GurbachanSBhullar7ਇਹ ਉਹ ਲੋਕ ਹਨ, ਜਿਨ੍ਹਾਂ ਕੋਲ ਇੰਨੀ ਕੁ ਵਿੱਦਿਅਕ ਜੋਗਤਾ ਹੁੰਦੀ ਹੈ ਕਿ ਉਹ ਮਤਰੇਏ ਪੁੱਤ ਹੋਣ ਦੇ ...
(19 ਅਗਸਤ 2023)


ਨੇੜਲੇ ਬੀਤੇ ਤਕ ਦੇਸ ਛੱਡ ਕੇ ਜਾਣ ਵਾਲੇ ਲੋਕਾਂ ਨੂੰ
, ਖਾਸ ਕਰ ਕੇ ਵਿਗਿਆਨੀਆਂ, ਅਧਿਆਪਕਾਂ, ਪ੍ਰੋਫੈਸਰਾਂ, ਵਿਦਿਆਰਥੀਆਂ, ਆਦਿ ਦੇ ਪਰਦੇਸੀਂ ਜਾ ਵਸਣ ਨੂੰ ਸਿਆਣਿਆਂ ਦਾ ਨਿਕਾਸ (ਬਰੇਨ ਡਰੇਨ) ਕਿਹਾ ਜਾਂਦਾ ਸੀਇਸ ਵਰਤਾਰੇ ਨੂੰ ਦੇਸ ਲਈ ਨੁਕਸਾਨਦੇਹ ਮੰਨਦਿਆਂ ਸੂਝਵਾਨ ਲੋਕ ਫ਼ਿਕਰ ਕਰਦੇ ਸਨ ਵਿੱਦਿਅਕ ਖੇਤਰ ਦੇ ਪ੍ਰਬੰਧਕ ਢਾਂਚੇ ਅਤੇ ਸਕੂਲੀ, ਕਾਲਜੀ ਤੇ ਵਿਸ਼ਵਵਿਦਿਆਲੀ ਸਿਲਸਿਲੇ ਉੱਤੇ ਹੁੰਦੇ ਖ਼ਰਚ ਦੇ ਹਿਸਾਬ ਪਹਿਲੀ ਤੋਂ ਬਾਰ੍ਹਵੀਂ ਤਕ ਪੁੱਜਦੇ ਹਰ ਵਿਦਿਆਰਥੀ ਉੱਤੇ ਹਜ਼ਾਰਾਂ-ਲੱਖਾਂ ਰੁਪਏ ਖਰਚ ਹੋ ਜਾਂਦੇ ਹਨਹਰੇਕ ਵਿਦਿਆਰਥੀ ਪਿੱਛੇ ਉੱਚੀ ਪੜ੍ਹਾਈ ਦਾ ਹਰ ਸਾਲ ਦਾ ਖ਼ਰਚਾ ਸਕੂਲੀ ਪੜ੍ਹਾਈ ਦੇ ਸਾਲਾਨਾ ਖ਼ਰਚੇ ਤੋਂ ਬਹੁਤ ਵੱਧ ਹੁੰਦਾ ਹੈ ਇੰਨੇ ਖ਼ਰਚ ਨਾਲ ਪੜ੍ਹਿਆ ਨੌਜਵਾਨ ਇਹ ਖ਼ਰਚ ਕਰਨ ਵਾਲੇ ਆਪਣੇ ਦੇਸ ਨੂੰ ਛੱਡ ਕੇ ਆਪਣੀ ਸੂਝ-ਸਿਆਣਪ ਮੁਫ਼ਤੋ-ਮੁਫ਼ਤੀ ਪਰਦੇਸ ਦੀ ਝੋਲ਼ੀ ਵਿੱਚ ਜਾ ਪਾਉਂਦਾ ਹੈ ਇਸਦਾ ਮੁੱਖ ਕਾਰਨ ਇਹ ਹੈ ਕਿ ਸਾਡਾ ਦੇਸ ਇਸ ਸੂਝ-ਸਿਆਣਪ ਦੀ ਵਰਤੋਂ ਕਰਨ ਤੋਂ ਅਸਮਰੱਥ ਰਹਿੰਦਾ ਹੈਅਕਲ ਵੱਡੀ ਕਿ ਮੱਝ ਦੀ ਕਹਾਵਤ ਵਾਂਗ ਇੱਥੇ ਵਿਦਵਤਾ ਨਾਲੋਂ ਸੰਬੰਧ, ਸਿਫ਼ਾਰਸ਼ ਤੇ ਰਿਸ਼ਵਤ ਵੱਡੇ ਸਿੱਧ ਹੁੰਦੇ ਹਨਪੂਰੇ ਦੇਸ ਵਿੱਚ ਹਰ ਕਿਸਮ ਦੇ ਮੁਲਾਜ਼ਮਾਂ ਦੀ ਭਰਤੀ ਸਮੇਂ ਹੁੰਦੇ ਘਪਲੇ ਰੋਜ਼-ਰੋਜ਼ ਸਾਹਮਣੇ ਆਉਂਦੇ ਰਹਿੰਦੇ ਹਨਹੱਕਦਾਰ ਰਹਿ ਜਾਂਦੇ ਹਨ ਅਤੇ ਜੁਗਾੜੀ ਜਿੱਤ ਜਾਂਦੇ ਹਨ

