਨ-ਜਾਣਨ ਦਾ ਮੌਕਾ ਦਿੱਤਾ ਹੋਵੇਗਾ, ਪਰ ਇੰਨਾ ਜ਼ਰੂਰ ਜਾਣਦਾ ਹਾਂ ਕਿ ਬਾਬਾ ਨਾਨਕ ਦਾ ਉਪਦੇਸ਼ “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ” ਜ਼ਰੂਰ ਉਹਦੇ ਮਨ ਵਿੱਚ ਸਹਿਜ-ਸੁਭਾਵਿਕ ਹੀ ਵਸਿਆ ਹੋਇਆ ਸੀਇਹ ਪਰਾਇਆ ਹੱਕ ਭਾਵੇਂ ਕਣਕ ਦੇ ਕੁਲ ਦੋ ਲੱਪਾਂ ਦਾਣੇ ਹੀ ਕਿਉਂ ਨਾ ਹੋਣ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3321)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author