ਇਸ ਵਰਤਾਰੇ ਦੀ ਇੱਕ ਮਸ਼ਹੂਰ ਮਿਸਾਲ ਆਪਣਾ ਪੰਜਾਬੀ ਹਰਗੋਬਿੰਦ ਖੁਰਾਣਾ ਹੈਹਰਗੋਬਿੰਦ ਮੁਲਤਾਨ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੇ ਵਾਸੀ ਇੱਕ ਪਟਵਾਰੀ ਦੇ ਚਾਰ ਨਿਆਣਿਆਂ ਵਿੱਚੋਂ ਛੋਟਾ ਸੀਉਹਨੇ ਬੋਹੜ ਹੇਠ ਲਗਦੀ ਜਮਾਤ ਵਿੱਚ ਘਰੋਂ ਲਿਆਂਦੀ ਬੋਰੀ ਉੱਤੇ ਬੈਠਦਿਆਂ ਪੜ੍ਹਾਈ ਦਾ ਮੁੱਢ ਬੰਨ੍ਹਿਆ, ਜਿਸਦੀ ਪੂਰਨਤਾ 1945 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੈਮਿਸਟਰੀ ਦੀ ਐੱਮ. ਐੱਸ-ਸੀ. ਕਰਨ ਨਾਲ ਹੋਈਵਜ਼ੀਫ਼ੇ ਨਾਲ ਉਹ ਇੰਗਲੈਂਡ ਤੋਂ ਡਾਕਟਰੇਟ ਕਰ ਕੇ 1948 ਵਿੱਚ ਦੇਸ ਪਰਤਿਆਸਬੱਬ ਨਾਲ ਦਿੱਲੀ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿੱਚ ਇੱਕ ਥਾਂ ਖਾਲੀ ਸੀਖੁਰਾਣੇ ਨੇ ਅਰਜ਼ੀ ਅਤੇ ਇੰਟਰਵਿਊ ਦਿੱਤੀ, ਪਰ ਉਹਨੂੰ ਰੱਦ ਕਰ ਦਿੱਤਾ ਗਿਆਉਹ ਦੁੱਖ ਤੇ ਗੁੱਸੇ ਦਾ ਭਰਿਆ ਵਾਪਸ ਇੰਗਲੈਂਡ ਜਾ ਕੇ ਅਧਿਆਪਨ ਅਤੇ ਖੋਜ ਵਿੱਚ ਜੁਟ ਗਿਆਇੰਗਲੈਂਡ ਤੋਂ ਕੈਨੇਡਾ ਵਿੱਚੋਂ ਦੀ ਅਮਰੀਕਾ ਤਕ ਦੇਸ ਅਤੇ ਯੂਨੀਵਰਸਿਟੀਆਂ ਬਦਲਦਾ 1966 ਵਿੱਚ ਉਹ ਅਮਰੀਕੀ ਨਾਗਰਿਕ ਬਣ ਗਿਆ1968 ਵਿੱਚ ਉਹਨੂੰ ਪ੍ਰੋਟੀਨਾਂ ਅਤੇ ਜੀਨਾਂ ਸੰਬੰਧੀ ਖੋਜ ਸਦਕਾ ਨੋਬਲ ਇਨਾਮ ਭੇਟ ਕੀਤਾ ਗਿਆਸਾਡੇ ਦੇਸ ਨੂੰ ਫੇਰ ਸਮਝ ਆਈ, ਲੈ ਜੀਹਨੂੰ ਅਸੀਂ ਰੱਦ ਕਰ ਕੇ ਬਾਹਰ ਭਜਾ ਦਿੱਤਾ, ਇਹ ਤਾਂ ਕੰਮ ਦਾ ਬੰਦਾ ਸੀ! ਨਤੀਜੇ ਵਜੋਂ ਅਗਲੇ ਸਾਲ, 1969 ਵਿੱਚ ਹੀ ਉਹਨੂੰ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਨਮਾਨ, ਪਦਮ ਵਿਭੂਸ਼ਨ ਭੇਟ ਕੀਤਾ ਗਿਆਹੁਣ ਉਹਨੂੰ ਭਾਰਤੀ ਮੂਲ ਦਾ ਆਖ ਕੇ ਆਪਣੇ ਨੋਬਲ ਇਨਾਮ ਜੇਤੂਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ

ਬੁੱਧੀ ਦੀ ਕਦਰ ਕਰਨ ਵਾਲੇ ਪਰਦੇਸਾਂ ਦੇ ਮੁਕਾਬਲੇ ਸਾਡਾ ਦੇਸ ਬੁੱਧੀ ਨੂੰ ਕਿਵੇਂ ਖੱਜਲ-ਖ਼ੁਆਰ ਕਰਦਾ ਹੈ, ਇਹਦੀ ਇੱਕ ਮਿਸਾਲ ਹਰਗੋਬਿੰਦ ਖੁਰਾਣੇ ਦਾ ਐੱਮ. ਐੱਸ-ਸੀ. ਦਾ ਹਮਜਮਾਤੀ ਤੇ ਫੇਰ ਹਮਵਜ਼ੀਫ਼ਾ ਸਵਰਗੀ ਡਾ. ਨਾਜ਼ਰ ਸਿੰਘ ਹੈਦੋਵੇਂ ਇੰਗਲੈਂਡ ਤੋਂ ਡਾਕਟਰੇਟ ਕਰ ਕੇ ਇਕੱਠੇ ਦੇਸ ਪਰਤੇਸਬੱਬ ਨਾਲ ਪੰਜਾਬ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਇੱਕ-ਇੱਕ ਥਾਂ ਖਾਲੀ ਸੀਆਪਸੀ ਮੁਕਾਬਲੇ ਤੋਂ ਬਚਣ ਲਈ ਨਾਜ਼ਰ ਸਿੰਘ ਨੇ ਪੰਜਾਬ ਦੀ ਤੇ ਖੁਰਾਣੇ ਨੇ ਦਿੱਲੀ ਦੀ ਚੋਣ ਕਰ ਲਈਖੁਰਾਣਾ ਨੂੰ ਰੱਦ ਕੀਤੇ ਜਾਣਾ ਕੁੱਬੇ ਨੂੰ ਲੱਤ ਸਿੱਧ ਹੋਇਆ ਤੇ ਨਾਜ਼ਰ ਸਿੰਘ ਚੁਣੇ ਜਾਣ ਦੀ ਸਫਲਤਾ ’ਤੇ ਸਾਰੀ ਉਮਰ ਪਛਤਾਉਂਦਾ ਰਿਹਾਪੰਜਾਬ ਯੂਨੀਵਰਸਿਟੀ ਤੋਂ ਪੰਜਾਬੀ ਯੂਨੀਵਰਸਿਟੀ ਵਿੱਚ ਆ ਪਹੁੰਚੇ ਨਾਜ਼ਰ ਸਿੰਘ ਦਾ ਸਹਿਕਰਮੀ ਰਿਹਾ ਡਾ. ਕੁਲਦੀਪ ਸਿੰਘ ਧੀਰ ਲਿਖਦਾ ਹੈ, “ਉਹ ਰੁਲ਼ਿਆ ਹੀ ਨਹੀਂ, ਖ਼ੂਬ ਰੁਲ਼ਿਆ! ਖੁਰਾਣੇ ਦੀਆਂ ਗੱਲਾਂ ਕਰਦੇ ਸਮੇਂ ਉਹ ਅਕਸਰ ਦੁੱਖ, ਉਦਾਸੀ, ਪਛਤਾਵੇ ਤੇ ਗੁੱਸੇ ਨਾਲ ਆਖਦਾ, ‘ਖੁਰਾਣਾ ਚੰਗਾ ਰਿਹਾ ਇੱਥੇ ਰਹਿੰਦਾ ਤਾਂ ਉਸ ਨਾਲ ਮੇਰੇ ਵਾਲੀ ਹੀ ਹੋਣੀ ਸੀਹੋ ਸਕਦਾ ਹੈ, ਉਹ ਸਸਪੈਂਡ ਹੋ ਜਾਂਦਾ, ਡਿਸਮਿਸ ਹੋ ਜਾਂਦਾਮੇਰੇ ਵਾਂਗ ਤਾਂ ਉਸ ਤੋਂ ਲੜਾਈ ਵੀ ਨਹੀਂ ਸੀ ਹੋ ਸਕਣੀ’!”

ਇਹ ਇਹਨਾਂ ਦੋਵਾਂ ਦੀ ਕਹਾਣੀ ਹੀ ਨਹੀਂ, ਇਹ ਤਾਂ ਭਰੇ ਹੋਏ ਪਤੀਲੇ ਵਿੱਚੋਂ ਦਾਲ ਦੇ ਦੋ ਦਾਣੇ ਹਨਅੱਜ ਦੂਜੇ ਦੇਸਾਂ ਵਿੱਚ ਅਨੇਕ ਕਾਰੋਬਾਰਾਂ ਅਤੇ ਅਨੇਕ ਯੂਨੀਵਰਸਿਟੀਆਂ ਦੀਆਂ ਮੋਹਰੀ ਪਦਵੀਆਂ ਉੱਤੇ ਭਾਰਤੀ ਮੂਲ ਦੇ ਲੋਕ ਪਹਿਲਾਂ ਨਾਲੋਂ ਵੀ ਬਹੁਤਾ ਆਦਰ-ਮਾਣ ਕਮਾ ਰਹੇ ਹਨਇਹ ਬੁੱਧੀਮਾਨ ਲੋਕ ਇਸ ਅਹਿਸਾਸ ਨਾਲ ਬਾਹਰ ਜਾਂਦੇ ਹਨ ਕਿ ਇੱਥੇ ਉਹਨਾਂ ਦੀਆਂ ਸਮਰੱਥਾਵਾਂ ਦੀ ਵਰਤੋਂ ਦੇ ਰਾਹ ਵਿੱਚ ਅਨੇਕ ਰੁਕਾਵਟਾਂ ਆਉਣਗੀਆਂ ਜਦੋਂ ਕਿ ਬਾਹਰ ਉਹਨਾਂ ਦੀ ਉਡਾਰੀ ਲਈ ਖੁੱਲ੍ਹਾ ਅੰਬਰ ਮਿਲੇਗਾ! ਹੁਣ ਵੀ ਜਦੋਂ ਅਰਥ-ਸ਼ਾਸਤਰੀਆਂ, ਵਿਗਿਆਨੀਆਂ, ਖੋਜਕਾਰਾਂ, ਪ੍ਰੋਫੈਸਰਾਂ, ਆਦਿ ਲਈ ਉਹਨਾਂ ਦੇ ਕੰਮ ਨਾਲ ਕੋਈ ਸੰਬੰਧ ਨਾ ਰੱਖਣ ਵਾਲੇ ਕਾਰਨਾਂ ਕਰਕੇ ਸਾਹ-ਘੋਟੂ ਹਾਲਤਾਂ ਪੈਦਾ ਕੀਤੀਆਂ ਜਾਂਦੀਆਂ ਹਨ, ਬਾਹਰਲੀਆਂ ਯੂਨੀਵਰਸਿਟੀਆਂ, ਖੋਜ-ਸੰਸਥਾਵਾਂ, ਕਾਰੋਬਾਰੀ ਫਰਮਾਂ, ਆਦਿ ਉਹਨਾਂ ਲਈ ਬਾਂਹਾਂ ਖੋਲ੍ਹ ਦਿੰਦੀਆਂ ਹਨ ਉੱਥੇ ਉਹ ਆਪਣਾ ਨਾਂ ਵੀ ਚਮਕਾਉਂਦੇ ਹਨ ਤੇ ਆਪਣੀ ਸੰਸਥਾ ਦੇ ਮਾਣ ਵਿੱਚ ਵੀ ਵਾਧਾ ਕਰਦੇ ਹਨ

ਇੱਥੋਂ ਧੱਕੇ ਗਏ ਹੋਣ ਦੇ ਅਹਿਸਾਸ ਨਾਲ ਪਰਦੇਸ ਗਏ ਇਹ ਵੱਡੀਆਂ ਅਕਲਾਂ ਵਾਲੇ ਲੋਕ ਉੱਧਰਲੇ ਮਾਣਜੋਗ ਨਾਗਰਿਕ ਬਣ ਕੇ ਦਿਲੋਂ-ਮਨੋਂ ਕਿੰਨੇ ਕੁ ਭਾਰਤੀ ਰਹਿ ਜਾਂਦੇ ਹਨ, ਸਮਝਣਾ ਮੁਸ਼ਕਿਲ ਨਹੀਂ ਇੱਧਰੋਂ ਗਿਆ ਕੋਈ ਭਾਰਤੀ ਵੀ ਜਦੋਂ ਕਿਸੇ ਬਾਹਰਲੇ ਦੇਸ ਦਾ ਨਾਗਰਿਕ ਬਣ ਕੇ ਉੱਥੋਂ ਦੇ ਕਾਨੂੰਨ-ਸੰਵਿਧਾਨ ਦੀ ਵਫ਼ਾਦਾਰੀ ਦੀ ਸਹੁੰ ਖਾ ਲੈਂਦਾ ਹੈ, ਉਸ ਤੋਂ ਭਾਰਤ ਨਾਲ ਅਪਣੱਤ ਦੀ ਆਸ ਕਿਸ ਆਧਾਰ ਉੱਤੇ ਕੀਤੀ ਜਾ ਸਕਦੀ ਹੈ? ਜੇ ਅਤੇ ਜਦੋਂ ਉਹ ਭਾਰਤ ਆਉਂਦਾ ਵੀ ਹੈ, ਉਹਦੀ ਫੇਰੀ ਮਹਿਮਾਨ ਦੀ ਫੇਰੀ ਹੁੰਦੀ ਹੈ

ਆਓ, ਪਰਵਾਸ ਤੋਂ ਇੱਕ ਕਦਮ ਹੋਰ ਅੱਗੇ ਤੁਰੀਏ24 ਜੁਲਾਈ ਦੀ ਖ਼ਬਰ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਹਰ ਰੋਜ਼ 478 ਪਰਵਾਸੀ ਭਾਰਤੀ ਕਿਸੇ ਹੋਰ ਦੇਸ ਦੀ ਨਾਗਰਿਕਤਾ ਲੈ ਕੇ ਆਪਣੀ ਭਾਰਤੀ ਨਾਗਰਿਕਤਾ ਛੱਡ ਰਹੇ ਹਨ! 22 ਜੁਲਾਈ ਨੂੰ ਬਦੇਸ ਮਾਮਲਿਆਂ ਬਾਰੇ ਮੰਤਰੀ ਨੇ ਲੋਕਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ 2011 ਤੋਂ 2022 ਤਕ ਸਾਢੇ ਸਤਾਰਾਂ ਲੱਖ ਤੋਂ ਵੱਧ ਭਾਰਤੀਆਂ ਨੇ ਨਾਗਰਿਕਤਾ ਛੱਡੀ ਅਤੇ ਇਸ ਸਾਲ ਜੂਨ ਤਕ 87,026 ਭਾਰਤੀ ਨਾਗਰਿਕਤਾ ਛੱਡ ਚੁੱਕੇ ਹਨਇਸ ਗਿਣਤੀ ਵਿੱਚ ਲਗਾਤਾਰ ਕਿਵੇਂ ਵਾਧਾ ਹੋ ਰਿਹਾ ਹੈ, ਉਹ 2011 ਦੇ ਸਾਲ ਲਈ 1, 22, 819 ਅਤੇ 2022 ਦੇ ਸਾਲ ਲਈ 2, 25, 620 ਦੇ ਅੰਕੜਿਆਂ ਤੋਂ ਦੇਖਿਆ ਜਾ ਸਕਦਾ ਹੈਮੰਤਰੀ ਨੇ ਦੱਸਿਆ ਕਿ ਬਹੁਤੇ ਵਿਦਿਆਰਥੀ ਵੀ ਬਾਹਰ ਹੀ ਟਿਕ ਜਾਂਦੇ ਹਨ

ਇਹ ਉਹ ਲੋਕ ਹਨ, ਜਿਨ੍ਹਾਂ ਕੋਲ ਇੰਨੀ ਕੁ ਵਿੱਦਿਅਕ ਜੋਗਤਾ ਹੁੰਦੀ ਹੈ ਕਿ ਉਹ ਮਤਰੇਏ ਪੁੱਤ ਹੋਣ ਦੇ ਬਾਵਜੂਦ ਬਾਹਰਲੇ ਦੇਸਾਂ ਦੇ ਸਕੇ ਪੁੱਤ ਬਣ ਕੇ ਕਮਾਊ ਪੁੱਤ ਸਿੱਧ ਹੋ ਸਕਣ ਇੱਕ ਅੰਕੜੇ ਹੋਰ ਵੀ ਦੇਖ ਲਵੋ‘ਵਿਦਿਆ ਦੀ ਹਾਲਤ ਦੀ ਸਾਲਾਨਾ ਰਿਪੋਰਟ’ ਦੇਸ ਦੇ ਪੇਂਡੂ ਸਕੂਲਾਂ ਬਾਰੇ ਅੰਕੜੇ ਇਕੱਠੇ ਕਰਦੀ ਹੈ2022 ਦੀ ਰਿਪੋਰਟ ਦੇਸ ਦੇ 616 ਜ਼ਿਲ੍ਹਿਆਂ ਦੇ 19,060 ਪਿੰਡਾਂ ਦੇ ਤੀਜੀ, ਪੰਜਵੀਂ ਤੇ ਅੱਠਵੀਂ ਜਮਾਤ ਦੇ 6,99,597 ਵਿਦਿਆਰਥੀਆਂ ਦੀ ਪਰਖ ਉੱਤੇ ਆਧਾਰਿਤ ਸੀਇਹਨਾਂ ਬੱਚਿਆਂ ਨੂੰ ਦੂਜੀ ਜਮਾਤ ਦੀ ਮਾਤਭਾਸ਼ਾ ਦੀ ਪੁਸਤਕ ਪੜ੍ਹਨ ਲਈ ਦਿੱਤੀ ਗਈਤੀਜੀ ਦੇ 80 ਫ਼ੀਸਦੀ, ਪੰਜਵੀਂ ਦੇ 57 ਫ਼ੀਸਦੀ ’ਤੇ ਅੱਠਵੀਂ ਦੇ 30 ਫ਼ੀਸਦੀ ਵਿਦਿਆਰਥੀ ਦੂਜੀ ਦੀ ਪੁਸਤਕ ਪੜ੍ਹ ਨਹੀਂ ਸਕੇਇਹ ਬੁਨਿਆਦੀ ਲੋੜਾਂ ਤੋਂ ਸੱਖਣੇ ਪੇਂਡੂ ਸਰਕਾਰੀ ਸਕੂਲਾਂ ਦੇ ਉਹ ਬਦਕਿਸਮਤ ਗ਼ਰੀਬ ਬੱਚੇ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ, ਘਾਹੀਆਂ ਦੇ ਪੁੱਤਾਂ ਨੇ ਤਾਂ ਆਖ਼ਰ ਘਾਹ ਹੀ ਖੋਤਣਾ ਹੈਇਹ ਹੌਲ਼ੀ-ਹੌਲ਼ੀ ਸਕੂਲ ਵਿੱਚੋਂ ਕਿਰ ਕੇ ਬੇਰੁਜ਼ਗਾਰਾਂ ਦੀ ਫ਼ੌਜ ਵਿੱਚ ਭਰਤੀ ਹੁੰਦੇ ਰਹਿੰਦੇ ਹਨ ਜਾਂ ਪੰਜਾਬ ਆਉਂਦੇ ਉੱਤਰ ਪ੍ਰਦੇਸ਼ੀਆਂ ਤੇ ਬਿਹਾਰੀਆਂ ਵਾਂਗ ਦੇਸ ਦੇ ਅੰਦਰ ਨਿੱਕੀ-ਮੋਟੀ ਮਜ਼ਦੂਰੀ ਲਈ ਦੂਰ-ਨੇੜੇ ਪਰਵਾਸ ਕਰਦੇ ਰਹਿੰਦੇ ਹਨਇਹਨਾਂ ਨੂੰ ਜੇ ਪਰਦੇਸੀ ਕਮਾਈ ਦਾ ਵੱਧ ਤੋਂ ਵੱਧ ਮੌਕਾ ਮਿਲਦਾ ਹੈ, ਉਹ ਦੁਬਈ ਵਰਗੇ ਦੇਸਾਂ ਵਿੱਚ ਕਿਸੇ ਕੰਪਨੀ ਨਾਲ ਕੁਛ ਸਾਲਾਂ ਦੇ ਇਕਰਾਰਨਾਮੇ ਦੇ ਆਧਾਰ ਉੱਤੇ ਮਜ਼ਦੂਰਾਂ ਵਜੋਂ ਹੁੰਦਾ ਹੈਇਹਨਾਂ ਦੇ ਪਰਵਾਸ ਦਾ ਆਧਾਰ ਇਹਨਾਂ ਦੀ ਸਰੀਰਕ ਸਮਰੱਥਾ ਹੁੰਦੀ ਹੈ

ਜਿਨ੍ਹਾਂ ਪਰਵਾਸੀਆਂ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ, ਉਹ ਸਭ ਦਿਮਾਗ਼ੀ ਸਮਰੱਥਾ ਸਦਕਾ ਬਾਹਰ ਜਾਂਦੇ ਹਨ ਜੋ ਦੇਸ ਵਿੱਚੋਂ ਹਾਸਲ ਹੋ ਕੇ ਪਰਦੇਸਾਂ ਦੇ ਕੰਮ ਆਉਂਦੀ ਹੈਇਹ ਵਰਤਾਰਾ ਨੋਬਲ ਇਨਾਮਾਂ ਦੇ ਸ਼ੀਸ਼ੇ ਵਿੱਚੋਂ ਸਪਸ਼ਟ ਦਿਸਦਾ ਹੈ1968 ਵਿੱਚ ਕੈਮਿਸਟਰੀ ਲਈ ਹਰਗੋਬਿੰਦ ਖੁਰਾਣਾ, 1983 ਵਿੱਚ ਫਿਜ਼ਿਕਸ ਲਈ ਸੁਬਰਾਮਨੀਅਮ ਚੰਦਰਸ਼ੇਖ਼ਰ, 2009 ਵਿੱਚ ਕੈਮਿਸਟਰੀ ਲਈ ਵੈਂਕਟਰਮਨ ਰਾਮਕ੍ਰਿਸ਼ਨਣ ਅਤੇ 2019 ਵਿੱਚ ਇਕਨਾਮਿਕਸ ਲਈ ਅਭਿਜੀਤ ਬੈਨਰਜੀ ਨੂੰ ਨੋਬਲ ਇਨਾਮ ਦਿੱਤਾ ਗਿਆਅਮਰੀਕੀ ਨਾਗਰਿਕ ਬਣੇ ਇਹਨਾਂ ਚਾਰੇ ਭਾਰਤੀਆਂ ਦੀ ਦੇਸ ਤੋਂ ਸਾਂਭੀ ਨਾ ਗਈ ਬੁੱਧੀ ਅਮਰੀਕਾ ਦੇ ਕੰਮ ਆਈ, ਜਿੱਥੋਂ ਦੀਆਂ ਸੰਸਥਾਵਾਂ ਨੇ ਇਹਨਾਂ ਨੂੰ ਹੱਕੀ ਮਾਣ-ਸਤਿਕਾਰ ਦਿੱਤਾ ਅਤੇ ਖੋਜ-ਕਾਰਜ ਲਈ ਹਰ ਕਿਸਮ ਦੀਆਂ ਸੁਖ-ਸਹੂਲਤਾਂ ਦਿੱਤੀਆਂ

ਕਈ ਲੋਕ ਆਖਦੇ ਹਨ, ਕਰੋਨਾ ਦੇ ਸਾਲ 2019 ਨੂੰ ਛੱਡ ਕੇ ਦੇਸ ਦੀ ਪ੍ਰਤੀ ਜੀਅ ਆਮਦਨ ਹਰ ਸਾਲ ਵਧਦੀ ਆਈ ਹੈ, ਜਿਸ ਕਰਕੇ ਭਵਿੱਖ ਵਿੱਚ ਪਰਵਾਸ ਦੇ ਰੁਝਾਨ ਵਿੱਚ ਮੋੜ ਪੈਣਾ ਸੰਭਵ ਹੈਅੰਕੜਿਆਂ ਬਾਰੇ ਉਹ ਕਹਾਵਤ ਚੇਤੇ ਰੱਖਣੀ ਚਾਹੀਦੀ ਹੈ ਜਿਸ ਅਨੁਸਾਰ ਅੰਕੜੇ, ਖਾਸ ਕਰ ਕੇ ਔਸਤ ਅੰਕੜੇ ਝੂਠ ਛੁਪਾਉਣ ਲਈ ਸੱਚ ਦੀ ਚਾਦਰ ਦਾ ਕੰਮ ਦਿੰਦੇ ਹਨ! ਜੇ ਇੱਕ ਆਦਮੀ ਕੋਲ ਚਾਰ ਕਮੀਜ਼ ਹਨ ਤੇ ਦੂਜਾ ਨੰਗਾ ਹੈ, ਔਸਤ ਅਨੁਸਾਰ ਦੋਵਾਂ ਕੋਲ ਦੋ-ਦੋ ਕਮੀਜ਼ ਹੋ ਗਏ2022 ਦੇ ਔਸਤ ਅੰਕੜਿਆਂ ਅਨੁਸਾਰ ਭਾਰਤ ਦੇ ਹਰ ਜੀਅ ਦੀ ਸਾਲਾਨਾ ਆਮਦਨ 1 ਲੱਖ 88 ਹਜ਼ਾਰ ਸੀਭਾਵ, ਜੇ ਕਿਸੇ ਟੁੱਟਵੇਂ ਦਿਹਾੜੀਦਾਰ ਦੇ ਬੁੱਢੇ ਮਾਂ-ਬਾਪ, ਪਤਨੀ ਤੇ ਦੋ ਬੱਚੇ ਸਨ, ਤਾਂ ਕਾਗ਼ਜ਼ੀ ਔਸਤ ਦੇ ਹਿਸਾਬ ਭੁੱਖ-ਦੁੱਖ ਭੋਗਦੇ 6 ਜੀਆਂ ਦੇ ਉਸ ਪਰਿਵਾਰ ਦੇ ਹਿੱਸੇ ਵੀ ਉਸ ਸਾਲ 11 ਲੱਖ 28 ਹਜ਼ਾਰ ਰੁਪਏ ਆ ਗਏ ਸਨ

2021 ਦੇ ਅੰਕੜਿਆਂ ਅਨੁਸਾਰ ਕੌਮੀ ਆਮਦਨ ਦਾ 21.7 ਫ਼ੀਸਦੀ ਹਿੱਸਾ ਸਿਖਰਲੇ ਇੱਕ ਫ਼ੀਸਦੀ ਧਨਾਡਾਂ ਦੀ ਜੇਬ ਵਿੱਚ ਗਿਆਇਹ ਉਹ ਲੋਕ ਹਨ ਜਿਨ੍ਹਾਂ ਲਈ ਦੇਸਾਂ ਦੀਆਂ ਹੱਦਾਂ, ਆਵਾਸ-ਪਰਵਾਸ ਕੋਈ ਮਾਅਨੇ ਨਹੀਂ ਰੱਖਦੇ, ਸਾਰੀ ਦੁਨੀਆ ਇਹਨਾਂ ਦਾ ਦੇਸ ਹੈਹੇਠਲੇ 50 ਫ਼ੀਸਦੀ ਲੋਕਾਂ ਦਾ ਹਿੱਸਾ ਸਿਰਫ਼ 13.1 ਫ਼ੀਸਦੀ ਸੀਜੇ ਇਸ 50 ਫ਼ੀਸਦੀ ਦੀ ਅੱਗੇ ਵੰਡ ਕਰਨੀ ਹੋਵੇ, ਕੁਛ ਲੋਕ ਰੱਜਵੀਂ ਰੋਟੀ ਖਾਣ ਵਾਲੇ, ਕੁਛ ਲੋਕ ਰੁੱਖੀ-ਮਿੱਸੀ ਖਾਣ ਵਾਲੇ ਅਤੇ ਕਰੋੜਾਂ ਲੋਕ ਭੁੱਖੇ ਢਿੱਡ ਸੌਣ ਵਾਲੇ ਮਿਲਣਗੇ ਜੋ ਪੁਸ਼ਤਾਂ ਤੋਂ ਘਸਿਆਰੇ ਰਹੇ ਹਨ ਅਤੇ ਲਗਦਾ ਹੈ ਕਿ ਪੁਸ਼ਤਾਂ ਤਕ ਘਸਿਆਰੇ ਹੀ ਰਹਿਣਗੇਜੋ ਲੋਕ ਇਹਨਾਂ ਦੋਵਾਂ ਅੰਕੜਿਆਂ ਦੇ ਵਿਚਕਾਰ ਰਹਿ ਗਏ, ਉਹ ਇੰਨੇ ਕੁ ਸਾਧਨਾਂ ਦੇ ਮਾਲਕ ਜ਼ਰੂਰ ਹੁੰਦੇ ਹਨ ਕਿ ਆਪ ਵੀ ਮੌਜ ਦਾ ਜੀਵਨ ਜਿਉਂਦੇ ਹਨ ਅਤੇ ਔਲਾਦ ਲਈ ਵੀ ਪੜ੍ਹਾਈ ਤੇ ਪਰਵਾਸ ਸਮੇਤ ਕੋਈ-ਨਾ-ਕੋਈ ਰਾਹ ਲੱਭ ਲੈਂਦੇ ਹਨ

ਜਿਨ੍ਹਾਂ ਸਿਆਣਿਆਂ ਦੀ ਬੁੱਧੀ ਦੇਸ ਤੋਂ ਸੰਭਾਲ਼ੀ ਨਾ ਗਈ ਅਤੇ ਮਜਬੂਰ ਹੋ ਕੇ ਉਹਨਾਂ ਨੇ ਕਿਸੇ ਓਪਰੇ ਦੇਸ ਦੀ ਤਰੱਕੀ ਦੇ ਹਵਾਲੇ ਕਰ ਦਿੱਤੀ, ਉਹਨਾਂ ਨੂੰ ਪਰਦੇਸਾਂ ਵਿੱਚ ਭਾਰਤ ਦੇ ਦੂਤ ਕਹਿਣਾ ਹਾਸੋਹੀਣੀ ਗੱਲ ਹੈਸੋਚਣ ਵਾਲੀ ਗੱਲ ਇਹ ਹੈ ਕਿ ਦੇਸ ਵਿੱਚੋਂ ਭੱਜਣ ਵਾਲੇ ਪੜ੍ਹੇ-ਲਿਖੇ ਲੋਕਾਂ ਦੀ ਭੀੜ ਸਾਲੋ-ਸਾਲ ਵਧਦੀ ਹੀ ਕਿਉਂ ਜਾਂਦੀ ਹੈਜਿਉਂ-ਜਿਉਂ ਸਮਾਜਕ-ਆਰਥਿਕ ਹਾਲਤ ਵਿਗੜਦੀ ਜਾਂਦੀ ਹੈ, ਪਰਵਾਸੀ ਬਣਨ ’ਤੇ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ਵਧ ਰਹੀ ਹੈਇਸ ਮਨੁੱਖੀ ਨਿਕਾਸ ਬਾਰੇ ਚਿੰਤਾ ਕਰਨ ਦੀ ਥਾਂ ਬਦੇਸ ਮਾਮਲਿਆਂ ਬਾਰੇ ਮੰਤਰੀ ਨੇ ਲੋਕਸਭਾ ਵਿੱਚ ਕਿਹਾ, “ਪਰਦੇਸਾਂ ਵਿੱਚ ਭਾਰਤੀ ਭਾਈਚਾਰਾ ਕੌਮ ਦੀ ਧਰੋਹਰ ਹੈਸਫਲ, ਖ਼ੁਸ਼ਹਾਲ ਤੇ ਅਸਰ-ਰਸੂਖ਼ ਵਾਲਾ ਭਾਰਤੀ ਪਿਛੋਕੜ ਦਾ ਭਾਈਚਾਰਾ ਭਾਰਤ ਲਈ ਲਾਭਦਾਇਕ ਹੈ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4162)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author